ਬਿਜਲੀ ਦੀ ਮੰਗ ਪਹਿਲਾਂ ਹੀ ਤੋੜ ਰਹੀ ਐ ਰਿਕਾਰਡ | Paddy Planting
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Paddy Planting : ਝੋਨੇ ਦੀ ਲਵਾਈ ਦੂਜੇ ਪੜਾਅ ਤਹਿਤ 15 ਜੂਨ ਤੋਂ ਪੂਰੇ ਪੰਜਾਬ ’ਚ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਪਾਵਰਕੌਮ ਸਿਰ ਬਿਜਲੀ ਦੇ ਲੋਡ ਦਾ ਅਥਾਹ ਵਾਧਾ ਹੋ ਜਾਵੇਗਾ। ਸੂਬੇ ਅੰਦਰ ਬਿਜਲੀ ਦੀ ਮੰਗ ਪਹਿਲਾਂ ਹੀ ਰਿਕਾਰਡ ਤੋੜ ਬਣੀ ਹੋਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਆਪਣੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਵਰ੍ਹਦੀ ਅੱਗ ’ਚ 14.50 ਲੱਖ ਟਿਊਬਵੈਲ ਕੱਢਣਗੇ ਧਰਤੀ ਹੇਠੋਂ ਪਾਣੀ | Paddy Planting
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਦੂਜੇ ਪੜਾਅ ਤਹਿਤ ਪਟਿਆਲਾ, ਮੋਗਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਕਪੂਰਥਲਾ, ਨਵਾਂਸ਼ਹਿਰ, ਮੋਹਾਲੀ, ਰੋਪੜ, ਲੁਧਿਆਣਾ, ਮਲੇਰਕੋਟਲਾ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਆਦਿ ਖੇਤਰਾਂ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਤਹਿ ਕੀਤਾ ਹੋਇਆ ਹੈ। 15 ਜੂਨ ਤੋਂ ਪੰਜਾਬ ਦੇ ਲਗਭਗ 14.50 ਲੱਖ ਟਿਊਬਵੈਲ ਧਰਤੀ ਦੀ ਹਿੱਕ ’ਚੋਂ ਪਾਣੀ ਕੱਢਣਾ ਸ਼ੁਰੂ ਕਰਨਗੇ ਤੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਵਾਅਦਾ ਕੀਤਾ ਹੋਇਆ ਹੈ।
ਮੌਜੂਦਾ ਸਮੇਂ ਪੰਜਾਬ ਅੰਦਰ ਵਗ ਰਹੀ ਤੱਤੀ ਲੋਅ ਕਾਰਨ ਪਾਰਾ ਉਤਾਅ ਗਿਆ ਹੋਇਆ ਹੈ ਤੇ ਬਿਜਲੀ ਦੀ ਮੰਗ ਵੀ 14 ਹਜਾਰ ਮੈਗਾਵਾਟ ਦੇ ਨੇੜੇ ਚੱਲ ਰਹੀ ਹੈ। ਪਹਿਲੇ ਪੜਾਅ ਤਹਿਤ 11 ਜੂਨ ਤੋਂ ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਤਰਰਾਸ਼ਟਰੀ ਸਰਹੱਦ ’ਤੇ ਕੰਡਿਆਲੀ ਤਾਰ ਵਾਲੇ ਇਲਾਕਿਆਂ ਨੂੰ ਬਿਜਲੀ ਸਪਲਾਈ ਪਹਿਲਾ ਹੀ ਸ਼ੁਰੂ ਕੀਤੀ ਹੋਈ ਹੈ। ਪਾਵਰਕੌਮ ਵੱਲੋਂ 16500 ਮੈਗਾਵਾਟ ਤੱਕ ਬਿਜਲੀ ਦੇ ਪ੍ਰਬੰਧ ਕੀਤੇ ਹੋਏ ਹਨ ਤੇ ਮਈ ਮਹੀਨੇ ’ਚ ਹੀ ਬਿਜਲੀ ਦੀ ਮੰਗ 14 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ।
Also Read : Heat wave Punjab : ਪੰਜਾਬ ਦੇ 21 ਜ਼ਿਲ੍ਹਿਆਂ ’ਚ ਲੋਅ ਦਾ ਅਲਰਟ, ਤਾਪਮਾਨ 47 ਤੋਂ ਪਾਰ
ਅੱਗ ਵਰ੍ਹਾ ਰਹੀ ਗਰਮੀ ਵਿੱਚ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਾ ਕੰਮ ਪਾਵਰਕੌਮ ਲਈ ਚੁਣੌਤੀ ਪੂਰਨ ਹੋਵੇਗਾ ਕਿਉਂਕਿ ਟਿਊਬਵੈਲ ਚੱਲਣ ਕਾਰਨ ਬਿਜਲੀ ਦਾ ਲੋਡ ਕਿਤੇ ਵੱਧੇਗਾ। ਪੰਜਾਬ ਅੰਦਰ ਅਜੇ ਤੱਕ ਸਾਰੇ ਕਿਸਾਨਾਂ ਤੱਕ ਨਹਿਰੀ ਪਾਣੀ ਨਹੀਂ ਅੱਪੜਿਆ ਤੇ ਜੇਕਰ ਸਰਕਾਰ ਅਗਲੇ ਸਾਲ ਤੱਕ ਸਾਰੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾ ਦੇਵੇ ਤਾਂ ਪੰਜਾਬ ਦੀ ਧਰਤੀ ਮਾਰੂਥਲ ਹੋਣ ਤੋਂ ਬਚ ਸਕਦੀ ਹੈ। ਪੰਜਾਬ ਅੰਦਰ ਆਮ ਲੋਕ ਅਤੇ ਕਿਸਾਨ ਮੀਂਹ ਨੂੰ ਉਡੀਕ ਰਹੇ ਹਨ, ਪਰ ਮੀਂਹ ਨਾ ਪੈਣ ਕਾਰਨ ਵੱਡੀ ਮੁਸ਼ਕਿਲ ਬਣੀ ਹੋਈ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ’ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਪੂਸਾ 44 (Pusa 44) ਦੀ ਹੋਵੇਗੀ ਵੱਡੀ ਪੱਧਰ ’ਤੇ ਲਵਾਈ
ਭਾਵੇਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪੂਸਾ-44 (Pusa 44) ਤੇ ਪੀਲੀ ਪੂਸਾ ਨੂੰ ਨਾ ਲਗਾਉਣ ਬਾਰੇ ਕਿਹਾ ਗਿਆ ਸੀ ਤੇ ਇਸ ਨੂੰ ਬੈਨ ਕੀਤਾ ਗਿਆ ਸੀ, ਪਰ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਇਸੇ ਝੋਨੇ ਦੀ ਪਨੀਰੀ ਲਗਾਈ ਹੋਈ ਹੈ। 15 ਜੂਨ ਤੋਂ ਇਸੇ ਝੋਨੇ ਨੂੰ ਹੀ ਕਿਸਾਨਾਂ ਵੱਲੋਂ ਲਗਾਉਣਾ ਸ਼ੁਰੂ ਕੀਤਾ ਜਾਵੇਗਾ ਤੇ ਇਸ ਵਿੱਚ ਪਾਣੀ ਦੀ ਖ਼ਪਤ ਜ਼ਿਆਦਾ ਲੰਮੇ ਸਮੇਂ ਤੱਕ ਹੋਵੇਗੀ। ਪਨੀਰੀ ਲਗਾਉਣ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਸਖ਼ਤੀ ਨਹੀਂ ਕੀਤੀ ਗਈ। ਪੀਆਰ-126 ਜਾਂ ਹੋਰ ਲੇਟ ਲੱਗਣ ਵਾਲੀਆਂ ਕਿਸਮਾਂ ਦੀ ਲਵਾਈ ਜੁਲਾਈ ਮਹੀਨੇ ’ਚ ਸ਼ੁਰੂ ਹੋਵੇਗੀ।