ਕਿਸਾਨ ਧਿਰਾਂ ਵੱਲੋਂ ਫੈਸਲੇ ਦਾ ਵਿਰੋਧ | Rice Harvesting
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਵੱਲੋਂ ਝੋਨੇ (Rice Harvesting) ਦੀ ਲਵਾਈ 20 ਜੂਨ ਅਤੇ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਕਿਸਾਨ ਕਸੂਤੇ ਫਸ ਗਏ ਹਨ। ਦੂਜੇ ਪਾਸੇ ਕਿਸਾਨ ਧਿਰਾਂ ਨੇ ਸਰਕਾਰੀ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਜੱਥੇਬੰਦੀਆਂ ਦੀ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਘੜਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਇਸ ਵਾਰ ਝੋਨਾ ਲਾਉਣ ਲਈ ਮਿੱਥੀ ਤਰੀਕ ‘ਚ 5 ਦਿਨ ਦਾ ਵਾਧਾ ਕਰਦਿਆਂ 15 ਜੂਨ ਦੀ ਥਾਂ 20 ਜੂਨ ਨਿਰਧਾਰਤ ਕੀਤੀ ਹੈ।
20 ਅਪਰੈਲ ਨੂੰ ਖੇਤੀਬਾੜੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਵੱਲੋਂ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ-ਵਾਟਰ ਐਕਟ 2009 (ਪੰਜਾਬ ਐਕਟ ਨੰਬਰ 6 ਆਫ 2009) ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਝੋਨਾ ਲਾਉਣ ਦੀ ਤਰੀਕ ਇਸ ਕਰਕੇ ਮਿੱਥੀ ਸੀ। ਦੱਸਣਯੋਗ ਹੈ ਕਿ ਖੇਤੀ ਮਾਹਿਰ 1200 ਐਮ.ਐਮ ਬਾਰਿਸ਼ ਹੋਣ ਵਾਲੇ ਖਿੱਤੇ ਨੂੰ ਝੋਨੇ ਦੀ ਕਾਸ਼ਤ ਲਈ ਸਹੀ ਮੰਨਦੇ ਹਨ। ਕਿਸਾਨ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਵਿੱਚ 5 ਦਿਨਾਂ ਦਾ ਵਕਫ਼ਾ ਵਧਾ ਕੇ ਸਰਕਾਰ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਨੀਰੀ ਦੀ ਬਿਜਾਈ ਅਤੇ ਝੋਨੇ (Rice Harvesting) ਦੀ ਲਵਾਈ ਸਬੰਧੀ ਕੋਈ ਠੋਸ ਯੋਜਨਾਬੰਦੀ ਤਾਂ ਕੀਤੀ ਨਹੀਂ ਹੈ ਪਰ 5 ਦਿਨ ਜ਼ਰੂਰ ਵਧਾ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਝੋਨੇ ਦੀ ਲਵਾਈ ਵਿੱਚ ਜ਼ਿਆਦਾ ਦੇਰੀ ਹੋਣ ਕਾਰਨ ਝੋਨਾ ਅਕਤੂਬਰ ਤੱਕ ਪਕਦਾ ਨਹੀਂ ਤੇ ਨਮੀ ਦੀ ਮਾਤਰਾ ਵੀ ਵੱਧ ਜਾਂਦੀ ਹੈ, ਜਿਸ ਨੂੰ ਵੇਚਣ ਲਈ ਕਿਸਾਨਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀ ਬੁਰਜਸੇਮਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਸ਼ੱਕ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਗੰਭੀਰ ਸਮੱਸਿਆ ਹੈ ਪਰ ਕਿਸਾਨਾਂ ਦਾ ਖ਼ਿਆਲ਼ ਰੱਖਣਾ ਵੀ ਜ਼ਰੂਰੀ ਹੈ।
ਫੈਸਲੇ ਦਾ ਵਿਰੋਧ ਕਰਨ ਦਾ ਫੈਸਲਾ : ਕੋਕਰੀ ਕਲਾਂ | Rice Harvesting
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ, ਕਿ ਜੇਕਰ ਕਿਸਾਨ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਦੇ ਹਨ ਤਾਂ ਇਹ ਕੰਮ ਜੁਲਾਈ ਦੇ ਅੰਤ ਤੱਕ ਚਲਾ ਜਾਵੇਗਾ। ਇਸ ਤਰ੍ਹਾਂ ਫ਼ਸਲ ਪੱਕਣ ਵਿੱਚ ਦੇਰੀ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਉਨ੍ਹਾਂ ਸਰਕਾਰ ਤੋਂ ਇਸ ਫ਼ੈਸਲੇ ‘ਤੇ ਮੁੜ ਤੋਂ ਗੌਰ ਕਰਨ ਦੀ ਮੰਗ ਕੀਤੀ ਹੈ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਉਹ ਇਸ ਦਾ ਵਿਰੋਧ ਕਰਨਗੇ ਅਤੇ ਕਿਸਾਨਾਂ ਨੂੰ ਮਰਜੀ ਨਾਲ ਝੋਨਾ ਲਾਉਣ ਦਾ ਸੱਦਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸੱਦੀ ਜਾ ਰਹੀ ਹੈ।