ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਆਕਸਜੀਨ ਪਲਾਂਟ ਦਾ ਹੋਇਆ ਉਦਘਾਟਨ

ਜਨ ਸਹਿਯੋਗ ਨਾਲ ਹੀ ਰੋਕ ਸਕਦੇ ਹਾਂ ਕੋਵਿਡ ਦੀ ਤੀਜੀ ਲਹਿਰ-ਵਿਧਾਇਕ ਰਮਿੰਦਰ ਸਿੰਘ ਆਵਲਾਂ

ਜਲਾਲਾਬਾਦ, (ਰਜਨੀਸ਼ ਰਵੀ) ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਬਣਾਏ ਗਏ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ, ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਡਾ: ਰਾਜ ਬਹਾਦਰ ਨੇ ਕੀਤਾ। ਇਸ ਆਕਸੀਜਨ ਪਲਾਂਟ ਦਾ ਨਿਰਮਾਣ ਪੰਜਾਬ ਸਰਕਾਰ ਨਾਲ ਮਿਲ ਕੇ ਐਚਡੀਐਫਸੀ ਬੈਂਕ ਨੇ ਐਲ ਐਂਡ ਟੀ ਨਾਲ ਮਿਲ ਕੇ ਕੀਤਾ ਹੈ।

ਇਸ ਮੌਕੇ ਬੋਲਦਿਆਂ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੋਵਿਡ ਦੀ ਕਿਸੇ ਵੀ ਸੰਭਾਵਿਤ ਤੀਜੀ ਲਹਿਰ ਦੇ ਖਤਰੇ ਨਾਲ ਨੱਜਿਠਣ ਲਈ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਨ ਸਹਿਯੋਗ ਨਾਲ ਹੀ ਅਸੀਂ ਤੀਜੀ ਲਹਿਰ ਨੂੰ ਰੋਕ ਸਕਦੇ ਹਾਂ। ਉਨ੍ਹਾਂ ਨੇ ਇਸ ਪਲਾਂਟ ਦੀ ਸਥਾਪਨਾ ਲਈ ਐਚਡੀਐਫਸੀ ਬੈਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਲਾਂਟ ਦੀ ਸਮੱਰਥਾ 960 ਲੀਟਰ ਪ੍ਰਤੀ ਮਿੰਟ ਹੈ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹਾ ਆਕਸੀਜਨ ਪ੍ਰਤੀ ਹੁਣ ਆਤਮ ਨਿਰਭਰ ਹੋ ਗਿਆ ਹੈ ਕਿਉਂਕਿ ਅਬੋਹਰ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਚੱਲ ਪਏ ਹਨ ਜਦ ਕਿ ਫਾਜਿ਼ਲਕਾ ਦੇ ਹਸਪਤਾਲ ਵਿਚ ਜਲਦ ਹੀ ਆਕਸੀਜਨ ਪਲਾਂਟ ਸ਼ੁਰੂ ਹੋ ਜਾਵੇਗਾ।

ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਡਾ: ਰਾਜ ਬਹਾਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਕਰਵਾਉਂਦੇ ਰਹਿਣ ਅਤੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕ ਆਪਣੇ ਵੈਕਸੀਨ ਜਰੂਰ ਲਗਵਾਉਣ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਵਿਚ ਰੋਜਾਨਾ 50 ਹਜਾਰ ਤੋਂ ਵੱਧ ਕੋਵਿਡ ਟੈਸਟ ਕਰਨ ਦੀ ਸਮੱਰਥਾ ਵਿਕਸਤ ਕਰ ਲਈ ਗਈ ਹੈ।

ਐਚਡੀਐਫਸੀ ਬੈਂਕ ਦੇ ਸਰਕਲ ਹੈਡ ਸ੍ਰੀ ਵਿਵੇਕ ਡੋਡਾ ਨੇ ਦੱਸਿਆ ਕਿ ਉਨ੍ਹਾਂ ਦਾ ਬੈਂਕ ਦੇੇਸ਼ ਭਰ ਵਿਚ 20 ਆਕਸੀਜਨ ਪਲਾਂਟ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ 195 ਬੈਡ ਲਈ 5 ਲਿਟਰ ਪ੍ਰਤੀ ਮਿੰਟ ਦੀ ਦਰ ਨਾਲ ਆਕਸੀਜਨ ਸਪਲਾਈ ਕਰ ਸਕੇਗਾ।
ਇਸ ਮੌਕੇ ਜਲਾਲਾਬਾਦ ਦੇ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਸਿਵਲ ਸਰਜਨ ਡਾ: ਦਵਿੰਦਰ ਕੁਮਾਰ, ਤਹਿਸੀਲਦਾਰ ਸ੍ਰੀ ਸ਼ੀਸਪਾਲ ਸਿੰਗਲਾ, ਨਾਇਬ ਤਹਿਸੀਲਦਾਰ ਸ: ਬਲਦੇਵ ਸਿੰਘ, ਐਸਐਮਓ ਡਾ: ਅੰਕੁਰ ਉਪੱਲ, ਐਚਡੀਐਫਸੀ ਦੇ ਜ਼ੋਨਲ ਹੈਡ ਜੀਆਈਬੀ ਸ੍ਰੀ ਰਤਨ ਸਿੰਗਲਾ, ਸਟੇਟ ਹੈਡ ਸ੍ਰੀ ਅਮਰਦੀਪ ਸਿੰਘ, ਕਲਸਟਰ ਹੈਡ ਸ੍ਰੀ ਸੰਜੀਵ ਮਨਰੋਏ, ਸ੍ਰੀ ਰਾਜਬਖ਼ਸ ਕੰਬੋਜ਼, ਸ੍ਰੀ ਵਿਕਾਸਦੀਪ ਆਦਿ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ