ਜੇਤੂ ਖਿਡਾਰੀਆਂ ਨੂੰ ਹਾਲੇ ਜ਼ਾਰੀ ਨਹੀਂ ਹੋਏ ਸਰਟੀਫਿਕੇਟ
ਸਿੱਖਿਆ ਵਿਭਾਗ ਨੇ ਵਾਧੂ ਅੰਕ ਦੇਣ ਲਈ ਖਿਡਾਰੀਆਂ ਦੀਆਂ ਮੰਗੀਆਂ ਸੂਚੀਆਂ
ਬਠਿੰਡਾ, (ਸੁਖਜੀਤ ਮਾਨ)। ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀ (Sports Players ) ਆਪਣੇ ਖੇਡ ਸਰਟੀਫਿਕੇਟਾਂ ਨੂੰ ਤਰਸ ਰਹੇ ਹਨ। ਇਨ੍ਹਾਂ ਸਰਟੀਫਿਕੇਟਾਂ ਦੇ ਆਧਾਰ ‘ਤੇ ਦਸਵੀਂ ਤੇ ਬਾਰਵੀਂ ਕਲਾਸ ਦੇ ਖਿਡਾਰੀ ਵਿਦਿਆਰਥੀਆਂ ਨੂੰ ਵਾਧੂ ਅੰਕ ਦਿੱਤੇ ਜਾਣੇ ਹਨ। ਸਿੱਖਿਆ ਵਿਭਾਗ ਵੱਲੋਂ ਇੱਕ ਪਾਸੇ ਤਾਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅੱਜ ਇੱਕ ਪੱਤਰ ਜਾਰੀ ਕਰਕੇ ਹੁਕਮ ਕੀਤਾ ਗਿਆ ਹੈ ਕਿ ਕੌਮੀ ਖੇਡਾਂ ਦੇ 10ਵੀਂ ਤੇ 12ਵੀਂ ਜਮਾਤ ਦੇ ਜੇਤੂ ਖਿਡਾਰੀਆਂ ਦੀਆਂ ਸੂਚੀਆਂ ਭੇਜੀਆਂ ਜਾਣ ਪਰ ਦੂਜੇ ਪਾਸੇ ਖਿਡਾਰੀਆਂ ਨੂੰ ਵਿਭਾਗ ਦੀ ਹੀ ਖੇਡ ਸ਼ਾਖਾ ਵੱਲੋਂ ਹਾਲੇ ਤੱਕ ਸਰਟੀਫਿਕੇਟ ਜ਼ਾਰੀ ਹੀ ਨਹੀਂ ਕੀਤੇ ਗਏ।
ਵੇਰਵਿਆਂ ਮੁਤਾਬਿਕ ਸਾਲ 2018-19 ਦੇ ਸਰਟੀਫਿਕੇਟ ਬਣਾਉਣ ਅਤੇ ਖਿਡਾਰੀਆਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਇੱਕ ਫਰਮ ਨੂੰ ਪ੍ਰਤੀ ਜ਼ਿਲ੍ਹਾ 9600 ਰੁਪਏ ਸਾਲਾਨਾ ਜਾਂ 800 ਰੁਪਏ ਪ੍ਰਤੀ ਮਹੀਨਾ ਦੇਣ ਦਾ ਠੇਕਾ ਕੀਤਾ ਗਿਆ ਸੀ। ਇਨ੍ਹਾਂ ਪੈਸਿਆਂ ਦੀ ਅਦਾਇਗੀ ਜ਼ਿਲ੍ਹਾ ਪੱਧਰ ‘ਤੇ ਇਕੱਠੇ ਹੁੰਦੇ ਖੇਡ ਫੰਡਾਂ ‘ਚੋਂ ਕਰਨ ਦੇ ਹੁਕਮ ਸਾਲ 2018 ‘ਚ ਕੀਤੇ ਗਏ ਸਨ। ਰਿਕਾਰਡ ਤੋਂ ਇਲਾਵਾ ਰਾਜ ਪੱਧਰੀ ਖੇਡਾਂ ਦੇ ਸਰਟੀਫਿਕੇਟ ਜ਼ਾਰੀ ਕਰਨ ਲਈ 6 ਰੁਪਏ 20 ਪੈਸੇ ਪ੍ਰਤੀ ਸਰਟੀਫਿਕੇਟ ਅਦਾਇਗੀ ਕਰਨ ਲਈ ਕਿਹਾ ਸੀ। ਇਸੇ ਦੌਰਾਨ ਹੁਣ ਸਾਲ 2019-20 ‘ਚ ਉਪਰੋਕਤ ਫਰਮ ਨਾਲ ਕੋਈ ਇਕਰਾਰਨਾਮਾ ਨਾ ਹੋਣ ਕਰਕੇ ਕੁੱਝ ਅਧਿਕਾਰੀਆਂ ਵੱਲੋਂ ਆਪਣੇ ਪੱਧਰ ‘ਤੇ ਹੀ ਵੈਬਸਾਈਟ ਦਾ ਕੰਮ ਕਰਵਾਏ ਜਾਣ ਦਾ ਪਤਾ ਲੱਗਿਆ ਹੈ ਜਿਸ ਦੇ ਸਿੱਟੇ ਵਜੋਂ ਸਰਟੀਫਿਕੇਟ ਮਿਲਣ ‘ਚ ਦੇਰੀ ਹੋ ਗਈ ਹੈ।
ਇਹੋ ਹੀ ਨਹੀਂ ਜੋ ਡਾਟਾ ਇਸ ਤੋਂ ਪਹਿਲਾਂ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਭੇਜਦੇ ਸੀ ਉਸ ਨਾਲ ਸਮੇਂ ਸਿਰ ਸੂਚੀਆਂ ਚਲੀਆਂ ਜਾਂਦੀਆਂ ਸੀ ਪਰ ਹੁਣ ਇਹ ਅਸਾਮੀ ਹੀ ਖਤਮ ਹੋਣ ਕਾਰਨ ਕੰਮ ‘ਚ ਲੇਟ-ਲਤੀਫੀ ਹੋ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਨੇ ਅੱਜ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜਿਆ ਹੈ ਕਿ ਆਪੋ-ਆਪਣੇ ਜ਼ਿਲ੍ਹਿਆਂ ਦੇ 64ਵੀਂਆਂ ਤੇ 65ਵੀਆਂ ਕੌਮੀ ਸਕੂਲ ਖੇਡਾਂ ਦੇ ਸਾਰੇ ਜੇਤੂ ਖਿਡਾਰੀਆਂ ਦੀਆਂ ਸੂਚੀਆਂ 3 ਦਿਨਾਂ ਦੇ ਅੰਦਰ ਭੇਜੀਆਂ ਜਾਣ। ਇਨ੍ਹਾਂ ਹੁਕਮਾਂ ਮਗਰੋਂ ਅਧਿਆਪਕ ਇਸ ਗੱਲ ਨੂੰ ਲੈ ਕੇ ਦੁਵਿਧਾ ‘ਚ ਹਨ ਕਿ ਸਰਟੀਫਿਕੇਟ ਜ਼ਾਰੀ ਹੋਏ ਤੋਂ ਬਿਨ੍ਹਾਂ ਉਹ ਮੁਕੰਮਲ ਸੂਚੀ ਕਿਸ ਤਰ੍ਹਾਂ ਭੇਜਣਗੇ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਖਿਡਾਰੀਆਂ ਨੂੰ ਛੇਤੀ ਤੋਂ ਛੇਤੀ ਸਰਟੀਫਿਕੇਟ ਜ਼ਾਰੀ ਕਰਨ ਤੋਂ ਇਲਾਵਾ ਲੇਟ ਲਤੀਫੀ ਲਈ ਜਿੰਮੇਵਾਰ ਅਫ਼ਸਰਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੀਟੀਐਫ ਦੇ ਸਾਬਕਾ ਸੂਬਾ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਵਿਭਾਗ ਦੀ ਲਾਪਰਾਵਹੀ ਕਰਕੇ ਪੰਜਾਬ ਦੇ ਸੈਂਕੜੇ 14 ਸਾਲ, 17 ਸਾਲ ਤੇ 19 ਸਾਲ ਦੇ ਖਿਡਾਰੀ ਸਪੋਰਟਸ ਅਥਾਰਟੀ ਆਫ ਇੰਡੀਆ, ਖੇਡ ਵਿਭਾਗ ਪੰਜਾਬ ਅਤੇ ਹੋਰ ਪ੍ਰਾਈਵੇਟ ਖੇਡ ਅਕੈਡਮੀਆਂ ਦੇ ਰਿਹਾਇਸ਼ੀ, ਗੈਰ ਰਿਹਾਇਸ਼ੀ ਖੇਡ ਵਿੰਗਾਂ ‘ਚ ਖੇਡਾਂ ਦੇ ਸਰਟੀਫਿਕੇਟ ਨਾ ਹੋਣ ਕਰਕੇ ਸਰਕਾਰੀ ਖੇਡ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ।
ਉਨ੍ਹਾਂ ਵਾਧੂ ਅੰਕ ਦੇਣ ਦਾ ਦਾਇਰਾ ਪ੍ਰਾਇਮਰੀ ਅਤੇ ਮਿਡਲ ਪੱਧਰ ਦੀਆਂ ਪ੍ਰੀਖਿਆਵਾਂ ਤੱਕ ਵਧਾਉਣ ਤੇ ਖੇਡਾਂ ਦਾ ਖਰਚਾ ਪੰਜਾਬ ਪੱਧਰੀ ਖੇਡ ਸ਼ਾਖਾ ਵੱਲੋਂ ਕਰਨ ਦੀ ਮੰਗ ਕੀਤੀ ਹੈ।
ਹਰ ਖਿਡਾਰੀ ਨੂੰ ਮਿਲਣਗੇ ਵਾਧੂ ਅੰਕ : ਡਿਪਟੀ ਡਾਇਰੈਕਟਰ
ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ) ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਖਿਡਾਰੀਆਂ ਨੇ ਕੌਮੀ ਪੱਧਰ ਦੇ ਮੁਕਾਬਲਿਆਂ ‘ਚ ਹਿੱਸਾ ਲੈ ਕੇ ਕਿਸੇ ਵੀ ਖੇਡ ‘ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ ਉਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਕੋਲ ਸਾਰੀ ਸੂਚਨਾ ਹੁੰਦੀ ਹੈ। ਇਸ ਸਬੰਧੀ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ‘ਚ ਇਹ ਜਾਣਕਾਰੀ ਪਾਉਣੀ ਹੈ ਤਾਂ ਜੋ ਵਿਦਿਆਰਥੀਆਂ ਦੇ ਬੋਰਡ ਦੇ ਨਤੀਜਿਆਂ ‘ਚ ਵਾਧੂ ਅੰਕ ਦਿੱਤੇ ਜਾ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਸਰਟੀਫਿਕੇਟ ਨਹੀਂ ਮੰਗਵਾ ਰਹੇ ਸਿਰਫ ਸੂਚਨਾ ਹੀ ਮੰਗਵਾਈ ਹੈ। ਫਰਮ ਨਾਲ ਇਕਰਾਰਨਾਮੇ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ ਪਰ ਸਰਟੀਫਿਕੇਟ ਛੇਤੀ ਜ਼ਾਰੀ ਹੋ ਜਾਣ ਦੀ ਗੱਲ ਜ਼ਰੂਰ ਆਖੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।