ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖ਼ਤਮ ਕਹਾਣੀ
ਪੁਰਾਤਨ ਸਮਿਆਂ ‘ਚ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਣ ਦਾ ਰਿਵਾਜ਼ ਆਮ ਸੀ। ਇਹਨਾਂ ਕਹਾਣੀਆਂ ‘ਚ ਰਾਜੇ ਰਾਣੀਆਂ ਦੀਆਂ ਕਹਾਣੀਆਂ ਜ਼ਿਆਦਾ ਪ੍ਰਚੱਲਿਤ ਹੁੰਦੀਆਂ ਸਨ। ਬਹੁਤੀਆਂ ਕਹਾਣੀਆਂ ਦੀ ਸਮਾਪਤੀ ਦੌਰਾਨ ਆਮ ਕਿਹਾ ਜਾਂਦਾ ਸੀ ‘ਇੱਕ ਸੀ ਰਾਜਾ ਇੱਕ ਸੀ ਰਾਣੀ ਦੋਵੇਂ ਮਰ ਗਏ ਖਤਮ ਕਹਾਣੀ’। ਗੱਲ ਸਮਝ ਆਉਂਦੀ ਸੀ ਕਿ ਜਦੋਂ ਰਾਜਾ ਅਤੇ ਰਾਣੀ ਦੋਵੇਂ ਹੀ ਮਰ ਗਏ ਤਾਂ ਕਹਾਣੀ ਤਾਂ ਆਪਣੇ ਆਪ ਹੀ ਖਤਮ ਹੋਣੀ ਹੋਈ। ਪਰ ਪੰਜਾਬੀ ਬੱਚਿਆਂ ਦੇ ਪਰਵਾਸ ਨੇ ਕਹਾਣੀਆਂ ਦੀ ਸਮਾਪਤੀ ਦੀਆਂ ਤੁਕਾਂ ਨੂੰ ਮੂਲੋਂ ਹੀ ਤਬਦੀਲ ਕਰਕੇ ਰੱਖ ਦਿੱਤਾ ਹੈ। ਹੁਣ ਕਿਹਾ ਜਾ ਸਕਦਾ ਹੈ ‘ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖਤਮ ਕਹਾਣੀ’।
ਜਦੋਂ ਰਾਜਾ ਅਤੇ ਰਾਣੀ ਦੋਵੇਂ ਜਿਉਂਦੇ ਹੋਣ ਫਿਰ ਭਲਾ ਕਹਾਣੀ ਖਤਮ ਕਿਵੇਂ ਹੋ ਸਕਦੀ ਹੈ? ਫਿਰ ਤਾਂ ਕਹਾਣੀ ਦਾ ਅੱਗੇ ਵਧਣਾ ਯਕੀਨੀ ਹੈ। ਰਾਜੇ ਰਾਣੀ ਦੇ ਅੱਗੇ ਬੱਚੇ ਹੋਣਗੇ ਨਾਲੇ ਜਿਉਂਦੇ ਜੀਆਂ ਦੀਆਂ ਵੀ ਭਲਾ ਕਦੇ ਕਹਾਣੀਆਂ ਖਤਮ ਹੋਈਆਂ ਹਨ? ਪਰ ਪੰਜਾਬ ਦੇ ਹਜ਼ਾਰਾਂ ਰਾਜੇ ਅਤੇ ਰਾਣੀਆਂ ਦੀਆਂ ਕਹਾਣੀਆਂ ਜਿਉਂਦੇ ਜੀਅ ਖਤਮ ਹੋ ਗਈਆਂ ਹਨ ਅਤੇ ਹਜ਼ਾਰਾਂ ਦੀਆਂ ਖਤਮ ਹੋ ਰਹੀਆਂ ਹਨ। ਪੰਜਾਬ ਦੇ ਲੱਖਾਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਉਹਨਾਂ ਦੇ ਜਿਉਂਦੇ ਜੀਅ ਪੰਜਾਬ ਵਿੱਚੋਂ ਖਤਮ ਹੋ ਰਹੀਆਂ ਹਨ। ਇੰਨੀ ਹੀ ਜਿਆਦਾ ਤੇਜ਼ੀ ਨਾਲ ਹੋਰ ਰਾਜੇ ਰਾਣੀਆਂ ਆਪਣੀਆਂ ਕਹਾਣੀਆਂ ਜਿਉਂਦੇ ਜੀਅ ਖਤਮ ਕਰਨ ਲਈ ਉਤਾਵਲੇ ਹਨ।
ਪੰਜਾਬੀ ਨੌਜਵਾਨਾਂ ਦੇ ਪਰਵਾਸ ਨੇ ਰਾਜੇ ਰਾਣੀਆਂ ਵਰਗੇ ਮਾਪਿਆਂ ਤੇ ਹੱਸਦੇ-ਵੱਸਦੇ ਘਰਾਂ ਦੀਆਂ ਕਹਾਣੀਆਂ ਨੂੰ ਖਤਰੇ ‘ਚ ਪਾ ਕੇ ਰੱਖ ਦਿੱਤਾ ਹੈ।
ਹਰ ਨੌਜਵਾਨ ਦੀ ਦਿਲੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਹੱਥ ਕੈਨੇਡਾ, ਅਮਰੀਕਾ, ਅਸਟਰੇਲੀਆ ਵਰਗੇ ਕਿਸੇ ਹੋਰ ਮੁਲਕ ਨੂੰ ਜਾਂਦੇ ਜਹਾਜ਼ ਦੀ ਤਾਕੀ ਨੂੰ ਪੈ ਜਾਵੇ
ਅੱਜ ਹਰ ਨੌਜਵਾਨ ਦੀ ਦਿਲੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਉਸ ਦਾ ਹੱਥ ਕੈਨੇਡਾ, ਅਮਰੀਕਾ, ਅਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਕਿਸੇ ਹੋਰ ਮੁਲਕ ਨੂੰ ਜਾਂਦੇ ਜਹਾਜ਼ ਦੀ ਤਾਕੀ ਨੂੰ ਪੈ ਜਾਵੇ। ਮਾਪੇ ਪੜ੍ਹਾਈ ਦੀਆਂ ਫੀਸਾਂ ਜਾਂ ਫਿਰ ਵਿਆਹ ਸ਼ਾਦੀ ‘ਤੇ ਲੱਖਾਂ ਰੁਪਈਆ ਖਰਚ ਕੇ ਦਿਲ ਦੇ ਟੁਕੜਿਆਂ ਨੂੰ ਸਮੁੰਦਰੋਂ ਪਾਰ ਘੱਲਣ ਲਈ ਮਜਬੂਰ ਹਨ। ਮਾਪਿਆਂ ਵੱਲੋਂ ਉਸਾਰੇ ਕੋਠੀਨੁਮਾ ਘਰਾਂ ਅਤੇ ਬਣਾਈਆਂ ਜਾਇਦਾਦਾਂ ਦੇ ਬਾਹਰਲੇ ਬੱਚਿਆਂ ਲਈ ਕੋਈ ਮਾਅਨੇ ਨਹੀਂ ਰਹਿ ਜਾਂਦੇ। ਚਿਰਾਂ ਤੋਂ ਪਰਦੇਸੀਂ ਵੱਸੇ ਬੱਚੇ ਆਪਣੇ ਮਾਪਿਆਂ ਨੂੰ ਪੰਜਾਬ ਵਿਚਲੀ ਜਾਇਦਾਦ ਵੇਚਣ ਦੀਆਂ ਸਲਾਹਾਂ ਦੇਣ ਲੱਗੇ ਹਨ। ਪਰਦੇਸੀਂ ਵੱਸੇ ਬੱਚਿਆਂ ਨੂੰ ਪੰਜਾਬ ਦੀਆਂ ਜਾਇਦਾਦਾਂ ਨਾਲ ਉੱਕਾ ਹੀ ਕੋਈ ਮੋਹ ਨਹੀਂ ਰਹਿੰਦਾ। ਉਹ ਮਾਪਿਆਂ ਨੂੰ ਬੜਾ ਸਪੱਸ਼ਟ ਕਹਿ ਰਹੇ ਹਨ ਕਿ ਤੁਸੀਂ ਖੁਦ ਹੀ ਇਹ ਸਾਰਾ ਕੁੱਝ ਵੇਚ-ਵੱਟ ਕੇ ਜਿਉਂਦੇ ਜੀਅ ਕਹਾਣੀ ਖਤਮ ਦਿਓ ਨਹੀਂ ਤਾਂ ਫਿਰ ਤੁਹਾਡੇ ਚਲਾਣੇ ਤੋਂ ਬਾਅਦ ਸਾਨੂੰ ਕਹਾਣੀ ਖਤਮ ਕਰਨੀ ਪਊ।
ਰਾਜੇ ਰਾਣੀਆਂ ਦੀ ਮਜ਼ਬੂਰੀ ਵੇਖੋ ਜਿਉਂਦੇ ਜੀਅ ਆਪਣੀਆਂ ਕਹਾਣੀਆਂ ਖਤਮ ਕਰ ਰਹੇ ਹਨ। ਵਿਦੇਸ਼ੀਂ ਗਏ ਪੁੱਤਾਂ ਧੀਆਂ ਦੀ ਮੱਦਦ ਲਈ ਜਾਨੋਂ ਪਿਆਰੀਆਂ ਜਾਇਦਾਦਾਂ ਵੇਚਣ ਦਾ ਸਿਲਸਿਲਾ ਦਿਨ-ਪ੍ਰਤੀਦਿਨ ਜੋਰ ਫੜ ਰਿਹਾ ਹੈ। ਪੰਜਾਬ ‘ਚ ਜਮੀਨਾਂ ਦੇ ਮੁੱਲ ‘ਚ ਦਿਨ-ਪ੍ਰਤੀਦਿਨ ਆ ਰਹੀ ਗਿਰਾਵਟ ਵੀ ਸ਼ਾਇਦ ਇਸੇ ਦਾ ਨਤੀਜਾ ਹੈ। ਜਮੀਨਾਂ ਜਾਇਦਾਦਾਂ ਵੇਚਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਖਰੀਦਦਾਰਾਂ ਦੀ ਘਟ ਰਹੀ ਹੈ। ਜਮੀਨਾਂ ਖਰੀਦਣ ਦੇ ਸਮਰੱਥ ਰਾਜੇ ਰਾਣੀਆਂ ਨੂੰ ਆਪਣੇ ਵਿਚਾਰ ਬਦਲਣੇ ਪੈ ਰਹੇ ਹਨ। ਜਮੀਨਾਂ ਖਰੀਦਣ ਤੋਂ ਕਿਨਾਰਾ ਕਰਨ ਬਾਰੇ ਹੀ ਨਹੀਂ ਸਗੋਂ ਮੌਜ਼ੂਦਾਂ ਜਮੀਨਾਂ ਦੀ ਵਿੱਕਰੀ ਬਾਰੇ ਸਪੱਸ਼ਟ ਹੁੰਦਾ ਸੱਚ ਵੀ ਉਹਨਾਂ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਭਲ਼ੀਭਾਂਤ ਇਲਮ ਹੈ ਕਿ ਜਾਨੋਂ ਪਿਆਰੀਆਂ ਜਮੀਨਾਂ ਜਾਇਦਾਦਾਂ ਨੇ ਆਖਿਰ ਵਿਕਣਾ ਹੈ ਅਤੇ ਖਤਮ ਹੋਣਾ ਹੈ ਉਹਨਾਂ ਦੀਆਂ ਕੁਲਾਂ ਦਾ ਵਜ਼ੂਦ।
ਪਰਦੇਸੀ ਹੋਇਆਂ ਨੂੰ ਭਲਾਂ ਕੋਈ ਕਿੰਨਾ ਕੁ ਚਿਰ ਯਾਦ ਰੱਖਦਾ ਹੈ?
ਰਾਜੇ ਰਾਣੀਆਂ ਕਿੰਨਾ ਕੁ ਚਿਰ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਰਖਵਾਲੀ ਕਰਨਗੇ?
ਰਾਜੇ ਰਾਣੀਆਂ ਕਿੰਨਾ ਕੁ ਚਿਰ ਆਪਣੀਆਂ ਜਮੀਨਾਂ ਜਾਇਦਾਦਾਂ ਦੀ ਰਖਵਾਲੀ ਕਰਨਗੇ? ਕਿੰਨਾ ਕੁ ਚਿਰ ਛੇ ਮਹੀਨੇ ਇੱਧਰ ਅਤੇ ਛੇ ਮਹੀਨੇ ਓਧਰ ਰਹਿਣਗੇ? ਆਖਿਰ ਪ੍ਰਾਣਾਂ ਦੀ ਬਾਜ਼ੀ ਨੇ ਹਾਰਨਾ ਹੀ ਹੈ ਵਿਦੇਸ਼ੀ ਮਿੱਟੀ ਦੇ ਮੋਹ ‘ਚ ਮਸਤ ਬੱਚੇ ਸ਼ਾਇਦ ਇੱਧਰਲੀਆਂ ਜਮੀਨਾਂ ਜਾਇਦਾਦਾਂ ਵੇਚਣ ਲਈ ਵੀ ਨਾ ਆਉਣ। ਫਿਰ ਕਿਸੇ ਨੂੰ ਯਾਦ ਨਹੀਂ ਰਹਿਣਾ ਨੰਬਰਦਾਰਾਂ ਦੀ ਜਮੀਨ ਕਿਹੜੀ ਸੀ? ਕਿਹੜੀ ਜਮੀਨ ਸੀ ਸੂਬੇਦਾਰ ਕੀ ਅਤੇ ਕਿਹੜੀ ਸੀ ਮਾਸਟਰ ਕੀ? ਜਾਂ ਫਿਰ ਕਿਹੜੀ ਹਵੇਲੀ ਸੀ ਤਾਏ ਬਚਨੇ ਕੀ? ਕਿਹੜੀ ਮੋਟਰ ਸੀ ਸ਼ਿੰਦੇ ਕੀ? ਕਿਵੇਂ ਬਣਾਈ ਸੀ ਜਾਇਦਾਦ ਐਸ ਡੀ ਓ ਕਿਆਂ ਨੇ? ਸਾਰੇ ਪਿੰਡ ‘ਚ ਕਿੰਨੀ ਟੌਹਰ ਸੀ ਤਾਏ ਬਖਤੌਰੇ ਕੀ? ਕਿਵੇਂ ਘੀਲੇ ਡਾਕਟਰ ਨੇ ਪੌਣੇ ਦੋ ਕਿੱਲਿਆਂ ਤੋਂ ਵੀਹ ਕਿੱਲੇ ਜਮੀਨ ਬਣਾਈ ਸੀ? ਕਿੰਨਾ ਘੈਂਟ ਸੀ ਪਤੰਦਰਾਂ ਦਾ ਲਾਣਾ?
ਰਾਜੇ ਰਾਣੀਆਂ ਵਾਂਗ ਆਪਣੇ ਮਹਿਲਾਂ ਵਰਗੇ ਘਰਾਂ ‘ਚ ਸਰਦਾਰਾਂ ਵਾਂਗ ਰਹਿੰਦੇ ਪੰਜਾਬੀ ਮਾਪਿਆਂ ਵੱਲੋਂ ਵਿਦੇਸ਼ਾਂ ਦੀਆਂ ਬੇਸਮੈਂਟਾਂ ‘ਚ ਕੀਤਾ ਜਾ ਰਿਹਾ ਵਸੇਬਾ ਕਹਾਣੀ ਦਾ ਖਾਤਮਾ ਨਹੀਂ ਤਾਂ ਹੋਰ ਕੀ ਹੈ? ਸਮਝ ਨਹੀਂ ਆਉਂਦਾ ਗੁਰਾਂ ਦੇ ਨਾਂਅ ‘ਤੇ ਵੱਸਦੇ ਪੰਜਾਬ ਦਾ ਆਖਿਰ ਬਣੇਗਾ ਕੀ? ਕੌਣ ਸੰਭਾਲੇਗਾ ਪੰਜਾਬ ਦੀਆਂ ਸਰਦਾਰੀਆਂ? ਇੱਧਰ ਦਿਹਾੜੀਆ ਲਿਆਉਣ ਨੂੰ ਵੀ ਮੁਸ਼ਕਲ ਕੰਮ ਸਮਝਣ ਵਾਲੇ ਸਾਡੇ ਬੱਚੇ ਓਧਰ ਖੁਦ ਦਿਹਾੜੀਆਂ ਕਰਨ ਲਈ ਰਜ਼ਾਮੰਦ ਹੋ ਰਹੇ ਹਨ। ਕਾਸ਼! ਕੋਈ ਕਰਾਮਾਤ ਹੋ ਜਾਵੇ ਤੇ ਸਾਡੇ ਬੱਚਿਆਂ ਦਾ ਆਪਣੀ ਜੰਮਣ ਭੋਇੰ ਤੋਂ ਭੰਗ ਹੋ ਰਿਹਾ ਮੋਹ ਪਰਤ ਆਵੇ। ਸਰਕਾਰਾਂ ਹੀ ਕੁੱਝ ਅਜਿਹਾ ਕਰ ਦੇਣ ਕਿ ਸਾਡੇ ਬੱਚੇ ਵਿਦੇਸ਼ਾਂ ਵੱਲ ਝਾਕਣਾ ਹੀ ਛੱਡ ਦੇਣ। ਪੰਜਾਬ ਦੇ ਰਾਜੇ ਰਾਣੀਆਂ ਨੂੰ ਆਪਣੇ ਜਿਉਂਦੇ ਜੀਅ ਕਹਾਣੀਆਂ ਖਤਮ ਨਾ ਕਰਨੀਆਂ ਪੈਣ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।