ਸਾਡੀ ਜ਼ਿੰਦਗੀ ਸਾਡੇ ਕੋਲ ਕਿਸੇ ਦੀ ਅਮਾਨਤ ਹੈ
ਅੱਜ ਦੇ ਨਵੀਨ ਯੁੱਗ ਵਿੱਚ ਜਿੱਥੇ ਸਾਡੇ ਕੋਲ ਸੁੱਖ ਸਹੂਲਤਾਂ ਦੀ ਬਹੁਤਾਤ ਹੋਈ ਹੈ, ਉੱਥੇ ਇਹਨਾਂ ਨੂੰ ਹਾਸਲ ਕਰਨ ਲਈ ਤੇ ਇਹਨਾਂ ਨੂੰ ਆਪਣੇ ਪਾਸ ਬਰਕਰਾਰ ਰੱਖਣ ਲਈ ਜੱਦੋ-ਜਹਿਦ ਤੇ ਦੌੜ ਵੀ ਵਧੀ ਹੈ, ਤੇ ਦੌੜ ਵਿੱਚ ਆਦਮੀ ਅਕਸਰ ਇਕੱਲਾ ਰਹਿ ਜਾਂਦਾ ਹੈ। ਸਾਡੇ ਉੱਪਰ ਯਕੀਨਨ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਯਾਨੀ ਸਮਾਜਿਕ, ਪਰਿਵਾਰਕ ਤੇ ਹੋਰ।ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਜ਼ਿੰਮੇਵਾਰੀਆਂ ਅਸੀਂ ਹੱਸ ਕੇ ਨਿਭਾਉਣਾ ਸਿੱਖੀਏ, ਇਹਨਾਂ ਨੂੰ ਬੋਝ ਤਾਂ ਕਤਈ ਨਹੀਂ ਮੰਨਣਾ ਚਾਹੀਦਾ।ਪਿੱਛਲੇ ਇੱਕ ਹਫਤੇ ਵਿੱਚ ਖੁਦਕੁਸੀ ਦੀਆਂ ਕਈ ਘਟਨਾਵਾਂ ਸੁਣਨ ਵਿੱਚ ਆਈਆਂ।
ਇਹਨਾਂ ਦੇ ਕਾਰਨ ਭਾਵੇਂ ਵਿਅਕਤੀਗਤ ਤੇ ਆਰਥਿਕ ਸਨ,ਪਰ ਵਿਚਲਿਤ ਕਰਨ ਵਾਲੇ ਸਨ।ਅੱਜ ਜਦ ਮੈਂ ਫੇਸਬੁੱਕ ਤੇ ਇੱਕ ਪੁਲਿਸ ਮੁਲਜਮ ਵੱਲੋਂ ਖੁਦਕੁਸੀ ਤੋਂ ਪਹਿਲਾਂ ਵੀਡੀਓ ਤੇ ਉਸਦੇ ਪਰਿਵਾਰ ਵਾਲੇ ਵਿਲਕਦੇ ਦੇਖੇ ਤਾਂ ਮਨ ਵਲੂੰਧਰਿਆ ਗਿਆ। ਕਦੇ ਸਮਾਂ ਹੁੰਦਾ ਸੀ, ਜਦੋਂ ਗਲਤੀ ਲਈ ਮਾਂ ਬਾਪ ਬੱਚੇ ਨੂੰ ਸਰੀਰਕ ਸਜਾ ਦਿੰਦੇ ਸਨ,ਬੱਚਾ ਬਰਦਾਸਤ ਵੀ ਕਰਦਾ ਸੀ ਤੇ ਸਬਕ ਵੀ ਲੈਂਦਾ ਸੀ, ਪਰ ਉਹ ਬੱਚਾ ਖੁਦਕਸੀ ਕਰਨ ਦੀ ਕਦੇ ਸੋਚਦਾ ਵੀ ਨਹੀਂ ਸੀ।ਮਾਂ ਬਾਪ ਵੀ ਦਲੇਰ ਹੁੰਦੇ ਸਨ, ਕਿਉਂਕਿ ਹਰ ਘਰ ਵਿੱਚ ਖੂਬ ਸਾਰੇ ਬੱਚੇ ਹੁੰਦੇ ਸਨ।ਅੱਜ ਤਾਂ ਹਰ ਘਰ ਵਿੱਚ ਇੱਕ ਇੱਕ ਜਾਂ ਦੋ ਦੋ ਬੱਚੇ ਹਨ।ਬੱਚੇ ਇਸ ਗੱਲ ਦਾ ਲਾਹਾ ਲੈਂਦੇ ਹਨ ਤੇ ਆਪਣੀਆਂ ਜਾਇਜ ਨਾਜਾਇਜ ਮੰਗਾਂ ਮੰਨਵਾਉਂਦੇ ਹਨ।
ਮਾਂ ਬਾਪ ਹੋਰ ਕਰਨ ਵੀ ਕੀ? ਮਾਂ ਬਾਪ ਤੋਂ ਪੁੱਛ ਕੇ ਕੰਮ ਕਰਨਾ, ਉਹਨਾਂ ਦੇ ਉਮਰ ਭਰ ਦੇ ਤਜੁਰਬੇ ਦਾ ਲਾਹਾ ਲੈਣਾ, ਉਹਨਾਂ ਦੀ ਗੱਲ ਮੰਨਣਾ, ਅੱਜ ਦੇ ਬੱਚਿਆਂ ਨੂੰ ਮਨਜੂਰ ਨਹੀਂ।ਮਾਂ ਬਾਪ ਨਾਲ, ਭੈਣਾਂ ਭਾਈਆਂ ਨਾਲ ਕੋਈ ਮੁਸਕਿਲ ਸਾਂਝੀ ਕਰਨ ਦਾ ਜਿਵੇਂ ਰਿਵਾਜ ਹੀ ਨਹੀਂ ਰਿਹਾ, ਬੇਸੱਕ ਅੱਜ ਕਲ੍ਹ ਸਾਰੇ ਮਾਪੇ ਹੀ ਬੱਚਿਆਂ ਨਾਲ ਦੋਸਤਾਨਾ ਸੰਬੰਧ ਬਣਾਕੇ ਰੱਖਦੇ ਹਨ, ਉਹਨਾਂ ਦੀ ਹਰ ਇੱਛਾ ਪੂਰੀ ਕਰਨ ਲਈ ਯਤਨਸੀਲ ਰਹਿੰਦੇ ਹਨ, ਪਰ ਫਿਰ ਵੀ ਬੱਚੇ ਮਾਪਿਆਂ ਤੋਂ ਕਈ ਗੱਲਾਂ ਦਾ ਲੁਕੋ ਰੱਖਦੇ ਹਨ।ਬੱਚੇ ਆਪਣੀਆਂ ਔਕੜਾਂ ਮਾਪਿਆਂ ਨਾਲ ਸਾਂਝੀਆਂ ਨਹੀਂ ਕਰਦੇ।
ਨਤੀਜੇ ਵਜੋਂ ਅਨਭੋਲ ਬੱਚੇ ਕਈ ਸਾਤਰ ਬੰਦਿਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ ਤੇ ਕਈ ਵਾਰ ਇਹੀ ਵਜ੍ਹਾ ਬੱਚਿਆਂ ਦੀ ਖੁਦਕੁਸੀ ਦਾ ਕਾਰਨ ਬਣਦੀ ਹੈ। ਅਸੀਂ ਕਈ ਮਰੀਜਾਂ ਨੂੰ ਖਤਰਨਾਕ ਬਿਮਾਰੀਆਂ ਨਾਲ ਜੂਝਦੇ ਵੇਖਦੇ ਹਾਂ, ਸੜਕਾਂ ਤੇ ਰੁੜ੍ਹ ਰੁੜ੍ਹ ਕੇ ਚੱਲਦੇ ਵੇਖਦੇ ਹਾਂ, ਅੱਜ ਮਹਿੰਗਾਈ ਦੇ ਸਮੇਂ ਵਿੱਚ ਆਰਥਿਕ ਤੰਗੀਆੰ ਤੁਰਸੀਆਂ ਨਾਲ ਜੂਝਦੇ ਬਹੁਤ ਬੰਦੇ ਦੇਖੇ ਜਾ ਸਕਦੇ ਹਨ।
ਆਪਣੀਆਂ ਲੋੜਾਂ ਦੀ ਪੂਰਤੀ ਲਈ ਜਾਇਜ ਨਜਾਇਜ ਕੰਮ ਕਰਦੇ ਦੇਖੇ ਜਾ ਸਕਦੇ ਹਨ, ਪਰ ਜ਼ਿੰਦਗੀ ਦੀਆਂ ਮੁਸਕਿਲਾਂ ਨਾਲ ਉਹ ਦੋ ਚਾਰ ਹੁੰਦੇ ਉਹ ਖੁਦਕੁਸੀ ਕਰਨ ਬਾਰੇ ਸੋਚਦੇ ਵੀ ਨਹੀਂ।ਜਦੋਂ ਕਿ ਆਰਥਿਕ ਤੌਰ ’ਤੇ ਖੁਸਹਾਲ, ਸਰੀਰਕ ਤੌਰ ਤੇਤੰਦਰੁਸਤ ਆਦਮੀ ਜ਼ਿੰਦਗੀ ਨੂੰ ਪਲਾਂ ਵਿੱਚ ਹੀ ਅਲਵਿਦਾ ਆਖ ਜਾਂਦਾ ਹੈ ਤੇ ਪਿੱਛੋਂ ਆਪਣੇ ਮਾਪਿਆਂ ਤੇ ਪਿਆਰਿਆਂ ਦੇ ਹੋਣ ਵਾਲੇ ਬੁਰੇ ਹਾਲ ਬਾਰੇ ਸੋਚਦੇ ਤੱਕ ਵੀ ਨਹੀਂ।ਇਕੱਲਾ ਇਕੱਲਾ ਬੱਚਾ ਤੇ ਉਹ ਵੀ ਅਣਆਈ ਤੇ ਨਮੋਸੀ ਭਰੇ ਹਾਲਤਾਂ ਵਿੱਚ ਚਲਾ ਜਾਵੇ, ਬੱਚੇ ਦੇ ਇਸ ਤਰ੍ਹਾਂ ਕਰਨ ਨਾਲ ਉਸਦੇ ਮਾਂ ਬਾਪ ਤਾਂ ਜਿਉਂਦੀਆਂ ਲਾਸਾਂ ਬਣ ਕੇ ਰਹਿ ਜਾਂਦੇ ਹਨ।
ਕਈ ਬੰਦੇ ਦਫਤਰੀ ਪਰੇਸਾਨੀਆਂ ਕਰਕੇ ਇਸ ਤਰ੍ਹਾਂ ਦਾ ਕਦਮ ਚੁੱਕ ਲੈਂਦੇ ਹਨ ਤੇ ਆਪਣੇ ਬੱਚਿਆਂ ਨੂੰ ਰੋਲ ਜਾਂਦੇ ਹਨ।ਦਫਤਰੀ ਪਰੇਸਾਨੀਆਂ ਦੇ ਹੱਲ ਲਈ ਅਸੀਂ ਆਪਣੇ ਸੀਨੀਅਰਾਂ ਨਾਲ ਸਲਾਹ ਕਰ ਸਕਦੇ ਹਾਂ, ਪਰੇਸ਼ਾਨ ਕਰਨ ਵਾਲੇ ਅਫਸਰ/ਕਰਮਚਾਰੀ ਦੀ ਸ਼ਿਕਾਇਤ ਕਰ ਸਕਦੇ ਹਾਂ, ਆਪਣੀ ਬਦਲੀ ਕਰਵਾ ਸਕਦੇ ਹਾਂ, ਬਰਦਾਸਤ ਕਰ ਸਕਦੇ ਹਾਂ, ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਡਿਊਟੀ ਤੋਂ ਗੈਰਹਾਜਰ ਹੋ ਸਕਦੇ ਹਾਂ, ਕਿਸੇ ਹੋਰ ਕੰਮ ਵਿਚ ਕਾਮਯਾਬ ਹੋਣ ਲਈਯਤਨਸੀਲ ਹੋ ਸਕਦੇ ਹਾਂ, ਪਰ ਖੁਦਕੁਸੀ ਕਿਸੇ ਵੀ ਮੁਸਕਿਲ ਦਾ ਹੱਲ ਕਦੇ ਵੀ ਨਹੀਂ ਹੋ ਸਕਦੀ।
ਜਦ ਅਸੀਂ ਦੁਨੀਆਂ ’ਤੇ ਆਉਂਦੇ ਹਾਂ, ਸਾਡੀ ਪਹਿਲੀ ਕਿਲਕਾਰੀ ਹੀ ਕਈ ਰਿਸ਼ਤੇ ਬਣਾ ਦਿੰਦੀ ਹੈ, ਮਾਂ, ਬਾਪ, ਭੈਣ, ਭਾਈ, ਚਾਚੇ, ਤਾਏ, ਮਾਮੇ, ਮਾਸੀਆਂ, ਨਾਨਾ, ਨਾਨੀ, ਦਾਦਾ ,ਦਾਦੀ ਤੇ ਪਤਾ ਨਹੀਂ ਹੋਰ ਕਿੰਨੇ ਰਿਸਤੇ ਸਾਡੇ ਨਾਲ ਜੁੜ ਜਾਂਦੇ ਹਨ।ਉਮਰ ਦੇ ਵਧਣ ਨਾਲ ਕਈ ਯਾਰਾਂ ਦੋਸਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਰਿਸ਼ਤੇ ਵੱਧਦੇ ਜਾਂਦੇ ਹਨ।ਇਹਨਾਂ ਵਿੱਚੋਂ ਕਈ ਰਿਸ਼ਤੇ ਅਜਿਹੇ ਹੋ ਨਿਬੜਦੇ ਹਨ, ਜਿਹੜੇ ਸਾਡੇ ਰਾਜਦਾਨ ਤੇ ਹਿਤੈਸੀ ਹੁੰਦੇ ਹਨ।ਉਹਨਾਂ ਦਾ ਸਾਡੇ ਤੇ ਵੱਡਾ ਹੱਕ ਹੁੰਦਾ ਹੈ।ਖੁਦਕਸ਼ੀ ਵਰਗਾ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਆਪਣੀ ਦੁੱਖ ਤਕਲੀਫ ਅਜਿਹੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ, ਜੋ ਅਸੀਂ ਆਪਣੇ ਮਾਪਿਆਂ ਨਾਲ ਨਹੀਂ ਕਰ ਸਕਦੇ।
ਦੁਨੀਆਂ ਤੇ ਅਜਿਹੀ ਕੋਈ ਮੁਸਕਿਲ ਨਹੀਂ ਹੁੰਦੀ, ਜਿਸ ਦਾ ਹੱਲ ਨਾ ਨਿਕਲੇ ਤੇ ਇਨਸਾਨ ਨੂੰ ਖੁਦਕਸੀ ਕਰਨੀ ਪੈ ਜਾਵੇ। ਖੁਦਕਸ਼ੀ ਵਰਗਾ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਆਪਣੇ ਪਿਆਰਿਆਂ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਕਿ ਸਾਡੇ ਤੋਂ ਮਗਰੋਂ ਉਹਨਾਂ ਦਾ ਕੀ ਹਾਲ ਹੋਵੇਗਾ, ਜੋ ਸਾਨੂੰ ਦੇਖ ਦੇਖ ਜਿਉਂਦੇ ਹਨ।ਇਸ ਲਈ ਦਲੇਰ ਬਣੋ, ਜ਼ਿੰਦਗੀ ਦੀ ਹਰ ਮੁਸਕਿਲ ਨਾਲ ਦੋ ਚਾਰ ਹੁੰਦੇ ਰਹੋ।ਜੇ ਹੱਲ ਨਾ ਨਿਕਲੇ ਤਾਂ ਛੱਤ ਤੇ ਚੜ੍ਹ ਕੇ ਡੋਂਡੀ ਪਿੱਟ ਦੇਵੋ ਕਿ ਮੈਨੂੰ ਆਹ ਤਕਲੀਫ ਹੈ, ਕਿਉਂਕਿ ਹਿੰਦੁਸਤਾਨੀ ਜਿੰਨੇ ਸੁਹਿਰਦ, ਸਿਆਣੇ ਤੇ ਤਜੁਰਬੇਕਾਰ ਹੁੰਦੇ ਹਨ, ਐਨਾ ਕੋਈ ਹੋਰ ਨਹੀਂ ਹੁੰਦਾ।
ਜਗਸੀਰ ਸਿੰਘ ਤਾਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ