‘ਸਾਡੇ ਭਾਅ ਦੀ ਤਾਂ ਐਸਵਾਈਐਲ ਬਣੀ ਪਈ ਐ, ਪਾਣੀ ਤਾਂ ਹੁਣ ਵੀ ਨਹੀਂ ਆਉਂਦਾ’

ਟੇਲਾਂ ‘ਤੇ ਪੈਂਦੇ ਪਿੰਡਾਂ ਦਾ ਦਰਦ :

ਬਠਿੰਡਾ/ਮਾਨਸਾ, (ਸੁਖਜੀਤ ਮਾਨ) ਲੰਬੇ ਸਮੇਂ ਤੋਂ ਪਏ ਹੋਏ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਦੇ ਰੇੜਕੇ ਦੀ ਜਦੋਂ ਗੱਲ ਛਿੜਦੀ ਹੈ ਤਾਂ ਬਠਿੰਡਾ-ਮਾਨਸਾ ਖਿੱਤੇ ਦੇ ਕਿਸਾਨਾਂ ਦੇ ਫਿਕਰ ਵਧ ਜਾਂਦੇ ਹਨ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਦਰਜ਼ਨਾਂ ਪਿੰਡਾਂ ਦੇ ਖੇਤਾਂ ‘ਚ ਨਹਿਰੀ ਪਾਣੀ ਪਹਿਲਾਂ ਹੀ ਸਿਰਫ ਨਾਂਅ ਦਾ ਜਾਂਦਾ ਹੈ ਧਰਤੀ ਹੇਠਲੇ ਮਾੜੇ ਪਾਣੀ ਤੇ ਨਹਿਰੀ ਪਾਣੀ ਦੀ ਘਾਟ ਨੇ ਜ਼ਮੀਨਾਂ ਬੰਜ਼ਰ ਕਰ ਦਿੱਤੀਆਂ ਇਨ੍ਹਾਂ ਪਿੰਡਾਂ ‘ਚ ਹਾਲਾਤ ਇਹ ਬਣ ਜਾਂਦੇ ਨੇ ਕਿ ਲੋੜ ਵੇਲੇ ਪਾਣੀ ਨਹੀਂ ਪੁੱਜਦਾ ਤੇ ਜਦੋਂ ਮੀਂਹ ਪੈਂਦੇ ਨੇ ਪਿਛਲੇ ਪਿੰਡਾਂ ‘ਚ ਮੋਘੇ ਬੰਦ ਹੋਣ ਕਰਕੇ ਸਾਰਾ ਪਾਣੀ ਟੇਲਾਂ ‘ਤੇ ਆਉਣ ਨਾਲ ਸੂਏ/ਕੱਸੀਆਂ ਟੁੱਟਣ ਲੱਗਦੇ ਨੇ ਨਹਿਰੀ ਪਾਣੀ ਦੀ ਘਾਟ ਨਾਲ ਜੂਝਣ ਵਾਲੇ ਕਿਸਾਨਾਂ ਨੂੰ ਜਦੋਂ ਐਸਵਾਈਐਲ ਨਿੱਕਲਣ ਤੋਂ ਬਾਅਦ ਪਾਣੀ ‘ਤੇ ਪੈਣ ਵਾਲੇ ਅਸਰ ਬਾਰੇ ਪੁੱਛਦੇ ਹਾਂ ਤਾਂ ਉਹ ਆਖਦੇ ਨੇ ਸਾਡੇ ਭਾਅ ਦੀ ਤਾਂ ਪਹਿਲਾਂ ਹੀ ਬਣੀ ਪਈ ਹੈ ਕਿਉਂਕਿ ਖੇਤਾਂ ਤੱਕ ਪਾਣੀ ਤਾਂ ਹੁਣ ਵੀ ਨਹੀਂ ਆਉਂਦਾ

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਜ਼ਮੀਨ ਨੂੰ ਸਖਤ ਲੋੜ ਰਹਿੰਦੀ ਹੈ ਕਿਉਂਕਿ ਧਰਤੀ ਹੇਠਲੇ ਮਾੜੇ ਪਾਣੀਆਂ ਕਰਕੇ ਫਸਲ ਵੀ ਮਾੜੀ ਰਹਿ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਪਿੰਡ ਮਾਈਸਰਖਾਨਾ, ਜੋਧਪੁਰ ਯਾਤਰੀ ਅਤੇ ਭਾਈ ਬਖਤੌਰ ਦੀ ਕਰੀਬ 4 ਹਜ਼ਾਰ ਏਕੜ ਜ਼ਮੀਨ ਅਜਿਹੀ ਹੈ ਜੋ ਨਹਿਰੀ ਪਾਣੀ ਦੀ ਕਮੀ ਕਾਰਨ ਬੰਜ਼ਰ ਵਰਗੀ ਹੋਈ ਪਈ ਹੈ ਕਿਸਾਨ ਆਗੂ ਮੁਤਾਬਿਕ ਇਸ ਰਕਬੇ ‘ਚ ਸਿਰਫ ਨਰਮੇ ਤੇ ਕਣਕ ਦੀ ਖੇਤੀ ਹੁੰਦੀ ਹੈ ਜੋ ਧਰਤੀ ਹੇਠਲੇ ਪਾਣੀ ‘ਤੇ ਹੀ ਨਿਰਭਰ ਰਹਿੰਦੀ ਹੈ ਇਸ ਖੇਤਰ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਛੋਟੀਆਂ-ਛੋਟੀਆਂ ਕੱਸੀਆਂ ਹਨ ਜਿੰਨ੍ਹਾਂ ‘ਚ ਵਗਦਾ ਥੋੜ੍ਹਾ-ਥੋੜ੍ਹਾ ਪਾਣੀ ਉਨ੍ਹਾਂ ਦੇ ਖੇਤਾਂ ਦੀ ਪਿਆਸ ਬੁਝਾਉਣ ਲਈ ਕਾਫ਼ੀ ਨਹੀਂ ਹੁੰਦਾ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡਾਂ ਵੱਲ ਤਾਂ ਖੇਤਾਂ ਨੂੰ ਨਹਿਰੀ ਪਾਣੀ ਸਿਰਫ ਨਾਂਅ ਦਾ ਹੀ ਹੈ ਉਹ ਆਪਣੇ ਧਰਨਿਆਂ/ਮੁਜ਼ਾਹਰਿਆਂ ‘ਚ ਵੀ ਨਹਿਰੀ ਪਾਣੀ ਦੀ ਘਾਟ ਨੂੰ ਪ੍ਰਮੁੱਖਤਾ ਨਾਲ ਚੁੱਕਦੇ ਨੇ ਪਰ ਕੋਈ ਪੱਕਾ ਹੱਲ ਨਹੀਂ ਹੋਇਆ ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਨੰਗਲਾ, ਲਹਿਰੀ, ਮੈਨੂਆਣਾ, ਬਹਿਮਣ ਕੌਰ ਸਿੰਘ ਤੇ ਜੱਸਾ ਸਿੰਘ, ਜੋਗੇਵਾਲਾ, ਤੰਗਰਾਲੀ, ਗਾਟਵਾਲੀ, ਮਲਕਾਣਾ ਅਤੇ ਗਿਆਨਾ ਆਦਿ ਦੇ ਖੇਤ ਨਹਿਰੀ ਪਾਣੀ ਨੂੰ ਤਰਸੇ ਪਏ ਹਨ

ਜ਼ਿਲ੍ਹਾ ਮਾਨਸਾ ‘ਚ ਪੈਂਦੇ ਬਲਾਕ ਝੁਨੀਰ ਦੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਉੱਤਮ ਸਿੰਘ ਰਾਮਾਨੰਦੀ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ‘ਚ ਪਿੰਡ ਝੇਰਿਆਂਵਾਲੀ, ਭਲਾਈਕੇ, ਬੀਰੇਵਾਲਾ ਜੱਟਾਂ, ਬਾਜੇਵਾਲਾ, ਰਾਮਾਨੰਦੀ, ਦਸੌਂਧੀਆ, ਲਾਲਿਆਂਵਾਲੀ, ਭੰਮੇ ਖੁਰਦ, ਭੰਮੇ ਕਲਾਂ ਉੱਡਤ ਭਗਤ ਰਾਮ ਆਦਿ ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲਦਾ ਕਿਸਾਨ ਆਗੂ ਨੇ ਆਖਿਆ ਕਿ ਜੇ ਐਸਵਾਈਐਲ ਬਣ ਗਈ ਤਾਂ ਪੰਜਾਬ ਉੱਜੜ ਜਾਊ ਕਿਉਂਕਿ ਬੋਰਾਂ ਦਾ ਪਾਣੀ ਮਾੜਾ ਹੈ ਟੇਲਾਂ ‘ਤੇ ਪੈਂਦੇ ਖੇਤਾਂ ‘ਚ ਨਹਿਰੀ ਪਾਣੀ ਨਾ ਪੁੱਜਣ ਦੇ ਮਾਮਲੇ ‘ਚ ਇਹ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਦੀਆਂ ਹੀ ਉਦਾਹਰਨਾਂ ਹਨ, ਇਸ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਦੇ ਹੋਰ ਵੀ ਕਈ ਪਿੰਡਾਂ ‘ਚ ਨਹਿਰੀ ਪਾਣੀ ਪੂਰੀ ਮਾਤਰਾ ‘ਚ ਨਹੀਂ ਪੁੱਜਦਾ

ਉਦੋਂ ਤਾਂ ਕੈਪਟਨ ਨੇ ਇੰਦਰਾ ਨੂੰ ਚਾਂਦੀ ਦੀ ਕਹੀ ਫੜਾਈ ਸੀ : ਕਿਸਾਨ ਆਗੂ

ਜਦੋਂ ਕਿਸਾਨ ਆਗੂ ਜੋਧਾ ਸਿੰਘ ਨੰਗਲਾ ਤੋਂ ਐਸਵਾਈਐਲ ਦੇ ਮੁੱਦੇ ਤੋਂ ਰਾਇ ਜਾਨਣੀ ਚਾਹੀ ਤਾਂ ਉਨ੍ਹਾਂ ਦੋ ਟੁੱਕ ਗੱਲ ਆਖੀ ਕਿ ਇਹ ਤਾਂ ਡਰਾਮਾ ਹੈ ਕਿਉਂਕਿ ਹਰਿਆਣਾ ਨੂੰ ਪਾਣੀ ਤਾਂ ਪਹਿਲਾਂ ਹੀ ਵਾਧੂ ਜਾਈ ਜਾਂਦਾ ਹੈ ਉਨ੍ਹਾਂ ਕਿਹਾ ਕਿ ਹੁਣ ਕੈਪਟਨ ਕਹਿ ਰਿਹਾ ਹੈ ਮੈਂ ਪਾਣੀ ਦਾ ਤੁਪਕਾ ਵੀ ਨਹੀਂ ਜਾਣ ਦੇਣਾ ਤੇ ਜਦੋਂ ਇੰਦਰਾ ਗਾਂਧੀ ਨੇ ਐਸਵਾਈਐਲ ਵਾਸਤੇ ਟੱਕ ਲਾਇਆ ਸੀ ਉਦੋਂ ਚਾਂਦੀ ਦੀ ਕਹੀ ਕੈਪਟਨ ਨੇ ਹੀ ਫੜਾਈ ਸੀ ਐਸਵਾਈਐਲ ਮਗਰੋਂ ਪਾਣੀ ਦੇ ਅਸਰ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ‘ਸਾਡੇ ਭਾਅ ਦੀ ਤਾਂ ਹੁਣ ਵੀ ਐਸਵਾਈਐਲ ਬਣੀ ਪਈ ਹੈ ਪਾਣੀ ਤਾਂ ਪਹਿਲਾਂ ਹੀ ਨਹੀਂ ਆਉਂਦਾ

ਸਾਡੀ ਖੇਤੀ ਤਾਂ ਸਿਰਫ ਕਰਮਾਂ ਸੇਤੀ

ਟੇਲਾਂ ‘ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਦਾ ਇੱਕ ਸਾਂਝਾ ਤਰਕ ਇਹ ਵੀ ਹੈ ਕਿ ਸਰਕਾਰਾਂ ਤਾਂ ਉਨ੍ਹਾਂ ਦੇ ਤਰਸ ਨਹੀਂ ਕਰਦੀਆਂ ਕੁਦਰਤ ਮਿਹਰਬਾਨ ਹੋ ਜਾਵੇ ਤਾਂ ਚਾਰ ਦਾਣੇ ਪੱਲੇ ਪੈ ਜਾਂਦੇ ਹਨ ਕਿਸਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੇਤੀ ਤਾਂ ਕਰਮਾਂ ਸੇਤੀ ਹੈ, ਜੇ ਮੀਂਹ ਸਮੇਂ ਤੇ ਪਏ ਤਾਂ ਫਸਲ ਵਧੀਆ, ਬੇਮੌਸਮੇ ਪਏ ਗਏ ਤਾਂ ਨੁਕਸਾਨ ਝੱਲਣਾ ਪੈਂਦਾ ਹੈ ਇਸ ਵਾਰ ਸਮੇਂ ਸਿਰ ਪਏ ਮੀਂਹਾਂ ਕਾਰਨ ਖੇਤਾਂ ‘ਚ ਫਸਲ ਹਾਲ ਦੀ ਘੜੀ ਵਧੀਆ ਹੈ ਪਰ ਜੇ ਹੁਣ ਇਸ ਤੋਂ ਬਾਅਦ ਭਾਰੀ ਮੀਂਹ ਪੈਂਦੇ ਨੇ ਤਾਂ ਨਰਮੇ ਦੀ ਫ਼ਸਲ ਦਾ ਨੁਕਸਾਨ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.