ਆਨਲਾਈਨ ਪੜ੍ਹਾਈ ਦੇ ਹੁਕਮ ਅਧਿਆਪਕ ਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ

ਆਨਲਾਈਨ ਪੜ੍ਹਾਈ ਦੇ ਹੁਕਮ ਅਧਿਆਪਕ ਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ

ਭੁੱਖੇ ਢਿੱਡ ਕਿਵੇਂ ਪੜ੍ਹੀਏ ਮਾਸਟਰ ਜੀ? ਆਪਣੇ ਮੋਬਾਈਲ ਦਾ ਰਿਚਾਰਜ ਕਿਵੇਂ ਕਰੀਏ? ਇਹ ਤਾਂ ਸਾਡੇ ਗੁਆਂਢੀ ਨੇ ਜਿਹੜੇ ਸਾਨੂੰ ਰੋਟੀ ਖਵਾ ਦਿੰਦੇ ਨੇ … ਨਾ ਤਾਂ ਕਾਪੀ ਲੈਣ ਨੂੰ ਪੈਸੇ ਨੇ … ਪਾਪਾ ਦੀ ਦਿਹਾੜੀ ਨਹੀਂ ਲੱਗਦੀ…! ਇਹ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਮਾਪਿਆਂ ਦੇ ਬਚਿਆਂ ਦੇ ਵਿਚਾਰ ਨੇ।  ਸਿੱਖਿਆ ਵਿਭਾਗ ਨੇ ਹੁਕਮ ਸੁਣਾ ਦਿੱਤਾ ਆਨਲਾਈਨ ਪੜ੍ਹਾਈ ਦਾ ਪਰ ਜ਼ਮੀਨੀ ਪੱਧਰ ਉਪਰ ਇੱਕ ਨਹੀਂ ਕਈ ਮੁਸ਼ਕਲਾਂ ਨੇ ਜਿਸ ਨੂੰ ਨਜਿੱਠਣਾ ਬੜਾ ਔਖਾ ਹੈ।

Online Studies | ਸਰਕਾਰੀ ਹੁਕਮਾਂ ਅਤੇ ਬੱਚਿਆਂ ਦੇ ਵਿਚਾਲੇ ਫਸ ਗਏ ਨੇ ਵਿਚਾਰੇ ਮਾਸਟਰ, ਉਹ ਜ਼ਮੀਨੀ ਹਕੀਕਤਾਂ ਤੋਂ ਵਾਕਫ਼ ਨੇ ਪਰ ਉਨ੍ਹਾਂ ਦੀ ਗੱਲ ਵਿਭਾਗ ਸੁਣਨ ਨੂੰ ਤਿਆਰ ਨਹੀਂ। ਅਧਿਆਪਕਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਅਫ਼ਸਰਾਂ ਨੇ ਹੁਕਮ ਤਾਂ ਜਾਰੀ ਕਰ ਦਿੱਤੇ ਨੇ ਪਰ ਬਗੈਰ ਜ਼ਮੀਨੀ ਹਕੀਕਤ ਨੂੰ ਵੇਖੇ। ਲੋਕਾਂ ਕੋਲ ਪੈਸਾ ਨਹੀਂ ਹੈ ਅਤੇ ਇਸ ਔਖੇ ਦੌਰ ਦੇ ਵਿਚ ਉਹ ਨਾ ਹੀ ਕਿਸੇ ਤੋਂ ਪੈਸਾ ਮੰਗਣ ਜੋਗੇ ਹਨ। ਇੰਟਰਨੈੱਟ ਦੀ ਗੱਲ ਤਾਂ ਛੱਡੋ ਲੋਕਾਂ ਕੋਲ ਤਾਂ ਫ਼ੋਨ ਕਰਨ ਜੋਗੇ ਪੈਸੇ ਨਹੀਂ।

ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਗ਼ਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਹਨ ਜਿਹੜੇ ਕਿ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਸਰਕਾਰ ਨੇ ਨਵੇਂ ਹੁਕਮ ਚਾੜ੍ਹ ਦਿੱਤੇ ਨੇ ਮੋਬਾਈਲ ‘ਤੇ ਪੜ੍ਹਾਵਾਂਗੇ, ਇਹ ਸਿਰਫ਼ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸੋਚ ਦਾ ਨਤੀਜਾ ਹੈ। ਇਹ ਗੱਲ ਠੀਕ ਹੈ ਕਿ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਪਰ 95 ਪ੍ਰਤੀਸ਼ਤ ਬੱਚੇ ਨੇ ਜਿਹੜੇ ਬਹੁਤ ਹੀ ਗਰੀਬ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਨੇ ਅਤੇ ਬਹੁਤ ਮੁਸ਼ਕਲ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਆਨਲਾਈਨ ਪੜ੍ਹਾਈ ਸੁਣਨ ‘ਚ ਤਾਂ ਬੜੀ ਚੰਗੀ ਲੱਗਦੀ ਹੈ ਪਰ ਪ੍ਰਾਈਵੇਟ ਸਕੂਲਾਂ ਤੱਕ ਹੀ ਸੀਮਤ ਹੈ।

ਸਰਕਾਰੀ ਸਕੂਲਾਂ ਵਿਚ ਇਹ ਕਰਨਾ ਬਹੁਤ ਮੁਸ਼ਕਲ ਹੈ ਜਿੱਥੇ ਮਸਾਂ 5 ਪ੍ਰਤੀਸ਼ਤ ਬੱਚੇ ਇਹ ਆਨਲਾਈਨ ਪੜ੍ਹਾਈ ਕਰ ਲੈਣਗੇ ਤੇ ਬਾਕੀ 95 ਪ੍ਰਤੀਸ਼ਤ ਦਾ ਤਾਂ ਰੱਬ ਹੀ ਰਾਖਾ ਹੈ! ਇਹ ਕੋਰੋਨਾ ਵਾਇਰਸ ਉਨ੍ਹਾਂ ਲਈ ਪਹੇਲੀ ਬਣ ਗਿਆ ਹੈ ਕਿਉਂਕਿ ਉਨ੍ਹਾਂ ਕੋਲ ਖਾਣਾ ਨਹੀਂ ਹੈ ਤੇ ਉਹ ਪੜ੍ਹਾਈ ਤੋਂ ਵੀ ਸੱਖਣੇ ਹੋਏ ਪਏ ਹਨ।

ਸਰਕਾਰ ਨੂੰ ਉਪਰਾਲਾ ਕਰਕੇ ਜਲੰਧਰ ਦੂਰਦਰਸ਼ਨ ਵਰਗੇ ਚੈਨਲਾਂ ਉੱਪਰ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਟੀਰੀਅਲ ਦੇਣਾ ਚਾਹੀਦਾ ਹੈ ਨਾ ਕਿ ਆਨਲਾਈਨ ਸਟੱਡੀ ਮੋਬਾਈਲਾਂ ਰਾਹੀਂ ਕਰਵਾਉਣ ਦਾ ਫੁਰਮਾਨ ਜਾਰੀ ਕਰਨਾ ਚਾਹੀਦਾ ਹੈ। ਇੱਥੇ ਇੱਕ ਹਾਸੋਹੀਣੀ ਗੱਲ ਇਹ ਵੀ ਹੈ ਕਿ ਬਗੈਰ ਕਿਤਾਬਾਂ ਤੋਂ ਕਿਵੇਂ ਪੜ੍ਹਨ ਬੱਚੇ? ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿਚ ਤਾਂ ਪ੍ਰਮੋਟ ਕਰ ਦਿੱਤਾ ਗਿਆ ਹੈ ਪਰ ਕੋਰੋਨਾ ਵਾਇਰਨ ਕਾਰਨ ਅਜੇ ਤੱਕ ਵਿਦਿਆਰਥੀਆਂ ਨੂੰ ਨਵੀਂਆਂ ਜਮਾਤਾਂ ਦੀਆਂ ਕਿਤਾਬਾਂ ਪ੍ਰਾਪਤ ਨਹੀਂ ਹੋ ਸਕੀਆਂ ਫਿਰ ਕਿਤਾਬਾਂ ਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਕਰਦਿਆਂ ਦੀਆਂ ਫੋਟੋਆਂ ਮੰਗਣੀਆਂ ਹਾਸੋਹੀਣੀ ਗੱਲ ਹੀ ਹੋਈ।

ਜਿਲ੍ਹੇ ਦੇ ਅਧਿਕਾਰੀਆਂ ਨੂੰ ਜਮੀਨੀ ਹਕੀਕਤਾਂ ਦਾ ਪਤਾ ਹੈ ਪਰ ਉਹ ਚੰਡੀਗੜ੍ਹ ਤੋਂ ਚੜ੍ਹੇ ਹੁਕਮਾਂ ਦੇ ਅੱਗੇ ਬੇਵੱਸ ਨਜ਼ਰ ਆਉਂਦੇ ਹਨ। ਇਹ ਦੇਖਣ ‘ਚ ਆਦਰਸ਼ਵਾਦੀ ਲੱਗਣ ਵਾਲਾ ਸੰਦੇਸ਼ ਇੱਕ ਖੋਖਲਾ ਸੰਦੇਸ਼ ਹੈ, ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਹੈ।  ਇੰਟਰਨੈੱਟ ‘ਤੇ ਪੜ੍ਹਾਈ ਬੱਚਿਆਂ ਲਈ ਬੜੀ ਮੁਸ਼ਕਲ ਹੈ ਅਤੇ ਨਾ ਹੀ ਐਵੇਂ ਦੇ ਉਨ੍ਹਾਂ ਕੋਲ ਮੋਬਾਈਲ ਅਤੇ ਨਾ ਇਵੇਂ ਦੇ ਸਾਧਨ ਨੇ। ਜ਼ਿਆਦਾਤਰ ਮਾਪਿਆਂ ਕੋਲ ਆਮ ਫ਼ੋਨ ਹਨ, ਸਮਾਰਟ ਫ਼ੋਨ ਨਾ ਹੋਣ ਕਰਕੇ ਉਹ ਕਿਵੇਂ ਪੜ੍ਹਾਈ ਕਰਨਗੇ?

ਇਹ ਇੱਕ ਵੱਡਾ ਸਵਾਲ ਹੈ ਕਿ ਉਹ ਇਸ ਮਾੜੇ ਦੌਰ ਵਿਚ ਨਵੇਂ ਫ਼ੋਨ ਲੈਣ? ਦੂਰਦਰਸ਼ਨ ਇਸ ਸਮੇਂ ਵਿਚ ਸਭ ਤੋਂ ਜਿਆਦਾ ਕਾਰਗਰ ਸਿੱਧ ਹੋ ਸਕਦਾ ਹੈ ਕਿਉਂਕਿ ਬਿਜਲੀ ਦੀ ਕੋਈ ਸਮੱਸਿਆ ਨਹੀਂ ਅਤੇ ਹਰੇਕ ਘਰ ‘ਚ ਟੀ.ਵੀ. ਹੈ ਅਤੇ ਇੱਕਦਮ ਮੁਫਤ ਹੈ ਪ੍ਰੰਤੂ ਪੰਜਾਬ ਸਰਕਾਰ ਅਫ਼ਸਰਾਂ ਦੀ ਗੱਲ ਪੁਗਾਉਣ ਵਿਚ ਲੱਗੀ ਹੋਈ ਹੈ ਤੇ ਮੋਬਾਇਲ ਰਾਹੀਂ ਪੜ੍ਹਾਉਣ ਦੀਆਂ ਫ਼ੋਟੋਆਂ ਮੰਗਵਾ ਰਹੀ ਹੈ। ਬਾਕੀ ਪ੍ਰਬੰਧ ਤੇ ਸਮਾਂ ਅਧਿਆਪਕ ਆਪੇ ਮੈਨੇਜ ਕਰ ਸਕਦੇ ਨੇ, ਉਹ ਪਿੰਡ ਦੇ ਭਾਈ ਜੀ ਤੋਂ ਅਵਾਜ ਦੁਆ ਸਕਦੇ ਹਨ।

ਅਧਿਆਪਕ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਨ ਪਰ ਉਹ ਮਜਬੂਰ ਹਨ ਹਾਲਾਤਾਂ ਕਾਰਨ। ਸਮੁੱਚਾ ਅਧਿਆਪਕ ਵਰਗ ਇਸ ਪ੍ਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਕਿਉਂਕਿ ਨਵਾਂ ਸੈਸ਼ਨ ਸੁਰੂ ਹੋ ਚੁੱਕਾ ਹੈ, ਨਵੇਂ ਦਾਖਲੇ ਹੋਣੇ ਸਨ ਅਤੇ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ, ਇਸ ਕਰਕੇ ਦੂਰਦਰਸ਼ਨ ਰਾਹੀਂ ਪੜ੍ਹਾਉਣਾ ਸਭ ਤੋਂ ਵਧੀਆ ਉਪਰਾਲਾ ਸਾਬਤ ਹੋ ਸਕਦਾ ਹੈ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਸਰਕਾਰ ਨੇ ਨਵੇਂ ਫਰਮਾਨ ਦੇ ਦਿੱਤੇ ਨੇ ਕਿ ਬਚਿਆਂ ਨੂੰ 24 ਦਿਨਾਂ ਦਾ ਰਾਸ਼ਨ ਦੇਣਾ ਹੈ, ਦੋ ਕਿਲੋ 400 ਗ੍ਰਾਮ ਕਣਕ ਤੇ ਚਾਵਲ ਅਤੇ 107 ਰੁਪਏ ਬੱਚਿਆਂ ਦੇ ਬੈਂਕ ਖਾਤੇ ਵਿਚ ਜਾਣੇ ਹਨ ਇਹ ਵੀ ਹਾਸੋਹੀਣੀ ਗੱਲ ਸਾਬਤ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਪਰ ਵੀ ਇਸਦਾ ਮਜ਼ਾਕ ਹੋਣਾ ਸ਼ੁਰੂ ਹੋ ਗਿਆ ਹੈ।

ਵਿਭਾਗ ਵੱਲੋਂ ਅਧਿਆਪਕਾਂ ਨੂੰ ਸਕੂਲਾਂ ਵਿਚ ਜਾਣ ਦੇ ਵੀ ਆਦੇਸ਼ ਦਿੱਤੇ ਹਨ ਪ੍ਰੰਤੂ ਜੇਕਰ ਇੱਕ ਵੀ ਅਧਿਆਪਕ ਕੋਰੋਨਾ ਦਾ ਸ਼ਿਕਾਰ ਹੋ ਗਿਆ ਰਾਸ਼ਨ ਵੰਡਣ ਸਮੇਂ ਤਾਂ ਸਕੂਲ ਵਿਚ ਪੜ੍ਹਦੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਖਤਰਾ ਬਣ ਸਕਦਾ ਹੈ। ਪੰਜਾਬ ਦੇ ਹਜਾਰਾਂ ਸਕੂਲਾਂ ਵਿਚ ਰਾਸ਼ਨ ਵੰਡਦੇ ਸਮੇਂ ਭੀੜ ਉੱਪਰ ਵੀ ਕਾਬੂ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੋਵੇਗੀ।

 ਇੱਥੇ ਇਹ ਵੀ ਵਰਣਨਯੋਗ ਹੈ ਕਿ ਸਕੂਲਾਂ ਵਿਚ ਪੜ੍ਹਦੇ ਸਾਰੇ ਵਿਦਿਆਰਥੀਆਂ ਦੇ ਬੈਂਕ ਖਾਤੇ ਵੀ ਨਹੀਂ ਹਨ ਤਾਂ ਅਧਿਆਪਕ ਪੈਸੇ ਕਿਸ ਤਰ੍ਹਾਂ ਜਮ੍ਹਾ ਕਰਵਾਉਣਗੇ? ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ 2 ਕਿਲੋ 400 ਗ੍ਰਾਮ ਰਾਸ਼ਨ ਨਾਲ ਵਿਦਿਆਰਥੀਆਂ ਦੀ ਭੁੱਖ ਕਿੰਨੇ ਦਿਨ ਮਿਟੇਗੀ। ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਜਮੀਨੀ ਹਕੀਕਤ ਅਤੇ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਸ਼੍ਰਮੋਣੀ ਪੱਤਰਕਾਰ, ਅਮਲੋਹ, ਫ਼ਤਹਿਗੜ੍ਹ ਸਾਹਿਬ
ਮੋ. 88729-77077
ਭੂਸ਼ਨ ਸੂਦ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।