ਬਿੰਦਰ ਸਿੰਘ
ਗੁਜਰਾਤ ਦੇ ਸ਼ਹਿਰ ਸੂਰਤ ‘ਚ ਭਵਿੱਖ ਤਲਾਸ਼ਣ ਆਏ ਪੰਜਾਹ ਦੇ ਕਰੀਬ ਬੱਚਿਆਂ ਨੂੰ ਕੀ ਪਤਾ ਸੀ ਕਿ ਇੱਥੋਂ ਉਹਨਾਂ ਦੀਆਂ ਲਾਸ਼ਾਂ ਵਿਦਾ ਹੋਣਗੀਆਂ। ਇਮਾਰਤ ਦੀ ਚੌਥੀ ਮੰਜਿਲ ‘ਤੇ ਚੱਲ ਰਹੇ ਕੋਚਿੰਗ ਕੇਂਦਰ ‘ਚ ਤਕਰੀਬਨ ਪੰਜਾਹ ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਸਨ ਕਿ ਬਿਜਲੀ ਦੇ ਸ਼ਾਰਟ ਸਰਕਟ ਤੋਂ ਸ਼ੁਰੂ ਹੋਈ ਅੱਗ ਨੇ ਜਲਣਸ਼ੀਲ ਪਦਾਰਥ ਦੀ ਮੌਜ਼ੂਦਗੀ ਨਾਲ ਕੇਂਦਰ ਨੂੰ ਅੱਗ ਦੀਆਂ ਲਪਟਾਂ ‘ਚ ਘੇਰ ਲਿਆ। ਆਪਣੇ-ਆਪ ਨੂੰ ਅੱਗ ਤੋਂ ਬਚਾਉਣ ਲਈ ਵਿਦਿਆਰਥੀਆਂ ਨੇ ਚੌਥੀ ਮੰਜਿਲ ਤੋਂ ਛਾਲਾਂ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਚੌਥੀ ਮੰਜਿਲ ਤੋਂ ਡਿੱਗ ਕੇ ਜ਼ਖ਼ਮੀ ਹੋਣ ਅਤੇ ਅੱਗ ਦੀ ਲਪੇਟ ‘ਚ ਆਉਣ ਕਾਰਨ ਵੀਹ ਦੇ ਕਰੀਬ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਹ ਅੰਕੜਾ ਲਗਾਤਾਰ ਵਧਦਾ ਗਿਆ। ਇਹ ਅੰਕੜਾ ਇਸ ਹੱਦ ਤੱਕ ਵਧ ਗਿਆ ਕਿ ਸ਼ਾਇਦ ਹੀ ਕੋਈ ਵਿਦਿਆਰਥੀ ਸਲਾਮਤ ਰਿਹਾ ਹੋਵੇ। ਇਸ ਦੁਖਾਂਤ ਦੀ ਵਾਇਰਲ ਹੋਈ ਵੀਡੀਉ ਵੇਖ ਕੇ ਕਲੇਜਾ ਬਾਹਰ ਨੂੰ ਆਉਂਦਾ ਹੈ। ਕਿਵੇਂ ਮਾਵਾਂ ਦੇ ਜਿਗਰ ਦੇ ਟੋਟੇ ਬੇਵਸੀ ਦੇ ਆਲਮ ‘ਚ ਚੌਥੀ ਮੰਜਿਲ ਤੋਂ ਛਾਲਾਂ ਮਾਰ ਕੇ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮੌਤ ਦੇ ਮੂੰਹ ਜਾ ਪਏ।
ਇਹ ਵਾਪਰਿਆ ਦੁਖਾਂਤ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਦਾ ਸ਼ਿਕਾਰ ਵਿਦਿਆਰਥੀਆਂ ਦੀ ਮੱਦਦ ਲਈ ਪ੍ਰਸ਼ਾਸਨ ਇੱਕ ਤਰ੍ਹਾਂ ਨਾਲ ਮੂਕ ਦਰਸ਼ਕ ਹੀ ਨਜ਼ਰ ਆਇਆ। ਜੇਕਰ ਪ੍ਰਸ਼ਾਸਨ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਹੁੰਦੀ ਤਾਂ ਇਹ ਹਾਦਸਾ ਵਾਪਰਨਾ ਹੀ ਨਹੀਂ ਸੀ। ਜੇਕਰ ਸਮੇਂ-ਸਮੇਂ ‘ਤੇ ਇਮਾਰਤ ਵਿਚਲੇ ਅੱਗ ਸੁਰੱਖਿਆ ਇੰਤਜ਼ਾਮਾਂ ਦੀ ਪੜਤਾਲ ਕੀਤੀ ਹੁੰਦੀ ਤਾਂ ਅੱਗ ‘ਤੇ ਕਾਬੂ ਪਾਇਆ ਜਾ ਸਕਦਾ ਸੀ। ਪਰ ਸਾਡੇ ਸਿਸਟਮ ਵਿੱਚ ਸਭ ਕੁੱਝ ਮਿਲ ਮਿਲਾ ਕੇ ਚਲਦਾ ਰਹਿੰਦਾ ਹੈ ਅਤੇ ਸੁਰੱਖਿਆ ਇੰਤਜ਼ਾਮਾਂ ਦੀ ਪੂਰਤੀ ਸਿਰਫ ਕਾਗਜ਼ਾਂ ਵਿੱਚ ਹੁੰਦੀ ਰਹਿੰਦੀ ਹੈ। ਇਮਾਰਤ ਨੂੰ ਅੱਗ ਬਝਾਊ ਇੰਤਜ਼ਾਮਾਂ ‘ਤੇ ਪੂਰਾ ਨਾ ਉਤਾਰਨ ਵਾਲੇ ਪ੍ਰਬੰਧਕ ਅਤੇ ਅਧਿਕਾਰੀਆਂ ਨੂੰ ਸਜ਼ਾਵਾਂ ਹਰ ਹਾਲਤ ਵਿੱਚ ਮਿਲਣੀਆਂ ਚਾਹੀਦੀਆਂ ਹਨ। ਇਸ ਤੋਂ ਅਗਲਾ ਸਵਾਲ ਸਾਡੇ ਮੁਲਕ ਦੇ ਵਿਕਸਿਤ ਢਾਂਚੇ ‘ਤੇ ਉੱਠਦਾ ਹੈ। ਵਿਦਿਆਰਥੀ ਛਾਲਾਂ ਮਾਰ ਕੇ ਮਰ ਰਹੇ ਸਨ ਅਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਸੀ। ਪ੍ਰਸ਼ਾਸਨ ਕੋਲ ਨਾ ਤਾਂ ਵਿਦਿਆਰਥੀਆਂ ਨੂੰ ਥੱਲੇ ਉਤਾਰਨ ਲਈ ਕੋਈ ਪ੍ਰਬੰਧ ਸਨ ਤੇ ਨਾ ਹੀ ਛਾਲਾਂ ਮਾਰ ਰਹੇ ਵਿਦਿਆਰਥੀਆਂ ਨੂੰ ਸੁਰੱਖਿਅਤ ਕਰਨ ਲਈ ਕੋਈ ਪ੍ਰਬੰਧ ਸਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਵਿਦਿਆਰਥੀਆਂ ਨੂੰ ਅੱਗ ‘ਚੋਂ ਸੁਰੱਖਿਅਤ ਬਾਹਰ ਕੱਢਣ ਲਈ ਹੈਲੀਕਾਪਟਰ ਦੀ ਵਰਤੋਂ ਸਮੇਤ ਹਰ ਹੀਲਾ ਇਸਤੇਮਾਲ ਕੀਤਾ ਜਾਂਦਾ। ਛਾਲਾਂ ਮਾਰ ਰਹੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਕੋਈ ਜਾਲ ਬਗੈਰਾ ਦਾ ਇਸਤੇਮਾਲ ਕੀਤਾ ਜਾਂਦਾ। ਪਰ ਅਫਸੋਸ ਅਜਿਹਾ ਕੁੱਝ ਨਹੀਂ ਸੀ ਸੜ ਰਹੀ ਇਮਾਰਤ ਤੇ ਵਿੱਚ ਘਿਰੇ ਵਿਦਿਆਰਥੀਆਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਿਸਮਤ ਸਹਾਰੇ ਛੱਡ ਦਿੱਤਾ ਗਿਆ। ਹੋਰ ਤਾਂ ਹੋਰ ਮੌਕੇ ‘ਤੇ ਪੁੱਜੀ ਅੱਗ ਬੁਝਾਊ ਟੀਮ ਵੀ ਕੋਈ ਕਾਰਗਰ ਕੰਮ ਨਹੀਂ ਕਰ ਸਕੀ। ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅੱਗ ਬੁਝਾਊ ਅਮਲੇ ਕੋਲ ਪੰਦਰਾਂ-ਵੀਹ ਫੁੱਟ ਲੰਬਾਈ ਤੋਂ ਜਿਆਦਾ ਲੰਬਾਈ ਦੀ ਪੌੜੀ ਹੀ ਮੌਜ਼ੂਦ ਨਹੀਂ ਸੀ। ਮੁਲਕ ਦੀ ਸਭ ਤੋਂ ਉੱਚੀ ਮੂਰਤੀ ਵਾਲੇ ਸੂਬੇ ਕੋਲ ਪੰਦਰਾਂ ਵੀਹ ਫੁੱਟ ਤੋਂ ਜਿਆਦਾ ਲੰਬੀ ਪੌੜੀ ਨਾ ਹੋਣਾ ਬੜੀ ਸ਼ਰਮਨਾਕ ਅਤੇ ਦੁੱਖ ਵਾਲੀ ਗੱਲ ਹੈ।
ਸ਼ਾਇਦ ਸਾਡੀਆਂ ਸਰਕਾਰਾਂ ਮੂਰਤੀਆਂ ਬਣਾਉਣ ਤੇ ਸੜਕਾਂ-ਪੁਲਾਂ ਦੇ ਨਿਰਮਾਣ ਨੂੰ ਹੀ ਵਿਕਾਸ ਕਹੀ ਜਾਂਦੀਆਂ ਨੇ ਅਤੇ ਵਿਚਾਰੇ ਭੋਲੇ-ਭਾਲੇ ਲੋਕ ਇਸੇ ਨੂੰ ਵਿਕਾਸ ਸਮਝੀ ਜਾਂਦੇ ਨੇ। ਅਸਲ ਵਿਕਾਸ ਤਾਂ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ‘ਚੋਂ ਬਚਾਉਣ ਵਿੱਚ ਹੈ। ਆਫਤਾਂ ਨਾਲ ਨਜਿੱਠਣ ਲਈ ਤਸੱਲੀਬਖਸ਼ ਢਾਂਚਾ ਵਿਕਸਿਤ ਕਰਨ ਵਿੱਚ ਹੈ। ਪਰ ਸਾਡੀਆਂ ਸਰਕਾਰਾਂ ਨੂੰ ਤਾਂ ਜਿਵੇਂ ਮਨੁੱਖੀ ਜਾਨਾਂ ਦੀ ਪਰਵਾਹ ਹੀ ਨਹੀਂ। ਆਫਤਾਂ ਸਮੇਂ ਮਨੁੱਖੀ ਜਾਨਾਂ ਬਚਾਉਣ ਦੀਆਂ ਤਕਨੀਕਾਂ ਦੇ ਮਾਮਲੇ ‘ਚ ਸ਼ਾਇਦ ਅਸੀਂ ਜੀਰੋ ‘ਤੇ ਖੜ੍ਹੇ ਹਾਂ। ਵਿਦੇਸ਼ਾਂ ‘ਚ ਹਾਦਸੇ ਦੀ ਖਬਰ ਮਿਲਣ ‘ਤੇ ਮਿੰਟਾਂ-ਸਕਿੰਟਾਂ ‘ਚ ਬਚਾਅ ਕਾਰਜ ਸ਼ੁਰੂ ਹੋ ਜਾਂਦੇ ਹਨ। ਪਰ ਸਾਡੇ ਮੁਲਕ ਵਿੱਚ ਜਦ ਤੱਕ ਬਚਾਅ ਕਾਰਜ਼ ਸ਼ੁਰੂ ਹੁੰਦੇ ਹਨ ਤਦ ਤੱਕ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਪਈਆਂ ਹੁੰਦੀਆਂ ਹਨ।
ਇਸ ਦੁਖਾਂਤ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਿਨ੍ਹਾਂ ਮਾਵਾਂ ਦੇ ਜਿਗਰ ਦੇ ਟੋਟੇ ਲਟ-ਲਟ ਕਰਕੇ ਬਲ ਗਏ ਉਹਨਾਂ ਦਾ ਦੁੱਖ ਅਸਹਿ ਤੇ ਅਕਹਿ ਹੈ। ਅਸਲ ਵਿੱਚ ਇਹ ਦੁਖਾਂਤ ਮਨੁੱਖੀ ਅਣਗਹਿਲੀ ਦੀ ਹੀ ਦੇਣ ਹੈ ਅਤੇ ਇਸ ਗਲਤੀ ਲਈ ਜਿੰਮੇਵਾਰ ਲੋਕਾਂ ਦੀ ਸ਼ਨਾਖਤ ਵੀ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਗਲਤੀ ਦੇ ਜਿੰਮੇਵਾਰ ਲੋਕ ਸਾਫ ਬਚ ਨਿੱਕਲਣਗੇ ਅਤੇ ਜਾਰੀ ਰਹੇਗਾ ਅਜਿਹੇ ਦੁਖਾਤਾਂ ਦੇ ਵਾਪਰਨ ਦਾ ਸਿਲਸਿਲਾ। ਉਂਜ ਵੀ ਇਹ ਕੋਈ ਪਹਿਲਾ ਦੁਖਾਂਤ ਨਹੀਂ ਜਿਸ ਵਿੱਚ ਮਨੁੱਖੀ ਜਾਨਾਂ ਦਾ ਇੰਨੇ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੋਵੇ। ਇਸ ਦੁਖਾਂਤ ਦੇ ਵਾਪਰਨ ਅਤੇ ਉਪਰੰਤ ਪ੍ਰਸ਼ਾਸਨ ਵੱਲੋਂ ਵਿਖਾਈ ਬੇਵਸੀ ਨੇ ਹਾਦਸਿਆਂ ਨਾਲ ਨਜਿੱਠਣ ਦੀਆਂ ਪ੍ਰਸ਼ਾਸਨਿਕ ਤਿਆਰੀਆਂ ‘ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਮੁਲਕ ਦੇ ਵਿਕਾਸ ਦੀਆਂ ਗੱਲਾਂ ਕਰਨ ਵਾਲਿਆਂ ਤੋਂ ਇਹਨਾਂ ਵਿਦਿਆਰਥੀਆਂ ਦੇ ਪਰਿਵਾਰ ਚੀਕ-ਚੀਕ ਕੇ ਪੁੱਛ ਰਹੇ ਹਨ ਕਿ ਇਹ ਕਿਹੋ-ਜਿਹਾ ਵਿਕਾਸ ਹੈ ਕਿ ਪ੍ਰਸ਼ਾਸਨ ਇੱਕ ਅਗਜ਼ਨੀ ਦੀ ਘਟਨਾ ‘ਤੇ ਕਾਬੂ ਪਾਉਣ ਤੋਂ ਵੀ ਅਸਮਰੱਥ ਰਿਹਾ? ਜੇਕਰ ਮੁਲਕ ਨੇ ਸਹੀ ਮਾਅਨਿਆਂ ‘ਚ ਵਿਕਾਸ ਕੀਤਾ ਹੁੰਦਾ ਤਾਂ ਇੱਕ ਵੀ ਵਿਦਿਆਰਥੀ ਦੀ ਜਾਨ ਨਹੀਂ ਜਾਣੀ ਚਾਹੀਦੀ ਸੀ। ਸਰਕਾਰ ਕੋਲ ਇੰਨਾ ਕੁ ਢਾਂਚਾ ਜਰੂਰ ਹੁੰਦਾ ਕਿ ਵਿਦਿਆਰਥੀਆਂ ਨੂੰ ਲਟ-ਲਟ ਬਲਦੀ ਇਮਾਰਤ ‘ਚੋਂ ਸੁਰੱਖਿਅਤ ਬਚਾ ਲਿਆ ਜਾਂਦਾ।
ਖੁੱਡੀ ਕਲਾਂ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।