ਇੱਕ ਦਿਨ ਦੁਨੀਆਂ ਦੀ ਦੋਸਤੀ ਦੇ ਨਾਂਅ
ਜ਼ਿੰਦਗੀ ਚਿਲ ਵੀ ਹੁੰਦੀ ਹੈ ਅਤੇ ਇਲ ਵੀ। ਤੁਹਾਡੇ ਸਾਰੇ ਆ ਇਹਨੂੰ ਕੀ ਬਣਾਉਣਾ। ਖੁਸ਼ੀਆਂ ਮੁੱਲ ਥੋੜ੍ਹੀ ਮਿਲਦੀਆਂ, ਇਨ੍ਹਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਖੁਸ਼ੀ ਦੇ ਸੋਮਿਆਂ ਦਾ ਪੈਦਾ ਹੋਣਾ ਤੁਹਾਡੀ ਜਿੰਦਗੀ ਪ੍ਰਤੀ ਪਹੁੰਚ ‘ਤੇ ਨਿਰਭਰ ਕਰਦਾ ਹੈ। ਦੁਖੀ, ਰੋਂਦੂ ਅਤੇ ਨਿਰਾਸ਼ ਚੌਗਿਰਦਾ ਤੁਹਾਡੇ ਮਨ ਨੂੰ ਬੋਝਲ ਕਰਦਾ ਹੈ। ਚਿੰਤਤ ਹੋਣਾ ਚੰਗੀ ਗੱਲ ਹੈ ਤੇ ਚਿੰਤਾ ਕਰਨੀ ਮਾੜੀ। ਸੰਵੇਦਨਾ ਦਾ ਪ੍ਰਵਾਹ ਵਗਦੇ ਰਹਿਣਾ ਚਾਹੀਦਾ ਹੈ ਜੋ ਮਨੁੱਖਤਾ ਦੇ ਭਲੇ ਦੇ ਸਮਾਂਤਰ ਚੱਲਦਾ ਹੈ।
ਜ਼ਿੰਦਗੀ ਕੁਝ ਸਮੇਂ ਬਾਅਦ ਬੋਝਲ ਜਿਹੀ ਬਣ ਜਾਂਦੀ ਹੈ। ਤਬਦੀਲੀ ਕੁਦਰਤ ਦਾ ਨਿਯਮ ਵੀ ਹੈ ਤੇ ਜ਼ਿੰਦਗੀ ਦਾ ਵੀ। ਜ਼ਿੰਦਗੀ ਦਾ ਪੈਸੇ ਦੀ ਦੌੜ ‘ਚ ਨਾਨ ਸਟਾਪ ਹੋਣਾ ਜ਼ਿੰਦਗੀ ਦੇ ਸਕੂਨ ਲਈ ਖਤਰੇ ਦੀ ਘੰਟੀ ਹੈ। ਜ਼ਿੰਦਗੀ ਦੀ ਇਹ ਰਫਤਾਰ ਕਿੰਨੇ ਹੀ ਰਿਸ਼ਤਿਆਂ ਦੀ ਬਲੀ ਲੈ ਚੁੱਕੀ ਹੈ। ਪੈਸਾ ਕੁਝ ਹੁੰਦਾ, ਸਭ ਕੁਝ ਥੋੜ੍ਹੀ ਹੁੰਦਾ। ਪੈਸੇ ‘ਤੇ ਕੁੰਡਲੀ ਮਾਰ ਕੇ ਸੱਪ ਬਣਨਾ ਪੈਸੇ ਦੇ ਘੁੰਮਾ ਨੂੰ ਰੋਕਣਾ ਹੈ। ਕਿਸੇ ਨੂੰ ਪੱਛਿਆ ਕਿ ਇੱਕ ਕੋਲ 10 ਰੁਪਏ ਹਨ, ਉਹ ਖਰਚਦਾ ਨਹੀਂ ਅਤੇ ਇੱਕ ਕੋਲ 10 ਰੁਪਏ ਨਹੀਂ ਹਨ, ਦੋਵਾਂ ‘ਚ ਕੀ ਫਰਕ ਹੈ, ਜਵਾਬ ਮਿਲਿਆ ਕਿ ਭੋਰਾ ਵੀ ਨਹੀਂ। ਸਮਾਜ ਵਿੱਚ ਇਨ੍ਹਾਂ ਲੋਕਾਂ ਦਾ ਫੈਲਾਅ ਵਧੇਰੇ ਹੋ ਰਿਹਾ ਹੈ। ਪੈਸਾ ਹੀ ਦੁਨੀਆਂ ਨੂੰ ਘੁੰਮਾ ਤੇ ਚਲਾ ਰਿਹਾ ਹੈ।
ਲਿਖਿਆ-ਪੜ੍ਹਿਆ:-
ਹੇ ਜ਼ਿੰਦਗੀ
ਚੱਲ ਆ ਬੈਠ ਕੇ ਕਿਤੇ ਚਾਹ ਪੀਨੇ ਆ
ਤੂੰ ਵੀ ਥੱਕ ਗਈ ਹੋਣੀ
ਮੈਨੂੰ ਭਜਾ-ਭਜਾ ਕੇ
ਪੈਸਾ ਤੇ ਪਦਾਰਥ ਲੋਕ ਮਾਨਸਿਕਤਾ ‘ਤੇ ਭਾਰੂ ਹੈ। ਰਿਸ਼ਤਿਆਂ ਦੀ ਗਰਾਮਰ ਇਨ੍ਹਾਂ ਕਰਕੇ ਉਲਝ ਕੇ ਰਹਿ ਗਈ ਹੈ। ਰੱਖੜੀ ਦੀ ਗਤੀ ਪੈਸੇ ਵਾਲੇ ਭਰਾ ਵੱਲ ਵਧੇਰੇ ਹੁੰਦੀ ਹੈ। ਰਿਸ਼ਤੇ ਪੈਸੇ ਕਰਕੇ ਥੋਥੇ ਜਿਹੇ ਹੋ ਗਏ ਹਨ। ਮਨ ਦਾ ਸਕੂਨ ਨਾ ਧਰਮ ਵਿੱਚ ਹੈ ਨਾ ਪੈਸਿਆਂ ਵਿੱਚ। ਇਹਦੀ ਹੋਂਦ ਤੇ ਅਹਿਸਾਸ ਰਿਸ਼ਤਿਆਂ ਵਿੱਚ ਹੈ। ਵਰਜ਼ਿਤ ਰਿਸ਼ਤਿਆਂ ਦਾ ਵਧਣਾ ਪੈਸੇ ਦੇ ਵਧੇਰੇ ਫੈਲਾਅ ਕਰਕੇ ਹੈ। ਇਹਦੇ ਕਰਕੇ ਹੀ ਸਮਾਜ ਨੈਤਿਕ ਨਿਘਾਰ ਵੱਲ ਅਗਰਸਰ ਹੈ। ਦੋਸਤੀ ਖੁਦ ਦਾ ਸਿਰਜਿਆ ਸੱਚਾ ਸੱਚਾ ਅਹਿਸਾਸ ਹੈ। ਇਹਦਾ ਸਾਡੇ ਖੂਨ ਜਾਂ ਜ਼ੀਨ ਨਾਲ ਕੋਈ ਸਬੰਧ ਥੋੜ੍ਹੀ ਹੁੰਦਾ। ਇਹ ਨਿਰਸਵਾਰਥ ਸੁਭਾਅ ਦਾ ਹੁੰਦਾ, ਇਹਦੇ ਨਾਲ ਸਾਡੀਆਂ ਗਰਜ਼ਾਂ ਥੋੜ੍ਹੀ ਜੁੜੀਆਂ ਹੁੰਦੀਆਂ।
ਕਾਲਜ ਵੇਲੇ ਦੀ ਦੋਸਤੀ ਜ਼ਿਆਦਾ ਹੰਢਣਸਾਰ ਹੁੰਦੀ ਹੈ। ਉਸ ਸਮੇਂ ਸਾਡੇ ਅੰਦਰ ਭਾਵਨਾਵਾਂ ਦਾ ਵਹਾਅ ਵਧੇਰੇ ਹੁੰਦਾ। ਭਾਵਨਾਵਾਂ ਵਿਅਕਤ ਕਰਨ ਲਈ ਦੋਸਤ ਸਭ ਤੋਂ ਉੁੱਤਮ ਜ਼ਰੀਆ ਹੁੰਦੇ ਹਨ। ਮਨ ਦੀ ਹਰ ਗੱਲ ਦਾ ਸੰਚਾਰ ਹੁੰਦਾ ਰਹਿੰਦਾ। ਦੋਸਤੀ ਦੀ ਇਸ ਸਟੇਜ ‘ਤੇ ਪਤਾ ਥੋੜ੍ਹੀ ਹੁੰਦਾ ਕਿ ਕੌਣ ਕੀ ਬਣੂ, ਅਫਸਰ, ਜੱਜ, ਵਕੀਲ, ਥਾਣੇਦਾਰ ਜਾਂ ਅਧਿਆਪਕ। ਦੋਸਤੀ ਇੱਕ ਸੁਰੱਖਿਆ ਕਵਚ ਹੈ ਤੇ ਮਾਨਸਿਕ ਸੁਪੋਟ ਵੀ। ਇਸੇ ਲਈ ਤੁਹਾਡਾ ਮਜ਼ਬੂਤ ਅਤੇ ਕਮਜੋਰ ਹੋਣਾ ਦੋਸਤੀ ‘ਤੇ ਨਿਰਭਰ ਕਰਦਾ ਹੈ। ਅੱਛੇ ਦੋਸਤ ਧਰਤੀ ਨੂੰ ਸਵਰਗ ਵਿੱਚ ਬਦਲ ਦਿੰਦੇ ਹਨ।
ਦੋਸਤਾਂ ਦੀ ਮਹਿਫਿਲ ਵਿੱਚ ਮਨ ਢੋਲੇ ਦੀਆਂ ਲਾਉਂਦਾ ਹੈ। ਇਸੇ ਲਈ ਅੱਜ ਦਾ ਦੌਰ ਦੋਸਤੀ ਦਾ ਦੌਰ ਹੈ। ਅੱਜ ਦੀ ਦੋਸਤੀ ਕਿਸ਼ਨੇ ਤੇ ਡੋਗਰ ਦੀ ਦੋਸਤੀ ਦੇ ਬਦਲ ਵਿੱਚ ਹੈ। ਦੋਸਤੀ ਇਹ ਵੀ ਸੁਨੇਹਾ ਦਿੰਦੀ ਹੈ, ਖਾਓ ਪੀਓ ਐਸ਼ ਕਰੋ ਮਿੱਤਰੋਂ ਪਰ ਦਿਲ ਕਿਸੇ ਦਾ ਦੁਖਾਇਓ ਨਾ। ਇਹ ਮਨੁੱਖ ਦਾ ਮਨੁੱਖਤਾ ਵੱਲ ਸਿੱਧਾ ਕਦਮ ਹੈ। ਚੱਲਦੀ ਦੋਸਤੀ ਵਿੱਚ 15-20 ਦਾ ਠਹਿਰਾਅ ਆਉਂਦਾ ਹੈ। ਇਸ ਸਮੇਂ ਦੋਸਤ ਆਪਣੀਆਂ ਕਬੀਲਦਾਰੀਆਂ ਸੈੱਟ ਕਰਨ ਲੱਗ ਜਾਂਦੇ ਹਨ। ਪਰ ਚਾਲੀ ਸਾਲ ਉਮਰ ਟੱਪਣ ਤੋਂ ਬਾਅਦ ਦੋਸਤਾਂ ਦਾ ਔੜਕਾ ਆਉਂਦਾ ਅਤੇ ਦੋਸਤੀ ਦੀ ਤਲਬ ਲੱਗਦੀ ਹੈ। ਫਿਰ ਦਿਲ ਕਰਦਾ ਕਿ ਦੋਸਤਾਂ ਵਿੱਚ ਬੈਠ ਕੇ ਗੱਲਾਂ ਕਰੀਏ ਤੇ ਕਾਲਜ ਵਾਲੀ ਜ਼ਿੰਦਗੀ ਨੂੰ ਪੁਨਰ ਸੁਰਜੀਤ ਕਰਕੇ ਰੂਹ ਨੂੰ ਆਤਮ ਸ਼ਾਂਤ ਕਰੀਏ।
ਮੈਂ ਬਠਿੰਡੇ ਜਾਨਾਂ ਤੇ Àੁੱਥੇ ਪਹੁੰਚ ਕੇ ਇੰਸਪੈਕਟਰ ਹਰਬੰਸ ਨੂੰ ਫੋਨ ਕਰਦਾਂ। ਉਹ ਮੈਨੂੰ ਪੁੱਛਦਾ ਕਿ ਕਿੱਥੇ ਆਂ??ਮੈਂ ਕਹਿਨਾ ਕਿ ਬਠਿੰਡੇ ਆਂ ਤੇ ਤੈਨੂੰ ਮਿਲਣ ਨੂੰ ਦਿਲ ਕਰਦਾ। ਮੈਨੂੰ ਸੀ ਕਿ ਉਹ ਈ ਓ ਵਿੰਗ ਇੰਚਾਰਜ ਐਸ ਐਸ ਪੀ ਦਫਤਰ ਬਠਿੰਡਾ ਹੋਊ। ਉਹ ਕਹਿੰਦਾ ਕਿ ਮੈਂ ਮੌੜ ਐਸ ਐਚ ਓ ਆਂ, ਇੱਥੇ ਆ ਜਾ। ਘਰੇ ਜਾਣਾ ਬਾਪੂ ਤੇ ਬੱਚਿਆਂ ਨੂੰ ਮਿਲ ਆ। ਮਿੱਤਰ ਨਾਲ ਸਨ ਤੇ ਮੈਂ ਥਾਣੇ ਪਹੁੰਚਦਾਂ। ਦੋਸਤੀ ਦੀ ਨਿੱਘੀ ਜੱਫੀ ਪੈਂਦੀ ਹੈ ਤੇ ਘਰ ਦਾ ਹਾਲ-ਚਾਲ ਪੁੱਛਿਆ ਜਾਂਦਾ। ਫਿਰ ਮਿੱਤਰਾਂ ਦੀ ਗੱਲ ਚੱਲਦੀ ਹੈ।
2015 ਵਿੱਚ ਸਾਰੇ ਮਿੱਤਰ 20 ਸਾਲ ਬਾਅਦ ਇਕੱਠੇ ਹੋਏ ਸੀ। ਤਦ ਮੈਂ ਲਿਖਿਆ ਸੀ ਕਿ ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ ਮੁੜ ਜੁੜੀਆਂ। ਮੇਰੀ ਦਾਦੀ ਦੀ ਗੱਲ ਝੂਠੀ ਸਾਬਿਤ ਹੋਈ ਸੀ ਕਿ ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ ਕਦੇ ਨਾ ਬੈਠਣ ਜੁੜਕੇ। ਹੁਣ ਫਿਰ ਪੰਜ ਸਾਲ ਬੀਤ ਚੁੱਕੇ ਸਨ ਦੋਸਤੀ ਦਾ ਜਾਮ ਪੀਤਿਆਂ। ਦੋਸਤਾਂ ਦਾ ਵੱਟਸਐਪ ਗਰੱਪ ਬਣਿਆ ਹੋਇਆ ਹੈ।
ਮੈਂ ਇਕੱਠੇ ਹੋਣ ਦਾ ਸੁਨੇਹਾ ਛੱਡ ਦਿੰਨਾ। ਅਗਲੇ ਦਿਨ ਵੀਡੀਓ ਕਾਲ ਹੁੰਦੀ ਹੈ। ਮੀਟਿੰਗ ਵਿੱਚ ਮਿਲਣ ਦਾ ਸਮਾਂ ਤੇ ਤਾਰੀਖ ਤੈਅ ਹੋ ਜਾਂਦੀ ਹੈ। ਤੇਜਿੰਦਰਪਾਲ ਦੇ ਆਰਡਰ ਬੀ ਡੀ ਪੀ ਓ ਦੀਨਾਨਗਰ ਹੋਏ ਸਨ ਤੇ ਉਹ ਆਉਣ ਦਾ ਵਾਅਦਾ ਕਰਦਾ। ਸ਼ਾਮ ਛੇ ਵਜੇ ਦਾ ਸਮਾਂ ਹੈ। ਕਾਲਜ ਸਮੇਂ ਦੇ ਨੰਗ-ਮਲੰਗ ਮਿੱਤਰ ਕਾਰਾਂ ‘ਤੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਬੱਸ ਤੋਂ ਕਾਰ ਤੱਕ ਪਹੁੰਚਣ ਵਿੱਚ ਅਣਥੱਕ ਮਿਹਨਤ ਦਾ ਸਫਰ ਹੈ। ਪਿਆਰ ਅਤੇ ਮੋਹ ਦੀਆਂ ਜੱਫੀਆਂ ਪੈਂਦੀਆਂ ਹਨ। ਮਿੱਤਰਾਂ ਦੀ ਜੁੰਡਲੀ ਜੁੜਨੀ ਸ਼ੁਰੂ ਹੋ ਜਾਂਦੀ ਹੈ।
ਮਨਜੀਤ ਐਕਸਾਇਜ ਇੰਸਪੈਕਟਰ, ਤੇਜਿੰਦਰ ਬੀ. ਡੀ.ਪੀ.ਓ., ਐਸ ਐਚ ਓ. ਹਰਬੰਸ ਸਿੰਘ, ਜਸਵੀਰ ਏ ਐਸ ਆਈ, ਅਵਤਾਰ ਸਮਰਾ, ਹਰਮੀਤ, ਜਸਵੀਰ, ਭੀਮ, ਦਰਸ਼ਨ ਤੇ ਮੈਂ ਅਧਿਆਪਕ। ਵਿਸ਼ਵ ਬਰਾੜ, ਜਗਦੀਪ ਕੈਨੇਡਾ ਤੇ ਟਾਇਰਸ ਮਾਨਸਾ ਮਜਬੂਰੀ ਕਾਰਨ ਵੀਡੀਓ ਕਾਲ ਜ਼ਰੀਏ ਮਿਲੇ। ਜ਼ਿੰਦਗੀ ਦੀਆਂ ਗੱਲਾਂ ਚੱਲਦੀਆਂ ਹਨ। ਮਿਹਨਤ ਦਾ ਸ਼ੁਕਰਾਨਾ ਹੁੰਦਾ ਕਿ ਇੱਕ ਬੈਚ ਦੇ ਬਹੁਗਿਣਤੀ ਚੰਗੇ ਅਹੁੰਦਿਆਂ ‘ਤੇ ਹਨ ਤੇ ਚੰਗੇ ਅਤੇ ਚੇਤਨ ਇਨਸਾਨ ਹਨ। ਗੱਲਾਂ ਚੱਲਦੀਆਂ ਹਨ ਤੇ ਰੂਹਾਂ ਤ੍ਰਿਪਤ ਹੁੰਦੀਆਂ ਹਨ।
ਚਿੰਤਾ ਮੁਕਤ ਮਾਹੌਲ ਵਿੱਚ ਮਨ ਢੋਲੇ ਦੀਆਂ ਲਾ ਰਹੇ ਹਨ। ਅਹੁਦੇ ਇੱਕ ਸਾਈਡ ‘ਤੇ ਰੱਖ ਮਾਹੌਲ ਪਿਆਰ ਤੇ ਬਰਾਬਰਤਾ ਦਾ। ਦੋਸਤੀ ਨੂੰ ਰਿਸ਼ਤੇਦਾਰੀਆਂ ਵਿੱਚ ਬਦਲਣ ਦੀ ਗੱਲ ਵੀ ਚੱਲਦੀ ਹੈ। ਇਹਦਾ ਅਰਥ ਐਨੇ ਮਿੱਤਰਾਂ ਦੇ ਦਬਾਅ ਹੇਠ ਰਿਸ਼ਤੇ ਹੰਢਣਸਾਰ ਹੋਣਗੇ। ਹਾਸੇ ਠੱਠੇ ਦੇ ਮਾਹੌਲ ਵਿੱਚ ਧਰਤੀ ਸਵਰਗ ਵਿੱਚ ਤਬਦੀਲ ਹੋ ਜਾਂਦੀ ਹੈ। ਫਿਰ ਰੱਬ ਨੀ ਬੰਦੇ ਨੂੰ ਬੰਦਾ ਜਰੂਰ ਚੇਤੇ ਆਉਂਦਾ।
ਮੁੜ ਮਿਲਣ ਦੇ ਵਾਅਦੇ ਨਾਲ ਵਿਦਾਈ ਹੁੰਦੀ ਹੈ। ਮਨਾਂ ‘ਚ ਸਕੂਨ ਹੈ ਤੇ ਸੰਤੁਸ਼ਟੀ ਵੀ। ਕ੍ਰਿਕਟ ਦਾ ਮੈਚ ਸ਼ੁਰੂ ਹੋਣ ਵਾਂਗ ਸਾਰੇ ਮਿੱਤਰ ਇਕੱਠੇ ਹੁੰਦੇ ਹਨ ਤੇ ਇੱਕੋ ਸਮੇਂ ਹਵਾ ਵਿੱਚ ਬਾਹਾਂ ਉਲਾਰੀਆਂ ਜਾਂਦੀਆਂ ਹਨ, ‘ਇੱਕ ਦਿਨ ਦੁਨੀਆਂ ਦੇ ਦੋਸਤਾਂ ਦੇ ਨਾਂਅ, ਦੁਨੀਆਂ ਦੇ ਦੋਸਤ ਸਲਾਮਤ ਰਹਿਣ ਅਤੇ ਮਿਲਦੇ ਰਹਿਣ’।ਜ਼ਿੰਦਾਬਾਦ ਰਹਿਣ ਸਦਾ ਯਾਰੀਆਂ ਦੀ ਅਰਦਾਸ ਨਾਲ ਮੂੰਹ ਚੁੰਮ ਜੱਫੀਆਂ ਪਾ ਕਾਰਾਂ ਆਪਣੇ ਟਿਕਾਣਿਆਂ ਵੱਲ ਚੱਲ ਪੈਂਦੀਆਂ ਹਨ।
ਗੁਰਨੇ ਕਲਾਂ, ਮਾਨਸਾ
ਮੋ. 99156-21188
ਪਿਆਰਾ ਸਿੰਘ ਗੁਰਨੇ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.