ਚਾਰ ਨਾਟਕਾਂ ਦੇ ਹੋਏ ਮੰਚਨ ਨੇ ਸਮਾਜਿਕ ਮੁੱਦਿਆਂ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਸਕੂਲੀ ਵਿਦਿਆਰਥੀਆਂ ਦੇ ਹੋਏ ਰੰਗੋਲੀ ਮੁਕਾਬਲੇ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਲਗਾਏ ਕਰਾਫ਼ਟ ਮੇਲੇ ਦੇ ਦੂਸਰੇ ਦਿਨ ਪਟਿਆਲਾ ਸਮੇਤ ਦੂਰ-ਦੁਰਾਡੇ ਤੋਂ ਆਏ ਵੱਡੀ ਗਿਣਤੀ ਲੋਕਾਂ ਨੇ ਮੇਲੇ ਵਿੱਚ ਪਹੁੰਚਕੇ ਖ਼ਰੀਦੋ-ਫ਼ਰੋਖ਼ਤ ਕੀਤੀ ਅਤੇ ਨਟਾਸ ਵੱਲੋਂ ਕੀਤੇ ਚਾਰ ਨਾਟਕਾਂ ਨੇ ਜਿਥੇ ਲੋਕਾਂ ਨੂੰ ਸਮਾਜਿਕ ਮੁੱਦਿਆਂ ਸਬੰਧੀ ਜਾਗਰੂਕ ਕੀਤਾ ਉਥੇ ਹੀ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਵੱਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਰਾਹੀ ਲੋਕਾਂ ਦਾ ਮਨੋਰੰਜਨ ਕੀਤਾ ਗਿਆ।
ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਅੱਜ ਮੇਲੇ ‘ਚ ਨਟਾਸ ਵੱਲੋਂ ਮਾਤ ਭਾਸ਼ਾ ਨੂੰ ਸਮਰਪਿਤ ਪ੍ਰਾਣ ਸਭਰਵਾਲ ਦੀ ਟੀਮ ਵੱਲੋਂ ਸੁੱਕੀ ਕੁੱਖ, ਅਵੇਸਲੇ ਯੁੱਧਾਂ ਦੀ ਨਾਇਕਾਂ, ਕਿਰਤ ਸਤਿਕਾਰ ਅਤੇ ਵਿਚਾਰੀ ਮਾਂ ਨਾਟਕਾਂ ਦਾ ਮੰਚਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਕਲਚਰਲ ਟਰੂਪ ਵੱਲੋਂ ਸਭਿਆਚਾਰਕ ਪੇਸ਼ਕਾਰੀ ਕੀਤੀ ਗਈ ਤੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਆਸਾਮ ਦਾ ਬਰਦੋਸ਼ਿਖਲਾ ਅਤੇ ਰਵਾਇਤੀ ਸਾਜ ਪੇਪਾ ਬਦਨ, ਮਨੀਪੁਰ ਦੀ ਰਾਸ ਲੀਲਾ ਅਤੇ ਥੰਗ ਟਾ, ਉੜੀਸਾ ਦਾ ਦਾਲਖਾਈ, ਰਾਜਸਥਾਨ ਦਾ ਤੇਰਾਤਾਲੀ ਅਤੇ ਉਤਰਾਖੰਡ ਦਾ ਜੌਨਸਾਰੀ ਦੀ ਪੇਸ਼ਕਾਰੀ ਕਰਕੇ ਲੋਕਾਂ ਦਾ ਮਨ ਮੋਹਿਆ। ਉਨ੍ਹਾਂ ਦੱਸਿਆ ਵੱਖ-ਵੱਖ ਰਾਜਾਂ ਵੱਲੋਂ ਰੋਜ਼ਾਨਾ ਆਪਣੇ ਰਾਜਾਂ ਦੀਆਂ ਪੇਸ਼ਕਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਐਸ.ਡੀ.ਐਮ. ਸਮਾਣਾ–ਕਮ- ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਨੇ ਦੱਸਿਆ ਕਿ ਕਰਾਫਟ ਮੇਲੇ ਵਿੱਚ ਹਰਿਆਣਾ ਦੀ ਜੋਗੀ ਬੀਨ, ਬਹਿਰੂਪੀਏ, ਪੌੜੀ ‘ਤੇ ਤੁਰਨ ਵਾਲੇ, ਸਲੈਫੀ ਪੁਆਇੰਟ, ਕਿਡਜ਼ ਪੁਆਇੰਟ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਰਾਫ਼ਟ ਮੇਲੇ ਵਿਚ ਦੇਸ਼ ਭਰ ਤੋਂ 200 ਤੋਂ ਵਧੇਰੇ ਸ਼ਿਲਪਕਾਰ ਪੁੱਜੇ ਹਨ ਜੋ ਆਪਣੇ-ਆਪਣੇ ਰਾਜਾਂ ਦੀਆਂ ਪ੍ਰਸਿੱਧ ਵਸਤੂਆਂ ਪਟਿਆਲਾ ਵਾਸੀਆਂ ਨੂੰ ਮੁਹੱਈਆ ਕਰਵਾ ਰਹੇ ਹਨ।
ਡਾਕ ਟਿਕਟਾਂ ਤੇ ਸਿੱਕਿਆਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਕਰਾਫ਼ਟ ਮੇਲੇ ‘ਚ ਜਿਥੇ ਲੋਕਾਂ ਨੂੰ ਸ਼ਿਲਪਕਾਰੀ ਵਸਤਾਂ ਖਰੀਦਣ ਨੂੰ ਮਿਲ ਰਹੀਆਂ ਹਨ ਉਥੇ ਹੀ ਡਾਕ ਵਿਭਾਗ ਵੱਲੋਂ ਅਕਾਲ ਸਹਾਏ ਅਜਾਇਬ ਘਰ ਨਾਲ ਮਿਲਕੇ ਇਤਿਹਾਸ ਨੂੰ ਦਰਸਾਉਂਦੀ ਪੁਰਾਣੇ ਸਿੱਕੇ, ਡਾਕ ਟਿਕਟਾਂ, ਸਟੈਂਪ ਪੇਪਰ, ਪੋਸਟ ਕਾਰਡ ਅਤੇ ਇਨਵੈਲਪ ਦੀ ਲਗਾਈ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਪ੍ਰਦਰਸ਼ਨੀ ਵਿਚ ਰੱਖੇ ਦੁਰਲੱਭ ਪੁਰਾਣੇ ਸਿੱਕਿਆਂ, ਸਟੈਂਪ ਪੇਪਰ ਨੂੰ ਜਿਥੇ ਆਮ ਲੋਕਾਂ ਵੱਲੋਂ ਬੜੇ ਧਿਆਨ ਨਾਲ ਵਾਚਿਆਂ ਗਿਆ ਉਥੇ ਹੀ ਇਸ ਮੌਕੇ ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਨੇ ਅਤੇ ਡਾਕ ਵਿਭਾਗ ਦੇ ਹਰਸਿਮਰਤ ਕੌਰ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੁਰਾਣੇ ਸਿੱਕੇ ਹਨ ਜੋ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ, ਖੜਕ ਸਿੰਘ, ਸ਼ੇਰ ਸਿੰਘ ਅਤੇ ਦਲੀਪ ਸਿੰਘ ਦੁਆਰਾ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਇਹ ਪ੍ਰਦਰਸ਼ਨੀ 24 ਫਰਵਰੀ ਤੱਕ ਲਗਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।