ਹੁਣ ਬੱਚੇ ਨਹੀਂ ਜਾਣਦੇ ਛੰਨੇ ਬਾਰੇ
ਸਾਡਾ ਪੁਰਾਤਨ ਵਿਰਸਾ ਬਹੁਤ ਅਮੀਰ ਹੈ ਬੇਸ਼ੱਕ ਅੱਜ ਵੀ ਬਹੁਤ ਸਾਰੀਆਂ ਮਾਵਾਂ, ਭੈਣਾਂ ਬੀਬੀਆਂ ਸਾਡੇ ਪੁਰਾਣੇ ਸਮਿਆਂ ਵਾਲੇ ਭਾਂਡੇ ਜਿਵੇਂ ਕਾਂਸੀ, ਪਿੱਤਲ ਤੇ ਤਾਂਬੇ ਆਦਿ ਦੇ ਭਾਂਡੇ ਸਾਂਭੀ ਬੈਠੀਆਂ ਹੋਣਗੀਆਂ ਪਰ ਬਹੁਤ ਘੱਟ ਹੀ ਹੋਣਗੀਆਂ। ਆਮ ਕਹਾਵਤ ਵੀ ਹੈ ਕਿ ਕਦੇ ਵੀ ਕਿਸੇ ਚੀਜ ਦਾ ਬੀਜ ਨਾਸ ਨਹੀਂ ਹੁੰਦਾ ਬਿਲਕੁਲ ਇਸੇ ਤਰ੍ਹਾਂ ਹੀ ਹੁਣ ਵੀ ਕੋਈ-ਕੋਈ ਵਿਰਲੀ ਸੁਆਣੀ ਇਨ੍ਹਾਂ ਚੀਜਾਂ ਨੂੰ ਸਾਂਭੀ ਬੈਠੀ ਹੋਏਗੀ।
ਕਾਂਸੀ ਦੇ ਛੰਨੇ ਨਾਲ ਪੁਰਾਤਨ ਸਮਿਆਂ ਵਿੱਚ ਚਾਰ ਪ੍ਰਮੁੱਖ ਵਿਹਾਰ ਕੀਤੇ ਜਾਂਦੇ ਰਹੇ ਹਨ ਜੋ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹਨ ਤੇ ਕਰਦਿਆਂ ਨੂੰ ਵੇਖਿਆ ਹੈ। ਸਭ ਤੋਂ ਪਹਿਲਾਂ ਤਾਂ ਜਿਸ ਵੀ ਘਰ ਵਿੱਚ ਕਿਸੇ ਲੜਕੇ ਜਾਂ ਲੜਕੀ ਦੀ ਸ਼ਾਦੀ ਹੋਣੀ ਉਸ ਦੀ ਨੁਹਾਈ-ਧੁਆਈ ਵੇਲੇ ਕਾਂਸੀ ਦੇ ਛੰਨੇ ਦੀ ਲੋੜ ਹੁੰਦੀ ਸੀ। ਕਾਂਸੀ ਦੇ ਛੰਨੇ ਵਿਚ ਸਰ੍ਹੋਂ ਦਾ ਤੇਲ ਤੇ ਹਲਦੀ ਪਾ ਕੇ ਵਿਆਂਦੜ ਦੇ ਵਟਣਾ ਮਲਦੀਆਂ ਸਨ ਮਾਵਾਂ-ਭੈਣਾਂ ਜਾਂ ਰਿਸ਼ਤੇਦਾਰੀ ਵਿਚੋਂ ਆਈਆਂ ਬੀਬੀਆਂ।
ਛੰਨਾ ਮੂੰਹ ਨਾਲੋਂ ਓਦੋਂ ਹੀ ਲਾਹਿਆ ਜਾਂਦਾ ਸੀ ਜਦੋਂ ਉਸ ਵਿਚਲਾ ਅਧਰਿੜਕਿਆ ਖਤਮ ਹੋ ਜਾਂਦਾ
ਇਸ ਵਿਹਾਰ ਲਈ ਖਾਸ ਕਰਕੇ ਕਾਂਸੀ ਦੇ ਛੰਨੇ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਨੁਹਾਈ-ਧੁਆਈ ਤੋਂ ਬਾਅਦ ਲੜਕੇ/ਲੜਕੀ ਨੂੰ ਮਾਮੇ ਕੁੱਛੜ ਚੁੱਕ ਕੇ ਪਟੜੇ ਤੋਂ ਉਤਾਰਦੇ ਹਨ। ਜਦ ਲੜਕੇ ਦੀ ਬਰਾਤ ਜਾਣੀ, ਉਨ੍ਹਾਂ ਸਮਿਆਂ ਵਿੱਚ ਬਰਾਤ ਰਾਤ ਰਹਿਣ ਦਾ ਰਿਵਾਜ ਸੀ ਤੇ ਫੇਰੇ ਸਵੇਰ ਦੇ ਚਾਰ ਵਜੇ ਹੋਇਆ ਕਰਦੇ ਸਨ। ਫੇਰਿਆਂ ਦੇ ਉੱਤੇ ਵਿਆਂਦੜ ਲੜਕੇ ਨੂੰ ਅਧਰਿੜਕਾ ਪਿਆਇਆ ਜਾਂਦਾ ਸੀ, ਜਿਸ ਨੂੰ ਮਦ ਕਹਿੰਦੇ ਸਨ, ਤੇ ਉਸ ਲਈ ਵੀ ਉਚੇਚੇ ਤੌਰ ‘ਤੇ ਕਾਂਸੀ ਦੇ ਛੰਨੇ ਦੀ ਵਰਤੋਂ ਹੀ ਹੋਇਆ ਕਰਦੀ ਸੀ ਤੇ ਓਹ ਮਦ ਪੀਣੀ ਵੀ ਇੱਕੋ ਚਿਘੀ ਵਿਚ ਹੁੰਦੀ ਸੀ ਭਾਵ ਛੰਨਾ ਮੂੰਹ ਨਾਲੋਂ ਓਦੋਂ ਹੀ ਲਾਹਿਆ ਜਾਂਦਾ ਸੀ ਜਦੋਂ ਉਸ ਵਿਚਲਾ ਅਧਰਿੜਕਿਆ ਖਤਮ ਹੋ ਜਾਂਦਾ।
ਉਸ ਸਮੇਂ ‘ਤੇ ਵਿਆਂਦੜ ਦੀਆਂ ਸਾਲੀਆਂ ਤੇ ਹੋਰ ਬੀਬੀਆਂ ਵੱਲੋਂ ਗੀਤ ਗਾਏ ਜਾਂਦੇ ਸਨ ਜਿਨ੍ਹਾਂ ਵਿੱਚ ਸਿੱਠਣੀਆਂ, ਦੋਹੇ ਆਦਿ ਹੋਣੇ। ਇਹ ਗੀਤ ਵੀ ਬੀਬੀਆਂ ਵੱਲੋਂ ਓਦੋਂ ਹੀ ਗਾਇਆ ਜਾਂਦਾ ਸੀ (ਤੇਰੀ ਮਦ ਵਿਚ ਵੇ ਕਿ ਬੂਟਾ ਰਾਈ ਦਾ, ਤੂੰ ਪੁੱਤ ਹੈਂ ਲਾੜਿਆ ਵੇ ਸਾਡੇ ਨਾਈ ਦਾ), ਪਰ ਕੋਈ ਗੁੱਸਾ-ਗਿਲਾ ਕਰਨ ਦਾ ਰਿਵਾਜ਼ ਹੀ ਨਹੀਂ ਸੀ ਸਭਨਾਂ ਵਿੱਚ ਬਰਦਾਸ਼ਤ ਦਾ ਬਹੁਤ ਮਾਦਾ ਹੁੰਦਾ ਸੀ। ਰਾਤ ਰਹਿ ਕੇ ਸਵੇਰੇ ਚਾਰ ਤੋਂ ਛੇ ਵਜੇ ਤੱਕ ਫੇਰੇ ਹੋ ਜਾਣੇ ਤੇ ਫਿਰ ਹੀ ਬਰਾਤ ਡੋਲੀ ਲੈ ਕੇ ਰਵਾਨਾ ਹੋਇਆ ਕਰਦੀ ਸੀ। ਸਵੇਰੇ-ਸਵੇਰੇ ਹਲਕਾ-ਫੁਲਕਾ ਕੁੱਝ ਖਾਣ ਲਈ ਬਰਾਤੀਆਂ ਨੂੰ ਦੇਣਾ ਤੇ ਬੜੇ ਆਦਰ-ਸਤਿਕਾਰ ਨਾਲ ਰਵਾਨਾ ਕੀਤਾ ਜਾਂਦਾ ਰਿਹਾ ਹੈ। ਓਹਨਾਂ ਸਮਿਆਂ ਵਿੱਚ ਨਾਸ਼ਤਾ, ਲੰਚ, ਡਿਨਰ ਕੋਈ ਵੀ ਕਹਿਣਾ ਨਹੀਂ ਸੀ ਜਾਣਦਾ। ਸ਼ਾਹ ਵੇਲਾ ਪ੍ਰਭਾਤ ਤੇ ਤਰਕਾਲਾਂ ਕਹਿਣ ਦਾ ਹੀ ਰਿਵਾਜ ਸੀ।
ਹੁਣ ਬੱਚੇ ਨਹੀਂ ਜਾਣਦੇ ਛੰਨੇ ਬਾਰੇ
ਜਦੋਂ ਬਰਾਤ ਲਾੜੇ ਦੇ ਘਰ, ਮਤਲਬ ਪਿੰਡ ਪਹੁੰਚ ਜਾਣੀ ਤਾਂ ਪਹਿਲਾਂ ਤਾਂ ਡੋਲੀ ਨੂੰ ਕਾਰ ਵਿਚੋਂ, ਜਾਂ ਜੋ ਵੀ ਉਦੋਂ ਸਾਧਨ ਹੁੰਦਾ, ਸ਼ਗਨਾਂ ਵਿਹਾਰਾਂ ਤੇ ਗੀਤ ਸਿੱਠਣੀਆਂ ਗਾਉਂਦਿਆਂ ਉਤਾਰਿਆ ਜਾਂਦਾ ਸੀ ਉਸ ਤੋਂ ਬਾਅਦ ਮੁੰਡੇ ਦੀ ਮਾਂ ਤੇ ਨਵੀਂ ਵਿਆਹੀ ਆਈ ਦੀ ਸੱਸ ਨੇ ਨਵੀਂ ਵਿਆਹ ਕੇ ਲਿਆਂਦੀ ਆਪਣੀ ਨੂੰਹ ਨੂੰ ਪਿਆਲਾ ਦੇਣਾ ਉਸ ਲਈ ਵੀ ਕਾਂਸੀ ਦੇ ਛੰਨੇ ਦੀ ਹੀ ਲੋੜ ਹੁੰਦੀ ਸੀ।
ਛੰਨੇ ਵਿਚ ਦੇਸੀ ਘਿਓ ਤੇ ਖੰਡ ਪਾ ਕੇ ਪੁੱਤਰ-ਨੂੰਹ ਨੂੰ ਪਿਆਲਾ ਦੇਣਾ ਉਂਜ ਤਾਂ ਪਿਆਲਾ ਨੂੰਹ ਨੂੰ ਹੀ ਦੇਣਾ ਹੁੰਦਾ ਸੀ ਪਰ ਕੋਲ ਬੈਠੇ ਆਪਣੇ ਪੁੱਤਰ ਦਾ ਮੂੰਹ ਵੀ ਜਠਾਇਆ ਜਾਂਦਾ ਰਿਹਾ ਹੈ। ਤੇ ਹਰ ਕਾਰ-ਵਿਹਾਰ ਦੇ ਨਾਲ-ਨਾਲ ਸਮੇਂ ਤੇ ਵਿਹਾਰ ਮੁਤਾਬਕ ਗੀਤ, ਸਿੱਠਣੀਆਂ, ਦੋਹੇ ਚੱਲਦੇ ਰਹਿੰਦੇ ਸਨ। ਕਿਉਂਕਿ ਗੀਤ ਸੰਗੀਤ ਜਿੱਥੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ, ਉੱਥੇ ਕੋਈ ਵੀ ਕਾਰ-ਵਿਹਾਰ ਖੁਸ਼ੀ ਦਾ ਪ੍ਰਤੀਕ ਵੀ ਗੀਤ-ਸੰਗੀਤ ਕਰਕੇ ਹੀ ਹੁੰਦਾ ਸੀ।
Now the children do not know about the filter
ਉਪਰੋਕਤ ਤਿੰਨ ਵਿਹਾਰਾਂ ਤੋਂ ਬਿਨਾ ਵੀ ਇੱਕ ਹੋਰ ਵਿਹਾਰ ਹੈ ਜਿੱਥੇ ਪਹਿਲੇ ਸਮਿਆਂ ਵਿੱਚ ਵੀ ਤੇ ਅੱਜ ਵੀ ਕਾਂਸੀ ਦੇ ਛੰਨੇ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਜੇਕਰ ਕੋਈ ਛੋਟਾ ਬੱਚਾ ਉੱਪਰਲੀਆਂ ਦੰਦੀਆਂ ਥੱਲੇ ਵਾਲੀਆਂ ਦੰਦੀਆਂ ਤੋਂ ਪਹਿਲਾਂ ਕੱਢ ਲੈਂਦਾ ਹੈ ਤਾਂ ਇਸ ਨੂੰ ਨਾਨਕਿਆਂ ਜਾਂ ਦਾਦਕਿਆਂ ‘ਤੇ ਕਿਸੇ ਦੁੱਖ ਤਕਲੀਫ ਆਉਣ ਦੇ ਸੰਕੇਤ ਵਜੋਂ ਲਿਆ ਜਾਂਦਾ ਹੈ ਤੇ ਬੱਚੇ ਦਾ ਮਾਮਾ ਕਾਂਸੀ ਦੇ ਛੰਨੇ ਵਿੱਚ ਪਿੰਡ ਜਾਂ ਸ਼ਹਿਰ ਦੀ ਜੂਹ ਤੋ ਬਾਹਰ ਜਾ ਕੇ ਠੇਕਦਾ ਹੈ ਭਾਵ ਇਹ ਵੀ ਇੱਕ ਵਿਹਾਰ ਹੈ।
ਕਾਂਸੀ ਦੇ ਛੰਨੇ ਨੂੰ ਖੰਡ ਨਾਲ ਭਰ ਕੇ ਜੂਹ ਤੋਂ ਬਾਹਰ ਜਾ ਕੇ ਛੰਨੇ ‘ਚੋਂ ਖੰਡ ਲੈ ਕੇ ਉਪਰਲੇ ਦੰਦਾਂ ਨਾਲ ਲਾਉਣੀ ਤੇ ਫਿਰ ਪੂਰੇ ਛੰਨੇ ਦੀ ਕਿਨਾਰੀ ਬੱਚੇ ਦੇ ਦੰਦਾਂ ਨਾਲ ਲਾਉਣੀ। ਆਮ ਕਹਾਵਤ ਹੈ ਕਿ ਜੇਕਰ ਬੱਚੇ ਦੇ ਉੱਪਰਲੇ ਦੰਦ ਥੱਲੇ ਵਾਲੀਆਂ ਦੰਦੀਆਂ ਤੋਂ ਪਹਿਲਾਂ ਨਿੱਕਲਦੇ ਹਨ ਤਾਂ ਇਸ ਤਰ੍ਹਾਂ ਇਹ ਵਿਹਾਰ ਕਰਨ ਨਾਲ ਨਾਨਕਿਆਂ-ਦਾਦਕਿਆਂ ‘ਤੇ ਆਉਣ ਵਾਲੇ ਕਿਸੇ ਵੀ ਦੁੱਖ-ਤਕਲੀਫ ਦਾ ਕਸ਼ਟ ਕੱਟਿਆ ਜਾਂਦਾ ਹੈ, ਪਰ ਇਸ ਦੇ ਕਿਤੇ ਕੋਈ ਪ੍ਰਮਾਣ ਨਾ ਮਿਲਣ ਕਰਕੇ ਇੱਕ ਵਹਿਮ ਹੀ ਕਿਹਾ ਜਾ ਸਕਦਾ ਹੈ। ਇਸ ਤੋਂ ਵੱਧ ਕੁੱਝ ਵੀ ਨਹੀਂ। ਪਰ ਇਸ ਨੂੰ ਅੱਜ ਤੱਕ ਵੀ ਲੋਕ ਕਰਦੇ ਆ ਰਹੇ ਹਨ।
Now the children do not know about the filter
ਇਹ ਸੀ ਓਹ ਚਾਰ ਵਿਹਾਰ ਜਿਨ੍ਹਾਂ ਵਿੱਚ ਕਾਂਸੀ ਦੇ ਛੰਨੇ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਬੇਸ਼ੱਕ ਅੱਜ ਵੀ ਕਿਤੇ-ਕਿਤੇ ਇਨ੍ਹਾਂ ਵਿਹਾਰਾਂ ਲਈ ਕਾਂਸੀ ਦੇ ਛੰਨੇ ਦੇ ਵੱਡੇ ਆਕਾਰ ਦੀ ਬਜਾਏ ਛੋਟੇ-ਛੋਟੇ ਕਾਂਸੀ ਦੇ ਕੌਲ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਸਿਰਫ ਵਿਖਾਵੇ ਦੇ ਤੌਰ ‘ਤੇ ਹੀ ਵਰਤਿਆ ਜਾਂਦਾ ਹੈ। ਪਹਿਲੇ ਸਮਿਆਂ ਵਾਂਗ ਤੇ ਉਹੋ-ਜਿਹੀ ਸੁੱਚਮ ਤੇ ਦਿਲੋਂ ਇਹ ਕੁੱਝ ਨਹੀਂ ਕੀਤਾ ਜਾਂਦਾ। ਜੇਕਰ ਅਜੋਕੀ ਪੀੜ੍ਹੀ ਕਹਿ ਲਈਏ ਜਾਂ ਨਵੀਂ ਪਨੀਰੀ ਦੀ ਗੱਲ ਕਰੀਏ ਤਾਂ ਉਹ ਸੱਭ ਇਨ੍ਹਾਂ ਕਾਰਾਂ-ਵਿਹਾਰਾਂ ਜਾਂ ਕਾਂਸੀ, ਪਿੱਤਲ ਜਾਂ ਤਾਂਬੇ ਦੇ ਭਾਂਡੇ ਜਾਣਦੇ ਤੱਕ ਵੀ ਨਹੀਂ ਕਿਉਂਕਿ ਹੁਣ ਤਾਂ ਚਾਰ-ਚੁਫੇਰੇ ਸਟੀਲ ਦੇ ਭਾਂਡੇ ਹੀ ਪ੍ਰਧਾਨ ਹਨ। ਇਸ ਦਾ ਪਤਾ ਅਜੋਕੀ ਪੀੜ੍ਹੀ ਨੂੰ ਜਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਆਪਾਂ ਆਪਣੇ ਵਿਰਸੇ ਤੇ ਵਿਰਾਸਤ ਨਾਲ ਜੁੜੇ ਰਹੀਏ।
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.