ਹੁਣ ਕਿਵੇਂ ਬੰਬੀਹਾ ਬੋਲੇ

punjab

ਹੁਣ ਕਿਵੇਂ ਬੰਬੀਹਾ ਬੋਲੇ | Bambiha

ਹਰੀ ਕ੍ਰਾਂਤੀ ਦੇ ਜਨਮ ਦਾਤੇ ਵਧੇਰੇ ਨਿਰਾਸ਼ ਹਨ । ਝਾੜ ਦੇ ਵਾਧੇ ਲਈ ਵਰਤੀਆਂ ਯੁਕਤਾਂ ਤੋਂ ਮੋਹ ਭੰਗ ਹੋਇਆ ਹੈ। ਜ਼ਹਿਰਾਂ ਫਸਲਾਂ ਰਾਂਹੀ ਖੂਨ ’ਚ ਬੋਲਣ ਲੱਗੀਆਂ ਹਨ । ਬਿਮਾਰੀਆਂ ਦੇ ਵਾਧੇ ਨੇ ਮੈਡੀਕਲ ਖੇਤਰ ਵਿੱਚ ਅਥਾਹ ਵਿਕਾਸ ਕੀਤਾ ਹੈ । ਛੋਟੇ ਸ਼ਹਿਰਾਂ ਵਿੱਚਲੇ ਵੱਡੇ ਹਸਪਤਾਲਾਂ ਦੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਪੰਜਾਬੀਆਂ ਦਾ ਮੂੰਹ ਚਿੜ੍ਹਾ ਰਹੀਆਂ ਹਨ । ਰੋਗਾਂ ਦੇ ਡਰਾਉਣੇ ਨਾਂ ਮਣਾਂਮੂੰਹੀ ਵਰਤੇ ਜਾ ਰਹੇ ਰਸਾਇਣਾਂ ਦੀ ਦੇਣ ਹਨ । ਯੂਰੀਆ ਲਈ ਲੜਾਈ ਕਰਨ ਵਾਲੀ ਕਿਰਸਾਨੀ ਹੁਣ ਇਸਤੋਂ ਖਹਿੜਾ ਛਡਾਉਣ ਲਈ ਤਰਲੋਂ-ਮੱਛੀ ਹੋ ਰਹੀ ਹੈ । ਫਲਾਂ ਤੇ ਸਬਜੀਆਂ ਵਿੱਚ ਵਰਤੇ ਜਾਂਦੇ ਕੀਟਨਾਸਕ ਹੁਣ ਖੁਦ ਦਾ ਖਾਤਮਾ ਜਾਪਦੇ ਹਨ । ਚਾਹੁੰਦੇ ਨੇ ਕਿ ਕੋਈ ਲੰਬੇ ਹੱਥ ਕਰਕੇ ਮੌਤ ਦੇ ਇਸ ਫੰਦੇ ਨੂੰ ਪੰਜਾਬੀਆਂ ਦੇ ਗਲੇ ’ਚੋਂ ਕੱਢ ਵੱਡ ਸੁੱਟੇ । (Bambiha)

ਕੋਈ ਨਾ ਸੁਣਦਾ ਦੇਖ ਬੰਬੀਹੇ ਨੇ ਰੋਲਾ ਪਾਇਆ । ਉਸ ਲਈ ਮਸਲਾ ਗੰਭੀਰ ਸੀ । ਤਰਸ ਨਾਲ ਭਰ ਦੁੱਖੜੇ ਸੁਣਾਉਣ ਮੁੱਖ ਮੰਤਰੀ ਦਰਬਾਰ ਪਹੁੰਚਿਆ । ਖੇਤੀਬਾੜੀ ਯੂਨੀਵਰਸਿਟੀ ਦਾ ਵਿਹੜਾ ਇਸ ਮਿਲਣੀ ਦਾ ਗਵਾਹ ਹੈ । ਫਿਰ ਕੀ ਸੀ ਦਿਲਾਂ ਦਾ ਗੁਬਾਰ ਹੰਝੂਆਂ ਰਾਂਹੀ ਡੁੱਲਿਆ । ਗੱਲ ਜਹਿਰੀਲੇ ਪਾਣੀ ਤੋਂ ਸ਼ੁਰੂ ਹੋਈ ਤੇ ਨਕਲੀ ਦੁੱਧ ਦੇ ਜਾ ਪਹੁੰਚੀ ।

ਦੇਸੀ ਖਾਦ

ਮੁਕਤਸਰ ਦੇ ਕਿਸਾਨਾਂ ਨੇ ਤਾਂ ਹੱਥ ਬੰਨ ਤਰਲੇ ਕੱਢੇ ਤੇ ਜਾਨ ਬਚਾਉਣ ਲਈ ਸਖਤ ਵਿਉਂਤ ਉਲੀਕਣ ਦੀ ਗੱਲ ਆਖ ਦਿੱਤੀ । ਮਾਹਿਰਾਂ ਨੇ ਵਿਕਲਪ ਵਜੋਂ ਦੇਸੀ ਖਾਦ ਦਾ ਨਾਂ ਲਿਆ ਹੀ ਸੀ ਕਿ ਨੌਜਵਾਨਾਂ ਦਾ ਅੰਦਰਲਾ ਬਾਰੂਦ ਫੱਟ ਗਿਆ । ਕਹਿਣਾ ਸੀ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਰਾਹ ਤਾਂ ਪੈ ਗਏ ਪਰ ਉਸ ਦੇ ਆਂਢੀ-ਗੁਆਂਢੀ ਹਰ ਸਾਲ ਵੀਹ ਤੋਂ ਪੱਚੀ ਬੋਰੀਆਂ ਯੂਰੀਆ ਦੀ ਸੁੱਟ ਮੱਲੋਂ-ਜੋਰੀ ਉਹਨਾਂ ਦੇ ਖੇਤਾਂ ਵਿੱਚ ਵੀ ਇਸਦਾ ਅਸਰ ਭੇਜਦੇ ਰਹਿੰਦੇ ਹਨ ।

ਯੂਰੀਆ ਦੀ ਵਿਕਰੀ ਤੇ ਪੂਰਨ ਰੋਕ ਦੀ ਉਹਨਾਂ ਨੇ ਮੰਗ ਵਿੱਚ ਰੱਖ ਦਿੱਤੀ । ਮੁੱਠੀ ਭਰ ਲੋਕਾਂ ਦੀ ਕਿਸੇ ਪੱਕੀ ਰੀਤ ਤੋਂ ਹਟ ਕੇ ਚੱਲਣ ਨਾਲ ਸਮਾਜ ਸੁਧਾਰ ਦਾ ਖਾਅਬ ਸਿਰਜਣਾ ਪਹਿਲ ਤਾਂ ਬਹੁਤ ਹੀ ਵਧੀਆ ਹੈ ਪਰ ਇੰਨੀ ਘੱਟ ਗਿਣਤੀ ਨਾ ਕਾਫੀ ਹੈ ਵਿਆਪਕ ਸਮਝ ਸਮੇਂ ਦੀ ਲੋੜ ਹੈ । ਵਿੱਤੋਂ ਵੱਧ ਸੁੱਟੀਆਂ ਜਾ ਰਹੀਆਂ ਰਸਾਇਣ ਖਾਦਾਂ ਧਰਤੀ ਨੂੰ ਬੇਜਾਨ ਕਰ ਬੰਜਰ ਕਰਨ ਵੱਲ ਧੱਕ ਰਹੀਆਂ ਹਨ । ਕਣਕ ਦੇ ਦਾਣਿਆਂ ਵਿੱਚ ਘਟੀ ਬਰਕਤ ਮਿੱਟੀ ਦੀ ਮੁੱਕਦੀ ਜਾਂਦੀ ਤਾਕਤ ਦਾ ਸ਼ੰਕੇਤ ਹੈ ।

ਨਹੀਂ ਕੋਈ ਗਰੰਟੀ

ਫਰੀਦਕੋਟ ਦੇ ਬਾਬੇ ਵੀ ਚੁੱਪ ਨਾ ਰਹਿ ਸਕੇ । ਨਕਲੀ ਬੀਜਾਂ ਦਾ ਵੱਧਦਾ ਬਜਾਰ ਤੇ ਖੇਤੀ ਦਾ ਘੱਟਦਾ ਮੁਨਾਫਾ ਉਹਨਾਂ ਸਾਹਮਣੇ ਵੱਡਾ ਸੰਕਟ ਸੀ । ਉੱਪਰੋਂ ਬੀਜਾਂ ਦੀ ਕੋਈ ਗਰੰਟੀ ਨਾ ਹੋਣ ਦੇ ਦੁਕਾਨਾਂ ਤੇ ਲਾਏ ਵੱਡੇ ਵੱਡੇ ਬੋਰਡ ਬੰਬੀਹੇ ਨੂੰ ਅੱਗੇ ਖੂਹ ਤੇ ਪਿੱਛੇ ਖਾਈ ਲੱਗੀ । ਯੂਨੀਵਰਸਿਟੀ ਚਾਲਕਾਂ ਵੱਲੋਂ ਵਧੀਆ ਤੇ ਅਸਲੀ ਬੀਜ ਮਹੁੱਈਆ ਕਰਵਾਉਣ ਦਾ ਸਰਕਾਰੀ ਐਲਾਨ ਹੋਇਆ ਤਾਂ ਥੋੜੀ ਤਸੱਲੀ ਹੋਈ । ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਪੰਜਾਬ ਵਿੱਚਲਾ ਜਹਿਰ ਵੀ ਨਕਲੀ ਹੈ । ਜਾਅਲੀ ਸਪਰੇਆਂ ਦੇ ਧੰਦੇ ਨੇ ਪੰਜਾਬੀਆਂ ਦੇ ਬਦਲੇ ਕਿਰਦਾਰ ਵੱਲ ਉਂਗਲ ਚੁੱਕੀ ਹੈ। ਬਜੁਰਗਾਂ ਨੇ ਲਗਾਤਾਰ ਦੋ ਸਾਲਾਂ ਤੋਂ ਗੁਲਾਬੀ ਸੁੰਡੀ ਦੀ ਮਾਰ ਕਾਰਨ ਘਰਾਂ ਦੇ ਵਿਹੜਿਆਂ ਵਿੱਚ ਵਿਛੇ ਸੱਥਰਾਂ ਨੂੰ ਨਸਲਾਂ ਦੀ ਤਬਾਹੀ ਦਾ ਰੈੱਡ-ਕਾਰਪਟ ਐਲਾਨਿਆ ।

ਜਮੀਨੀ ਪਾਣੀ ਸਹਾਰੇ ਚੱਲ ਰਹੀ ਖੇਤੀ | Bambiha

ਬੰਬੀਹਾ ਹੱਕਾ-ਬੱਕਾ ਸੀ ਕਿ ਪਾਣੀਆਂ ਦੇ ਦੇਸ਼ ਦੇ ਵਾਸ਼ਿੰਦੇ ਪਾਣੀ ਨਾ ਹੋਣ ਦੀਆਂ ਸ਼ਿਕਾਇਤਾਂ ਵੀ ਕਰਨਗੇ । ਮਾਲਵੇ ਦੀਆਂ ਨਹਿਰਾਂ ’ਚ ਵਾਰ ਵਾਰ ਲੱਗਦੀ ਲੰਬੀ ਬੰਦੀ ਮੁੱਖ ਮੁੱਦਾ ਬਣ ਗਈ । ਜਮੀਨੀ ਪਾਣੀ ਸਹਾਰੇ ਚੱਲ ਰਹੀ ਖੇਤੀ ਨੇ ਪਾਣੀ ਦੇ ਪੱਧਰ ਨੂੰ ਕੋਹਾਂ ਦੂਰ ਕਰ ਦਿੱਤਾ ਹੈ । ਹੁਣ ਤਾਂ ਦੂਹਰੀਆਂ ਮੋਟਰਾਂ ਵੀ ਜਵਾਬ ਦੇਣ ਲੱਗੀਆਂ ਹਨ । ਸੁੱਖ ਦਾ ਪਲ ਸੀ ਕਿ ਮੁੱਖ ਮੰਤਰੀ ਨੇ ਨਹਿਰਾਂ ਦੀ ਬੰਦੀ ਲੋਕਾਂ ਤੋਂ ਪੁੱਛ ਕੇ ਲਾਉਣ ਦਾ ਭਰੋਸਾ ਦਿੱਤਾ । ਕਿਸਾਨਾਂ ਨੇ ਝੋਨੇ ਦੇ ਚੱਕਰ ’ਚੌਂ ਕੱਢਣ ਲਈ ਹਾੜੇ ਕੱਢੇ ।

ਕੁੱਝ ਅਗਾਂਹਵਧੂ ਜ਼ਿੰਮੀਂਦਾਰਾਂ ਨੇ ਪਰਾਲੀ ਸਾੜ-ਸਾੜ ਫੂਕੀ ਧਰਤੀ ਤੇ ਜਹਿਰੀ ਕੀਤੀਆਂ ਹਵਾਵਾਂ ਤੇ ਡਾਹਢੀ ਚਿੰਤਾ ਜਤਾਈ । ਅਧਿਕਾਰੀਆਂ ਨੇ ਜਾਗਰੂਕ ਮੁਹਿੰਮਾਂ ਨੂੰ ਵੱਡੇ ਪੱਧਰ ਤੇ ਸੁਰੂ ਕਰਨ ਦੀ ਹਾਮੀ ਭਰ ਦਿੱਤੀ । ਲੁਧਿਆਣੇ ਦੇ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਕੈਮੀਕਲ ਵੇਸਟ ਸਤਲੁਜ ਵਿੱਚ ਮਿਲ ਕੇ ਪੰਜਾਬੀ ਜਵਾਨੀ ਨੂੰ ਵਕਤੋਂ ਪਹਿਲਾਂ ਬੁਢਾਪਾ ਦੇ ਰਿਹਾ ਹੈ । ਮਾਲਵਾ ਖੇਤਰ ਵਿੱਚ ਫੈਲਿਆ ਕੈਂਸਰ ਸਤਲੁਜ ਦੇ ਜਹਿਰੀ ਪਾਣੀ ਦੀ ਵੱਡੀ ਦੇਣ ਹੈ । ਬਠਿੰਡੇ ਜਿਲ੍ਹੇ ਦੇ ਕਈ ਪਿੰਡਾਂ ’ਚ ਇਸ ਨਾਮੁਰਾਦ ਬਿਮਾਰੀ ਨੇ ਘਰਾਂ ਦੀਆਂ ਦੇਹਲੀਆਂ ਸੁੰਨੀਆਂ ਕੀਤੀਆਂ ਹਨ ।

ਦੁੱਧ ਦਾ ਧੰਦਾ ਵੀ ਖਾਣ ਲੱਗਿਆ

ਦੁੱਧ , ਘਿਓ ਤੇ ਲੱਸੀ ਮੱਖਣਾਂ ਨਾਲ ਪਾਲੇ ਜਾਂਦੇ ਪੰਜਾਬ ਦਾ ਅਸਲੀ ਕੱਚ ਸੱਚ ਬੰਬੀਹੇ ਦੇ ਉਦੋਂ ਨਜਰੀ ਪਿਆ ਜਦ ਕਿਸਾਨਾਂ ਦੇ ਇੱਕ ਵਰਗ ਨੇ ਮੁੱਖ ਮੰਤਰੀ ਅੱਗੇ ਨਕਲੀ ਦੁੱਧ ਦੇ ਕਾਰੋਬਾਰ ਤੇ ਠੱਲ ਪਾਉਣ ਦੀ ਅਰਜੋਈ ਕੀਤੀ । ਦੁੱਧ ਡੇਅਰੀ ਦੇ ਧੰਦੇ ਨਾਲ ਸੰਬੰਧਤ ਇੱਕ ਨੌਜਵਾਨ ਨੇ ਪੰਜਾਬ ਦੇ ਸੱਤਰ ਫੀਸਦ ਦੁੱਧ ਨੂੰ ਨਕਲੀ ਦੱਸਿਆ । ਉਸਦਾ ਕਹਿਣਾ ਸੀ ਕਿ ਸਹਿਰਾਂ ਵਿੱਚ ਵੇਚਿਆ ਜਾਣ ਵਾਲਾ ਇਹ ਦੁੱਧ ਯੂਰੀਆ , ਰਿਫਾਈਂਡ ਤੇ ਹੋਰ ਰਸਾਇਣਾਂ ਤੋਂ ਤਿਆਰ ਹੁੰਦਾ ਹੈ । ਇਸ ਕਵਾਇਤ ਨਾਲ ਦੂਹਰੀ ਮਾਰ ਝੱਲਣੀ ਪੈ ਰਹੀ ਹੈ । ਦੁੱਧ ਡੇਅਰੀ ਕਿਸਾਨਾਂ ਨੂੰ ਵਾਜਬ ਰੇਟ ਨਹੀਂ ਮਿਲਦਾ ਤੇ ਦੂਜੇ ਬੰਨੇ ਨਕਲੀ ਥੋਕ ਵਿਕਰੇਤਾ ਬਿਮਾਰੀਆਂ ਨੂੰ ਸਰੇਆਮ ਵੰਡ ਰਹੇ ਹਨ ।

ਭਿ੍ਰਸ਼ਟਾਚਾਰ ਦੇ ਸਾਇਆ ਹੇਠ ਜਾਅਲਸਾਜ਼ੀ ਵੱਧ ਰਹੀ ਹੈ ਤੇ ਕਿਰਸਾਨੀ ਮਰ ਰਹੀ ਹੈ ।ਨਸ਼ੀਲੇ ਚਿੱਟੇ ਦੀ ਝੁੱਲ ਰਹੀ ਹਨੇਰੀ ਨੂੰ ਥੱਲ ਪਾ ਅਸਲ ਚਿੱਟੇ ਦੁੱਧ ਦੀ ਕ੍ਰਾਂਤੀ ਵੱਲ ਵੱਧਣਾ ਮੁੱਕਦੇ ਜਾਂਦੇ ਪੰਜਾਬ ਨੂੰ ਜੀਵਤ ਕਰਨ ਵੱਲ ਵਡੇਰਾ ਕਦਮ ਹੋਵੇਗਾ । ਨੌਜਵਾਨਾਂ ਨੂੰ ਦੁਧਾਰੂ ਪਸ਼ੂ ਰੱਖਣ ਤੇ ਘਰੇਲੂ ਡੇਅਰੀ ਚਲਾਉਣ ਲਈ ਉਤਸ਼ਾਹਿਤ ਕਰਨਾ ਸਰਕਾਰੀ ਮਨਸੂਬਾ ਹੋਣਾ ਚਾਹੀਦਾ ਹੈ।

ਹਰੀਆਂ-ਪੀਲੀਆਂ ਲਹਿਰਾਉਂਦੀਆਂ ਫਸਲਾਂ | Bambiha

ਖੇਤੀ ਵਿਗਿਆਨੀਆਂ ਨੇ ਪੰਜਾਬ ਦੇ ਇਸ ਕੌੜੇ ਸੱਚ ਤੇ ਮੋਹਰ ਲਾਈ ਹੈ ਤਾਂ ਬੰਬੀਹਾ ਉਦਾਸ ਤੇ ਗਮਗੀਨ ਹੋ ਗਿਆ। ਰੰਗਲੇ ਪੰਜਾਬ ਦੇ ਗੀਤ ਗਾਉਣ ਵਾਲਾ ਬਦਲੇ ਹਾਲਤਾਂ ਦੇ ਕਾਰਣਾਂ ਦੀ ਪੜਚੋਲ ’ਚ ਰੁੱਝ ਗਿਆ । ਸੋਚ ਰਿਹਾ ਸੀ ਕਿ ਬਾਬਾ ਫਰੀਦ ਤੇ ਬੁੱਲੇਸ਼ਾਹ ਦੇ ਮਿੱਠੇ ਬੋਲ ਬੋਲਣ ਵਾਲੀ ਜਰਖੇਜ ਧਰਤੀ ਵਿੱਚ ਨਫਰਤ ਤੇ ਕੁੱੜਤਣ ਦੇ ਬੀਜ਼ ਕੌਣ ਸੁੱਟ ਗਿਆ। ਕਿਉਂ ਹਰੀਆਂ-ਪੀਲੀਆਂ ਲਹਿਰਾਉਂਦੀਆਂ ਫਸਲਾਂ ਦੀ ਪਹਿਲਾਂ ਵਾਲੀ ਸੁਗੰਧੀ ਤੇ ਮਹਿਕ ਗਾਇਬ ਹੈ । ਭਾਈਚਾਰੇ ਵਿੱਚ ਪਣਪੀ ਤੰਗੀ ਕਿਸਦੀ ਦੇਣ ਹੈ ? ਆਖਰ ਕੌਣ ਹੈ ਜੋ ਪੰਜਾਬ ਦੀ ਫਿਜ਼ਾ ਨੂੰ ਖਰਾਬੇ ਵੱਲ ਲਿਜਾ ਰਿਹਾ ਹੈ ।

ਲੰਬੀ ਨਿਗਾਹ ਦੁੜਾਈ ਤਾਂ ਮਹਿੰਗੇ ਮੈਰਿਜ ਪੈਲੇਸਾਂ ਦੇ ਵੱਡੇ ਵਿਆਹ , ਵਿੱਤੋਂ ਵੱਧ ਕਰਜ਼ਾ ਚੁੱਕ ਖਰੀਦੀਆਂ ਵੱਡੀਆਂ ਗੱਡੀਆਂ , ਟਰੈਕਟਰ ਮੰਡੀਆਂ ਤੇ ਵਿਕਦੇ ਨਵੇਂ ਨਿਕੋਰ ਟਰੈਕਟਰ ਅਤੇ ਆਈਲੈਟਸ ਸੈਟਰਾਂ ਦੁਆਲੇ ਜੁੜਦੀ ਹਜ਼ਾਰਾਂ ਦੀ ਭੀੜ ਨਜ਼ਰੀ ਪਈ ਜੋ ਇਹ ਦੱਸਣ ਲਈ ਕਾਫੀ ਸੀ ਕਿ ਰਾਖੇ ਹੀ ਵਾੜ ਦੇ ਦੁਸ਼ਮਣ ਹਨ । ਇਹ ਆਪਣਿਆਂ ਨੂੰ ਵਿਦੇਸ਼ੀ ਘੱਲ ਪੰਜਾਬ ਦਾ ਭਲਾ ਕਿਸੇ ਹੋਰ ਤੋਂ ਕਰਾਉਣਾ ਚਾਹੁੰਦੇ ਹਨ । ’ਆਪ ਫਾਥੜੀਏ ਤੈਨੂੰ ਕੌਣ ਛੁਡਾਵੇ ’ ਦਾ ਰੌਲਾ ਪਾਉਂਦਾ ਹੋਇਆ ਤੇ ਕੁਝ ਗੁਣ-ਗਣਾਉਂਦਾਬੰਬੀਹਾ ਬਾਹਰ ਜਾਣ ਵਾਲੀ ਕੈਬ ਤੇ ਬੈਠ ਤੁਰ ਗਿਆ। ਸਾਇਦ ਮਨ ਵਿੱਚ ਨਵੇਂ ਪੰਜਾਬ ਨੂੰ ਵੇਖਣ ਦਾ ਫੁਰਨਾ ਫੁਰਿਆ ਹੋਵੇ !

  • ਧਰਤ ਸਾੜੀ, ਅੰਬਰ ਸਾੜੇ
    ਗੰਧਲੇ ਕਰਤੇ ਪਾਣੀ ।
    ਖੂਨਾਂ ਦੇ ਵਿੱਚ ਜਹਿਰਾਂ ਦੌੜਨ
    ਨਾ ਬੋਲਾਂ ਵਿੱਚ ਮਿਠਾਸ ਪੁਰਾਣੀ।
    ਨਾ ਉਹ ਜੁੱਸੇ , ਨਾ ਉਹ ਹਾਸੇ
    ਨਾ ਘੁੰਮੇ ਚਾਟੀ ਵਿੱਚ ਮਧਾਣੀ ।
    ਦੁੱਧ ਘਿਓ ਤੇ ਨਕਲੀ ਮਾਵਾ
    ਪੰਜਾਬ ਦੀ ਅਸਲ ਕਹਾਣੀ ॥

ਕੇ ਮਨੀਵਿਨਰ
ਪ੍ਰੋਫੈਸਰ ਕਾਲੋਨੀ , ਤਲਵੰਡੀ ਸਾਬੋ । ਮੋ. 94641-97487

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।