ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਰਸੋਈ ਵਿੱਚ ਭਾਂਡੇ ਸਾਫ ਕਰ ਰਹੀ ਸੁਰਜੀਤ ਕੌਰ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ। ਗਲਾਸ ਟੁੱਟਣ ਦੀ ਆਵਾਜ ਸੁਣ ਕੇ ਬਾਹਰ ਚੌਂਤਰੇ ’ਤੇ ਬੈਠੀ ਸੁਰਜੀਤ ਕੌਰ ਦੀ ਨੂੰਹ ਨੇ ਉਸਨੂੰ ਟੋਕਦਿਆਂ ਕਿਹਾ, ‘‘ਬੀਬੀ, ਜੇ ਨਹੀਂ ਕੰਮ ਹੁੰਦਾ ਤਾਂ ਐਵੇਂ ਪੰਗੇ ਨਾ ਲਿਆ ਕਰ, ਹਰੇਕ ਕੰਮ ਵਿੱਚ ਲੱਤ ਅੜਾਉਣੀ ਐਂ ਤੂੰ, ਰੋਜ ਕੋਈ ਨਾ ਕੋਈ ਨੁਕਸਾਨ ਕਰ ਦੇਨੀ ਐਂ।’’ ਇੰਨੇ ਵਿੱਚ ਸੁਰਜੀਤ ਕੌਰ ਦਾ ਲੜਕਾ ਹਰਮਨ ਨਹਾ ਕੇ ਬਾਥਰੂਮ ’ਚੋਂ ਬਾਹਰ ਨਿੱਕਲਿਆ ਤਾਂ ਉਸਦੀ ਘਰਵਾਲੀ ਨੇ ਆਪਣੀ ਸੱਸ ਦੀਆਂ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਲਦੀ ਵਿੱਚ ਹੋਣ ਕਰਕੇ ਉਸਨੇ ਆਪਣੀ ਘਰਵਾਲੀ ਦੀਆਂ ਗੱਲਾਂ ਅਣਸੁਣੀਆਂ ਕਰ ਦਿੱਤੀਆਂ। ਉਹ ਫਟਾਫਟ ਤਿਆਰ ਹੋ ਕੇ ਆਪਣੀ ਘਰਵਾਲੀ ਨੂੰ ਇਹ ਕਹਿੰਦਾ ਹੋਇਆ ਘਰੋਂ ਚਲਾ ਗਿਆ ਕਿ ਮਾਂ ਤਾਂ ਝੱਲੀ ਐ, ਤੂੰ ਤਾਂ ਚੁੱਪ ਕਰ ਜਾਇਆ ਕਰ। ਹਰਮਨ ਨਾਲ ਦੇ ਹੀ ਕਿਸੇ ਪਿੰਡ ਵਿੱਚ ਸਰਕਾਰੀ ਮਾਸਟਰ ਲੱਗਾ ਹੋਇਆ ਸੀ।
ਉਹ ਮੇਰੇ ਭਤੀਜਿਆਂ ਦੀ ਥਾਂ ਲੱਗਦਾ ਸੀ। ਬਾਅਦ ਵਿੱਚ ਸੁਰਜੀਤ ਕੌਰ ਦੀ ਨੂੰਹ ਉਸਨੂੰ ਬਹੁਤ ਮੰਦਾ ਚੰਗਾ ਬੋਲੀ। ਮੰਦੇ-ਚੰਗੇ ਬੋਲ ਬੋਲਦੀ ਹੋਈ ਉਹ ਆਪਣੇ ਛੇ ਸਾਲ ਦੇ ਮੁੰਡੇ ਕਰਨਵੀਰ ਨੂੰ ਬਾਂਹ ਤੋਂ ਫੜ ਕੇ ਆਪਣੇ ਕਮਰੇ ਅੰਦਰ ਜਾ ਬੈਠੀ। ਸੁਰਜੀਤ ਕੌਰ ਅਤੇ ਉਸਦੀ ਨੂੰਹ ਵਿਚਕਾਰ ਇਹ ਹਰ ਰੋਜ਼ ਦੀ ਲੜਾਈ ਸੀ। ਭਰੇ ਹੋਏ ਮਨ ਨਾਲ ਕੱਚ ਦੇ ਗਲਾਸ ਦੇ ਟੁਕੜੇ ਫਰਸ਼ ਤੋਂ ਚੁੱਕਦਿਆਂ ਸੁਰਜੀਤ ਕੌਰ ਦਾ ਧਿਆਨ ਬਰਾਂਡੇ ਵਿੱਚ ਟੰਗੀਆਂ ਕੁਝ ਪੁਰਾਣੀਆਂ ਬਲੈਕ ਐਂਡ ਵਾਈਟ ਫੋਟੋਆਂ ਵੱਲ ਚਲਾ ਗਿਆ।
ਕਿਸੇ ਸਮੇਂ ਸਾਡੇ ਪਿੰਡ ਵਿੱਚ ਤਾਏ ਦਲੀਪ ਸਿੰਘ ਦੀ ਬਹੁਤ ਚੜ੍ਹਾਈ ਹੋਇਆ ਕਰਦੀ ਸੀ ਕਿਉਂਕਿ ਫੌਜ ਵਿੱਚ ਨੌਕਰੀ ਕਰਨ ਵਾਲਾ ਉਹ ਪਿੰਡ ਦਾ ਪਹਿਲਾ ਵਿਅਕਤੀ ਸੀ। ਤਾਏ ਦਲੀਪ ਸਿੰਘ ਦਾ ਲੜਕਾ ਸੀ ਹਾਕਮ ਸਿੰਘ ਉਹ ਵੀ ਆਪਣੇ ਪਿਤਾ ਵਾਂਗ ਸੋਹਣਾ, ਸੁਨੱਖਾ ਅਤੇੇ ਤਕੜਾ ਜਵਾਨ ਸੀ। ਤਾਇਆ ਦਲੀਪ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ, ਜਿਸ ਕਰਕੇ ਹਾਕਮ ਸਿੰਘ ਅਤੇ ਉਸ ਦੀ ਮਾਂ ਤਾਈ ਮੁਖਤਿਆਰ ਕੌਰ ਦੋਵੇਂ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ। ਸ਼ਾਇਦ ਇਸੇ ਕਰਕੇ ਹਾਕਮ ਸਿੰਘ ਨੌਕਰੀ ਨਹੀਂ ਕਰਨੀ ਚਾਹੁੰਦਾ ਸੀ ਪਰ ਤਾਈ ਤਾਂ ਛੇਤੀ ਹੀ ਤਾਏ ਦਲੀਪ ਸਿੰਘ ਦਾ ਸਾਥ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੀ। ਤਾਈ ਨੂੰ ਕੈਂਸਰ ਦੀ ਬਿਮਾਰੀ ਲੈ ਬੈਠੀ। ਹਾਕਮ ਸਿੰਘ ਆਪਣੇ ਚਾਚੇ-ਤਾਇਆਂ ਦੀ ਛਤਰਛਾਇਆ ਹੇਠ ਵੱਡਾ ਹੋਇਆ।
ਇੱਕ ਵਾਰ ਸਾਡੇ ਪਿੰਡ ਵਿੱਚ ਪਹਿਲਵਾਨਾਂ ਦਾ ਅਖਾੜਾ ਲੱਗਾ। ਉਹਨਾਂ ਵਿੱਚੋਂ ਇੱਕ ਪਹਿਲਵਾਨ ਬਹੁਤ ਭੂਸਰਿਆ ਹੋਇਆ ਸੀ। ਉਸ ਨੇ ਝੰਡੀ ਗੱਡ ਦਿੱਤੀ ਤੇ ਕਹਿੰਦਾ ਕਿ ਸਾਰੇ ਪਿੰਡ ਵਿੱਚ ਉਸ ਨਾਲ ਮੱਥਾ ਲਾਉਣ ਵਾਲਾ ਕੋਈ ਹੈ ਤਾਂ ਆ ਜਾਵੇ। ਉਸ ਦਿਨ ਪਿੰਡ ਦੇ ਸਕੂਲ ਵਿੱਚ ਪਹਿਲਵਾਨਾਂ ਦੇ ਘੋਲ ਦੇਖਣ ਲਈ ਸਾਰਾ ਪਿੰਡ ਇਕੱਠਾ ਹੋਇਆ ਸੀ। ਹਾਕਮ ਸਿੰਘ ਨੇ ਉਸ ਪਹਿਲਵਾਨ ਦੀ ਝੰਡੀ ਅੱਗੇ ਹੋ ਕੇ ਫੜੀ ਸੀ। ਜਦੋਂ ਹਾਕਮ ਸਿੰਘ ਨੇ ਦੋ-ਤਿੰਨ ਵਾਰ ਪਟਕਾ ਕੇ ਜਮੀਨ ’ਤੇ ਮਾਰਿਆ ਤਾਂ ਉਸ ਪਹਿਲਵਾਨ ਨੇ ਮਿੰਨਤਾਂ ਕਰਕੇ ਆਪਣੀ ਜਾਨ ਛੁਡਾਈ ਸੀ। ਪਿੰਡ ਦੇ ਲੋਕਾਂ ਨੇ ਦੋ ਮਣ ਘਿਓ ਇਕੱਠਾ ਕਰਕੇ ਹਾਕਮ ਸਿੰਘ ਨੂੰ ਇਨਾਮ ਵਜੋਂ ਦਿੱਤਾ ਸੀ।
ਤਾਏ ਦਲੀਪ ਸਿੰਘ ਨੇ ਸੁਰਜੀਤ ਕੌਰ ਦੇ ਮਾਪਿਆਂ ਤੋਂ ਉਹਨਾਂ ਦੀ ਇਕਲੌਤੀ ਧੀ ਦਾ ਰਿਸ਼ਤਾ ਮੰਗ ਕੇ ਲਿਆ ਸੀ। ਉਸ ਨੇ ਸੁਰਜੀਤ ਕੌਰ ਨੂੰ ਆਪਣੇ ਕਿਸੇ ਦੋਸਤ ਦੇ ਵਿਆਹ ਵਿੱਚ ਦੇਖਿਆ ਸੀ ਤੇ ਉਦੋਂ ਤੋਂ ਹੀ ਉਹ ਉਸ ਨੂੰ ਆਪਣੀ ਨੂੰਹ ਬਣਾਉਣੀ ਚਾਹੁੰਦਾ ਸੀ। ਉਹਨਾਂ ਸਮਿਆਂ ਵਿੱਚ ਵੀ ਸੁਰਜੀਤ ਕੌਰ ਦੇ ਪੇਕਿਆਂ ਨੇ ਬਰਾਤ ਦੀ ਦੋ ਦਿਨ ਖੂਬ ਸੇਵਾ ਕੀਤੀ ਸੀ। ਜਦੋਂ ਸੁਰਜੀਤ ਕੌਰ ਪਿੰਡ ਵਿੱਚ ਵਿਆਹ ਕੇ ਆਈ ਸੀ ਤਾਂ ਆਪਣੇ ਹਾਣ ਦੀਆਂ ਨਵੀਆਂ ਵਿਆਹੀਆਂ ਕੁੜੀਆਂ ਵਿੱਚੋਂ ਉਹ ਸਭ ਤੋਂ ਸੋਹਣੀ ਸੀ।
ਤਾਏ ਦਲੀਪ ਸਿੰਘ ਦੇ ਸਖਤ ਸੁਭਾਅ ਤੋਂ ਡਰਦੀਆਂ ਪਿੰਡ ਦੀਆਂ ਔਰਤਾਂ ਨਵੀਂ ਵਿਆਹੀ ਵਹੁਟੀ ਨੂੰ ਵਾਰ-ਵਾਰ ਦੇਖਣ ਲਈ ਕਿਸੇ ਨਾ ਕਿਸੇ ਬਹਾਨੇ ਉਹਨਾਂ ਦੇ ਘਰ ਆਉਂਦੀਆਂ ਰਹਿੰਦੀਆਂ। ਸੁਰਜੀਤ ਕੌਰ ਆਪਣੀ ਸਿਆਣਪ ਅਤੇ ਮਿਲਾਪੜੇ ਸੁਭਾਅ ਨਾਲ ਸਭ ਨੂੰ ਕੀਲ ਕੇ ਰੱਖ ਦਿੰਦੀ ਤੇ ਉੱਤੋਂ ਰੱਬ ਨੇ ਰੰਗ-ਰੂਪ ਵੀ ਰੱਜਵਾਂ ਦਿੱਤਾ ਸੀ। ਉਹ ਦਸ ਜਮਾਤਾਂ ਪਾਸ ਸੀ ਅਤੇ ਨੱਚਣ-ਟੱਪਣ ਦੀ ਸ਼ੌਕੀਨ ਸੀ। ਪਿੰਡ ਵਿੱਚ ਵਿਆਹਾਂ-ਸ਼ਾਦੀਆਂ ਦੌਰਾਨ ਉਹ ਖੂਬ ਰੌਣਕਾਂ ਲਾਉਂਦੀ। ਉਸਦੇ ਪਿਤਾ ਮਾਸਟਰ ਰਿਟਾਇਰ ਹੋਏ ਸਨ। ਮਾਤਾ-ਪਿਤਾ ਵੱਲੋਂ ਦਿੱਤੇ ਹੋਏ ਸੰਸਕਾਰ ਉਸਦੇ ਸੁਭਾਅ ਵਿੱਚੋਂ ਸਾਫ ਝਲਕਦੇ ਸਨ। ਹਾਕਮ ਸਿੰਘ ਨੇ ਖੇਤੀਬਾੜੀ ਦੇ ਕੰਮ ਕਾਰ ਦੇ ਨਾਲ-ਨਾਲ ਘਰ ਵਿੱਚ ਮੱਝਾਂ ਵੀ ਰੱਖੀਆਂ ਹੋਈਆਂ ਸਨ।
ਇੱਕ ਤੋਂ ਇੱਕ ਸੋਹਣੀ ਝੋਟੀ ਉਸਦੇ ਘਰ ਦਾ ਸ਼ਿੰਗਾਰ ਹੁੰਦੀ ਸੀ। ਕੁਝ ਸਰੀਕੇ ਵਾਲੇ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਇੱਕ ਤਾਂ ਹਾਕਮ ਸਿੰਘ ਪਹਿਲਾਂ ਹੀ ਉਹਨਾਂ ਨਾਲੋਂ ਸੌਖਾ ਸੀ ਤੇ ਦੂਜਾ ਘਰਵਾਲੀ ਵੀ ਸੋਹਣੀ ਅਤੇ ਸਿਆਣੀ ਮਿਲ ਗਈ। ਕਿਸੇ ਨੂੰ ਸੁਖੀ ਵੱਸਦਾ ਦੇਖ ਕੋਈ ਵੀ ਸਰੀਕੇ ਵਾਲਾ ਖੁਸ਼ ਨਹੀਂ ਹੁੰਦਾ। ਬੱਸ ਇਸੇ ਗੱਲ ਕਰਕੇ ਵਿਆਹ ਤੋਂ ਬਾਅਦ ਸਰੀਕੇ ਵਾਲੇ ਹਾਕਮ ਸਿੰਘ ਨਾਲ ਖਾਰ ਖਾਂਦੇ ਰਹੇ। ਕਈ ਸਾਲ ਬੀਤ ਗਏ ਪਰ ਹਾਕਮ ਸਿਉਂ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ। ਸਿਆਣੇ ਕਹਿੰਦੇ ਹਨ ਕਿ ਲੋਕਾਂ ਦੀਆਂ ਨਜ਼ਰਾਂ ਤਾਂ ਕੰਧਾਂ ਪਾੜ ਕੇ ਰੱਖ ਦਿੰਦੀਆਂ ਨੇ। ਸ਼ਾਇਦ ਸੁਰਜੀਤ ਕੌਰ ਦੀ ਕੁੱਖ ਨੂੰ ਵੀ ਇਹਨਾਂ ਨਜਰਾਂ ਨੇ ਹਰੀ-ਭਰੀ ਨਾ ਹੋਣ ਦਿੱਤਾ। ਜਿਸ ਕਰਕੇ ਉਹ ਕੁਝ ਉਦਾਸ ਰਹਿਣ ਲੱਗੀ।
ਜਿਹੜੇ ਸਰੀਕੇ ਵਾਲੇ ਹਾਕਮ ਸਿੰਘ ਤੋਂ ਸੜਦੇ ਸਨ, ਉਹਨਾਂ ਨੂੰ ਗੱਲਾਂ ਬਣਾਉਣ ਦਾ ਮੌਕਾ ਮਿਲ ਗਿਆ। ਔਲਾਦ ਪ੍ਰਾਪਤੀ ਲਈ ਗੁਰੂਆਂ ਪੀਰਾਂ ਦੇ ਦਰ ’ਤੇ ਬਹੁਤ ਸੁੱਖਾਂ ਸੁੱਖੀਆਂ ਪਰ ਕਿਤੋਂ ਵੀ ਝੋਲੀ ਨਾ ਭਰੀ। ਸੁਰਜੀਤ ਕੌਰ ਦੇ ਸਬਰ ਦਾ ਬੰਨ੍ਹ ਹੁਣ ਟੁੱਟਣ ਲੱਗਾ ਸੀ ਕਿਉਂਕਿ ਇੱਕ ਔਰਤ ਲਈ ਔਲਾਦ ਦੀ ਪ੍ਰਾਪਤੀ ਹੀ ਸਭ ਤੋਂ ਵੱਡਾ ਸੁਖ ਹੁੰਦੀ ਹੈ, ਨਹੀਂ ਤਾਂ ਲੋਕ ਉਸ ਦੇ ਨਾਂਅ ਨਾਲ ਅਜਿਹੇ ਸ਼ਬਦ ਜੋੜ ਦਿੰਦੇ ਹਨ ਜੋ ਕਿਸੇ ਵੀ ਔਰਤ ਲਈ ਸੁਣਨੇ ਮੁਸ਼ਕਲ ਹੋ ਜਾਂਦੇ ਹਨ। ਤਾਇਆ ਵੀ ਆਪਣੇ ਪੋਤਰੇ ਨੂੰ ਗੋਦੀ ਵਿੱਚ ਚੁੱਕ ਕੇ ਖਿਡਾਉਣਾ ਚਾਹੁੰਦਾ ਸੀ ਪਰ ਸ਼ੂਗਰ ਦੀ ਬਿਮਾਰੀ ਕਾਰਨ ਉਸ ਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। ਤਾਏ ਦੀ ਦਿਨ-ਰਾਤ ਸੇਵਾ ਕਰਦਿਆਂ ਸੁਰਜੀਤ ਕੌਰ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ।
ਇੱਕ ਔਰਤ ਮਰਦੇ ਸਮੇਂ ਤੱਕ ਆਪਣੇ ਉਸ ਘਰ ਪ੍ਰਤੀ ਵਫਾਦਾਰ ਰਹਿੰਦੀ ਹੈ, ਜਿਸ ਘਰ ਵਿੱਚ ਉਹ ਵਿਆਹ ਕੇ ਆਈ ਹੁੰਦੀ ਹੈ। ਇਸ ਜਿੰਮੇਵਾਰੀ ਨੂੰ ਸੁਰਜੀਤ ਕੌਰ ਨੇ ਬਾਖੂਬੀ ਨਿਭਾਇਆ। ਉਸਦੀ ਸਿਆਣਪ ਅਤੇ ਸਹਿਣਸ਼ੀਲਤਾ ਦੇਖ ਕੇ ਤਾਏ ਨੇ ਵੀ ਹਮੇਸ਼ਾ ਉਸ ਨੂੰ ਆਪਣੀਆਂ ਧੀਆਂ ਵਾਂਗ ਰੱਖਿਆ। ਇਹ ਸਭ ਕੁਝ ਦੇਖ ਕੇ ਹਾਕਮ ਸਿੰਘ ਦਾ ਕੰਮ ਕਰਨ ਦਾ ਹੌਂਸਲਾ ਹੋਰ ਵਧ ਜਾਂਦਾ ਅਤੇ ਉਹ ਸੁਰਜੀਤ ਕੌਰ ਨੂੰ ਖੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦਾ। ਤਾਏ ਦੀ ਸਿਹਤ ਖਰਾਬ ਹੋਣ ਕਰਕੇ ਅਸੀਂ ਉਸ ਨੂੰ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਸ਼ੂਗਰ ਦੀ ਬਿਮਾਰੀ ਨੇ ਉਸਦੀ ਜਿੰਦਗੀ ਦਾ ਸਫਰ ਜਲਦੀ ਖਤਮ ਕਰ ਦਿੱਤਾ।
ਸਾਰੇ ਪਿੰਡ ਨੇ ਦੇਖਿਆ ਸੀ ਕਿ ਤਾਏ ਦਲੀਪ ਸਿੰਘ ਦੀ ਅਰਥੀ ’ਤੇ ਸੁਰਜੀਤ ਕੌਰ ਇਸ ਤਰ੍ਹਾਂ ਰੋਈ ਸੀ, ਮੰਨੋ ਉਸਦਾ ਆਪਣਾ ਪਿਤਾ ਇਸ ਦੁਨੀਆਂ ਤੋਂ ਰੁਖਸਤ ਹੋਇਆ ਹੋਵੇ। ਸੁਰਜੀਤ ਕੌਰ ਦੇ ਮਾਪਿਆਂ ਨੂੰ ਉਸ ਦਿਨ ਆਪਣੀ ਧੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ, ਜਦੋਂ ਤਾਏ ਦੇ ਭੋਗ ਵਾਲੇ ਦਿਨ ਪਿੰਡ ਦੇ ਲੋਕ ਸੁਰਜੀਤ ਕੌਰ ਦੀਆਂ ਤਰੀਫਾਂ ਕਰ ਰਹੇ ਸਨ। ਲੋਕ ਗੱਲਾਂ ਕਰਦੇ ਸਨ ਕਿ ਨੂੰਹ ਹੋਵੇ ਤਾਂ ਸੁਰਜੀਤ ਕੌਰ ਵਰਗੀ ਹੋਵੇ। ਦਲੀਪ ਸਿੰਘ ਦੀ ਮੌਤ ਤੋਂ ਬਾਅਦ ਹਾਕਮ ਸਿੰਘ ਤੇ ਸੁਰਜੀਤ ਕੌਰ ਦੋਵੇਂ ਜੀਅ ਘਰ ਵਿੱਚ ਇਕੱਲੇ ਰਹਿ ਗਏ। ਹਾਕਮ ਸਿੰਘ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਾ ਤੇ ਹੁਣ ਉਸ ਦਾ ਆਪਣੇ ਕੰਮ-ਕਾਰ ਵਿੱਚ ਮਨ ਵੀ ਘੱਟ ਹੀ ਲੱਗਦਾ ਸੀ।
ਸਮਾਂ ਬੀਤਦਾ ਗਿਆ ਅਤੇ ਕੁਝ ਸਮੇਂ ਬਾਅਦ ਸੁਰਜੀਤ ਕੌਰ ਨੂੰ ਉਸਦੀ ਕੀਤੀ ਹੋਈ ਸੇਵਾ ਦਾ ਫਲ ਮਿਲਿਆ ਜਦੋਂ ਉਨ੍ਹਾਂ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਹਰਮਨਦੀਪ ਸਿੰਘ ਰੱਖਿਆ ਗਿਆ। ਘਰ ਵਿੱਚ ਦੁਬਾਰਾ ਰੌਣਕਾਂ ਲੱਗੀਆਂ। ਹਾਕਮ ਸਿਉਂ ਦੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਲੋਹੜੀ ਵੰਡੀ ਗਈ। ਇਸ ਖੁਸ਼ੀ ਵਿੱਚ ਸਰੀਕੇ ਵਾਲਿਆਂ ਨੂੰ ਛੱਡ ਕੇ ਬਾਕੀ ਸਾਰਾ ਪਿੰਡ ਸ਼ਾਮਲ ਹੋਇਆ ਸੀ। ਹਰਮਨਦੀਪ ਵੱਡਾ ਹੋਇਆ।
ਸੁਰਜੀਤ ਕੌਰ ਦੇ ਕੰਨ ਜਿਸ ਸ਼ਬਦ ਨੂੰ ਸੁਣਨ ਲਈ ਤਰਸੇ ਗਏ ਸਨ, ਪੁੱਤਰ ਦੇ ਮੂੰਹੋਂ ਮਾਂ ਸ਼ਬਦ ਸੁਣ ਕੇ ਉਸਦੀ ਆਤਮਾ ਨੂੰ ਸਕੂਨ ਮਿਲਦਾ। ਸੁਰਜੀਤ ਕੌਰ ਨੇ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦੇਣ ਵਿੱਚ ਕੋਈ ਕਸਰ ਨਾ ਛੱਡੀ। ਪਹਿਲਾਂ ਪਿੰਡ ਦੇ ਸਕੂਲ ਅਤੇ ਫਿਰ ਸ਼ਹਿਰ ਕਾਲਜ ਵਿੱਚ ਪੜ੍ਹਦਿਆਂ ਹਰਮਨਦੀਪ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਪੁੱਤਰ ਨੂੰ ਜਵਾਨ ਹੁੰਦਾ ਦੇਖ ਮਾਤਾ-ਪਿਤਾ ਦੇ ਮਨ ਵਿੱਚ ਉਸਦੇ ਵਿਆਹ ਬਾਰੇ ਵਿਚਾਰ ਆਉਣ ਲੱਗ ਜਾਂਦੇ ਹਨ। ਹਾਕਮ ਸਿੰਘ ਵੀ ਸੋਚਦਾ ਕਿ ਉਸ ਦੇ ਘਰ ਵੀ ਇੱਕ ਇਹੋ-ਜਿਹੀ ਨੂੰਹ ਆਵੇ ਜੋ ਸੁਰਜੀਤ ਕੌਰ ਵਾਂਗ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰੇ। ਸੁਰਜੀਤ ਕੌਰ ਦਾ ਪੁੱਤਰ ਵੀ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਸੁਨੱਖਾ ਸੀ।
ਜਿਹੜੇ ਸਰੀਕੇ ਵਾਲੇ ਪਹਿਲਾਂ ਹੀ ਹਾਕਮ ਸਿੰਘ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦੇ ਸਨ, ਉਹਨਾਂ ਨੂੰ ਇਹ ਗੱਲ ਕਿਵੇਂ ਹਜ਼ਮ ਹੋ ਸਕਦੀ ਸੀ। ਉਹਨਾਂ ਨੇ ਹਰਮਨਦੀਪ ਨੂੰ ਪੁੱਠੇ ਰਸਤੇ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸਰੀਕੇ ਵਾਲੇ ਉਦੋਂ ਆਪਣੇ ਇਸ ਮਕਸਦ ਵਿੱਚ ਕਾਮਯਾਬ ਹੋ ਗਏ ਜਦੋਂ ਹਰਮਨਦੀਪ ਨੇ ਆਪਣੇ ਨਾਲ ਕਾਲਜ ਵਿੱਚ ਪੜ੍ਹਦੀ ਕਿਸੇ ਹੋਰ ਬਿਰਾਦਰੀ ਦੀ ਕੁੜੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਜਦੋਂ ਇਹ ਗੱਲ ਘਰ ਵਿੱਚ ਪਤਾ ਲੱਗੀ ਤਾਂ ਹਾਕਮ ਸਿੰਘ ਅਤੇ ਸੁਰਜੀਤ ਕੌਰ ਦੀਆਂ ਸਾਰੀਆਂ ਸੱਧਰਾਂ ’ਤੇ ਪਾਣੀ ਫਿਰ ਗਿਆ।
ਕੁੜੀ ਨੇ ਵੀ ਆਪਣੇ ਮਾਪਿਆਂ ਦੀ ਇਜਾਜਤ ਤੋਂ ਬਿਨਾਂ ਵਿਆਹ ਕਰਵਾਇਆ ਸੀ। ਪਿੰਡ ਵਿੱਚ ਹਾਹਾਕਾਰ ਮੱਚ ਗਈ ਕਿਉਂਕਿ ਪਿੰਡ ਵਿੱਚ ਪਹਿਲਾਂ ਇਹੋ-ਜਿਹਾ ਕੋਈ ਕੰਮ ਨਹੀਂ ਹੋਇਆ ਸੀ। ਕੁੱਝ ਮਹੀਨਿਆਂ ਬਾਅਦ ਹੀ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਹਰਮਨਦੀਪ ਸਿੰਘ ਆਪਣੀ ਪੜ੍ਹਾਈ ਕਰਕੇ ਸਰਕਾਰੀ ਮਾਸਟਰ ਬਣ ਗਿਆ ਪਰ ਉਸਦੀ ਘਰਵਾਲੀ ਦੀ ਨੌਕਰੀ ਨਹੀਂ ਲੱਗੀ। ਹਾਕਮ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਹਿਲਾਂ ਤਾਂ ਪਿਤਾ ਦਾ ਡਰ ਸੀ, ਜਿਸ ਕਰਕੇ ਘਰ ਦਾ ਮਾਹੌਲ ਕੁੱਝ ਠੀਕ ਰਹਿੰਦਾ ਸੀ ਪਰ ਹਾਕਮ ਸਿੰਘ ਦੀ ਮੌਤ ਤੋਂ ਬਾਅਦ ਹਰਮਨਦੀਪ ਆਪਣੀ ਮਾਤਾ ’ਤੇ ਹੱਥ ਵੀ ਚੁੱਕਣ ਲੱਗ ਪਿਆ ਸੀ।
ਹੁਣ ਸੁਰਜੀਤ ਕੌਰ ਇਕੱਲੀ ਰਹਿ ਗਈ ਤੇ ਉਸ ਦਾ ਪੁੱਤਰ ਆਪਣੀ ਘਰਵਾਲੀ ਦੇ ਪਿੱਛੇ ਲੱਗ ਕੇ ਉਸ ਨੂੰ ਝਿੜਕਾਂ ਵੀ ਮਾਰ ਦਿੰਦਾ ਸੀ। ਸੁਰਜੀਤ ਕੌਰ ਦੇ ਘਰ ਜਦੋਂ ਪੋਤਰੇ ਨੇ ਜਨਮ ਲਿਆ ਤਾਂ ਉਸ ਨੂੰ ਹਰਮਨਦੀਪ ਦੇ ਜਨਮ ਦੀਆਂ ਸਾਰੀਆਂ ਖੁਸ਼ੀਆਂ ਯਾਦ ਆ ਗਈਆਂ ਪਰ ਪੋਤਰੇ ਦੀ ਲੋਹੜੀ ’ਤੇ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ। ਜ਼ਿੰਦਗੀ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਇੱਕ ਰੀਲ ਵਾਂਗ ਸੁਰਜੀਤ ਕੌਰ ਦੇ ਦਿਮਾਗ ਵਿੱਚ ਘੁੰਮਦੀਆਂ ਰਹੀਆਂ। ਕੱਚ ਦੇ ਗਲਾਸ ਦਾ ਇੱਕ ਟੁਕੜਾ ਉਸਦੇ ਹੱਥ ਵਿੱਚ ਲੱਗਾ ਤਾਂ ਉਹ ਇੱਕਦਮ ਸੋਚਾਂ ਵਿੱਚੋਂ ਬਾਹਰ ਨਿੱਕਲੀ। ਉਹ ਬਰਾਂਡੇ ਦੀ ਕੰਧ ’ਤੇ ਟੰਗੀ ਆਪਣੇ ਵਿਆਹ ਵਾਲੀ ਫੋਟੋ ਨੂੰ ਦੇਖ-ਦੇਖ ਕੇ ਰੋ ਰਹੀ ਸੀ।
ਇਹ ਫੋਟੋ ਉਸਦੇ ਜਵਾਨੀ ਦੇ ਦਿਨਾਂ ਦੀ ਸੀ, ਜਿਸ ਵਿੱਚ ਉਹ ਆਪਣੇ ਪਤੀ ਹਾਕਮ ਸਿੰਘ ਨਾਲ ਖੜ੍ਹੀ ਹੈ। ਇੱਕ ਫੋਟੋ ਵਿੱਚ ਹਰਮਨ ਉਸਦੇ ਮੋਢਿਆਂ ’ਤੇ ਚੁੱਕਿਆ ਹੋਇਆ ਸੀ। ਤੀਸਰੀ ਫੋਟੋ ਉਸਦੇ ਸਹੁਰੇ ਦਲੀਪ ਸਿੰਘ ਦੀ ਸੀ। ਮਨ ਵਿੱਚ ਸੋਚਦੀ ਹੈ ਕਿ ਜੇਕਰ ਸੁੱਖਾਂ ਸੁੱਖ-ਸੁੱਖ ਕੇ ਮੰਗੀ ਔਲਾਦ ਨੇ ਮੇਰੇ ਬੁਢਾਪੇ ਨੂੰ ਇੰਝ ਹੀ ਰੋਲਣਾ ਸੀ ਤਾਂ ਮੈਂ ਅਜਿਹੇ ਪੁੱਤਰ ਨਾਲੋਂ ਰੱਬ ਕੋਲੋਂ ਇੱਕ ਧੀ ਮੰਗ ਲੈਂਦੀ ਜੋ ਘੱਟੋ-ਘੱਟ ਮੈਨੂੰ ਕਦੇ ਰੋਣ ਤਾਂ ਨਾ ਦਿੰਦੀ।
ਇੰਨੇ ਵਿੱਚ ਸੁਰਜੀਤ ਕੌਰ ਦਾ ਪੋਤਾ ਕਰਨਵੀਰ ਕਮਰੇ ਵਿੱਚੋਂ ਬਾਹਰ ਆਇਆ ਅਤੇ ਆਪਣੀ ਦਾਦੀ ਨੂੰ ਕਹਿੰਦਾ, ‘‘ਦਾਦੀ, ਤੈਨੂੰ ਪਤਾ ਅੱਜ ਮਦਰਜ ਡੇ ਹੈ, ਮੈਂ ਪਾਪਾ ਨਾਲ ਤੇਰੀ ਫੋਟੋ ਕਰਨੀ ਐ, ਉਹ ਫੋਟੋ ਮੈਂ ਆਪਣੇ ਦੋਸਤਾਂ ਨੂੰ ਭੇਜਾਂਗਾ।’’ ਪੋਤੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੁਰਜੀਤ ਕੌਰ ਨੇ ਉਸ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਕਿਹਾ, ‘‘ਪੁੱਤ, ਇਹ ਫੋਟੋਆਂ ਉਦੋਂ ਚੰਗੀਆਂ ਲੱਗਦੀਆਂ ਨੇ ਜਦੋਂ ਮਨ ਖੁਸ਼ ਹੋਵੇ, ਨਹੀਂ ਤਾਂ ਇਹਨਾਂ ਨੂੰ ਦੇਖ ਕੇ ਬੰਦਾ ਸਾਰੀ ਉਮਰ ਰੋਂਦਾ ਹੀ ਰਹਿੰਦਾ ਹੈ।’’ ਇੱਕ ਏਕੜ ਵਿੱਚ ਪਾਈ ਸ਼ਾਨਦਾਰ ਕੋਠੀ ਸੁਰਜੀਤ ਕੌਰ ਨੂੰ ਖਾਣ ਨੂੰ ਆਉਂਦੀ ਅਤੇ ਕੋਠੀ ਦੇ ਕਮਰੇ ਉਸਨੂੰ ਮਿੱਠੀ ਜੇਲ੍ਹ ਜਾਪਦੇ। ਪੋਤੇ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਪਣੇ ਮਾਪਿਆਂ ਨੂੰ ਯਾਦ ਕਰਦਿਆਂ ਸੁਰਜੀਤ ਕੌਰ ਮਨ ਹੀ ਮਨ ਗੁਣਗੁਣਾ ਰਹੀ ਸੀ:-
- ਉੱਡ ਉੱਡ ਚਿੜੀਏ ਨੀ, ਉੱਡ ਬਹਿ ਜਾ ਖਿੜਕੀ
- ਮੇਰੀ ਅੰਮੜੀ ਬਾਝੋਂ ਨੀ, ਮੈਂ ਸਭ ਨੇ ਝਿੜਕੀ
- ਉੱਡ ਉੱਡ ਚਿੜੀਏ ਨੀ, ਉੱਡ ਬਹਿ ਜਾ ਉਖਲੀ
- ਮੇਰੀ ਅੰਮੜੀ ਬਾਝੋਂ ਨੀ, ਕੌਣ ਭੇਜੇ ਗੁਥਲੀ?
- ਉੱਡ ਉੱਡ ਚਿੜੀਏ ਨੀ, ਉੱਡ ਬਹਿ ਜਾ ਖੂਹੇ
- ਮੇਰੀ ਅੰਮੜੀ ਬਾਝੋਂ ਨੀ, ਕੌਣ ਭੇਜੇ ਸੂਹੇ?
ਸੰਤੋਖ ਪਾਲ
ਮੋ. 80540-10233
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ