ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home ਖੇਤੀਬਾੜੀ ਖੇਤਾਂ ਨਾਲ ਸਾਡ...

    ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ

    ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ

    ਅੱਜ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਖੁਦ ਆਪਣੇ ਹੱਕਾਂ ਦੀ ਭੀਖ ਮੰਗ ਰਿਹਾ ਹੈ। ਦਿੱਲੀ ਵਿਚ ਵਿਆਪਕ ਪੱਧਰ ‘ਤੇ ਅੰਦੋਲਨ ਚੱਲ ਰਿਹਾ ਹੈ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਮੀਨਾਂ ਤੋਂ ਬਿਨਾਂ ਕਿਸਾਨਾਂ ਦੀ ਹੋਂਦ ਮਨਫ਼ੀ ਹੈ। ਪੰਜਾਬ ਦੇ ਕਿਸਾਨਾਂ ਦਾ ਆਪਣੀਆਂ ਜਮੀਨਾਂ ਨਾਲ ਆਰਥਿਕ ਨਾਲੋਂ ਸਮਾਜਿਕ, ਪਰਿਵਾਰਕ ਮੋਹ ਜ਼ਿਆਦਾ ਹੈ। ਇਹ ਉਹ ਜਮੀਨਾਂ ਹਨ ਜੋ ਸਾਡੇ ਵੱਡ-ਵਡੇਰਿਆਂ ਨੇ ਬਲਦਾਂ-ਊਠਾਂ ਨਾਲ ਤੜਕੇ ਉੱਠ-ਉੱਠ ਕੇ ਗੁਰੂਆਂ ਦੀ ਬਾਣੀ ਪੜ੍ਹ ਕੇ ਗੁੜ ਦੀਆਂ ਡਲੀਆਂ ਤੇ ਛੋਲੇ ਭਿਉਂ ਕੇ ਖਾ ਕੇ ਤੇ ਉੱਤੋਂ ਪਾਣੀ ਪੀ ਕੇ ਆਬਾਦ ਕੀਤੀਆਂ ਹਨ।

    ਸਾਡੇ ਤਾਂ ਵੱਡ-ਵਡੇਰਿਆਂ ਦੀਆਂ ਮੜ੍ਹੀਆਂ ਵੀ ਅੱਜ ਤੱਕ ਖੇਤਾਂ ਵਿਚ ਬਣਦੀਆਂ ਆਈਆਂ ਹਨ। ਸਾਡੇ ਕਿਸਾਨਾਂ ਦੇ ਮੁੰਡੇ-ਕੁੜੀਆਂ ਦੇ ਵਿਆਹ ਵੀ ਸਾਡੇ ਖੇਤ ਸਾਡੀਆਂ ਫਸਲਾਂ ਨਿਰਧਾਰਤ ਕਰਦੇ ਹਨ ਕਿ ਵਿਆਹ ਕਿਹੜੀ ਫਸਲ ਤੋਂ ਬਾਅਦ ਤੇ ਕਿੰਨੇ ਖਰਚ ‘ਚ ਕਰਨਾ ਹੈ। ਜੇਕਰ ਫਸਲ ਚੰਗੀ ਹੋ ਜਾਵੇ ਤਾਂ ਵਿਆਹ ਗੱਜ-ਵੱਜ ਕੇ ਕੀਤੇ ਜਾਂਦੇ ਹਨ ਪਰ ਜੇਕਰ ਫਸਲ ਨੂੰ ਕੋਈ ਕੁਦਰਤੀ ਕਰੋਪੀ ਪੈ ਜਾਵੇ ਤਾਂ ਵਿਆਹ ਅਗਲੇ ਸਾਲ ਤੱਕ ਚਲੇ ਜਾਂਦੇ ਹਨ।

    ਸਾਡੀਆਂ ਦਾਦੀਆਂ-ਪੜਦਾਦੀਆਂ ਦੀ ਉਮਰ ਚਰਖਾ ਕੱਤਦਿਆਂ ਦਾਜ ਜੋੜਦਿਆਂ ਲੰਘੀ ਹੈ। ਸਾਡੇ ਦਾਦੇ-ਪੜਦਾਦੇ ਅਰਗਿਆਂ ਨੇ ਜਦ ਆਪਣੀਆਂ ਕੁੜੀਆਂ ਦੇ ਵਿਆਹ ਕਰਨੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਘਰ ਦੀਆਂ ਸਬਾਤਾਂ ‘ਚ ਪਏ ਨਰਮੇ ਦਾ ਵੱਖਰਾ ਚਾਅ ਹੁੰਦਾ ਸੀ ਤੇ ਇੱਕ ਉਮੀਦ ਹੁੰਦੀ ਸੀ ਕਿ ਇਸ ਨਾਲ ਉਨ੍ਹਾਂ ਦੇ ਕਾਰਜ ਨੇਪਰੇ ਚੜ੍ਹ ਜਾਣਗੇ। ਸਾਡੇ ਤਾਂ ਕਿਸਾਨਾਂ ਨਾਲ ਸਬੰਧਤ ਇੱਕ ਕਹਾਵਤ ਵੀ ਪ੍ਰਚਲਿਤ ਹੈ ‘ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ’ ਭਾਵ ਕਿਸਾਨਾਂ ਦੇ ਪੁੱਤਾਂ-ਪੋਤਿਆਂ-ਪੜਪੋਤਿਆਂ ਨੂੰ ਰਿਸ਼ਤੇ ਹੀ ਇਨ੍ਹਾਂ ਖੇਤਾਂ ਕਰਕੇ ਹੁੰਦੇ ਹਨ।

    ਤਿਉਹਾਰਾਂ ਦੇ ਮੌਕਿਆਂ ‘ਤੇ ਵੀ ਸਭ ਤੋਂ ਪਹਿਲਾਂ ਸਾਡੇ ਖੇਤ ਆਲੀ ਮੋਟਰ ‘ਤੇ ਖੁਸ਼ੀਆਂ ਦਾ ਦੀਵਾ ਬਲਦਾ ਹੈ ਫਿਰ ਘਰ ਦੀਵੇ ਧਰੇ ਜਾਂਦੇ ਹਨ। ਸਾਡੇ ਬਜ਼ੁਰਗ ਸਵੇਰ ਦੀਆਂ ਸੈਰਾਂ ਲਈ ਪਾਰਕ ਨਹੀਂ ਖੇਤਾਂ ਦੀਆਂ ਕੱਚੀਆਂ ਪਹੀਆਂ ਵੱਟਾਂ ਹਨ। ਗਲਤੀਆਂ ਕਿਸਾਨਾਂ ਤੋਂ ਹੋਈਆਂ ਹਨ ਉਨ੍ਹਾਂ ਨੇ ਦੇਸ਼ ਦੇ ਅੰਨ ਭੰਡਾਰ ਭਰਨ ਲਈ 1966 ‘ਚ ਹਰੀ ਕ੍ਰਾਂਤੀ ਲਿਆਂਦੀ। ਟਿੱਬਿਆਂ ਨੂੰ ਲੇਜਰ ਕਰਾਹਿਆਂ ਨਾਲ ਪੱਧਰ ਕਰਕੇ ਦਾਦੇ-ਪੜਦਾਦਿਆਂ ਦੀਆਂ ਟਾਹਲੀਆਂ ਪੁੱਟ ਸੁੱਟੀਆਂ। ਅਸੀਂ ਸਬਮਰਸੀਬਲ ਬੋਰ ਲਾ ਧਰਤੀ ਹੇਠਲਾ ਪਾਣੀ ਮੁਕਾ ਲਿਆ। ਫਸਲਾਂ ਦਾ ਝਾੜ ਵਧਾਉਣ ਲਈ ਰਸਾਇਣਿਕ ਖਾਦਾਂ ਦੀ ਲੋੜੋਂ ਵੱਧ ਵਰਤੋਂ ਕਰਕੇ ਪਾਣੀ ਤੇ ਮਿੱਟੀ ਪਲੀਤ ਕਰ ਦਿੱਤੀ।

    ਝੋਨਾ ਸਾਡੀ ਫਸਲ ਨਹੀਂ ਇਸ ਨੂੰ ਸਾਡੇ ‘ਤੇ ਥੋਪਿਆ ਗਿਆ ਜਦ ਕਿਸਾਨ ਇਸ ਦਾ ਆਦੀ ਹੋ ਗਿਆ ਫਿਰ ਉਸਨੂੰ ਫਸਲੀ ਚੱਕਰ ਤੋਂ ਬਾਹਰ ਨਿੱਕਲਣ ਦੇ ਤਾਹਨੇ ਦਿੱਤੇ ਜਾਣ ਲੱਗੇ। ਅੱਜ ਜਦ ਕਿਸਾਨ ਆਪਣਾ ਸਾਰਾ ਕੁਝ ਗੁਆ ਚੁੱਕਾ ਹੈ ਤਾਂ ਅੱਜ ਉਸ ਤੋਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਜਮੀਨਾਂ ਹਥਿਆਉਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ। ਇਸ ਕਿਸਾਨ ਸੰਘਰਸ਼ ਦਾ ਨਤੀਜਾ ਕੁਝ ਵੀ ਹੋਵੇ ਪਰ ਇੱਕ ਗੱਲ ਪ੍ਰਤੱਖ ਹੈ ਕਿ ਕਿਸਾਨ ਬੰਦਾ ਬਹਾਦਰ ਦੁਆਰਾ ਬਖਸ਼ੇ ਖੇਤਾਂ ‘ਤੇ ਇਹ ਪੂੰਜੀਵਾਦੀ ਟੋਲਿਆਂ ਨੂੰ ਕਾਬਜ਼ ਨਹੀਂ ਹੋਣ ਦੇਵੇਗਾ।
    ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ।
    ਮੋ. 73077-36899
    ਕਮਲ ਬਰਾੜ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.