ਤਿੰਨੇ ਕਾਲੇ ਕਾਨੂੰਨ ਮਰ ਚੁੱਕੇ ਹਨ ਸਿਰਫ ਮੌਤ ਵਾਲਾ ਸਰਟੀਫਿਕੇਟ ਮਿਲਣਾ ਬਾਕੀ : ਡਾ. ਦਰਸ਼ਨਪਾਲ
- ਸਵੈਗ ਵੱਲੋਂ ਕਿਸਾਨ ਸੰਘਰਸ਼ ਨੂੰ ਪਹਿਲੀ ਵਾਰ ਵਿੱਦਿਅਕ ਅਦਾਰਿਆਂ ‘ਚ ਕਿਸਾਨ ਸੰਘਰਸ਼ ਨੂੰ ਲਿਜਾਣ ਦਾ ਪਲੇਠਾ ਯਤਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਸਟੂਡੈਂਟ ਵੈਲਫੇਅਰ ਐਸੋਸੀਏਟ ਗਰੁੱਪ ਵੱਲੋਂ ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਿਸਾਨ ਆਗੂ ਅਤੇ ਹੋਰ ਬੁਲਾਰੇ ਪੁੱਜੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ‘ਚ ਲੋਕਤੰਤਰਿਕ ਸਰਕਾਰ ਦੇ ਅਰਥ ਬਦਲ ਚੁੱਕੇ ਹਨ ਅਤੇ ਇਸ ਵਿੱਚ ਪੂੰੰਜੀਪਤੀਆਂ ਦੁਆਰਾ, ਆਪਣੇ ਲਈ ਬਣਾਈ ਗਈ ਭਾਵ ਪੂੰਜੀਪਤੀਆਂ ਦੀ ਸਰਕਾਰ ਦਾ ਰਾਜ ਹੈ।
ਕਿਸਾਨ ਸੰਘਰਸ਼ ਦੀ ਚਰਚਾ ਅੱਜ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਹੋ ਚੁੱਕੀ ਹੈ
ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਸਾਡੇ ਦੇਸ਼ ‘ਚ ਅੱਜ ਹਰੇਕ ਕਾਨੂੰਨ ਪੂੰਜੀਪਤੀ ਲੋਕਾਂ ਦੀ ਬਿਹਤਰੀ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਰਾਜਨੀਤੀ ’ਚ, ਲੋਕਾਂ ਦੀ ਥਾਂ ਨਿੱਜਤਾ ਭਾਰੂ ਹੋ ਗਈ ਹੈ, ਜਿਸ ਕਾਰਨ ਰਾਜੀਨੀਤਿਕ ਨੇਤਾਵਾਂ ਕੋਲ, ਆਮ ਲੋਕਾਂ ਲਈ ਕੁਝ ਕਰਨ ਦਾ ਸਮਾਂ ਤੇ ਸੋਚ ਨਹੀਂ ਰਹੀ।
ਰਾਜੇਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਚਰਚਾ ਅੱਜ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆ ਭਰ ਚ ਹੋ ਚੁੱਕੀ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਲੋਕਾਂ ਦੇ ਜੁਝਾਰੂਪਣ ਤੇ ਸਾਡੇ ਦੇਸ਼ ਦੀ ਸਰਕਾਰ ਦੇ ਗੈਰਮਨੁੱਖੀ ਵਰਤਾਰੇ ਦੀ ਚਰਚਾ ਵਿਸ਼ਵ ਪੱਧਰ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਕਾਰਨ ਅੱਜ ਪੰਜਾਬ ਦੇ 65 ਫੀਸਦੀ ਕਿਸਾਨ ਤੇ 75 ਫੀਸਦੀ ਮਜ਼ਦੂਰ ਮੈਟਿ੍ਰਕ ਪਾਸ ਵੀ ਨਹੀਂ ਹਨ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਗਏ ਸਰਵੇਖਣ ਤੇ ਅਧਾਰਤ ਹੈ। ਇਸ ਮੌਕੇ ਉੱਘੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਸਦਕਾ ਤਿੰਨ ਕਾਲੇ ਕਾਨੂੰਨ ਮਰ ਚੁੱਕੇ ਹਨ ਤੇ ਕੋਈ ਵੀ ਰਾਜਨੀਤਿਕ ਪਾਰਟੀ ਇਨ੍ਹਾਂ ਕਾਨੂੰਨਾਂ ਨੂੰ ਭਵਿੱਖ ’ਚ ਲਾਗੂ ਕਰਨ ਦੀ ਜੁਅਰਤ ਨਹੀਂ ਦਿਖਾਏਗੀ।
ਸਿਰਫ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਮੌਤ ਦੇ ਸਰਟੀਫਿਕੇਟ ’ਤੇ ਦਸਤਖਤ ਕਰਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਕਿਸਾਨਾਂ ਨੇ ਆਪਣੇ ਅੰਦੋਲਨ ਰਾਹੀਂ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੀ ਚੁਣੌਤੀ ਦੇਣ ਦੀ ਹਿੰਮਤ ਦਿਖਾਈ ਹੈ। ਨਾਮਵਰ ਗਾਇਕ ਪਰਮਜੀਤ ਸਿੱਧੂ ਪੰਮੀ ਬਾਈ ਨੇ ਕਿਹਾ ਕਿ ਇਸ ਸਮੇਂ ਸਾਡੇ ਦੇਸ਼ ’ਚ ਜਿਹੋ-ਜਿਹਾ ਮਾੜਾ ਦੌਰ ਚੱਲ ਰਿਹਾ ਹੈ, ਉਸ ’ਚੋਂ ਨਿੱਕਲਣ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਤੇ ਫਰਜਾਂ ਲਈ ਸੁਚੇਤ ਕਰਨਾ ਚਾਹੀਦਾ ਹੈ।
ਸਾਡੇ ਦੇਸ਼ ਦੀ ਸਰਕਾਰ ਹਰ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਉੱਘੇ ਆਰਥ ਸ਼ਾਸ਼ਤਰੀ ਤੇ ਪ੍ਰੋ. ਸੁਖਪਾਲ ਨੇ ਅੰਕੜਿਆਂ ਸਹਿਤ ਦੇਸ਼ ਦੀ ਮਾਲੀ ਹਾਲਤ, ਕੁਦਰਤੀ ਸਾਧਨਾਂ ਤੇ ਕਿਰਤ ਦੀ ਵੰਡ ਬਾਰੇ ਵਿਸਥਾਰ ’ਚ ਰੋਸ਼ਨੀ ਪਾਈ। ਸਾਬਕਾ ਆਈ.ਏ.ਐਸ. ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਸਮੇਂ ‘ਚ ਜਿਸ ਤਰ੍ਹਾਂ ਸਾਡੇ ਦੇਸ਼ ਦੀ ਸਰਕਾਰ ਹਰ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ, ਉਸ ਨੂੰ ਠੱਲਣ ਲਈ ਵਿਸ਼ਾਲ ਲੋਕ ਲਹਿਰ ਦੀ ਜਰੂਰਤ ਹੈ। ਇਸੇ ਲਈ ਹਰ ਵਰਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੰਗੇਰੇ ਭਵਿੱਖ ਲਈ ਕਿਸਾਨ ਅੰਦੋਲਨ ਦੀ ਹਮਾਇਤ ‘ਚ ਨਿੱਤਰੇ। ਗਾਇਕ ਜਸ ਬਾਜਵਾ ਨੇ ਕਿਸਾਨ ਸੰਘਰਸ਼ ਨੂੰ ਵਧੀਆ ਤਰੀਕੇ ਨਾਲ ਸੰਗਠਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀ ਵਰਗ ਨੂੰ ਵੱਧ-ਚੜ੍ਹ ਕੇ ਇਸ ’ਚ ਹਿੱਸਾ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਦਿੱਲੀ ਚੱਲੋ’ ਮਾਨਵ ਮੰਚ ਦੀ ਟੀਮ ਵੱਲੋਂ ਖੇਡਿਆ ਗਿਆ। ਕਿਸਾਨ ਸੰਘਰਸ਼ ‘ਚ ਆਪਣੇ ਪੁੱਤਰ ਦੀ ਸ਼ਹਾਦਤ ਦੇ ਚੁੱਕੀ ਮਾਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਗੂ ਰਣਵੀਰ ਸਿੰਘ ਦੇਹਲਾ, ਗੁਰਬਾਜ਼ ਧਾਲੀਵਾਲ, ਸਰਪੰਚ ਗੁਰਦੀਪ ਸਿੰਘ ਭੁੱਲਰ, ਗੈਰੀ ਰੰਧਾਵਾ, ਹੈਰੀ ਪੂੰਨੀਆ, ਸਿਮਰਜੀਤ ਸਰਾਓ, ਬਿੱਟਾ ਰੁੜਕੀ, ਬੌਬੀ, ਬੰਟੀ, ਸੰਦੀਪ ਸਿੰਘ, ਗੁਰਦੀਪ ਸਿੰਘ ਖੁਨਾਲ, ਪ੍ਰਦੀਪ ਸਿੰਘ ਧਾਲੀਵਾਲ, ਉਪਿੰਦਰ ਸਿੰਘ ਵਿੱਕੀ, ਹੈਪੀ ਪਾਪੜਾ, ਅਜ਼ਾਦ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ