ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ‘ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣੀ। ਅੰਨਦਾਤਾ, ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਂਜ ਤਾਂ ਉਸ ਲਈ ਉਹ ਸਾਰੀਆਂ ਫਸਲਾਂ ਹੀ ਮਹੱਤਵ ਰੱਖਦੀਆਂ ਹਨ ਜੋ ਉਹ ਇਸ ਸੋਨੇ ਰੂਪੀ ਧਰਤੀ ‘ਤੇ ਉਗਾਉਂਦਾ ਹੈ ਕਿਉਂਕਿ ਉਸ ਦੀਆਂ ਬੜੀਆਂ ਸਧਰਾਂ, ਆਸਾਂ ਹੁੰਦੀਆਂ ਹਨ ਇਨ੍ਹਾਂ ਫਸਲਾਂ ਤੋਂ। ਕਿਸਾਨੀ ਮੁੜ੍ਹਕੇ ਨਾਲ ਸਿੰਜ ਕੇ ਇਹ ਫਸਲਾਂ ਅਖੀਰ ਵਿਚ ਆ ਕੇ ਕਿਸਾਨ ਦੀ ਝੋਲੀ ਉਸ ਦੀ ਮਿਹਨਤ ਪਾਉਂਦੀਆਂ ਹਨ। ਬੇਸ਼ੱਕ ਮਾਲਵਾ ਪੱਟੀ ਦੇ ਬਹੁਤ ਸਾਰੇ ਹਿੱਸੇ ਵਿਚ ਅੱਜ ਵੀ ਨਰਮੇ-ਕਪਾਹ ਦੀ ਪੈਦਾਵਾਰ ਹੁੰਦੀ ਆ ਪਰ ਅੱਜ ਉਸ ਹੱਦ ਤੱਕ ਨਹੀਂ ਹੁੰਦੀ ਜੋ ਅੱਜ ਤੋਂ 10-15 ਸਾਲ ਪਹਿਲਾਂ ਹੁੰਦੀ ਸੀ ਕਿਉਂਕਿ ਉਸ ਸਮੇਂ ਕਿਸਾਨਾਂ ਕੋਲ ਪਾਣੀ ਦੇ ਸਾਧਨ ਨਹੀਂ ਸਨ। ਨਰਮੇ-ਕਪਾਹ ਦੀ ਫਸਲ ਜਿੱਥੇ ਕਿਸਾਨਾਂ ਦੀ ਆਰਥਿਕਤਾ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ, ਉੱਥੇ ਇਸ ਨਾਲ ਕਿਸਾਨ ਦਾ ਨਿੱਜੀ ਜੀਵਨ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।
ਦਾਦੀ ਨੇ ਦੱਸਣਾ ਕਿ ਚੜ੍ਹਦੇ ਅੱਸੂ ‘ਚ ਸਰਾਧਾਂ ਤੋਂ ਪਹਿਲਾਂ ਹੱਥ ਕੀਤਾ ਜਾਂਦਾ ਸੀ ਮੈਨੂੰ ਸਰਾਧਾਂ ਦੀ ਸਮਝ ਨਾ ਆਈ ਕਿ ਸਰਾਧਾਂ ਤੋਂ ਪਹਿਲਾਂ ਹੱਥ ਕਰਨਾ ਕਿਉਂ ਜ਼ਰੂਰੀ ਆ? ਨਰਮਾ ਚੁਗਣ ਦਾ ਸਰਾਧਾਂ ਨਾਲ ਕੀ ਸਬੰਧ। ਮੈਂ ਦਾਦੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ, ਪੁੱਤ ਸਰਾਧ ਆਪਣੇ ਵੱਡ- ਵਡੇਰਿਆਂ ਦੇ ਹੁੰਦੇ ਆ ਮੈਨੂੰ ਯਾਦ ਆ ਗਿਆ ਕਿ ਮੇਰਾ ਪੜਦਾਦਾ ਵੀ ਸਰਾਧ ਕਰਦਾ ਹੁੰਦਾ ਸੀ ਖੀਰ ਬਣਾਈ ਜਾਂਦੀ ਤੇ ਗੁਆਂਢੀਆਂ ਦੀਆਂ ਛੋਟੀਆਂ-ਛੋਟੀਆਂ ਕੁਡੀਆਂ ਬਾਟੀ ਲਈ ਆਉਂਦੀਆਂ ਤੇ ਨਾਲੇ ਖੀਰ ਰੋਟੀ ਖਾ ਜਾਂਦੀਆਂ ਨਾਲੇ ਪੜਦਾਦੇ ਨੇ 10-10 ਰੁਪਏ ਦੇਈ ਜਾਣੇ।
ਮੈ ਪੜਦਾਦੇ ਤੋਂ ਪੁੱਛ ਲੈਣਾ, ਹੁਣ ਆਪਣੇ ਵੱਡ-ਵਡੇਰੇ ਖੁਸ਼ ਹੋ ਗਏ ਹੋਣਗੇ? ਤਾਂ ਪੜਦਾਦੇ ਨੇ ਕਹਿਣਾ ਧੀਆਂ-ਧਿਆਣੀਆਂ ਨੂੰ ਰੋਟੀ ਖੁਆਉਣ ਜਿੱਡਾ ਕੋਈ ਪੁੰਨ ਨਹੀਂ ਤਾਂ ਮੈਨੂੰ ਕੁਝ ਹੱਦ ਤੱਕ ਠੀਕਾ ਲੱਗਣਾ ਕਿ ਇੰਨੇ ਬਹਾਨੇ ਨਾਲ ਪੁੰਨ-ਦਾਨ ਹੋ ਜਾਂਦਾ। ਦਾਦੀ ਨੂੰ ਪੁੱਛਿਆ ਕਿ ਸਰਾਧਾਂ ਤੋਂ ਪਹਿਲਾਂ ਨਰਮਾ ਚੁਗਣਾ ਕਿਉਂ ਜਰੂਰੀ ਹੁੰਦਾ ਤਾਂ ਦਾਦੀ ਨੇ ਦੱਸਣਾ, ਪੁੱਤ ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਤਾਂ ਕਰਕੇ ਮਾੜੇ ਹੁੰਦੇ ਆ, ਪਹਿਲਾਂ ਹੱਥ ਕਰਨਾ ਚੰਗਾ ਹੁੰਦਾ ਤਾਂ ਮੈਂ ਸੋਚਿਆ ਮੇਰਾ ਪੜਦਾਦਾ ਸਰਾਧਾਂ ‘ਚ ਦਾਨ-ਪੁੰਨ ਕਰਦਾ ਦੂਸਰੇ ਪਾਸੇ ਮੇਰੀ ਦਾਦੀ ਕਹਿੰਦੀ, ਇਹ ਆਪਣੇ ਮੁਰਦਿਆਂ ਦੇ ਦਿਨ ਹੁੰਦੇ ਆ ਸੋ ਮੈਂ ਸਰਾਧਾਂ ਦਾ ਵਿਸ਼ਾ ਛੱਡਣ ‘ਚ ਭਲਾ ਸਮਝਿਆ।
ਨਰਮੇ ਦੀ ਫਸਲ ਦਾ ਕਿਸਾਨੀ ਆਰਥਿਕਤਾ ‘ਚ ਵੀ ਵਿਸ਼ੇਸ਼ ਮਹੱਤਵ ਹੁੰਦਾ ਸੀ ਜਦ ਕਦੇ ਪੈਸਿਆਂ ਦੀ ਤੰਗੀ-ਤੁਰਸ਼ੀ ਆਉਣੀ ਤਾਂ ਮਣ ਦੋ ਮਣ ਨਰਮਾ ਸ਼ਾਹੂਕਾਰ ਕੋਲ ਵੇਚ ਆਉਣਾ। ਉਸ ਸਮੇਂ ਵਿਆਹ ਵੀ ਨਰਮੇ ਦੀ ਫਸਲ ਨੂੰ ਦੇਖ ਕੇ ਰੱਖੇ ਜਾਂਦੇ ਸਨ। ਦਾਦੀ ਨੇ ਦੱਸਿਆ ਤਾਂ ਮੈ ਹੈਰਾਨ ਰਹਿ ਗਿਆ ਕਿ ਮੇਰੀ ਜਦ ਵੱਡੀ ਭੂਆ ਦਾ ਵਿਆਹ ਕੀਤਾ ਉਸ ਸਮੇਂ ਕੇਵਲ 8 ਕੁਇੰਟਲ ਨਰਮਾ ਹੋਇਆ ਸੀ ਪਰ ਫਿਰ ਵੀ ਵਧੀਆ ਢੰਗ ਨਾਲ ਵਿਆਹ ਕੀਤਾ ਸੀ ਤੇ ਅੱਜ ਦੇ ਸਮੇਂ ਵਿਚ ਟਨਾਂ ਦੇ ਹਿਸਾਬ ਨਾਲ ਅਨਾਜ ਵੇਚ ਕੇ ਵੀ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪੁਆਈ ਜਾਣੇ ਤੇ ਨਾਲੇ ਅੱਜ ਦੇ ਵਿਆਹ ਉਸ ਸਮੇਂ ਦੇ ਵਿਆਹਾਂ ਜਿੰਨੀ ਖੁਸ਼ੀ ਨਹੀਂ ਦਿੰਦੇ। ਉਸ ਸਮੇਂ ਜੋ ਦਾਜ ਦਿੱਤਾ ਜਾਂਦਾ ਸੀ ਉਹ ਵੀ ਲਗਪਗ ਨਰਮੇ ਦੀ ਫਸਲ ਨਾਲ ਹੀ ਸਬੰਧਿਤ ਹੁੰਦਾ ਸੀ। ਕਿਉਂਕਿ ਉਸ ਸਮੇਂ ਘਰ-ਘਰ ਖੱਡੀਆਂ ਹੁੰਦੀਆਂ ਸਨ। ਜਿੱਥੇ ਖੇਸ ਚਾਦਰਾਂ ਬੁਣੀਆਂ ਜਾਂਦੀਆਂ ਸਨ। ਨਲਕੀਆਂ ਤਾਣੀ ਵਿੱਚੋਂ ਦੀ ਲੰਘਾ ਕੇ ਹੱਥੇ ਨਾਲ ਠੋਕੀਆਂ ਜਾਂਦੀਆਂ ਸਨ। ਇਹ ਨਲਕੀਆਂ ਊਰੀ ਘੁਮਾ ਕੇ ਵੱਟੀਆਂ ਜਾਂਦੀਆਂ ਸਨ। ਊਰੀ ‘ਤੇ ਇੱਕ ਬੋਲੀ ਵੀ ਪ੍ਰਚਲਿਤ ਸੀ।
ਐਡੀ ਕੁ ਲੱਕੜੀ ਆਸੇ ਦੀ,ਘਰ ਭੀੜਾ ਬਹੂ ਤਮਾਸ਼ੇ ਦੀ
ਭਾਵ ਜਿਨ੍ਹਾਂ ਦੇ ਘਰ ਭੀੜੇ ਹੁੰਦੇ ਸਨ ਉਨ੍ਹਾਂ ਲਈ ਇਹ ਬੋਲੀ ਅਕਸਰ ਪਾਈ ਜਾਂਦੀ ਸੀ। ਉਸ ਸਮੇਂ ਕੁੜੀਆਂ ਦਾਜ ਦਾ ਸਾਮਾਨ ਆਪਣੇ ਹੱਥੀਂ ਤਿਆਰ ਕਰਦੀਆਂ ਸਨ। ਉਸ ਸਮੇਂ ਪਿੰਡਾਂ ਵਿਚ ਵੇਲਣੀਆਂ ਬਣੀਆਂ ਹੁੰਦੀਆਂ ਸਨ ਜੋ ਨਰਮੇ ਜਾਂ ਕਪਾਹ ਨੂੰ ਵੇਲ ਕੇ ਵੜੇਵੇਂ ਇੱਕ ਪਾਸੇ ਕੱਢੀ ਜਾਂਦੀਆਂ ਸਨ ਤੇ ਰੂੰ ਇੱਕ ਪਾਸੇ। ਦਾਦੀ ਨੇ ਦੱਸਣਾ, ਉਸ ਸਮੇਂ ਕਿਸੇ ਇੱਕ ਥਾਂ ਬੁੜ੍ਹੀਆਂ ਜਾ-ਜਾ ਆਪਣੀਆਂ ਗੁੱਡੀਆਂ (ਪੂਣੀਆਂ) ਰੱਖੀ ਜਾਂਦੀਆਂ ਇਸ ਨੂੰ ਸੋਪ ਪਾਉਣਾ ਕਿਹਾ ਜਾਂਦਾ ਸੀ ਤੇ ਫਿਰ ਸਾਰੀਆਂ ਇਕੱਠੀਆਂ ਹੋ ਕੇ ਆਪਣੇ-ਆਪਣੇ ਚਰਖੇ ਡਾਹ ਲੈਂਦੀਆਂ ਤੇ ਸਾਰਾ ਦਿਨ ਚਰਖਾ ਕੱਤੀ ਜਾਂਦੀਆਂ। ਗਲੋਟੇ ਟੇਰ ਕੇ ਸੂਤ ਦੀਆਂ ਅੱਟੀਆਂ ਬਣਾ ਲੈਂਦੀਆਂ ਜੋ ਗਦੇਲੇ, ਚਾਦਰਾਂ, ਟੋਟੇ ਬੁਣਾਉਣ ਦੇ ਕੰਮ ਆਉਂਦੀਆਂ। ਮਰਦ ਵੀ ਉਸ ਸਮੇਂ ਵਿਹਲੇ ਹੋ ਕੇ 18 ਲੜਾ ਸੂਤ ਵੱਟ ਕੇ ਪਿੰਨੇ ਬਣਾਈ ਜਾਂਦੇ ਜੋ ਪਿੰਨੇ ਬਾਅਦ ‘ਚ ਮੰਜੇ ਬਣਾਉਣ ਦੇ ਕੰਮ ਆਉਂਦੇ। ਦਾਜ ‘ਚ ਜਿਆਦਾਤਾਰ ਸੂਤ ਦੇ ਬੁਣੇ ਮੰਜੇ ਦਿੱਤੇ ਜਾਂਦੇ ਸਨ। ਉਸ ਸਮੇਂ ਦਾਜ ‘ਚ ਬਾਗ ਵੀ ਵਿਸ਼ੇਸ਼ ਮਹੱਤਵ ਰੱਖਦਾ ਸੀ ਜੋ ਕਿ ਖੱਦਰ ਰੰਗ ਕੇ ਪੱਟ (ਕੂਲਾ ਜਾਂ ਰੰਗ-ਬਰੰਗਾ ਧਾਗਾ) ਨਾਲ ਕੱਢੇ ਜਾਂਦੇ ਸਨ। ਇਸ ਲਈ ਨਰਮਾ ਜਿੱਥੇ ਆਰਥਿਕਤਾ ਤੇ ਵਿਆਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਸੀ, Àੁੱਥੇ ਇਹ ਸਾਂਝ ਦਾ ਪ੍ਰਤੀਕ ਵੀ ਸੀ।
ਕਿਉਂਕਿ ਉਸ ਸਮੇਂ ਨਰਮਾ ਕਾਫੀ ਹੁੰਦਾ ਸੀ ਇਸ ਲਈ ਚੋਣੇ (ਨਰਮਾ ਚੁਗਣ ਵਾਲੇ) ਬਾਹਰੋਂ ਲਿਆਏ ਜਾਂਦੇ ਸਨ। ਉਨ੍ਹਾਂ ਲਈ ਘਰਾਂ ਦੀਆਂ ਬਾਹਰੀ ਸਬਾਤਾਂ ਰਾਖਵੀਆਂ ਹੁੰਦੀਆਂ ਸਨ। ਉਨ੍ਹਾਂ ਦੇ ਪਰਿਵਾਰ ਦੀ ਚਹਿਲ-ਪਹਿਲ ਿਜੰਮੀਦਾਰਾਂ ਦੇ ਵਿਹੜੇ ਵਿਚ ਰੌਣਕ ਲਾਈ ਰੱਖਦੀ ਸੀ ਤੇ ਉਹ ਇੱਕ ਪਰਿਵਾਰ ਵਾਂਗ ਰਚ-ਮਿਚ ਜਾਂਦੇ ਸਨ ਕਿਉਂਕਿ ਉਸ ਸਮੇਂ ਲੋਕ ਬਹੁਤ ਮਿਲਣਸਾਰ ਤੇ ਸਾਫ ਅਕਸ ਵਾਲੇ ਹੁੰਦੇ ਸਨ। ਦਾਦੀ ਨੇ ਦੱਸਣਾ ਕਿ ਇਕ ਵਾਰ ਉਹ ਤ੍ਰਿਕਾਲੇ ਹੀ ਨਰਮਾ ਚੁਗਣ ਚਲੀ ਗਈ ਤੇ ਉਸ ਨੇ ਵੱਖਰਾ ਹੀ ਕਿਆਰਾ (ਖੇਤ ਦਾ ਹਿੱਸਾ) ਸ਼ੁਰੂ ਕਰ ਲਿਆ ਤੇ ਉਸ ਨੇ ਇਕੱਲੀ ਨੇ ਤਿੰਨ ਮਣ ਨਰਮਾ ਚੁਗ ਦਿੱਤਾ। ਮੈਨੂੰ ਲੱਗਿਆ ਬੜੀਆਂ ਸਿਰੜੀ ਤੇ ਮਿਹਨਤੀ ਔਰਤਾਂ ਸਨ।
ਪਹਿਲਾਂ ਘਰ ਦਾ ਸਾਰਾ ਕੰਮ ਕਰਨਾ ਫਿਰ ਖੇਤ ਜਾ ਦਿਨ ਛਿਪਦੇ ਤੱਕ ਨਰਮਾ ਚੁਗੀ ਜਾਣਾ ਤੇ ਫਿਰ ਘਰ ਆ ਕੇ ਫਿਰ ਕੰਮ ਕਰਨਾ। ਦਾਦੀ ਨੇ ਦੱਸਣਾ ਨਰਮਾ ਚੁਗ ਕੇ ਟੀਂਡੇ ਤੋੜਣੇ ਤੇ ਫਿਰ ਉਨ੍ਹਾਂ ਨੂੰ ਕੋਠਿਆਂ ‘ਤੇ ਖਿਲਾਰ ਦੇਣਾ ਤੇ ਫਿਰ ਜਦ ਖਿੜ ਜਾਣੇ ਤੇ ਨਰਮਾ ਕੱਢਣਾ ਤੇ ਜੋ ਸਿਕਰੀਆ (ਖੋਖੜਾਂ) ਹੁੰਦੀਆਂ ਸਨ ਉਹ ਬਾਲਣ ਤੇ ਧੂਣੀ ਤਪਾਉਣ ਦੇ ਕੰਮ ਆਉਂਦੀਆਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲੇ ਨਰਮਾ ਕੱਢੀ ਜਾਣਾ ਤੇ ਨਾਲੇ ਧੂਣੀ ਸੇਕੀ ਜਾਣੀ। ਬੜਾ ਅਪਣੱਤਾਂ ਵਾਲਾ ਮਾਹੌਲ ਹੁੰਦਾ ਸੀ ਆਂਢ-ਗੁਆਂਢ ‘ਚੋਂ ਵੀ ਆ ਕੇ ਕੋਈ ਹੱਥ ਵਟਾਉਣ ਲੱਗ ਪੈਂਦਾ ਸੀ। ਮੈਨੂੰ ਯਾਦ ਹੈ ਕਿ ਜਦ ਨਰਮਾ ਪੁੱਟ ਕੇ ਛਿਟੀਆਂ ਦੇ ਛੌਰ (ਢੇਰ) ਲਾਏ ਜਾਂਦੇ ਸਨ ਤਾਂ ਅਸੀਂ ਛੌਰਾਂ ‘ਚੋਂ ਨਰਮਾ ਚੁਗ ਕੇ ਇਕੱਠਾ ਕਰੀ ਜਾਣਾ ਤੇ ਜਦ ਕਾਫੀ ਹੋ ਜਾਣਾ ਤਾਂ ਵੇਚ ਕੇ ਕੁਝ ਖਾਣ ਨੂੰ ਲੈ ਲੈਣਾ। ਵਰਤਮਾਨ ਸਮੇਂ ਵਿਚ ਬੇਸ਼ੱਕ ਨਰਮਾ ਹੁੰਦਾ ਹੈ ਪਰ ਉਹ ਸਿਰਫ ਇੱਕ ਫਸਲ ਬਣ ਕੇ ਰਹਿ ਗਿਆ ਹੈ। ਨਰਮੇ ‘ਚ ਪੁਰਾਣੇ ਸਮੇਂ ਆਲੀ ਗੱਲ ਨਹੀਂ ਬੇਸ਼ੱਕ ਅਸੀਂ ਅਨਾਜ ਪੈਦਾ ਕਰਕੇ ਵੱਡੇ-ਵੱਡੇ ਗੋਦਾਮ ਭਰ ਦਿੱਤੇ ਪਰ ਸਾਡੇ ਮੋਹ ਪਿਆਰ, ਸਾਂਝੀਵਾਲਤਾ ਵਾਲੇ ਭੜੋਲੇ ਹਾਲੇ ਵੀ ਖਾਲੀ ਹਨ।
ਕਮਲ ਬਰਾੜ, ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।