ਸਾਧ-ਸੰਗਤ ਨੇ ਮਨੋਹਰ ਲਾਲ ਦੀ ਮ੍ਰਿਤਕ ਦੇਹ ਬਾਜਾਖਾਨਾ-ਬਰਨਾਲਾ ਸੜਕ ‘ਤੇ ਰੱਖਕੇ ਲਾਇਆ ਧਰਨਾ
ਸਲਾਬਤਪੁਰਾ, (ਸੁਰਿੰਦਰਪਾਲ) ਕਸਬਾ ਭਗਤਾ ਭਾਈਕਾ ਵਿਖੇ ਬੀਤੀ ਸ਼ਾਮ ਨੂੰ ਦੋ ਅਣਪਛਾਤਿਆਂ ਵੱਲੋਂ ਆਪਣੀ ਹੀ ਦੁਕਾਨ ‘ਚ ਬੈਠੇ ਡੇਰਾ ਸ਼ਰਧਾਲੂ ਮਨੋਹਰ ਲਾਲ ਇੰਸਾਂ (55) ਦਾ ਗੋਲੀਆਂ ਮਾਰਕੇ ਕਤਲ ਕਰਨ ਕਰਕੇ ਸਾਧ ਸੰਗਤ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ੍ਰੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚੋਂ ਅੱਜ ਸਵੇਰੇ ਪੋਸਟਮਾਰਟਮ ਮਗਰੋਂ ਡੇਰਾ ਸੱਚਾ ਸੌਦਾ ਦੀ ਬ੍ਰਾਂਚ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਾਤਪੁਰਾ ਲਿਆਂਦਾ ਗਿਆ ਜਿੱਥੇ ਬਾਜਾਖਾਨਾ-ਬਰਨਾਲਾ ਸੜਕ ‘ਤੇ ਲਾਸ਼ ਰੱਖਕੇ ਸਾਧ-ਸੰਗਤ ਨੇ ਧਰਨਾ ਲਗਾ ਦਿੱਤਾ
ਸਾਧ-ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਿਨ-ਦਿਹਾੜੇ ਇਸ ਖੌਫਨਾਕ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਬਾਅਦ ਦੁਪਹਿਰ ਮਨੋਹਰ ਲਾਲ ਦੀ ਮ੍ਰਿਤਕ ਦੇਹ ਨੂੰ ਬਾਜਾਖਾਨਾ-ਬਰਨਾਲਾ ਸੜਕ ‘ਤੇ ਰੱਖ ਕੇ ਲਗਾਏ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਸਾਧ-ਸੰਗਤ ਇਕੱਠੀ ਹੋ ਗਈ ਇਸ ਦੌਰਾਨ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਜਿੰਮੇਵਾਰਾਂ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਇਸ ਦੌਰਾਨ ਜਿੰਮੇਵਾਰਾਂ ਨੇ ਉਹਨਾਂ ਨੂੰ ਸਪੱਸ਼ਟ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦਾ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ
ਧਰਨੇ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਸਟੇਟ ਕਮੇਟੀ ਦੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਦੇ ਕਤਲ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਪੰਜਾਬ ਵਿੱਚ ਹੀ ਵਾਪਰੀ ਹੋਈ ਸੱਤਵੀਂ ਘਟਨਾ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਹਰ ਵਾਰ ਵਿਸ਼ਵਾਸ਼ ਦਿਵਾਇਆ ਜਾਂਦਾ ਹੈ ਪ੍ਰੰਤੂ ਬਾਅਦ ਵਿੱਚ ਕੋਈ ਕਾਰਵਾਈ ਸਿਰੇ ਨਹੀਂ ਲੱਗਦੀ ਹਰਚਰਨ ਸਿੰਘ ਨੇ ਅੱਗੇ ਆਖਿਆ ਕਿ ਇੱਕ ਸਾਜਿਸ਼ ਤਹਿਤ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਡੇਰਾ ਸ਼ਰਧਾਲੂਆਂ ਦੇ ਸਿਰ ਮੜ੍ਹਿਆ ਗਿਆ ਤੇ ਇਸੇ ਆੜ ‘ਚ ਮਹਿੰਦਰਪਾਲ ਬਿੱਟੂ ਉੱਪਰ ਬੇਹਤਾਸ਼ਾ ਜੁਲਮ ਕੀਤਾ ਗਿਆ ਅਤੇ ਜ਼ੇਲ੍ਹ ‘ਚ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਉਹ ਆਖਰ ਕਦੋਂ ਤੱਕ ਇਹ ਸਹਿਣ ਕਰਦੇ ਰਹਿਣਗੇ ਸੰਬੋਧਨ ਦੌਰਾਨ ਉਨ੍ਹਾਂ ਪ੍ਰਸ਼ਾਸ਼ਨ ਨੂੰ ਖੁੱਲ੍ਹੇਆਮ ਕਿਹਾ ਕਿ ਸਮਾਜ ਵਿਰੋਧੀ ਅਨਸਰ ਜੋ ਪੰਜਾਬ ਨੂੰ ਅੱਗ ਦੇ ਮੂੰਹ ‘ਚ ਸੁੱਟਣਾ ਚਾਹੁੰਦੇ ਹਨ,
ਜੇ ਉਨ੍ਹਾਂ ‘ਤੇ ਨਕੇਲ ਨਾ ਕਸੀ ਤਾਂ ਨੁਕਸਾਨ ਜ਼ਿਆਦਾ ਹੋਵੇਗਾ ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਸੜਕਾਂ ‘ਤੇ ਬੈਠਣ ਦਾ ਕੋਈ ਸ਼ੌਂਕ ਨਹੀਂ ਹੈ ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਖ਼ਬਰ ਲਿਖੇ ਜਾਣ ਤੱਕ ਸਾਧ ਸੰਗਤ ਧਰਨੇ ‘ਤੇ ਡਟੀ ਹੋਈ ਸੀ ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਬਲਜਿੰਦਰ ਸਿੰਘ ਬਾਂਡੀ, ਬਲਰਾਜ ਸਿੰਘ ਬਾਹੋ, ਪਰਮਜੀਤ ਸਿੰਘ ਨੰਗਲ, ਅਵਤਾਰ ਸਿੰਘ ਇੰਸਾਂ, ਰਵੀ ਇੰਸਾਂ, 45 ਮੈਂਬਰ ਸੰਤੋਖ ਇੰਸਾਂ, ਬਲਦੇਵ ਕ੍ਰਿਸ਼ਨ, ਹਰਿੰਦਰ ਮੰਗਵਾਲ ਅਤੇ ਜਤਿੰਦਰ ਮਹਾਸ਼ਾ ਆਦਿ ਹਾਜ਼ਰ ਸਨ
ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ : ਆਈਜੀ
ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੂੰ ਉੱਥੇ ਭੇਜਿਆ ਗਿਆ ਹੈ ਜਿੰਨ੍ਹਾਂ ਵੱਲੋਂ ਮੌਜੂਦ ਵਿਅਕਤੀਆਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ਆਈਜੀ ਨੇ ਕਿਹਾ ਕਿ ਇਸ ਘਟਨਾ ਦੀ ਪੁਲਿਸ ਟੀਮਾਂ ਵੱਲੋਂ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਖੁਦ ਇਸ ਮਾਮਲੇ ਦੀ ਪੂਰੀ ਨਿਗਰਾਨੀ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਅੱਖਾਂ ‘ਚੋਂ ਵਹਿ ਤੁਰੇ ਹੰਝੂ
ਜਿਉਂ ਹੀ ਪ੍ਰੇਮੀ ਮਨੋਹਰ ਲਾਲ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਗੱਡੀ ਸਲਾਬਤਪੁਰਾ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਸਾਧ-ਸੰਗਤ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਨਦੀ ਵਹਿ ਤੁਰੀ ਹਰ ਸ਼ਰਧਾਲੂ ਕਹਿ ਰਿਹਾ ਸੀ ਕਿ ਜ਼ੁਲਮ ਖਿਲਾਫ਼ ਡਟਣ ਵਾਲੇ ਪੰਜਾਬ ਵਿੱਚ ਅੱਜ ਨਿਰਦੋਸ ਤੇ ਭਲਾਈ ਕਰਨ ਵਾਲਿਆਂ ਉਤੇ ਜੁਲਮ ਢਾਹਿਆ ਜਾ ਰਿਹਾ ਹੈ ਸ਼ਰਧਾਲੂਆਂ ਦਾ ਦਰਦ ਉਹਨਾਂ ਦੀ ਜ਼ੁਬਾਨ ਨਾਲੋਂ ਅੱਖਾਂ ਦੇ ਹੰਝੂ ਬਿਆਨ ਕਰ ਰਹੇ ਸਨ ਦਰਦ ਭਰੇ ਬੋਲਾਂ ‘ਚੋਂ ਸਰਕਾਰ ਨੂੰ ਜ਼ੁਲਮ ਖਿਲਾਫ਼ ਚੁੱਪ ਰਹਿਣ ਦਾ ਉਲਾਂਭਾ ਵੀ ਦਿੱਤਾ ਜਾ ਰਿਹਾ ਸੀ
ਭਲਕੇ ਦੁਬਾਰਾ ਗੱਲ ਕਰਾਂਗੇ : ਐਸਐਸਪੀ
ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਉਹਨਾਂ ਨੇ ਡੇਰਾ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਸੀ ਪਰ ਫਿਲਹਾਲ ਸਫਲਤਾ ਨਹੀਂ ਮਿਲੀ ਉਹਨਾਂ ਦੱਸਿਆ ਕਿ ਐਤਵਾਰ ਨੂੰ ਦੁਬਾਰਾ ਗੱਲਬਾਤ ਕੀਤੀ ਜਾਵੇਗੀ ਉਹਨਾਂ ਦਾਅਵਾ ਕੀਤਾ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਜਾਂਚ ‘ਚ ਲੱਗੀ ਹੋਈ ਹੈ ਅਤੇ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.