Canada News: ਆਖਿਰਕਾਰ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਆਹੁਦੇ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਜਦ ਤੱਕ ਲਿਬਰਲ ਪਾਰਟੀ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਦੇ ਪਿੱਛੇ ਕਈ ਕਾਰਨ ਹਨ। 2015 ਤੋਂ 2025 ਤੱਕ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਦੇਸ਼ ਵਿੱਚ ਮਹਿੰਗਾਈ ਸਿਖ਼ਰ ’ਤੇ ਪਹੁੰਚ ਗਈ। ਘਰਾਂ ਦੀਆਂ ਕੀਮਤਾਂ ਵਧ ਗਈਆਂ। ਟਰੂਡੋ ਦੀਆਂ ਨੀਤੀਆਂ ਨਾਲ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਹੋਇਆ, ਉੱਥੇ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਸਹਿਣੀ ਪਈ। ਟਰੂਡੋ ਨੇ ਭਾਰਤ ਦੀਆਂ ਵੱਖਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ, ਜਿਸ ਨਾਲ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਏ। Canada News
ਇਹ ਖਬਰ ਵੀ ਪੜ੍ਹੋ : Heroin: 2.63 ਕਿਲੋ ਹੈਰੋਇਨ ਤੇ 181 ਕਿੱਲੋ ਪੋਸਤ ਬਰਾਮਦ, ਤਿੰਨ ਕਾਬੂ
ਕੈਨੇਡਾ ਦੀ ਬਹੁ-ਗਿਣਤੀ ਅਬਾਦੀ ਇਸ ਗੱਲ ਤੋਂ ਵੀ ਨਰਾਜ਼ ਸੀ ਕਿਉਂਕਿ ਕੈਨੇਡੀਅਨ ਲੋਕ ਨਹੀਂ ਚਾਹੁੰਦੇ ਕਿ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਣ। ਦੂਜੇ ਪਾਸੇ, ਜਿਨ੍ਹਾਂ ਵੱਖਵਾਦੀਆਂ ਨੂੰ ਟਰੂਡੋ ਨੇ ਹੱਲਾਸ਼ੇਰੀ ਦਿੱਤੀ ਸੀ, ਉਹ ਵੀ ਹੁਣ ਟਰੂਡੋ ਦੀ ਆਲੋਚਨਾ ਕਰਨ ਲੱਗ ਪਏ ਹਨ। ਆਪਣੇ ਦੇਸ਼ ਵਿੱਚ ਹਰ ਪਾਸਿਓਂ ਘਿਰੇ ਹੋਣ ਦੇ ਨਾਲ-ਨਾਲ ਭਾਰਤ ਨਾਲ ਪੰਗਾ ਤੇ ਅਮਰੀਕਾ ਦੇ ਸਖ਼ਤ ਰਵੱਈਏ ਕਾਰਨ ਟਰੂਡੋ ਨੂੰ ਅਸਤੀਫਾ ਦੇਣਾ ਪਿਆ। ਟਰੂਡੋ ਦੇ ਅਸਤੀਫੇ ਤੋਂ ਬਾਅਦ ਭਾਰਤ-ਕੈਨੇਡਾ ਸੰਬੰਧ ਕਿਵੇਂ ਦੇ ਰਹਿਣਗੇ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਨੇਤਾ ਟਰੂਡੋ ਦੀਆਂ ਨਾਕਾਮੀਆਂ ਤੋਂ ਜ਼ਰੂਰ ਸਬਕ ਲਏਗਾ।
ਵਿਦੇਸ਼ ਨੀਤੀ ਵਿੱਚ ਟਰੂਡੋ ਵੱਲੋਂ ਕੀਤੇ ਗਏ ਬਦਲਾਅ, ਸਟੂਡੈਂਟ ਵੀਜ਼ਾ, ਫਾਸਟਟ੍ਰੈਕ ਵੀਜ਼ਾ ਆਦਿ ਦੇ ਸਖ਼ਤ ਨਿਯਮ ਅਤੇ ਵੱਖਵਾਦੀਆਂ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਨਾਲ ਸੰਬੰਧ ਖਰਾਬ ਕਰਨ ਵਾਲੀਆਂ ਗਲਤੀਆਂ ਨੂੰ ਉਹ ਦੁਹਰਾਏਗਾ ਨਹੀਂ। ਦੂਜਾ ਜੇ ਚੋਣਾਂ ਤੋਂ ਬਾਅਦ ਕੰਜਰਵੇਟਿਵ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਵੀ ਕੈਨੇਡਾ ਦੇ ਭਾਰਤ ਨਾਲ ਚੰਗੇ ਸੰਬੰਧਾਂ ਦੀ ਉਮੀਦ ਰਹੇਗੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਕੰਜਰਵੇਟਿਵ ਪਾਰਟੀ ਦਾ ਭਾਰਤ ਨਾਲ ਸਹਿਯੋਗਾਤਮਕ ਰਵੱਈਆ ਰਿਹਾ ਹੈ। ਕੁੱਲ ਮਿਲਾ ਕੇ, ਟਰੂਡੋ ਦੇ ਅਸਤੀਫੇ ਨਾਲ ਭਾਰਤ ਅਤੇ ਕੈਨੇਡੀਅਨ ਲੋਕਾਂ ਨੂੰ ਇੱਕ ਨਵੀਂ ਆਸ ਜਾਗੀ ਹੈ। Canada News