ਸਿੱਖਿਆ ਪ੍ਰਣਾਲੀ ‘ਚ ਲੋੜੀਂਦੇ ਬਦਲਾਅ ਦੀ ਜ਼ਰੂਰਤ

ਸਿੱਖਿਆ ਪ੍ਰਣਾਲੀ ‘ਚ ਲੋੜੀਂਦੇ ਬਦਲਾਅ ਦੀ ਜ਼ਰੂਰਤ

ਲੋਕ ਅੱਜ-ਕੱਲ੍ਹ ਆਪਣੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਇਸ ਵਿਚ ਸਾਡੀ ਸਿੱਖਿਆ ਪ੍ਰਣਾਲੀ ਦਾ ਦੋਸ਼ ਵੀ ਹੈ। ਸਕੂਲ ਭਾਸ਼ਾ ਦੀ ਜਾਣਕਾਰੀ ਅਤੇ ਬੋਲਚਾਲ ਸਿਖਾਉਂਦੇ ਹਨ ਅਤੇ ਕਾਲਜ ਤੇ ਯੂਨੀਵਰਸਿਟੀਆਂ ਸੰਵਾਦ ਨੂੰ ਪਰਿਪੱਕ ਕਰਦੀਆਂ ਹਨ, ਪਰ ਮੌਜੂਦਾ ਸਿੱਖਿਆ ਪ੍ਰਬੰਧ ਵਿਚ ਸੰਵਾਦ ਨਾਲੋਂ ਸਿਲੇਬਸ ਭਾਰੂ ਹੈ। ਪੜ੍ਹਣ-ਪੜ੍ਹਾਉਣ ਦੇ ਚੱਕਰ ਵਿਚ ਵਧੇਰੇ ਵਿਦਿਆਰਥੀ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਨੈਨੋਟੈਕਨਾਲੋਜੀ ਦੇ ਯੁੱਗ ਵਿਚ ਭਾਸ਼ਾ ਦਾ ਸਰੂਪ ਬਦਲ ਰਿਹਾ ਹੈ। ਸੰਵਾਦ ਲਈ ਸਿਆਣਪ, ਸੁਣਨ ਅਤੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਸਭ ਪ੍ਰਦਾਨ ਕਰਨ ਦਾ ਸਭ ਤੋਂ ਉੱਤਮ ਮਾਧਿਅਮ ਸਿੱਖਿਆ ਹੀ ਹੈ। ਇਸ ਲਈ ਸੰਵਾਦ ਦੇ ਮੱਦੇਨਜ਼ਰ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਬਦਲਾਅ ਕਰਨੇ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।

ਸ਼ਬਦ ਮਨੁੱਖ ਅੰਦਰ ਮਨੁੱਖਤਾ ਜਗਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਵਿਚਾਰਧਾਰਾ ਨਾਲ ਨਾ ਸਿਰਫ਼ ਜ਼ੁਲਮ ਦੇ ਤਾਂਡਵ ਨੂੰ ਠੱਲ੍ਹ ਪਾਈ ਸਗੋਂ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਸਿੱਧੇ ਰਾਹ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਸ਼ਬਦ ਸ਼ਕਤੀ ਦੀ ਅਹਿਮੀਅਤ ਨੂੰ ਹੋਰ ਪ੍ਰਚੰਡਤਾ ਅਤੇ ਪਾਕੀਜ਼ਗੀ ਬਖ਼ਸ਼ੀ। ਆਵਾਜ਼ ਮਨੁੱਖਤਾ ਦਾ ਸਾਂਝਾ ਹੁੰਗਾਰਾ ਹੈ। ਆਪਣੀ ਸਰਬਸਾਂਝੀ ਹੋਂਦ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਰੱਖਣ ਲਈ ਲਬ ਖੋਲ੍ਹਣੇ ਪੈਣਗੇ ਅਤੇ ਚੁੱਪ ਤੋੜਣੀ ਪਵੇਗੀ। ਖ਼ੌਫ਼ ਅਤੇ ਦਬਾਅ ਥੱਲੇ ਪਲਣ ਵਾਲੀ ਮਾਨਸਿਕਤਾ ਬਿਮਾਰ, ਬੌਣੀ ਅਤੇ ਅਵਿਕਸਿਤ ਸ਼ਖ਼ਸੀਅਤ ਨੂੰ ਜਨਮ ਦਿੰਦੀ ਹੈ। ਤੰਦਰੁਸਤ, ਸਿਰਜਣਾਤਮਿਕ, ਸ਼ਕਤੀਸ਼ਾਲੀ ਤੇ ਇਨਕਲਾਬੀ ਸ਼ਖ਼ਸੀਅਤ ਦੀ ਉਸਾਰੀ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਲਈ ਸਹੀ-ਗ਼ਲਤ ਦੀ ਪਛਾਣ ਕਰਕੇ ਆਵਾਜ਼ ਉਠਾਉਣੀ ਸਮੇਂ ਦੀ ਲੋੜ ਹੈ।

ਸਮਾਜਿਕ ਜੀਵ ਹੋਣ ਨਾਤੇ ਸਾਡਾ ਮੁੱਢਲਾ ਫ਼ਰਜ਼ ਹੈ ਕਿ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਸੰਵੇਦਨਾ ਭਰਪੂਰ ਅਤੇ ਗੰਭੀਰ ਹੋ ਕੇ ਵਿਚਾਰ-ਮੰਥਨ ਕਰੀਏ। ਜਮਹੂਰੀਅਤ ਦੀ ਖ਼ੂਬਸੂਰਤੀ ਹੀ ਸੰਵਾਦ ਵਿਚ ਹੈ। ਜਮਹੂਰੀਅਤ ਦੀ ਰੱਖਿਆ ਲਈ ਜਮਹੂਰੀ ਢੰਗ ਨਾਲ ਵਿਚਾਰ-ਵਿਟਾਂਦਰਾ ਹੀ ਸਭ ਵਰਗਾਂ ਦੀ ਆਵਾਜ਼ ਬੁਲੰਦ ਕਰਨ ਦਾ ਇੱਕੋ-ਇੱਕ ਮਾਧਿਅਮ ਹੈ। ਮਨੁੱਖੀ ਹੋਂਦ ਅਤੇ ਗੌਰਵ ਲਈ ਆਵਾਜ਼ ਉਠਾਉਣੀ ਕਿਰਿਆਸ਼ੀਲ ਸਮਾਜਿਕ ਸੰਵੇਦਨਾ ਹੈ। ਸੋਚ ਤੇ ਸੱਚ ਨਿਧੜਕ ਤੇ ਨਿਰਪੱਖ ਜ਼ਿੰਦਗੀ ਵਿਚੋਂ ਹੀ ਪਨਪਦੇ ਹਨ। ਸੱਚ ਮਨੁੱਖ ਨੂੰ ਹਉਮੈ ਅਤੇ ਦੁਸ਼ਵਾਰੀਆਂ ਤੋਂ ਕੋਹਾਂ ਦੂਰ ਲੈ ਜਾਂਦਾ ਹੈ।

ਇਹ ਮਨ ਵਿਚ ਪਣਪਦੀਆਂ ਅਹਿਸਾਸਾਂ ਦੀਆਂ ਸੂਖ਼ਮ ਤਰੰਗਾਂ ਨੂੰ ਅਪ੍ਰਤੱਖ ਹੀ ਸਾਡੀ ਵਿਵਸਥਾ ਦੀ ਤਰਜ਼ਮਾਨੀ ਕਰਦੇ ਗ਼ਲਤ ਸਿਧਾਂਤਾਂ ਖ਼ਿਲਾਫ਼ ਸੁਲਗ਼ਦੀ ਚੰਗਿਆੜੀ ਬਣਾ ਕੇ ਸਮਾਜ ਨੂੰ ਡੂੰਘੇ ਅਤੇ ਜਟਿਲ ਸੰਕਟਾਂ ਤੋਂ ਬਚਾਉਂਦਾ ਹੈ। ਮਨੁੱਖ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਹੈ। ਜੇਕਰ ਅਸੀਂ ਮਾਨਵੀ ਚੇਤਨਾ ਦਾ ਨਾਅਰਾ ਬੁਲੰਦ ਕਰਨ ਲਈ ਬੋਲਦੇ ਹਾਂ ਤਾਂ ਜ਼ਿੰਦਗੀ ਦਾ ਸੁਹੱਪਣ ਕਾਇਮ ਰੱਖ ਸਕਦੇ ਹਾਂ। ਵਾਦ-ਵਿਵਾਦ ਵਿਚ ਤਰਕ ਦੇ ਨਾਲ-ਨਾਲ ਜ਼ੁਬਾਨ ਦੀ ਮਿਠਾਸ ਅਤੇ ਬੋਲਣ ਦਾ ਸਲੀਕਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ।

ਕਿਸੇ ਵੀ ਜੰਗ ਦਾ ਅੰਤ ਆਪਸੀ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਸਹੀ ਸਮੇਂ ਸਹੀ ਢੰਗ ਨਾਲ ਕੀਤੀ ਗੱਲਬਾਤ ਨਾਲ ਬਹੁਤ ਸਾਰੇ ਕਲੇਸ਼ਾਂ ਤੋਂ ਮੁਕਤੀ ਮਿਲਦੀ ਹੈ। ਸਾਡਾ ਸ਼ਕਤੀਸ਼ਾਲੀ ਅਤੇ ਪਰਿਪੱਕ ਪ੍ਰਵਚਨ ਹੀ ਸਮਾਜ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰ ਸਕਦਾ ਹੈ।
ਸਮਾਜ ਵਿਚ ਸਹਿਜੇ ਹੀ ਆ ਰਹੀਆਂ ਦੁਸ਼ਵਾਰੀਆਂ ਅਤੇ ਕਦਰਾਂ-ਕੀਮਤਾਂ ਦੇ ਨਿਘਾਰ ਵਿਰੁੱਧ ਆਵਾਜ਼ ਉਠਾ ਕੇ ਅਸੀਂ ਖ਼ੁਦ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਵੀ ਖੇੜਾ ਅਤੇ ਵਿਸਮਾਦ ਬਖ਼ਸ਼ ਸਕਦੇ ਹਾਂ। ਆਪਣੀ ਹੋਂਦ ਦੀ ਮੌਲਿਕ, ਸੁਤੰਤਰ ਅਤੇ ਵਿਲੱਖਣ ਨੁਹਾਰ ਨੂੰ ਕਾਇਮ ਰੱਖਣ ਲਈ ਵਿਚਾਰਧਾਰਕ ਅਮਲ ਲਾਜ਼ਮੀ ਹਨ।

ਇਹ ਅਮਲ ਲੋਕ-ਹਿੱਤ ਦੀ ਦਿਸ਼ਾ ਵਿਚ ਹੋਣੇ ਚਾਹੀਦੇ ਹਨ। ਸਦੀਵੀ ਸਮਾਜਿਕ ਖੁਸ਼ਹਾਲੀ ਲਈ ਸਾਨੂੰ ਗੁਰੂਆਂ-ਪੀਰਾਂ ਦੀ ਵਿਚਾਰਧਾਰਾ ਤੋਂ ਸੇਧ ਲੈਣੀ ਚਾਹੀਦੀ ਹੈ। ਆਪਣੀ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ। ਮਹਿਜ਼ ਬੋਲਣ ਲਈ ਨਹੀਂ ਬੋਲਣਾ ਚਾਹੀਦਾ ਸਗੋਂ ਸਾਰੇ ਸੂਖ਼ਮ ਅਹਿਸਾਸਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ
ਵਿਜੈ ਗਰਗ
ਸਾਬਕਾ ਪੀਈਐਸ-1, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.