ਰਾਗੀ, ਸਵਾਂਕ, ਹਰੀ ਕੰਗਣੀ, ਚੀਣਾ, ਕੁੱਟਕੀ, ਜਵਾਰ ਦੀ ਕੁਦਰਤੀ ਢੰਗ ਨਾਲ ਖੇਤੀ
ਗੈਰ-ਕੁਦਰਤੀ ਢੰਗ ਨਾਲ ਕੀਤੀ ਜਾ ਰਹੀ ਖੇਤੀ ਨਾਲੋਂ ਕੁਦਰਤੀ ਖੇਤੀ ਕਰਨੀ ਕਿਤੇ ਸੁਖਾਲੀ ਹੈ। ਅਜਿਹੀ ਖੇਤੀ ਨੂੰ ਕਰਨ ਲਈ ਮਿੱਟੀ ਨਾਲ ਮਿੱਟੀ ਤੇ ਪਾਣੀ ਨਾਲ ਪਾਣੀ ਹੋਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਸਗੋਂ ਜਮੀਨ ਵਿੱਚ ਸਿਰਫ ਬੀਜ ਹੀ ਖਿਲਾਰਨਾ ਪੈਂਦਾ ਹੈ। ਬਾਕੀ ਸਾਰਾ ਕੰਮ ਕੁਦਰਤ ਖੁਦ ਕਰਦੀ ਹੈ ਅਤੇ ਕਿਸਾਨ ਕੁਦਰਤ ਦੀ ਦਿੱਤੀ ਹੋਈ ਦਾਤ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਪਰ ਮਸ਼ੀਨਰੀ ਅਤੇ ਵੱਧ ਝਾੜ ਵਾਲੀਆਂ ਫਸਲਾਂ ਦੀ ਆਮਦ ਨੇ ਆਦਮ ਨੂੰ ਇਸ ਭੁਲੇਖੇ ‘ਚ ਪਾ ਦਿੱਤਾ ਕਿ ਉਹ ਖੇਤੀ ਖੁਦ ਕਰ ਰਿਹਾ ਹੈ ਪਰ ਉਹ ਇਸ ਗੱਲ ਨੂੰ ਭੁੱਲ ਗਿਆ ਕਿ ਜਮੀਨ ਵਿੱਚ ਹਜ਼ਾਰਾਂ ਹੀ ਤਰ੍ਹਾਂ ਦੇ ਛੋਟੇ/ਵੱਡੇ ਤੱਤ ਮੌਜੂਦ ਹਨ। ਜਿਹੜੇ ਫਸਲ ਨੂੰ ਵਧਣ-ਫੁੱਲਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
Naturally farmed farmer, Balwant Preet
ਜਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਪਿੰਡ ਧਨੇਠਾ ਵਿਖੇ ਸਦੀਆਂ ਪੁਰਾਣੀਆਂ ਕੁਦਰਤੀ ਫਸਲਾਂ ਬੀਜਣ ਵਾਲਾ ਕਿਸਾਨ ਬਲਵੰਤ ਪ੍ਰੀਤ ਪੁੱਤਰ ਮੇਘ ਸਿੰਘ ਇਸ ਗੱਲ ਨੂੰ ਨਹੀਂ ਭੁੱਲਿਆ ਕਿ ਇਕੱਲਾ ਇਨਸਾਨ/ਕਿਸਾਨ ਖੇਤੀ ਨਹੀਂ ਕਰਦਾ ਸਗੋਂ ਕੁਦਰਤ ਦੇ ਛੱਡੇ ਹੋਏ ਸੈਂਕੜੇ ਹੀ ਮਿਹਨਤਕਸ਼ ਕਾਰੀਗਰ ਖੇਤੀ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਜਿਨ੍ਹਾਂ ਵਿੱਚ ਮਿੱਟੀ ਵਿੱਚ ਰਹਿਣ ਵਾਲੇ ਜੀਵਾਂ ਤੋਂ ਲੈ ਕੇ ਅਸਮਾਨ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਵੀ ਹੋ ਸਕਦੇ ਹਨ। ਇਹ ਕਿਸਾਨ ਆਪਣੀ ਦੋ ਏਕੜ ਜਮੀਨ ਵਿੱਚ ਕਣਕ ਜਾਂ ਝੋਨੇ ਦੀ ਫਸਲ ਨਹੀਂ ਬੀਜਦਾ ਸਗੋਂ ਸਦੀਆਂ ਪੁਰਾਣੀਆਂ ਆਲੋਪ ਹੋ ਚੁੱਕੀਆਂ ਅਜਿਹੀਆਂ ਅਨਾਜ ਵਾਲੀਆਂ ਫਸਲਾਂ ਬੀਜਦਾ ਹੈ। ਜਿਨ੍ਹਾਂ ਦੇ ਨਾਂਅ ਸੁਣ ਕੇ ਹੀ ਨਵੀਂ ਉਮਰ ਦੇ ਬੱਚਿਆਂ ਨੂੰ ਅਜੀਬ ਜਿਹਾ ਲੱਗਦਾ ਹੈ ਪਰ ਇਹ ਅਨਾਜ ਵਾਲੀਆਂ ਫਸਲਾਂ ਕੁਦਰਤੀ ਢੰਗ ਨਾਲ ਹੁੰਦੀਆਂ ਹਨ ਤੇ ਮਨੁੱਖੀ ਸਰੀਰ ਨੂੰ ਰੋਗ ਮੁਕਤ ਵੀ ਰੱਖਦੀਆਂ ਹਨ।
Naturally farmed farmer, Balwant Preet
ਹੁਣ ਕੁਦਰਤੀ ਖੇਤੀ ਨਾਲ ਜੁੜੀਆਂ ਕੁਝ ਸੰਸਥਾਵਾਂ ਅਤੇ ਡਾਕਟਰੀ ਵਿਗਿਆਨ ਨਾਲ ਜੁੜੇ ਲੋਕ ਇਨ੍ਹਾਂ ਵਸਤੂਆਂ ਦੀ ਵਰਤੋਂ ਕਰਨ ਲਈ ਪ੍ਰਚਾਰ ਕਰਨ ਲੱਗ ਪਏ ਹਨ। ਜਿਸ ਕਰਕੇ ਲੋਕਾਂ ਨੂੰ ਕੁਝ ਕੁ ਜਾਣਕਾਰੀ ਹੋਈ ਹੈ। ਬਲਵੰਤ ਪ੍ਰੀਤ ਦੱਸਦਾ ਹੈ ਕਿ ਉਹ ਆਪਣੇ ਖੇਤ ਵਿੱਚ ਸਵਾਂਕ, ਰਾਗੀ, ਹਰੀ ਕੰਗਣੀ, ਚੀਣਾ, ਬਾਜਰਾ, ਹਲਦੀ, ਕਮਾਦ, ਹਰਹਰ, ਜਵਾਰ, ਮੂੰਗੀ, ਕੁੱਟਕੀ ਆਦਿ ਸਮੇਤ ਹੋਰ ਵੀ ਬਹੁਤ ਸਾਰੀਆਂ ਫਸਲਾਂ ਬੀਜਦਾ ਹੈ, ਆਪਣੀ ਲੋੜ ਮੁਤਾਬਿਕ ਫਸਲ ਰੱਖ ਕੇ ਬਚਦੀ ਫਸਲ ਨੂੰ ਵੇਚ ਦਿੰਦਾ ਹੈ।
ਖੇਤੀ ਕਿਸਾਨ ਨੂੰ ਨਹੀਂ ਕਰਨੀ ਪੈਂਦੀ ਸਗੋਂ ਕੁਦਰਤ ਖੁਦ ਹੀ ਖੇਤੀ ਕਰਦੀ ਹੈ
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਫਸਲਾਂ ਦੀ ਖੇਤੀ ਕਿਸਾਨ ਨੂੰ ਨਹੀਂ ਕਰਨੀ ਪੈਂਦੀ ਸਗੋਂ ਕੁਦਰਤ ਖੁਦ ਹੀ ਖੇਤੀ ਕਰਦੀ ਹੈ ਕਿਉਂਕਿ ਜਮੀਨ ਵਿੱਚ ਬੀਜ ਖਿਲਾਰਨ ਤੋਂ ਬਾਅਦ ਥੋੜ੍ਹੀ ਜਿਹੀ ਬਰਸਾਤ ਪੈਣ ਨਾਲ ਇਹ ਸਾਰੀਆਂ ਫਸਲਾਂ ਆਪਣੇ-ਆਪ ਹੀ ਪੈਦਾ ਹੋ ਜਾਂਦੀਆਂ ਹਨ। ਜੇਕਰ ਆਪਣੀ ਜਰੂਰਤ ਮੁਤਾਬਿਕ ਬੀਜ ਰੱਖ ਕੇ ਬਾਕੀ ਜਮੀਨ ਵਿੱਚ ਹੀ ਛੱਡ ਦਿੱਤੇ ਜਾਣ ਤਾਂ ਅਗਲੀ ਵਾਰ ਬੀਜ ਵੀ ਖਿਲਾਰਨ ਦੀ ਲੋੜ ਨਹੀਂ ਹੁੰਦੀ। ਕੁਦਰਤੀ ਤੌਰ ‘ਤੇ ਬਰਸਾਤ ਆਉਣ ਨਾਲ ਜਮੀਨ ਵਿੱਚ ਪਏ ਬੀਜ ਆਪਣੇ-ਆਪ ਹੀ ਕੁਦਰਤੀ ਤੌਰ ‘ਤੇ ਪੈਦਾ ਹੋ ਜਾਂਦੇ ਹਨ।
ਇਨ੍ਹਾਂ ਫਸਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੀੜੇਮਾਰ ਦਵਾਈ ਜਾਂ ਖਾਦ ਪਾਉਣ ਦੀ ਜਰੂਰਤ ਨਹੀਂ ਪੈਂਦੀ। ਜੇਕਰ ਲੋੜ ਮਹਿਸੂਸ ਹੋਵੇ ਤਾਂ ਜੈਵਿਕ ਅੰ੍ਿਰਮਤ ਜਾਂ ਗੰਡੋਏ ਦੀ ਖਾਦ ਪਾ ਦਿੱਤੀ ਜਾਂਦੀ ਹੈ।
ਫਸਲਾਂ ਵਿੱਚ ਕਣਕ ਅਤੇ ਚੌਲਾਂ ਨਾਲੋਂ ਵੱਧ ਗੁਣ ਹੁੰਦੇ ਹਨ
ਬਲਵੰਤ ਪ੍ਰੀਤ ਆਪਣੇ ਘਰ ਵਿੱਚ ਗੰਡੋਏ ਦੀ ਖਾਦ ਤੇ ਜੈਵਿਕ ਅੰਮ੍ਰਿਤ ਵੀ ਤਿਆਰ ਕਰਦਾ ਹੈ। ਪੰਜਾਬੀ ਦੀ ਐਮ.ਏ. ਕਰਨ ਤੋਂ ਬਾਅਦ ਲੈਬ ਟੈਕਨੀਸ਼ੀਅਨ ਦਾ ਕਾਰੋਬਾਰ ਕਰਨ ਵਾਲੇ ਤੇ ਖੇਤੀ ਵਿਰਾਸਤ ਮਿਸ਼ਨ ਨਾਲ ਪੀ੍ਰਤ ਪਾਉਣ ਵਾਲੇ ਬਲਵੰਤ ਪੀ੍ਰਤ ਨੇ ਦੱਸਿਆ ਕਿ ਇਨ੍ਹਾਂ ਫਸਲਾਂ ਵਿੱਚ ਕਣਕ ਅਤੇ ਚੌਲਾਂ ਨਾਲੋਂ ਵੱਧ ਗੁਣ ਹੁੰਦੇ ਹਨ। ਕਣਕ /ਚੌਲ ਗੋਰਿਆਂ ਦੀ ਖੁਰਾਕ ਦਾ ਹਿੱਸਾ ਰਹੇ ਹਨ। ਪਰ ਹੁਣ ਭਾਰਤੀ ਖਾਸ ਕਰਕੇ ਪੰਜਾਬੀ ਲੋਕ ਵੀ ਪੂਰਨ ਤੌਰ ‘ਤੇ ਕਣਕ ਅਤੇ ਚੌਲਾਂ ਨੂੰ ਆਪਣੀ ਖੁਰਾਕ ਵਿੱਚ ਸਾਮਲ ਕਰ ਚੁੱਕੇ ਹਨ। ਜਦੋਂ ਕਿ ਇਸ ਤੋਂ ਪਹਿਲਾਂ ਮਾਰੂ ਕਿਸਮ ਦੀਆਂ ਜਮੀਨਾਂ ਵਿੱਚ ਸਵਾਂਕ, ਰਾਗੀ, ਹਰੀ ਕੰਗਣੀ, ਚੀਣਾ, ਬਾਜਰਾ, ਹਲਦੀ, ਕਮਾਦ, ਹਰਹਰ, ਜਵਾਰ, ਮੂੰਗੀ, ਕੁੱਟਕੀ, ਛੋਲੇ, ਮੱਕੀ ਆਦਿ ਹੀ ਹੁੰਦੀਆਂ ਸਨ। ਸਵਾਂਕ ਨੂੰ ਚੌਲਾਂ ਅਤੇ ਖੀਰ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ।
Naturally farmed farmer, Balwant Preet
ਚੀਣੇ ਦੀ ਵੀ ਖੀਰ ਬਣਾਈ ਜਾ ਸਕਦੀ ਹੈ ਤੇ ਇਸ ਦੀ ਵਰਤੋਂ ਨਾਲ ਐਲਰਜੀ ਵੀ ਨਹੀਂ ਹੁੰਦੀ। ਕੁੱਟਕੀ ਇਨਸਾਨ ਦੇ ਜਣਨ ਅੰਗਾਂ ਨੂੰ ਆਉਣ ਵਾਲੇ ਰੋਗਾਂ ਤੋਂ ਬਚਾਅ ਕਰਦੀ ਹੈ। ਕੈਂਸਰ ਅਤੇ ਦਿਲ ਦੇ ਰੋਗ ਵੀ ਨਹੀਂ ਹੁੰਦੇ। ਰਾਗੀ ਵਿੱਚ ਆਇਰਨ, ਕੈਲਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਘਰ ਦੇ ਮੈਂਬਰਾਂ ਦੇ ਖਾਣ ਲਈ ਅਜਿਹੀਆਂ ਫਸਲਾਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.