ਮਾਮਲਾ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ ਦਾ | Nabha News
Nabha News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਬੀਤੇ ਦਿਨ ਨਾਭਾ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪਿੰਡ ਦੀ ਮਹਿਲਾ ਸਰਪੰਚ ਸਮੇਤ ਅੱਧੀ ਦਰਜਨ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁਸ਼ਲ ਕੁਮਾਰ ਪੁੱਤਰ ਦੇਵੀ ਦਾਸ ਵਾਸੀ ਮਕਾਨ ਨੰ: 163/1 ਸੈਕਟਰ 41 ਚੰਡੀਗੜ੍ਹ ਵੱਲੋਂ ਤਹਿਰੀਰ ਕਰਵਾਏ ਬਿਆਨ ਅਨੁਸਾਰ ਉਸਦਾ ਲੜਕਾ ਸਾਹਿਲ ਸ਼ਰਮਾ ਕਰੀਬ 6 ਸਾਲ ਤੋਂ ਨਸ਼ੇ ਕਰਨ ਦਾ ਆਦੀ ਸੀ ਅਤੇ ਨਾਭਾ ਵਿਖੇ ਸੁੱਖੀ ਨਾਂਅ ਦਾ ਇਸਦਾ ਦੋਸਤ ਸੀ। ਸੁੱਖੀ ਉਸਦੇ ਲੜਕੇ ਨੂੰ ਕਰੀਬ 2 ਮਹੀਨੇ ਪਹਿਲਾਂ ਨਸ਼ਾ ਛਡਾਉ ਕੇਂਦਰ ਨਾਭਾ ਲੈ ਗਿਆ ਸੀ।
ਇਹ ਵੀ ਪੜ੍ਹੋ: Faridkot Theft Case: ਫ਼ਰੀਦਕੋਟ ਪੁਲਿਸ ਨੇ ਨਗਦੀ ਤੇ ਸੋਨਾ ਚੋਰੀ ਦਾ ਮਾਮਲਾ ਸਿਰਫ 6 ਘੰਟਿਆਂ ’ਚ ਸੁਲਝਾਇਆ
ਪਰ ਮੁਦੱਈ ਨੂੰ ਪਤਾ ਲੱਗਾ ਕਿ ਉਸਦਾ ਲੜਕਾ ਸਾਹਿਲ ਨਾਭਾ ਵਿਖੇ ਹੀ ਘੁੰਮਦਾ ਰਹਿੰਦਾ ਸੀ। ਕੱਲ੍ਹ ਪਤਾ ਲੱਗਾ ਕਿ ਉਸਦੇ ਲੜਕੇ ਸਾਹਿਲ ਸ਼ਰਮਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਉਸਦੇ ਲੜਕੇ ਸਾਹਿਲ ਸ਼ਰਮਾ ਦਾ ਦੋਸਤ ਮੌਕੇ ’ਤੇ ਉਨ੍ਹਾਂ ਦੇ ਲੜਕੇ ਨੂੰ ਸਾਂਭ ਕੇ ਉਸਦਾ ਇਲਾਜ ਕਰਵਾ ਦਿੰਦਾ ਤਾਂ ਉਸਦੀ ਮੌਤ ਨਹੀਂ ਹੋਣੀ ਸੀ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਉਸਦਾ ਲੜਕਾ ਅਤੇ ਉਸਦੇ ਦੋਸਤ ਨਾਭਾ ਦੇ ਪਿੰਡ ਰੋਹਟੀ ਛੰਨਾ ਤੋਂ ਜਸਵੀਰ ਉਰਫ ਕਾਲੀ ਪਤਨੀ ਕੰਗਣ, ਚਰਨੋ ਪਤਨੀ ਮਲਕੀਤ, ਮਨਜੀਤ ਪਤਨੀ ਫੌਜਾ, ਅਮਨਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ,
ਗੁਰਕੀਰਤ ਸਿੰਘ ਪੁੱਤਰ ਲਾਲਾ ਸਿੰਘ, ਵਿਕਰਮਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਤਹਿ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਚਿੱਟਾ ਖਰੀਦ ਕੇ ਲਿਆਉਂਦੇ ਸਨ। ਕਥਿਤ ਰੂਪ ’ਚ ਨਸ਼ਾ ਵੇਚਣ ਵਾਲੀਆਂ ਔਰਤਾਂ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਚਿੱਟਾ ਅਤੇ ਹੋਰ ਨਸ਼ੇ ਵੇਚਣ ਦੇ ਮੁਕੱਦਮੇ ਦਰਜ ਹਨ ਪਰੰਤੂ ਇਹ ਔਰਤਾਂ ਜਲਦ ਹੀ ਜਮਾਨਤ ਲੈ ਬਾਹਰ ਆ ਜਾਂਦੀਆਂ ਹਨ। ਦੂਜੇ ਪਾਸੇ ਪਿੰਡ ਦੀ ਸਰਪੰਚ ਵੀ ਕਥਿਤ ਰੂਪ ’ਚ ਇਨ੍ਹਾਂ ਨੂੰ ਨਸ਼ਾ ਵੇਚਣ ਵਿੱਚ ਸ਼ਹਿ ਦਿੰਦੀ ਹੈ ਅਤੇ ਪੈਰਵਾਈ ਕਰਕੇ ਜ਼ਮਾਨਤਾਂ ਕਰਵਾ ਦਿੰਦੀ।
ਉਪਰੋਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਾਭਾ ਕੋਤਵਾਲੀ ਪੁਲਿਸ ਵੱਲੋਂ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਜਸਵੀਰ ਉਰਫ ਕਾਲੀ, ਚਰਨੋ, ਮਨਜੀਤ, ਸਰਪੰਚ ਗੁਰਪ੍ਰੀਤ ਕੌਰ, ਅਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਵਿਕਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਜਸਵੀਰ ਉਰਫ ਕਾਲੀ, ਚਰਨ, ਮਨਜੀਤ, ਸਰਪੰਚ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਪਿੰਡ ਦੀ ਗ੍ਰਿਫ਼ਤਾਰ ਮਹਿਲਾ ਸਰਪੰਚ ਪਾਸੋਂ ਕਥਿਤ ਰੂਪ ’ਚ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਪੁਲਿਸ ਅਨੁਸਾਰ ਬਰਾਮਦ ਡਰੱਗ ਮਨੀ ਸਰਪੰਚ ਗੁਰਪ੍ਰੀਤ ਕੌਰ ਨੇ ਮੁਲਜ਼ਮ ਮਨਜੀਤ ਕੌਰ ਨੂੰ ਛੁਡਾਉਣ ਲਈ ਉਸ ਪਾਸੋਂ ਲਈ ਸੀ ਜਿਸ ਨੇ ਕਬੂਲ ਕੀਤਾ ਹੈ ਕਿ ਇਸਨੇ ਬਾਕੀਆਂ ਨੂੰ ਛੁਡਾਉਣ ਲਈ 30 ਹਜ਼ਾਰ ਰੁਪਏ ਲਏ ਹਨ ਜੋ ਇਸਦੇ ਘਰ ਪਏ ਹਨ, ਜਿਨ੍ਹਾਂ ਦੀ ਬ੍ਰਾਮਦਗੀ ਹੋਣੀ ਬਾਕੀ ਹੈ। Nabha News