ਘਰੇਲੂ ਪੱਧਰ ’ਤੇ ਵੀ ਹੋ ਸਕਦੀ ਐ ਖੁੰਬਾਂ ਦੀ ਕਾਸ਼ਤ

ਘਰੇਲੂ ਪੱਧਰ ’ਤੇ ਵੀ ਹੋ ਸਕਦੀ ਐ ਖੁੰਬਾਂ ਦੀ ਕਾਸ਼ਤ

ਖੁੰਬਾਂ ਕੀ ਹਨ: ਖੁੰਬ ਵੀ ਹੋਰਨਾਂ ਉੱਲੀਆਂ ਵਾਂਗ ਇੱਕ ਉੱਲੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਕੁਝ ਲਾਭਦਾਇਕ ਹੁੰਦੀਆਂ ਹਨ। ਖੁੰਬ ਇੱਕ ਸਫੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ।

ਕਿਸਮਾਂ: ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਵਧੇਰੇ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਸਰੀ ਢੀਂਗਰੀ ਤੇ ਤੀਸਰੀ ਪਰਾਲੀ ਵਾਲੀ ਖੁੰਬ। ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ।

ਕੰਪੋਸਟ ਤਿਆਰ ਕਰਨਾ: ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ। ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫਾਰਿਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ। ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸ਼ੀਅਮ ਅਮੋਨੀਆ ਨਾਈਟ੍ਰੇਟ, ਸੁਪਰ ਫਾਸਫੇਟ, ਮਿਊਰੇਟ ਆਫ ਪੋਟਾਸ਼, ਫਿਊਰਾਡਾਨ, ਸੀਰਾ,Ç ਜਪਸਮ, ਬੀਐਚਸੀ ਆਦਿ ਦੀ ਜਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ।

ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਫਾਰਮਰ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਜਿਸ ਕਰਕੇ ਕਿਸਾਨਾਂ ਨੂੰ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ।

ਬਿਜਾਈ ਦਾ ਸਮਾਨ: ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੋਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਜਾਰ ’ਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਅਕਾਰ ਦੇ ਲਿਫਾਫੇ ਮਿਲ ਜਾਂਦੇ ਹਨ ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜਿਨ੍ਹਾਂ ਵਿੱਚ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬੀਜਣ ਦਾ ਢੰਗ: ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨਾ ਚਾਹੀਦਾ ਹੈ। ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ।

ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ/ਸੈਲਫਾਂ ਨੂੰ ਅਖਬਾਰਾਂ ਨਾਲ ਢੱਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਜਿਸ ਨਾਲ ਸਿਰਫ ਅਖਬਾਰ ਹੀ ਗਿੱਲੇ ਹੋਣ, ਜੇਕਰ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢੱਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ।

ਕੇਸਿੰਗ ਦੀ ਤਿਆਰੀ: ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ/ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ। ਪਰਾਲੀ ਵਾਲੀ ਖੁੰਬ ਦੀ ਕਾਸ਼ਤ: ਇਸ ਕਿਸਮ ਦੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜਰੂਰਤ ਪੈਂਦੀ ਹੈ। ਪਰਾਲੀ ਦੇ ਪੁਲੇ ਬੰਨ੍ਹ ਕੇ ਅੱਗੋ/ਪਿੱਛੋਂ ਬਿਲਕੁਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤੱਕ ਕੀਤੀ ਜਾ ਸਕਦੀ ਹੈ।

ਬੀਜਣ ਦਾ ਢੰਗ: ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ,ਓਨੇ ਹੀ ਪੁਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ ਹੋਵੇ। ਵਾਧੂ ਪਾਣੀ ਨਿੱਕਲਣ ਲਈ ਪੁਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫੀਸਦੀ ਹੋਣੀ ਚਾਹੀਦੀ ਹੈ। ਪੁਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਂਦੀਆਂ ਹਨ। ਸੈਲਫਾਂ ’ਤੇ ਪੰਜ ਪੁਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੁਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੁਲਿਆਂ ਦਾ ਇੱਕ ਬੈਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਫਾਨ ਪਾਇਆ ਜਾਂਦਾ ਹੈ। ਆਖਰ ਵਿੱਚ ਦੋ ਪੁਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੁਲਿਆਂ ਦੇ ਇੱਕ ਬੈਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ।

ਪਾਣੀ ਤੇ ਤੁੜਾਈ: ਦੋ ਦਿਨਾਂ ਤੱਕ ਪਾਣੀ ਦੇਣ ਦੀ ਕੋਈ ਜਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇ ਪੰਪ ਨਾਲ ਦਿਨ ਵਿੱਚ ਦੋ-ਤਿੰਨ ਵਾਰ ਪਾਣੀ ਦਿਓ ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿੱਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5/6 ਘੰਟੇ ਹਵਾ ਲਵਾਓ, ਖੁੰਬਾਂ ਦੀ ਪੈਦਾਵਾਰ 15/20 ਦਿਨਾਂ ਤੱਕ ਚਲਦੀ ਰਹਿੰਦੀ ਹੈ। ਇੱਕ ਬੈੱਡ ’ਚੋਂ 3/4 ਕਿੱਲੋ ਖੁੰਬਾਂ ਨਿੱਕਲ ਆਉਂਦੀਆਂ ਹਨ। ਢੀਂਗਰੀ ਦੀ ਬਿਜਾਈ: ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ ਪਾਣੀ ਨਾਲ ਗਿੱਲਾ ਕਰਕੇ ਰੱਖੋ।

ਬੀਜਣ ਤੋ ਪਹਿਲਾਂ ਪਾਣੀ ਦੀ ਮਾਤਰਾ 70 ਫੀਸਦੀ ਤੱਕ ਹੋਣੀ ਚਾਹੀਦੀ ਹੈ। ਬਿਜਾਈ ਲਈ ਲਿਫਾਫੇ ਵਰਤੇ ਜਾਂਦੇ ਹਨ। ਇੱਕ ਕਿੱਲੋ ਸੁੱਕੀ ਤੂੜੀ ’ਚ 100/ਗ੍ਰਾਮ ਬੀਜ ਪੈਂਦਾ ਹੈ। ਬੀਜਣ ਦਾ ਢੰਗ: ਪੈਦਾਵਾਰ ਦੇ ਹਿਸਾਬ ਨਾਲ ਤੂੜੀ ’ਚ ਬੀਜ ਮਿਲਾ ਕੇ ਲਿਫਾਫੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਤੇ ਲਿਫਾਫਿਆਂ ਦਾ ਮੂੰਹ ਬੰਨ੍ਹ ਕੇ ਹੇੇਠੋਂ ਖੂੰਝੇ ਕੱਟ ਦਿਓ। 15/20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫਾਫੇ ਕੱਟ ਕੇ ਅਲੱਗ ਕਰ ਦਿਓ ਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਓ। ਇਹ ਫਸਲ 30/35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ।  ਇੱਕ ਕਿੱਲੋ ਤੂੜੀ ’ਚੋਂ 400/500 ਗ੍ਰਾਮ ਢੀਂਗਰੀ ਨਿੱਕਲਦੀ ਹੈ।

ਤੁੜਾਈ ਤੇ ਸਾਂਭ ਸੰਭਾਲ: ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਓ ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ। ਖੁੰਬਾਂ ਹਰ ਰੋਜ਼ ਤੋੜਨੀਆਂ ਜਰੂਰੀ ਹਨ। ਜਾਣਕਾਰੀ ਅਤੇ ਬੀਜ: ਖੁੰਬਾਂ ਦੀ ਕਾਸ਼ਤ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕ੍ਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਬਾਰਾਂਦਰੀ ਬਾਗ ਪਟਿਆਲਾ, ਦਫਤਰ ਡਿਪਟੀ ਡਾਇਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਫਰਮਾਂ ਵੀ ਖੁੰਬਾਂ ਦਾ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਦੇ ਰਹੀਆਂ ਹਨ।

ਸਰਕਾਰੀ ਤੌਰ ’ਤੇ ਮਾਲੀ ਮੱਦਦ: ਬਾਗਬਾਨੀ ਵਿਭਾਗ ਵੱਲੋਂ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੁਲਿਤ ਕਰਨ ਲਈ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਖੁੰਬ ਪ੍ਰੋਜੈਕਟ ਲਗਵਾਏ ਜਾਂਦੇ ਹਨ ਤੇ ਲੋਕਾਂ ਨੂੰ ਘਰੇਲੂ ਬਗੀਚੀ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਢੀਂਗਰੀ ਖੁੰਬਾਂ ਦੇ ਬੀਜ ਲੋਕਾਂ ਨੂੰ ਮਿਆਰੀ ਕੀਮਤ ’ਤੇ ਮੁਹੱਈਆ ਕਰਵਾਏ ਜਾਂਦੇ ਹਨ। 13 ਰੁਪਏ ਪ੍ਰਤੀ ਪੈਕਟ ਦੀ ਦਰ ਨਾਲ ਬਿਨਾਂ ਕਿਸੇ ਲਾਭ-ਹਾਨੀ ਦੇ ਇਹ ਪੈਕਟ ਆਪਣੀ ਪ੍ਰਯੋਗਸ਼ਾਲਾ ਵਿੱਚ ਤਿਆਰ ਕਰਵਾ ਕੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ।

ਬਾਗਬਾਨੀ ਵਿਭਾਗ ਖੁੰਬ ਉਤਪਾਦਨ ਲਈ ਵਪਾਰਕ ਯੂਨਿਟ ਸਥਾਪਿਤ ਕਰਨ ਵਾਲੇ ਕਿਸਾਨਾਂ ਨੂੰ ਲਾਗਤ ਮੁੱਲ 20 ਲੱਖ ਰੁਪਏ ਦੀ 40 ਫ਼ੀਸਦੀ ਸਬਸਿਡੀ ਦਿੰਦਾ ਹੈ। ਇਸ ਤਰ੍ਹਾਂ ਖੁੰਬ ਦਾ ਬੀਜ ਜਿਸ ਨੂੰ ਸਪਾਨ ਕਿਹਾ ਜਾਂਦਾ ਹੈ ਨੂੰ ਤਿਆਰ ਕਰਨ ਦੇ 15 ਲੱਖ ਦੀ ਲਾਗਤ ਵਾਲੇ ਯੂਨਿਟ ਦੀ ਸਥਾਪਨਾ ਲਈ ਵੀ ਬਾਗਬਾਨੀ ਵਿਭਾਗ 40 ਫੀਸਦੀ ਮੱਦਦ ਕਰਦਾ ਹੈ। ਇਸੇ ਤਰ੍ਹਾਂ ਕੰਪੋਸਟ ਯੂਨਿਟ ਦੀ ਕੁੱਲ ਲਾਗਤ ਮੁੱਲ 20 ਲੱਖ ਰੁਪਏ ਦਾ 40 ਫ਼ੀਸਦੀ ਸਬਸਿਡੀ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।

ਬ੍ਰਿਸ਼ਭਾਨ ਬੁਜਰਕ, ਕਾਹਨਗੜ ਰੋਡ, ਪਾਤੜਾਂ (ਪਟਿਆਲਾ)

ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ