ਮਾਂ ਤੇ ਮਾਸੜ ਨੂੰ ਭਾਰਤ ਹਵਾਲੇ ਕੀਤਾ, ਸੰਗਰੂਰ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਸੰਗਰੂਰ| 1999 ਵਿੱਚ ਭਾਰਤ ਤੇ ਕਨੇਡਾ ਦੋਵੇਂ ਦੇਸ਼ਾਂ ਵਿੱਚ ਚਰਚਾ ਵਿੱਚ ਰਹੀ ਕੈਨੇਡੀਅਨ ਕੁੜੀ ਜਸਵਿੰਦਰ ਕੌਰ ਜੱਸੀ ਦੇ ਕਤਲ ਦੇ ਮਾਮਲੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਇਸ ਮਾਮਲੇ ਵਿੱਚ ਮਰਹੂਮ ਜੱਸੀ ਦੀ ਮਾਤਾ ਮਲਕੀਤ ਕੌਰ ਤੇ ਉਸਦੇ ਮਾਸੜ ਸੁਰਜੀਤ ਸਿੰਘ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ। ਅੱਜ ਸੰਗਰੂਰ ਪੁਲਿਸ ਨੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਇਹਨਾਂ ਦੋਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਜ ਗੁਰਮੀਤ ਸਿੰਘ ਐੱਸ ਪੀ ਤੇ ਹਿਰ ਪੁਲਿਸ ਪਾਰਟੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਕੀ ਹੈ ਪੂਰਾ ਮਾਮਲਾ:
ਕੈਨੇਡੀਅਨ ਅਰਬਪਤੀ ਪਰਿਵਾਰ ਦੀ ਲੜਕੀ ਜਸਵਿੰਦਰ ਕੌਰ ਜੱਸੀ 1994 ਵਿੱਚ ਪਹਿਲੀ ਵਾਰ ਭਾਰਤ ਆਈ ਸੀ ਅਤੇ ਇਥੇ ਆ ਕੇ ਉਸ ਨੇ ਸੁਖਵਿੰਦਰ ਸਿੰਘ ਮਿੱਠੂ ਜਿਹੜਾ ਡਰਾਈਵਰ ਸੀ, ਉਸ ਨਾਲ ਹਮਰਾਜ਼ ਹੋ ਕੇ 1999 ਵਿੱਚ ਆਪਣੇ ਘਰਦਿਆਂ ਤੋਂ ਚੋਰੀ ਮਿੱਠੂ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਪਿੱਛੋਂ ਉਹ ਕੈਨੇਡਾ ਚਲੀ ਗਈ ਤੇ ਮਿੱਠੂ ਨੂੰ ਵੀ ਕਨੇਡਾ ਬੁਲਾਉਣ ਲਈ ਕਾਗਜ਼ੀ ਚਾਰਾਜੋਈ ਕਰਨ ਲੱਗੀ। ਉਧਰ ਜੱਸੀ ਦੇ ਘਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਣ ਤੇ ਉਹਨਾਂ ਜੱਸੀ ਨਾਲ ਮਾਰ ਕੁੱਟ ਕੀਤੀ ਤੇ ਕੰਮ ਛੁਡਵਾ ਕੇ ਘਰੇ ਬੰਦ ਕਰ ਦਿੱਤਾ। ਜੱਸੀ ਨੇ ਕਨੇਡਾ ਪੁਲਿਸ ਦੀ ਮਦਦ ਨਾਲ ਘਰ ਵਾਲਿਆਂ ਤੇ ਚੁੰਗਲ ਵਿਚੋਂ ਆਜ਼ਾਦ ਹੋ ਕੇ ਭਾਰਤ ਆ ਗਈ ਤੇ ਮੁੜ ਕੇ ਕਨੇਡਾ ਨਹੀਂ ਗਈ। ਓਧਰ ਜੱਸੀ ਦੇ ਘਰਵਾਲਿਆਂ ਨੇ ਜਗਰਾਓਂ ਪੁਲਿਸ ਕੋਲ ਮਿੱਠੂ ਤੇ ਜੱਸੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਜੱਸੀ ਨੇ ਇਸ ਮਾਮਲੇ ਵਿੱਚ ਆਪਣੀ ਗਵਾਹੀ ਨਾਲ ਮਿੱਠੂ ਨੂੰ ਬਾਹਰ ਕਢਵਾਇਆ ਸੀ। ਜਿਸ ਕਾਰਨ ਜੱਸੀ ਦੇ ਘਰ ਵਾਲੇ ਹੋਰ ਵੀ ਗੁੱਸੇ ਵਿਚ ਆ ਗਏ।
8 ਜੂਨ 2000 ਨੂੰ ਜਦੋਂ ਜੱਸੀ ਤੇ ਮਿੱਠੂ ਵਲੋਂ ਆਪਣੇ ਵਿਆਹ ਦੀ ਖੁਸ਼ੀ ਵਿੱਚ ਮਲੇਰਕੋਟਲਾ ਨੇੜਲੇ ਪਿੰਡ ਨਾਰੀਕੇ ਵਿਖੇ ਇਕ ਸਮਾਗਮ ਰੱਖਿਆ ਸੀ। ਉਸ ਰਾਤ ਨੂੰ ਜਦੋਂ ਮਿੱਠੂ ਤੇ ਉਸਦੀ ਘਰਵਾਲੀ ਜੱਸੀ ਸਕੂਟਰ ਤੇ ਸਵਾਰ ਹੋ ਕੇ ਜਾ ਰਹੇ ਸਨ ਤੇ 7 ਜਣਿਆਂ ਨੇ ਤਲਵਾਰਾਂ ਨਾਲ ਉਹਨਾਂ ਦੋਵਾਂ ਤੇ ਹਮਲਾ ਕਰ ਦਿੱਤਾ। ਮਿੱਠੂ ਨੂੰ ਹਮਲਾਵਰ ਮਰਿਆ ਸਮਝ ਕੇ ਉਥੇ ਹੀ ਸਿੱਟ ਕੇ ਚਲੇ ਗਏ ਤੇ ਜੱਸੀ ਨੂੰ ਓਥੋਂ ਆਪਣੇ ਨਾਲ ਅਗਵਾ ਕਰਕੇ ਲੈ ਗਏ। ਇਸ ਪਿੱਛੋਂ ਜੱਸੀ ਦੀ ਲਾਸ਼ ਹੀ ਬਰਾਮਦ ਹੋਈ ਸੀ। ਮਿੱਠੂ ਸਾਲ ਭਰ ਕੋਮਾ ਵਿੱਚ ਰਿਹਾ ਪਰ ਉਹ ਸਿਹਤਯਾਬ ਹੋ ਗਿਆ।
ਜਾਣਕਾਰੀ ਮੁਤਾਬਿਕ ਜੱਸੀ ਨੇ ਆਪਣੇ ਕਤਲ ਤੋਂ 15 ਦਿਨ ਪਹਿਲਾਂ ਪੁਲਿਸ ਕੋਲ ਖ਼ਦਸ਼ਾ ਪ੍ਰਗਟਾਇਆ ਸੀ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ।
ਇਸ ਮਾਮਲੇ ਤੋਂ ਉਸ ਵੇਲੇ ਦੇ ਪੁਲਿਸ ਅਧਿਕਾਰੀ ਸਵਰਨ ਸਿੰਘ ਨੇ ਬੇਪਰਦ ਕੀਤਾ ਸੀ ਤੇ ਇਸ ਮਾਮਲੇ ਵਿਚ ਪੁਲਿਸ ਦੇ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ ਜਿਸਨੇ ਜੱਸੀ ਦੇ ਪਰਿਵਾਰ ਨੂੰ ਭਾੜੇ ਦੇ ਕਾਤਲ ਮੁਹਈਆ ਕਰਵਾਏ ਸੀ।
2004 ਵਿੱਚ ਅਦਾਲਤ ਵਲੋਂ ਉਕਤ ਪੁਲਿਸ ਅਧਿਕਾਰੀ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਜੱਸੀ ਦੇ ਪਰਿਵਾਰਕ ਮੈਬਰਾਂ ਨੇ ਕਤਲ ਲਈ 5 ਲੱਖ ਰੁਪਏ ਦਿੱਤੇ ਨੇ। ਇਸ ਪਿੱਛੋਂ ਕਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਜੱਸੀ ਦੀ ਮਾਂ ਮਲਕੀਤ ਕੌਰ ਤੇ ਉਸਦੇ ਮਾਸੜ ਸੁਰਜੀਤ ਸਿੰਘ ਨੂੰ 6 ਜਨਵਰੀ 2012 ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਤੋਂ ਬਾਅਦ ਇਹਨਾਂ ਦੋਵਾਂ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਵਾਰ ਵਾਰ ਕੀਤੀ ਜਾਂਦੀ ਰਹੀ ਪਰ ਉਕਤ ਦੋਵੇਂ ਕਨੇਡਾ ਪੁਲੀਸ ਨੂੰ ਭਾਰਤ ਹਵਾਲੇ ਨਾ ਕਰਨ ਦੀਆਂ ਅਰਜੋਈਆਂ ਕਰਦੇ ਰਹਿੰਦੇ ।
ਜਿਕਰਯੋਗ ਇਹ ਵੀ ਹੈ ਇਕ ਕਨੇਡਾ ਦੇ ਪੱਤਰਕਾਰ ਨੇ ਵੀ ਜੱਸੀ ਨੂੰ ਇਨਸਾਫ ਦਿਵਾਉਣ ਵਿੱਚ ਕਾਫੀ ਘਾਲਣਾ ਘਾਲੀ ਤੇ ਪਰਵਾਸੀ ਭਾਰਤੀਆਂ ਨੇ ਵੀ ਕਾਫੀ ਜਦੋ ਜਹਿਦ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।