ਸਾਉਣੀ ਦੀਆਂ 17 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ, ਝੋਨੇ ਦੀ ਕੀਮਤ 100 ਰੁਪਏ ਵਧੀ

tahkur

 ਝੋਨੇ ਦੀ ਕੀਮਤ 100 ਰੁਪਏ ਵਧੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੇ ਮੰਡੀਕਰਨ ਸੀਜ਼ਨ 2022-23 ਲਈ 17 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਨ੍ਹਾਂ ’ਚ ਝੋਨੇ ਦੀ ਕੀਮਤ ਵਿੱਚ 100 ਰੁਪਏ, ਮੂੰਗੀ ਦੀ ਕੀਮਤ ਵਿੱਚ 480 ਰੁਪਏ ਅਤੇ ਸੂਰਜਮੁਖੀ ਦੀ ਕੀਮਤ ਵਿੱਚ 385 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਸੂਚਨਾ ਤੇ ਪ੍ਰਸਾਨਰ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੈਬਨਿਟ ਮੀਟਿੰਗ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਐਮਐਸਪੀ ਨੂੰ ਲਾਗਤ ਦੇ 50 ਤੋਂ 85 ਫੀਸਦੀ ਤੱਕ ਉੱਚਾ ਰੱਖਿਆ ਹੈ।

ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਬਿਜਾਈ ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਵਾਢੀ ਤੋਂ ਬਾਅਦ ਉਨ੍ਹਾਂ ਨੂੰ ਕੀ ਭਾਅ ਮਿਲੇਗਾ। ਇਹ ਸਰਕਾਰ ਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਲਾਹੇਵੰਦ ਮੁੱਲ ਦੇਣ ਦੇ ਨਾਲ-ਨਾਲ ਸਰਕਾਰ ਆਪਣੀ ਸਰਕਾਰੀ ਖਰੀਦ ਵੀ ਵਧਾ ਰਹੀ ਹੈ। ਇਸ ਤੋਂ ਇਲਾਵਾ ਭਾਰਤ ਤੋਂ ਖੇਤੀ ਉਤਪਾਦਾਂ ਦੀ ਬਰਾਮਦ ਵੀ ਵਧੀ ਹੈ, ਜਿਸ ਦਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ।

ਠਾਕੁਰ ਨੇ ਦੱਸਿਆ ਕਿ ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਵਾਧਾ ਤਿਲ (523 ਰੁਪਏ ਪ੍ਰਤੀ ਕੁਇੰਟਲ), ਮੂੰਗ (480 ਰੁਪਏ) ਅਤੇ ਸੂਰਜਮੁਖੀ (385 ਰੁਪਏ ਪ੍ਰਤੀ ਕੁਇੰਟਲ) ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਨਿਤ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾ ਮੁੱਲ ਦੇਣ ਦੇ ਸਰਕਾਰ ਦੇ ਸਿਧਾਂਤਕ ਫ਼ੈਸਲੇ ਨਾਲ ਅਨੁਸਾਰ ਹੈ।

ਉਨ੍ਹਾਂ ਕਿਹਾ ਕਿ ਆਮ ਗ੍ਰੇਡ ਦੇ ਝੋਨੇ ਦੀ ਕੀਮਤ ਵਿੱਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ 2040 ਰੁਪਏ ਅਤੇ ਏ ਗਰੇਡ ਦੇ ਝੋਨੇ ਦਾ ਭਾਅ 2060 ਰੁਪਏ ਦੇ ਵਾਧੇ ਨਾਲ ਤੈਅ ਕੀਤਾ ਗਿਆ ਹੈ। ਇਸੇ ਵਾਧੇ ਨਾਲ ਜਵਾਰ (ਹਾਈਬ੍ਰਿਡ) 232 ਰੁਪਏ ਵਧ ਕੇ 2970 ਰੁਪਏ ਅਤੇ ਜਵਾਰ ਮਾਲਦਾਨੀ 2990 ਰੁਪਏ ਪ੍ਰਤੀ ਕੁਇੰਟਲ ਵਧੀ ਹੈ। ਬਾਜਰੇ ਅਤੇ ਰਾਗੀ ਦਾ ਘੱਟੋ-ਘੱਟ ਸਮਰਥਨ ਮੁੱਲ 100 ਰੁਪਏ ਅਤੇ 201 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਕ੍ਰਮਵਾਰ 2350 ਰੁਪਏ ਅਤੇ 3578 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 92 ਰੁਪਏ ਵਧਾ ਕੇ 1962, ਅਰਹਰ 300 ਰੁਪਏ ਵਧਾ ਕੇ 6600, ਮੂੰਗੀ ਦਾ 480 ਰੁਪਏ ਵਧਾ ਕੇ 7755 ਰੁਪਏ ਪ੍ਰਤੀ ਕੁਇੰਟਲ, ਉੜਦ ਦਾ ਘੱਟੋ-ਘੱਟ ਸਮਰਥਨ ਮੁੱਲ 300 ਰੁਪਏ ਵਧਾ ਕੇ 6600 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਤੇਲ ਬੀਜਾਂ ‘ਚ ਮੂੰਗਫਲੀ ਦਾ ਘੱਟੋ-ਘੱਟ ਸਮਰਥਨ ਮੁੱਲ ਪਿਛਲੇ ਸਾਲ ਨਾਲੋਂ 300 ਰੁਪਏ ਵਧ ਕੇ 5850 ਰੁਪਏ, ਸੂਰਜਮੁਖੀ ਦਾ 385 ਰੁਪਏ ਵਧ ਕੇ 6400 ਰੁਪਏ, ਸੋਇਆਬੀਨ ਪੀਲਾ 350 ਰੁਪਏ ਵਧ ਕੇ 4500 ਰੁਪਏ, ਰਾਮਤੀਲ 357 ਰੁਪਏ ਵਧ ਕੇ 7287 ਅਤੇ ਤਿਲ 523 ਰੁਪਏ ਵਧ ਕੇ 7830 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਸੇ ਤਰ੍ਹਾਂ ਔਸਤ ਰੇਸ਼ੇ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 354 ਰੁਪਏ ਅਤੇ ਲੰਬੇ ਰੇਸ਼ੇ ਕਪਾਹ ਦਾ 355 ਰੁਪਏ ਵਧਾ ਕੇ ਕ੍ਰਮਵਾਰ 6080 ਰੁਪਏ ਅਤੇ 6380 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ