ਪਹਿਲਾਂ ਉੱਤਰਾਖੰਡ ਅਤੇ ਹੁਣ ਹਿਮਾਚਲ ਪ੍ਰਦੇਸ਼ ਦੀਆਂ ਆਫਤਾਂ ਨੇ ਪਹਾੜੀ ਜੀਵਨ ’ਤੇ ਕਈ ਸਵਾਲ ਖੜੇ੍ਹ ਕਰ ਦਿੱਤੇ ਹਨ, ਕੀ ਪਹਾੜੀ ਜੀਵਨ ਅਸੰਭਵ ਹੋ ਜਾਵੇਗਾ ਜਾਂ ਸਾਨੂੰ ਨਾਜ਼ੁਕ ਪਹਾੜਾਂ ’ਤੇ ਸੁਰੱਖਿਅਤ ਅਤੇ ਬੇਫ਼ਿਕਰ ਜਿਉਣ ਲਈ ਨਵੇਂ ਤਰੀਕੇ ਨਾਲ ਜਿਉਣਾ ਸਿੱਖਣਾ ਹੋਵੇਗਾ। ਇਨ੍ਹਾਂ ਪਹਾੜਾਂ ’ਚ ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਨਾਲ ਜਾਨ-ਮਾਲ ਦੀ ਤਬਾਹੀ ਚਿੰਤਿਤ ਕਰਨ ਵਾਲੀ ਹੈ। ਪਹਾੜਾਂ ’ਚ ਇਹ ਪਹਿਲੀ ਵਾਰ ਨਹੀਂ ਹੈ ਕਿ ਐਨੀ ਤਬਾਹੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਪਹਾੜੀ ਰਾਜਾਂ ’ਚ ਅਜਿਹੀ ਤਬਾਹੀ ਹੁੰਦੀ ਰਹੀ ਹੈ। ਇਨ੍ਹਾਂ ’ਚ ਨਾ ਸਿਰਫ਼ ਵੱਡੀ ਗਿਣਤੀ ’ਚ ਲੋਕਾਂ ਨੂੰ ਜਾਨ ਗਵਾਉਣੀ ਪੈ ਰਹੀ ਹੈ, ਸਗੋਂ ਨਿੱਜੀ ਅਤੇ ਸਰਕਾਰੀ ਜਾਇਦਾਦਾਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਰਿਹਾ ਹੈ। ਅਜਿਹੇ ਹਾਲਾਤਾਂ ’ਚ ਸਵਾਲ ਇਹੀ ਉੱਠਦਾ ਹੈ ਕਿ ਵਾਰ-ਵਾਰ ਦੀਆਂ ਆਫਤਾਂ ਕਾਰਨ ਹੋ ਰਹੀ ਤਬਾਹੀ ਨੂੰ ਘੱਟ ਕਰਨ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਅਸੀਂ ਸਬਕ ਕੀ ਲਿਆ? (Marketism)
ਹਿਮਾਚਲ ਪ੍ਰਦੇਸ਼ ਦਾ ਈਕੋਸਿਸਟਮ | Marketism
ਕੀ ਪਹਾੜਾਂ ’ਤੇ ਆਮ ਧਰਤੀ ਭਾਵ ਮੈਦਾਨੀ ਇਲਾਕਿਆਂ ਵਾਂਗ ਵਿਕਾਸ ਯੋਜਨਾਵਾਂ, ਸੜਕ, ਭਵਨ ਨਿਰਮਾਣ, ਸੁਰੰਗ, ਉਦਯੋਗਿਕ ਅਦਾਰੇ, ਸੈਰ-ਸਪਾਟਾ ਆਦਿ ਨੂੰ ਆਕਾਰ ਦੇਣਾ ਸਹੀ ਹੈ। ਜ਼ਮੀਨ ਖਿਸਕਣ ਦੀਆਂ ਵਧਦੀਆਂ ਘਟਨਾਵਾਂ ਦੇ ਕਾਰਨਾਂ ਦੀ ਪੜਤਾਲ ਜ਼ਰੂਰੀ ਹੈ। ਪਹਾੜਾਂ ’ਤੇ ਹਾਈਡ੍ਰੋ ਪਾਵਰ ਪ੍ਰੋਜੈਕਟ ਲਗਾਤਾਰ ਜ਼ਮੀਨ ਖਿਸਕਣ ਦੀ ਇੱਕ ਵੱਡੀ ਵਜ੍ਹਾ ਹਨ। ਪ੍ਰੋਜੈਕਟ ਦੌਰਾਨ ਸੁਰੰਗ ਬਣਾਉਣ ਲਈ ਧਮਾਕੇ ਕੀਤੇ ਜਾਂਦੇ ਹਨ। ਭਾਰੀ ਮਸ਼ੀਨਾਂ ਦੀ ਵਰਤੋਂ ਨਾਲ ਪਹਾੜਾਂ ’ਤੇ ਤੇਜ਼ ਕੰਪਨ ਹੁੰਦਾ ਹੈ।
ਹਿਮਾਚਲ ਪ੍ਰਦੇਸ਼ ਦਾ ਈਕੋਸਿਸਟਮ ਹਾਲੇ ਕਾਫ਼ੀ ਸੰਵੇਦਨਸ਼ੀਲ ਹੈ। ਇਨ੍ਹਾਂ ਰਾਜਾਂ ’ਚ ਲਗਾਤਾਰ ਰੁੱਖਾਂ ਨੂੰ ਕੱਟਣ ਅਤੇ ਮੌਜ਼ੂਦ ਪਹਾੜਾਂ ਦੀ ਉਮਰ ਵੀ ਘੱਟ ਹੋਣ ਦੀ ਵਜ੍ਹਾ ਨਾਲ ਲੈਂਡਸਲਾਈਡ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਜਲਵਾਯੂ ਬਦਲਾਅ ਨੂੰ ਵੀ ਜ਼ਮੀਨ ਖਿਸਕਣ ਦੇ ਵਧਦੇ ਮਾਮਲਿਆਂ ਦੀ ਇੱਕ ਵਜ੍ਹਾ ਮੰਨਿਆ ਜਾ ਸਕਦਾ ਹੈ। ਪਿਛਲੇ ਸਾਲ ਫਰਵਰੀ ’ਚ ਨਾਸਾ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਮੁਤਾਬਿਕ ਕਲਾਈਮੈਂਟ ਚੇਂਜ ਨਾਲ ਹਿਮਾਚਲ ਦੇ ਗਲੇਸ਼ੀਅਰ ਝੀਲ ਵਾਲੇ ਇਲਾਕਿਆਂ ’ਚ ਜੂਨ ਤੋੋਂ ਸਤੰਬਰ ਦੌਰਾਨ ਲੈਂਡਸਲਾਈਡ ਵਧ ਸਕਦੀ ਹੈ। ਨਾਲ ਹੀ ਇਸ ਨਾਲ ਹੜ੍ਹ ਦੀ ਆਫ਼ਤ ਨਾਲ ਜੂਝਣਾ ਪੈ ਸਕਦਾ ਹੈ। ਪਰ ਅਜਿਹੇ ਅਗਾਊਂ ਅੰਦਾਜ਼ਿਆਂ ਤੋਂ ਅਸੀਂ ਕਿਉਂ ਨਹੀਂ ਸਬਕ ਲਿਆ?
ਇਹ ਵੀ ਪੜ੍ਹੋ : ਕੁਦਰਤ ਦਾ ਭਿਆਨਕ ਕਹਿਰ ਜਾਰੀ
ਹਿਮਾਲਿਆ ਅੱਜ ਚਿੰਤਾਵਾਂ ਦਾ ਹਿਮਾਲਿਆ ਬਣ ਗਿਆ ਹੈ। ਕੁਝ ਦਹਾਕਿਆਂ ’ਚ ਖਾਸ ਕਰਕੇ ਹਿਮਾਲਈ ਖੇਤਰ ਦੇ ਰਾਜਾਂ ’ਚ ਵਿਕਾਸ ਦੇ ਨਾਂਅ ’ਤੇ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਹੋਈ ਹੈ। ਐਨਾ ਹੀ ਨਹੀਂ, ਕੁਦਰਤ ਨਾਲ ਖਿਲਵਾੜ ਕਰਕੇ ਨਿਯਮਾਂ ਖਿਲਾਫ਼ ਅਜਿਹਾ ਨਿਰਮਾਣ ਖੜ੍ਹਾ ਕੀਤਾ ਜਾ ਰਿਹਾ ਹੈ, ਜੋ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਬਰਬਾਦੀ ਲੈ ਕੇ ਆਇਆ ਹੈ। ਸਵਾਲ ਇਹ ਵੀ ਹੈ ਕਿ ਪਹਾੜੀ ਰਾਜਾਂ ’ਚ ਵਿਕਾਸ ਦਾ ਕੀ ਪੈਮਾਨਾ ਹੋਣਾ ਚਾਹੀਦੈ? ਜੇਕਰ ਵਿਕਾਸ ਦੇ ਨਾਂਅ ’ਤੇ ਕਿਤੇ ਨਿਰਮਾਣ ਗਤੀਵਿਧੀਆਂ ਜ਼ਰੂਰੀ ਹੋਣ ਤਾਂ ਉਹ ਨਿਯੋਜਨ ਦੇ ਨਾਲ ਹੀ ਆਫ਼ਤਾਂ ਨੂੰ ਝੱਲਣ ’ਚ ਸਮਰੱਥ ਹੋਣੀਆਂ ਚਾਹੀਦੀਆਂ ਹਨ।
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਇਨ੍ਹਾਂ ਰਾਜਾਂ ’ਚ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਦੇ ਨਾਂਅ ’ਤੇ ਅਜਿਹੀਆਂ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਹੋ ਗਈਆਂ ਜੋ ਨਾ ਸਿਰਫ ਹੜ੍ਹ ਅਤੇ ਜ਼ਮੀਨ ਖਿਸਕਣ ਨੂੰ ਝੱਲਣ ’ਚ ਅਸਮਰੱਥ ਸਾਬਤ ਹੋਈਆਂ, ਸਗੋਂ ਵਾਤਾਵਰਨ ਦੇ ਹਿਸਾਬ ਨਾਲ ਵੀ ਨੁਕਸਾਨਦੇਹ ਰਹੀਆਂ ਹਨ। ਅਜਿਹੇ ਨਿਰਮਾਣ ’ਚ ਸਰਕਾਰੀ ਪੱਧਰ ’ਤੇ ਚੌਕਸੀ ਦੀ ਜੋ ਉਮੀਦ ਕੀਤੀ ਜਾਂਦੀ ਹੈ, ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਜੋਸ਼ੀਮੱਠ ਦੀ ਹਾਲਾਤ | Marketism
ਅਸੀਂ ਪਹਾੜਾਂ ਨੂੰ ਬਜ਼ਾਰਵਾਦ ਦੇ ਹਵਾਲੇ ਕਰ ਦਿੱਤਾ ਹੈ, ਉੱਥੇ ਜਿਸ ਤਰ੍ਹਾਂ ਬੁਨਿਆਦੀ ਢਾਂਚਾ ਖੇਤਰ ਤੋਂ ਲੈ ਕੇ ਰਿਹਾਇਸ਼ੀ ਖੇਤਰ, ਹੋਟਲਾਂ ਆਦਿ ਤੱਕ ’ਚ ਅੰਨ੍ਹੇਵਾਹ ਨਿਰਮਾਣ ਕਾਰਜ ਕੀਤਾ ਹੈ ਅਤੇ ਪਹਾੜਾਂ ਨੂੰ ਇੱਕ ਪਾਸੇ ਪੁੱਟਿਆ ਹੈ ਅਤੇ ਦੂਜੇ ਪਾਸੇ ਉਨ੍ਹਾਂ ’ਤੇ ਕੰਕਰੀਟ ਦਾ ਨਿਰਮਾਣ ਕਾਰਜ ਕਰਕੇ ਬੋਝ ਵਧਾ ਦਿੱਤਾ ਹੈ ਉਸ ਨਾਲ ਕੁਦਰਤ ਵੱਲੋੋਂ ਬਣੇ ਇਨ੍ਹਾਂ ਮਨਮੋਹਕ ਸਥਾਨਾਂ ਦਾ ਰੂਪ ਬਦਲ ਰਿਹਾ ਹੈ। ਪਿਛਲੇ ਦਿਨੀਂ ਅਸੀਂ ਬਦਰੀਨਾਥ ਤੀਰਥ ਦੀ ਯਾਤਰਾ ਦੇ ਆਧਾਰ ਨਗਰ ਜੋਸ਼ੀਮੱਠ ਦੀ ਹਾਲਾਤ ਦੇਖੀ ਸੀ ਕਿ ਕਿਸ ਤਰ੍ਹਾਂ ਇਹ ਸ਼ਹਿਰ ਢਲ਼ਣ ਲੱਗਾ ਹੈ। ਉਸ ਤੋਂ ਪਹਿਲਾਂ ਸ੍ਰੀ ਕੇਦਾਰਨਾਥ ਧਾਮ ’ਚ ਹੋਈ ਤਬਾਹੀ ਨੂੰ ਵੀ ਦੇਖਿਆ ਸੀ।
ਇਹ ਸਭ ਪਹਾੜਾਂ ’ਤੇ ਬੋਝ ਵਧਾਉਣ ਦਾ ਹੀ ਨਤੀਜਾ ਹੈ ਅਤੇ ਪਹਾੜਾਂ ਨੂੰ ਬੇਹਿਸਾਬ ਤਰੀਕੇ ਨਾਲ ਕੱਟਣ ਤੇ ਪੁੱਟਣ ਦਾ ਹੀ ਨਤੀਜਾ ਹੈ। ਜੇਕਰ ਕਾਲਕਾ-ਸ਼ਿਮਲਾ ਰਾਜਮਾਰਗ ’ਤੇ ਸੋਲਨ ਤੱਕ ਦੀ ਦੂਰੀ ’ਚ ਹੀ ਦਸ ਥਾਵਾਂ ’ਤੇ ਜ਼ਮੀਨ ਖਿਸਕ ਜਾਂਦੀ ਹੈ ਤਾਂ ਸਾਨੂੰ ਸੋਚਣਾ ਪਵੇਗਾ ਕਿ ਗਲਤੀ ਕਿੱਥੇ ਹੋਈ ਹੈ। ਜੇਕਰ ਸ਼ਿਮਲਾ ਸ਼ਹਿਰ ਦੀਆਂ ਪਹਾੜੀਆਂ ’ਤੇ ਹੀ ਮਕਾਨ ਢਹਿਣ ਲੱਗਦੇ ਹਨ ਤਾਂ ਸਾਨੂੰ ਸੋਚਣਾ ਪਵੇਗਾ ਕਿ ਅਜਿਹੀਆਂ ਥਾਵਾਂ ’ਚ ਭਵਨ ਨਿਰਮਾਣ ਦੇ ਨਿਯਮ ਕੀ ਹਨ?
ਲੋਕਾਂ ਦੀ ਮੌਤ | Marketism
ਸ਼ਿਮਲਾ ਦੀਆਂ ਘਟਨਾਵਾਂ ਨੇ ਜ਼ਿਆਦਾ ਚਿੰਤਾ ’ਚ ਪਾਇਆ ਹੈ। ਰਾਜਧਾਨੀ ਅਤੇ ਜ਼ਿਆਦਾ ਸਰਗਰਮ, ਲੋਕਾਂ ਦੀ ਬਹੁਤਾਤ ਵਾਲੇ ਅਤੇ ਸੈਰ-ਸਪਾਟਾ ਨਗਰ ਹੋਣ ਦੀ ਵਜ੍ਹਾ ਨਾਲ ਸ਼ਿਮਲਾ ’ਚ ਜੋ ਦਿ੍ਰਸ਼ ਦੇਖੇ ਗਏ, ਉਹ ਜ਼ਿਆਦਾ ਡਰਾਉਣੇ ਸਨ। ਸ਼ਿਮਲਾ ਦੇ ਕ੍ਰਿਸ਼ਨਾ ਨਗਰ ਇਲਾਕੇ ’ਚ 15 ਅਗਸਤ ਨੂੰ ਲੈਂਡਸਲਾਈਡ ਦੇ ਚੱਲਦਿਆਂ ਇੱਥੇ ਕਈ ਮਕਾਨ ਢਹਿ ਗਏ। ਆਪਣੇ ਆਸ-ਪਾਸ ਦਹਾਕਿਆਂ ਤੋਂ ਰਹਿ ਰਹੇ ਲੋਕਾਂ ਦੇ ਘਰ ਢਹਿੰਦੇ ਦੇਖ ਗੁਆਂਢੀ ਆਪਣੀਆਂ ਚੀਕਾਂ ਨਹੀਂ ਰੋਕ ਸਕੇ, ਜ਼ਮੀਨ ਖਿਸਕਣ ਤੋਂ ਬਾਅਦ ਸਮੁੱਚੇ ਦੇਸ਼ ਨੇ ਮੱਚੀ ਹਾਹਾਕਾਰ ਦੇਖੀ ਹੈ। ਪਰ ਜਦੋਂ ਜ਼ਮੀਨ ਧਸਦੀ ਹੈ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਤਬਾਹ ਹੋ ਜਾਂਦਾ ਹੈ, ਉਹ ਬੇਵੱਸੀ ਸਰਕਾਰੀ ਯੋਜਨਾਵਾਂ, ਵਿਕਾਸ ਪ੍ਰਕਿਰਿਆਵਾਂ ਅਤੇ ਅਸੰਵੇਦਨਹੀਣ ਹੁੰਦੀ ਸੋਚ ’ਤੇ ਸਵਾਲ ਖੜ੍ਹੇ ਕਰਦੀ ਹੈ।
ਸ਼ਿਮਲਾ ਦੇ ਹੀ ਸਮਰ ਹਿਲ ਇਲਾਕੇ ’ਚ ਬੱਦਲ ਫਟਣ ਤੋਂ ਬਾਅਦ ਜ਼ਮੀਨ ਖਿਸਕ ਗਈ। ਲਪੇਟ ਵਿਚ ਇਲਾਕੇ ਦਾ ਸ਼ਿਵ ਮੰਦਿਰ ਵੀ ਆ ਗਿਆ, ਜਿੱਥੇ ਸਾਉਣ ਦਾ ਸੋਮਵਾਰ ਹੋਣ ਦੇ ਚੱਲਦਿਆਂ ਭੀੜ ਕੁਝ ਜ਼ਿਆਦਾ ਸੀ। ਜ਼ਮੀਨ ਐਨੀ ਤੇਜ਼ੀ ਨਾਲ ਖਿਸਕੀ ਕਿ ਕਿਸੇ ਨੂੰ ਕੁਝ ਕਰਨ ਦਾ ਮੌਕਾ ਨਹੀਂ ਮਿਲਿਆ। ਮੰਦਿਰ ਦੇ ਮਲਬੇ ’ਚੋਂ ਹਾਲੇ ਤੱਕ ਕੱੁਲ 25 ਲਾਸ਼ਾਂ ਨੂੰ ਕੱਢਿਆ ਗਿਆ ਹੈ। 14 ਅਗਸਤ ਨੂੰ ਹੀ ਸ਼ਿਮਲਾ ’ਚ ਇੱਕ ਹੋਰ ਥਾਂ ਫਾਗਲੀ ’ਚ ਜ਼ਮੀਨ ਖਿਸਕ ਗਈ। ਇੱਥੇ ਪੰਜ ਲੋਕਾਂ ਦੀ ਮੌਤ ਹੋ ਗਈ। ਸੋਲਨ ਜਿਲ੍ਹੇ ’ਚ ਵੀ 7 ਜਣਿਆਂ ਦੇ ਮਰਨ ਦੀ ਖਬਰ ਹੈ।
ਤਾਲਮੇਲ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ
ਭਾਰੀ ਬਰਸਾਤ ਨੇ ਜਿਸ ਤਰ੍ਹਾਂ ਤਬਾਹੀ ਦੀ ਖੇਡ ਖੇਡੀ ਹੈ ਉਸ ਨਾਲ ਪਰਬਤੀ ਖੇਤਰਾਂ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਅਤੇ ਭੂ-ਗਰਭ ਸ਼ਾਸਤਰੀ ਇਸ ਬਾਰੇ ਚਿਤਾਵਨੀਆਂ ਵੀ ਦੇ ਰਹੇ ਹਨ ਕਿ ਪਹਾੜੀ ਖੇਤਰਾਂ ਲਈ ਵਿਕਾਸ ਦਾ ਪੈਮਾਨਾ ਉਹ ਨਹੀਂ ਹੋ ਸਕਦਾ ਜੋ ਮੈਦਾਨੀ ਖੇਤਰਾਂ ’ਚ ਹੁੰਦਾ ਹੈ। ਮੱੁਖ ਮੰਤਰੀ ਸੁਖਵਿੰਦਰ ਸਿੰਘ ਸੁੱਖੁੂ ਅਨੁਸਾਰ ਹੁਣ ਤੱਕ ਦੇ ਮੁਲਾਂਕਣ ਮੁਤਾਬਿਕ ਕੁਦਤਰੀ ਆਫ਼ਤਾਂ ਨਾਲ 10 ਹਜ਼ਾਰ ਕਰੋੜ ਰੁਪਇਆ ਤੇ ਭਾਰੀ ਜਾਨ-ਮਾਲ ਦਾ ਨੁਕਸਾਨ ਹੋ ਗਿਆ ਹੈ। ਇਹ ਦਰਦਨਾਕ ਅਤੇ ਤ੍ਰਾਸਦ ਘਟਨਾਵਾਂ ਕੁਦਰਤ ਨਾਲ ਤਾਲਮੇਲ ਨੂੰ ਨਜ਼ਰਅੰਦਾਜ਼ ਕਰਨ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਇਹੀ ਵਜ੍ਹਾ ਹੈ, ਦੋਵਾਂ ਪਹਾੜੀ ਰਾਜਾਂ ਦੇ ਲੋਕਾਂ ਨੂੰ ਭਵਿੱਖ ’ਚ ਅੰਨ੍ਹੇਵਾਹ ਵਿਕਾਸ ਦੀ ਦੌੜ ਤੋਂ ਬਚਣ ਲਈ ਤਿਆਰ ਰਹਿਣਾ ਹੋਵੇਗਾ। ਕੁਦਰਤ ਸਾਨੂੰ ਆਫਤਾਂ ਦੇ ਨਾਲ ਇਹੀ ਸੰਦੇਸ਼ ਦੇ ਰਹੀ ਹੈ ਕਿ ਵੱਖ-ਵੱਖ ਪੱਧਰਾਂ ’ਤੇ ਅਤੇ ਲਗਾਤਾਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਜਿੰਮੇਵਾਰੀ ਸਰਕਾਰ ਅਤੇ ਉੱਥੇ ਦੇ ਲੋਕਾਂ ਦੀ ਹੈ ਕਿ ਉਹ ਨਾਜ਼ੁਕ ਪਹਾੜੀ ਜੀਵਨ ਦੀ ਮਰਿਆਦਾ, ਸੰਯਮ, ਸਾਦਗੀ ਅਤੇ ਪਵਿੱਤਰਤਾ ਨੂੰ ਬਣਾਈ ਰੱਖਣ।
ਲਲਿਤ ਗਰਗ