ਮਾਂ ਦਾ ਦੁੱਧ ਕੁਦਰਤ ਵੱਲੋਂ ਬੱਚੇ ਲਈ ਅਨਮੋਲ ਤੋਹਫ਼ਾ: ਡਾ. ਗੁਰਦੀਪ ਸਿੰਘ ਬੋਪਾਰਾਏ
ਲੌਂਗੋਵਾਲ (ਹਰਪਾਲ)। ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਲੌਂਗੋਵਾਲ ਡਾ. ਗੁਰਦੀਪ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਪਿੰਡਾਂ ਵਿਖੇ ਜਾਗਰੂਕਤਾ ਕੈੰਪ ਲਗਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਮ ਓ ਲੌਂਗੋਵਾਲ ਡਾ. ਗੁਰਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੀ ਇੱਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਮਾਂ ਦਾ ਦੁੱਧ ਅੰਮ੍ਰਿਤ ਹੈ ਅਤੇ ਕੁਦਰਤ ਵੱਲੋਂ ਨਵਜੰਮੇ ਬੱਚੇ ਲਈ ਅਨਮੋਲ ਤੋਹਫ਼ਾ ਹੈ। ਡਾ. ਬੋਪਾਰਾਏ ਨੇ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਬੱਚੇ ਲਈ ਪਹਿਲਾ ਟੀਕਾ ਹੈ ਤੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਨੂੰ ਕੋਲੈਸਟ੍ਰੋਮ ਕਿਹਾ ਜਾਂਦਾ ਹੈ ਜੋ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਤੇ ਬੱਚਾ ਤੰਦਰੁਸਤ ਰਹਿੰਦਾ ਹੈ।
ਇਸ ਲਈ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚਾ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ।ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘਟੋਂ ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ।ਇਸ ਦੇ ਨਾਲ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਛਾਤੀ ਅਤੇ ਬੱਚੇਦਾਨੀ ਦਾ ਕੈਸਰ ਆਦਿ ਤੋਂ ਬਚ ਜਾਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ