ਮਾਂਬਾਰੇ ਬੇਅੰਤ ਲੇਖ, ਕਵਿਤਾਵਾਂ ਅਤੇ ਨਾਵਲ ਮੈਂ ਪੜ੍ਹੇ ਹਨ ਤੇ ਆਪਣੀ ਮਾਂ ਦਾ ਪਿਆਰ ਰੱਜ ਕੇ ਮਾਣਿਆ ਵੀ ਹੈ। ਜਦ ਤੱਕ ਆਪ ਮਾਂ ਨਹੀਂ ਸੀ ਬਣੀ, ਉਦੋਂ ਤੱਕ ਓਨੀ ਡੂੰਘਾਈ ਵਿੱਚ ਮੈਨੂੰ ਸਮਝ ਨਹੀਂ ਸੀ ਆਈ ਕਿ ਮਾਂ ਦੀ ਕਿੰਨੀ ਘਾਲਣਾ ਹੁੰਦੀ ਹੈ ਇੱਕ ਮਾਸ ਦੇ ਲੋਥੜੇ ਨੂੰ ਜੰਮਣ ਪੀੜਾਂ ਸਹਿ ਕੇ ਜਨਮ ਦੇਣਾ ਅਤੇ ਇੱਕ ਕਾਮਯਾਬ ਇਨਸਾਨ ਬਣਾ ਕੇ ਖੜ੍ਹਾ ਕਰਨਾ। ਮੈਂ ਬਹੁ ਗਿਣਤੀ ਮਾਵਾਂ ਦਾ ਜ਼ਿਕਰ ਕਰ ਰਹੀ ਹਾਂ, ਜੋ ਇਂਜ ਹੀ ਕਰਦੀਆਂ ਹਨ। ਪਰ ਅਫ਼ਸੋਸ ਕਿ ਕੁੱਝ ਮਾਵਾਂ ਲਈ ਅੱਜ ਕੱਲ੍ਹ ਆਪਣਾ ਕੰਮ ਬੱਚਿਆਂ ਤੋਂ ਉੱਚਾ ਪਹੁੰਚ ਚੁੱਕਿਆ ਹੈ।
ਜਦੋਂ ਪਹਿਲਾ ਕਦਮ ਪੁੱਟਦੇ ਕਿਸੇ ਬੱਚੇ ਦਾ ਗਲਤੀ ਨਾਲ ਕਿਸੇ ਤਿੱਖੀ ਚੀਜ਼ ‘ਤੇ ਪੈਰ ਆ ਰਿਹਾ ਹੋਵੇ ਤਾਂ ਮਾਂ ਝੱਟ ਆਪਣਾ ਹੱਥ ਉਸਦੇ ਕੋਮਲ ਪੈਰਾਂ ਥੱਲੇ ਧਰ ਦਿੰਦੀ ਹੈ ਕਿ ਉਸਦੇ ਬੱਚੇ ਨੂੰ ਸੱਟ ਨਾ ਲੱਗ ਜਾਏ। ਆਪਣੇ ਚੀਰੇ ਗਏ ਹੱਥ ‘ਚੋਂ ਵਗਦੇ ਲਹੂ ਤੇ ਪੀੜ ਦੀ ਪਰਵਾਹ ਕੀਤੇ ਬਗ਼ੈਰ, ਇਸ ਕਾਇਨਾਤ ‘ਚ ਸਿਰਫ਼ ਮਾਂ ਹੀ ਅਜਿਹੀ ਹਾਲਤ ‘ਚ ਆਪਣੇ ਬੱਚੇ ਦੀ ਪਹਿਲੀ ਕਾਮਯਾਬੀ ‘ਤੇ ਮੁਸਕੁਰਾ ਸਕਦੀ ਹੈ। ਵੀਹ ਹੱਡੀਆਂ ਇੱਕੋ ਸਮੇਂ ਟੁੱਟਣ ਜਿੰਨਾ ਦਰਦ ਹੁੰਦੈ ਹੈ ਜਣੇਪੇ ਦਾ! ਹੈ ਨਾ ਕਮਾਲ, ਕਿੰਨੀ ਅਸਹਿ ਪੀੜ ਝੱਲ ਕੇ ਇਹ ਮਾਂ ਦਾ ਰੁਤਬਾ ਨਸੀਬ ਹੁੰਦਾ ਹੈ। ਫੇਰ ਸ਼ੁਰੂ ਹੁੰਦਾ ਹੈ ਉਸਦੀਆਂ ਕੁਰਬਾਨੀਆਂ ਦਾ ਸਿਲਸਿਲਾ! ਆਪਣੀ ਨੀਂਦਰ ਦੀ ਪਰਵਾਹ ਨਾ ਕਰ ਕੇ, ਦਿਨ-ਰਾਤ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਣਾ ਤੇ ਉਸਦੀ ਹਰ ਨਿੱਕੀ-ਨਿੱਕੀ ਖੁਸ਼ੀ ਨੂੰ ਪੂਰੀ ਕਰਨ ਲਈ ਜਾਨ ਵਾਰ ਦੇਣੀ ਅਤੇ ਕੀ ਮਜਾਲ ਕਦੇ ਸੀ ਵੀ ਕੀਤੀ ਹੋਵੇ।
ਆਪਣੇ ਬੱਚੇ ਦੀ ਪਹਿਲੀ ਮੁਸਕਾਨ ਅਤੇ ਫੇਰ ਪਹਿਲੀ ਕਿਲਕਾਰੀ ਮਾਂ ਲਈ ਕਿੰਨੀ ਅਨਮੋਲ ਹੁੰਦੀ ਹੈ, ਇਹ ਮੈਂ ਵੀ ਮਾਂ ਬਣਨ ਤੋਂ ਬਾਅਦ ਹੀ ਜਾਣਿਆ ਸੀ। ਪਹਿਲੀ ਵਾਰ ਆਪਣੇ ਬੱਚੇ ਤੇ ਮੂੰਹੋਂ ਸੁਣਿਆ ‘ਮਾਂ’ ਸ਼ਬਦ ਤੇ ਤਕਲੀਫ਼ ਵੇਲੇ ਬੱਚੇ ਵੱਲੋਂ ਭੱਜ ਕੇ ਆ ਕੇ ਮਾਂ ਦੀ ਬੁੱਕਲ ਵਿੱਚ ਲੁਕ ਜਾਣਾ, ਮਾਂ ਲਈ ਸੁਰਗ ਦਾ ਝੂਟਾ ਲੈਣ ਦੇ ਬਰਾਬਰ ਦੀ ਗੱਲ ਹੁੰਦੀ ਹੈ। ਮਾਂ ਸ਼ਬਦ ਸੁਣਨ ਦਾ ਸਰੂਰ ਤਾਂ ਸੱਚਮੁੱਚ ਜ਼ਿੰਦਗੀ ਭਰ Àੁੱਤਰਦਾ ਹੀ ਨਹੀਂ।
ਇਹ ਵੀ ਕੋਈ ਮਾਂ ਹੀ ਜਾਣਦੀ ਹੈ ਕਿ ਕਿਉਂ ਉਹ ਲੱਖਾਂ ਵਾਰ ਆਪਣੇ ਬੱਚੇ ਵੱਲੋਂ ਕੀਤੀ ਉਲਟੀ, ਟੱਟੀ ਜਾਂ ਪਿਸ਼ਾਬ ਨੂੰ ਖਿੜੇ ਮੱਥੇ ਆਪਣੇ ਕੱਪੜਿਆਂ ਉੱਤੋਂ ਸਾਫ਼ ਕਰ ਕੇ, ਆਪਣੇ ਬੱਚੇ ਦਾ ਮੂੰਹ ਚੁੰਮ ਕੇ, ਪਹਿਲਾਂ ਆਪਣਾ ਬੱਚਾ ਸਾਫ਼ ਸੁਥਰਾ ਕਰਦੀ ਹੈ ਤੇ ਫੇਰ ਹੀ ਆਪਣੇ ਕੱਪੜੇ ਬਦਲਦੀ ਹੈ। ਰੱਬ ਨਾ ਕਰੇ ਜੇ ਬੱਚੇ ਨੂੰ ਬੁਖ਼ਾਰ ਹੋ ਜਾਏ ਜਾਂ ਕੋਈ ਹੋਰ ਨਿੱਕੀ ਮੋਟੀ ਬੀਮਾਰੀ, ਤਾਂ ਮਾਂ ਡਾਕਟਰ ਦੇ ਦਰ ‘ਤੇ ਹਾੜ੍ਹੇ ਕੱਢਣ ਨੂੰ ਵੀ ਤਿਆਰ ਖੜ੍ਹੀ ਹੁੰਦੀ ਹੈ ਕਿ ਕਿਸੇ ਤਰ੍ਹਾਂ ਉਸਦੇ ਬੱਚੇ ਦੀ ਅੱਖ ‘ਚੋਂ ਨਿੱਕਲਿਆ ਇੱਕ ਹੰਝੂ ਵੀ ਝੱਟ ਪੂੰਝਿਆ ਜਾਵੇ ਤੇ ਉਸਦੀ ਤਕਲੀਫ਼ ਫਟ ਕਾਫੂਰ ਹੋ ਜਾਏ।
ਮੈਂ ਤਾਂ ਅੱਜ ਵੀ ਨਹੀਂ ਭੁੱਲ ਸਕੀ ਕਿ ਬਿਜਲੀ ਗੁਲ ਹੋ ਜਾਣ ‘ਤੇ ਰਾਤ ਭਰ ਮੇਰੀ ਮਾਂ ਨਰਿੰਦਰ ਕੌਰ ਜੀ, ਆਪ ਜਾਗ ਕੇ ਮੈਨੂੰ ਪੱਖੀ ਝਲ ਕੇ ਸੁਆਉਂਦੇ ਹੁੰਦੇ ਸਨ ਕਿ ਕਿਤੇ ਮੇਰੀ ਨੀਂਦਰ ਖ਼ਰਾਬ ਨਾ ਹੋ ਜਾਏ। ਮੇਰੀ ਡਾਕਟਰੀ ਪੜ੍ਹਾਈ ਦੌਰਾਨ ਮੇਰੀ ਘਾਲਣਾ ਨਾਲੋਂ ਮੇਰੀ ਮਾਂ ਦੀ ਘਾਲਣਾ ਕਿਤੇ ਵੱਧ ਸੀ। ਰਾਤ ਤਿੰਨ ਵਜੇ ਦਾ ਅਲਾਰਮ ਲਾ ਕੇ, ਆਪ ਜਾਗ ਕੇ ਫੇਰ ਮੈਨੂੰ ਜਗਾਉਣਾ ਤੇ ਪੜ੍ਹਨ ਬਿਠਾਉਣਾ ਕਦੇ ਬਦਾਮ ਪੀਹ ਕੇ ਦੁੱਧ ਵਿੱਚ ਕਾੜ੍ਹ ਕੇ ਦੇਣੇ ਤੇ ਕਦੇ ਸੀਰਾ ਬਣਾ ਕੇ ਦੇਣਾ ।
ਭਰ ਗਰਮੀਆਂ ‘ਚ ਕੂਲਰ ਵਿੱਚ ਪਾਣੀ ਭਰਦੇ ਰਹਿਣਾ ਤੇ ਫੇਰ ਮੇਰੇ ਸਾਰੇ ਯਾਦ ਕੀਤੇ ਚੈਪਟਰ ਘੰਟਿਆਂ ਬੱਧੀ ਬਹਿ ਕੇ ਸੁਣਦੇ ਰਹਿਣਾ ਤੇ ਉਹ ਵੀ ਬਿਨਾਂ ਮੱਥੇ ਉੱਤੇ ਕਿਸੇ ਸ਼ਿਕਨ ਦੇ। ਪਤਾ ਨਹੀਂ ਕਿੰਨੀਆਂ ਬੇਹਿਸਾਬ ਅਰਦਾਸਾਂ ਉਨ੍ਹਾਂ ਨੇ ਮੇਰੀ ਸਫ਼ਲਤਾ ਲਈ ਕੀਤੀਆਂ ਸਨ ਤੇ ਜਦੋਂ ਮੈਂ ਕਦੇ ਬੀਮਾਰ ਹੁੰਦੀ ਤਾਂ ਕਈ ਵਾਰ ਮੈਂ ਆਪਣੇ ਕੰਨਾਂ ਨਾਲ ਸੁਣਿਆ, ਉਨ੍ਹਾਂ ਨੂੰ ਇਹ ਕਹਿੰਦਿਆਂ, ”ਹੇ ਰੱਬਾ ਇਸਦੀ ਬੀਮਾਰੀ ਮੈਨੂੰ ਦੇ ਦੇ, ਪਰ ਇਸਨੂੰ ਛੇਤੀ ਠੀਕ ਕਰ ਦੇ।”
ਜਦੋਂ ਰਾਤ 9 ਵਜੇ ਮੈਂ ਆਪਣੀ ਹਸਪਤਾਲ ਦੀ ਡਿਊਟੀ ਖ਼ਤਮ ਕਰ ਕੇ ਸਾਈਕਲ ‘ਤੇ ਘਰ ਮੁੜਦੀ ਹੁੰਦੀ ਸੀ ਤਾਂ ਮੇਰੀ ਮਾਂ ਘਰੋਂ ਬਾਹਰ ਗਲੀ ਦੇ ਮੋੜ ‘ਤੇ ਖੜ੍ਹੀ ਮੈਨੂੰ ਉਡੀਕਦੀ ਮਿਲਦੀ। ਥੱਕੀ-ਟੁੱਟੀ ਆਈ ਨੂੰ ਝਟ ਉਨ੍ਹਾਂ ਜੱਫੀ ਵਿੱਚ ਲੈ ਕੇ ਗਰਮ-ਗਰਮ ਖਾਣਾ ਖੁਆਉਣਾ ਤੇ ਫੇਰ ਆਪ ਖਾਣਾ। ਇਹ ਕਦੇ ਨਹੀਂ ਸੀ ਹੋਇਆ ਕਿ ਮੈਨੂੰ ਖੁਆਉਣ ਤੋਂ ਪਹਿਲਾਂ ਉਨ੍ਹਾਂ ਕਦੇ ਵੀ ਰੋਟੀ ਖਾਧੀ ਹੋਵੇ ਤੇ ਮੈਨੂੰ ਸੁਆਉਣ ਤੋਂ ਪਹਿਲਾਂ ਉਹ ਕਦੇ ਸੁੱਤੇ ਹੋਣ। ਜਿੰਨੀ ਵਾਰ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਤਾਂ ਉਨ੍ਹਾਂ ਦਾ ਇੱਕੋ ਜਵਾਬ ਹੋਣਾ ਕਿ ਜਦੋਂ ਤੂੰ ਆਪ ਮਾਂ ਬਣੇਂਗੀ, ਤਾਂ ਹੀ ਸਮਝ ਸਕੇਂਗੀ ਕਿ ਕਿਵੇਂ ਧੀ ਦੀ ਸੁਰੱਖਿਆ ਵਾਸਤੇ ਮਾਂ ਦੀਆਂ ਆਂਦਰਾਂ ਬਾਹਰ ਨੂੰ ਆਉਂਦੀਆਂ ਹਨ।
ਹੁਣ ਇੱਕ ਧੀ ਦੀ ਮਾਂ ਬਣ ਕੇ ਮੈਨੂੰ ਬਾਖ਼ੂਬੀ ਸਮਝ ਆ ਚੁੱਕੀ ਹੈ ਇਸ ਖ਼ਤਰੇ ਦੀ ਘੰਟੀ ਬਾਰੇ, ਪਰ ਫ਼ਰਕ ਇਹ ਪੈ ਚੁੱਕਿਆ ਹੈ ਕਿ ਉਸ ਸਮੇਂ ਦੇ ਨੌਂ ਵਜੇ ਦਾ ਵਕਤ ਹੁਣ ਤਾਂ ਦੁਪਹਿਰੇ ਦੋ ਵਜੇ ਵੀ ਓਨਾ ਹੀ ਅਸੁੱਰਖਿਅਤ ਜਾਪਦਾ ਹੈ ਤੇ ਬੇਟੀ ਦੇ ਸਕੂਲੋਂ ਘੜੀ ਲੇਟ ਹੋ ਜਾਣ ‘ਤੇ ਮੈਨੂੰ ਵੀ ਘਰੋਂ ਬਾਹਰ ਖੜ੍ਹੇ ਹੋਣਾ ਪੈਂਦਾ ਹੈ ਜਾਂ ਫੇਰ ਝੱਟ ਉਸਦੇ ਸਕੂਲ ਤੱਕ ਹੀ ਜਾਣਾ ਪੈਂਦਾ ਹੈ। ਇਹ ਡਰ ਆਖ਼ਰ ਕਿਨ੍ਹਾਂ ਤੋਂ ਹੈ? ਕਿਸੇ ਮਾਂ ਦੀ ਕੁੱਖੋਂ ਜੰਮੇ ਜਾਏ ਤੋਂ? ਮਾਵਾਂ ਕਿਹੋ ਜਿਹੇ ਹੈਵਾਨ ਪੈਦਾ ਕਰਨ ਲੱਗ ਪਈਆਂ ਹਨ? ਅਜਿਹੇ ਕੇਸ ਹਰ ਗਲੀ ਮੁਹੱਲੇ ‘ਚ ਕਿਉਂ ਹੋਣ ਲੱਗ ਪਏ ਹਨ? ਕਿਤੇ ਮਾਂ ਦੀ ਪਰਵਰਿਸ਼ ‘ਚ ਕੁੱਝ ਨੁਕਸ ਪੈਦਾ ਹੋ ਚੁੱਕਿਆ ਹੈ ਜਾਂ ਸਮਾਜਿਕ ਕਦਰਾਂ ਕੀਮਤਾਂ ਉੱਕਾ ਹੀ ਖ਼ਤਮ ਹੋਣ ਕਿਨਾਰੇ ਹਨ?
ਮੇਰੀ ਮਾਂ ਕਹਿੰਦੀ ਸੀ ਕਿ ਸਾਰਾ ਦਿਨ ਕੰਮ ਕਰ ਕੇ ਥੱਕ ਟੁੱਟ ਚੁੱਕੇ ਹੋਣ ਬਾਦ ਵੀ ਜਦੋਂ ਮੈਂ ਆਪਣੇ ਨਿੱਕੇ ਪੋਲੇ ਹੱਥਾਂ ਨਾਲ ਉਨ੍ਹਾਂ ਦਾ ਮੂੰਹ ਫੜ ਕੇ ਚੁੰਮਦੀ ਸੀ ਤਾਂ ਉਨ੍ਹਾਂ ਦੀ ਥਕਾਵਟ ਝਟ ਕਾਫੂਰ ਹੋ ਜਾਂਦੀ ਸੀ। ਜਦੋਂ ਮੈਂ ਆਪ ਮਾਂ ਬਣੀ, ਉਦੋਂ ਮੈਨੂੰ ਸਮਝ ਆਈ ਕਿ ਵਾਕਈ ਢਹਿ ਕੇ ਡਿੱਗ ਜਾਣ ਵਾਲੀ ਹਾਲਤ ‘ਚ ਵੀ ਆਪਣੇ ਬੱਚੇ ਦੀ ਕੋਮਲ ਛੋਹ ਸਰੀਰ ਅੰਦਰ ਕਿਵੇਂ ਸਫੂਰਤੀ ਭਰ ਦਿੰਦੀ ਹੈ ਤੇ ਆਪਣੇ ਬੱਚੇ ਵੱਲੋਂ ਮਿਲੀ ਹਲਕੀ ਜਿਹੀ ਚੁੰਮੀ ਤੇ ਉਸਦੀਆਂ ਨਿੱਕੀਆਂ ਪੋਲੀਆਂ ਬਾਹਵਾਂ ਦੀ ਜੱਫੀ ਤਾਂ ਮਨ ਅੰਦਰਲੀਆਂ ਸਾਰੀਆਂ ਤਾਰਾਂ ਛੇੜ ਦਿੰਦੀ ਹੈ ਤੇ ਸਰੀਰ ਹਲਕਾ ਫੁੱਲ ਹੋ ਕੇ ਜਿਵੇਂ ਅਸਮਾਨੀ ਉੱਡਣ ਲਗ ਪੈਂਦਾ ਹੈ।
ਏਸੇ ਹੀ ਤਰ੍ਹਾਂ ਇੱਕ ਦਿਨ ਅਸਮਾਨੀ ਉੱਡਦੀ ਨੂੰ ਮੈਨੂੰ ਪਤਾ ਲੱਗਿਆ ਕਿ ਮਾਂ ਲਈ ਸਾਲ ਦੇ 365 ਦਿਨਾਂ ‘ਚੋਂ ਇੱਕ ਦਿਨ ਰਾਖਵਾਂ ਰੱਖ ਦਿੱਤਾ ਗਿਆ ਹੈ ਕਿਸ ਨੇ ਰੱਖਿਆ ਤੇ ਕੀ ਮਨਾਉਣ ਲਈ? ਕਿਸੇ ਦੱਸਿਆ ਕਿ ਮਾਂ ਦਾ ਕਰਜ਼ਾ ਲਾਹੁਣ ਲਈ ਮੈਨੂੰ ਬਦੋਬਦੀ ਹਾਸਾ ਆ ਗਿਆ। ਕਿੰਨੇ ਝੱਲੇ ਨੇ ਇਹ ਲੋਕ ਜਿਹੜੇ ਮਾਂ ਦਾ ਕਰਜ਼ਾ ਇੱਕ ਦਿਨ ਵਿੱਚ ਲਾਹੁਣਾ ਚਾਹੁੰਦੇ ਹਨ। ਮੈਂ ਜਵਾਨ ਹੋ ਕੇ ਆਪਣੀ ਮਾਂ ਨੂੰ ਇਹੋ ਸਵਾਲ ਪੁੱਛਿਆ ਸੀ ਕਿ ਤੁਹਾਡਾ ਦੇਣਾ ਤਾਂ ਕਦੇ ਦਿੱਤਾ ਜਾ ਹੀ ਨਹੀਂ ਸਕਦਾ। ਮੈਂ ਇਹ ਕਰਜ਼ਾ ਕਿਵੇਂ ਲਾਹ ਸਕਦੀ ਹਾਂ? ਮੈਨੂੰ ਮੇਰੇ ਮੰਮੀ ਨੇ ਮੁਸਕੁਰਾ ਕੇ ਕਿਹਾ ਸੀ, ”ਬੱਚੀਏ ਇਹ ਕਰਜ਼ਾ ਤਾਂ ਕਦੇ ਲੱਥਦਾ ਹੀ ਨਹੀਂ ਹੁੰਦਾ। ਜਿਵੇਂ ਮੈਂ ਆਪਣੀ ਮਾਂ ਦਾ ਕਰਜ਼ਾ ਤੈਨੂੰ ਓਨਾ ਪਿਆਰ ਦੇ ਕੇ ਲਾਹਿਆ ਹੈ, ਇਵੇਂ ਹੀ ਤੂੰ ਵੀ ਆਪਣੇ ਬੱਚਿਆਂ ਨੂੰ ਓਨਾ ਪਿਆਰ ਦੇ ਕੇ ਲਾਹ ਸਕਦੀ ਹੈਂ। ਪੂਰੀ ਉਮਰ ਲੱਗਦੀ ਹੈ ਇਹ ਕਰਜ਼ਾ ਲਾਹੁੰਦਿਆਂ।”
ਸਾਡਾ ਮਰਦ ਪ੍ਰਧਾਨ ਸਮਾਜ ਇਹ ਰਿਣ ਇੱਕ ਦਿਨ ‘ਚ ਲਾਹ ਕੇ ਪਰ੍ਹਾਂ ਸੁੱਟ ਦੇਣਾ ਚਾਹੁੰਦਾ ਹੈ ਜਿਸ ਵਿੱਚ ਮਾਂ ਦੇ ਸਾਰੇ ਪਿਆਰ, ਦੁਲਾਰ, ਨਿੱਘੀਆਂ ਜੱਫੀਆਂ, ਰਾਤਾਂ ਜਾਗ ਕੇ ਇੱਕ ਨਿਆਸਰੇ ਮਾਸ ਦੇ ਲੋਥੜੇ ਨੂੰ ਆਪਣੇ ਆਪ ਜੋਗਾ ਬਣਾ ਦੇਣਾ ਤੇ ਉਸਦੀ ਹਰ ਪੀੜ ਨੂੰ ਆਪਣੇ ਉੱਤੇ ਝੱਲਣਾ, ਸ਼ਾਮਲ ਹਨ। ਸਿਰਫ਼ ਇੱਕ ਦਿਨ ਤੇ ਇੱਕ ਪਤਲਾ ਜਿਹਾ ਕਾਰਡ, ਹੱਦ ਹੀ ਹੈ।
ਮੈਂ ਆਪਣੇ ਆਪ ਨੂੰ ਹਾਲੇ ਇਸ ਤਰ੍ਹਾਂ ਦੇ ਰਿਵਾਜ਼ਾਂ ਵਿੱਚ ਫਿੱਟ ਨਹੀਂ ਸੀ ਕਰ ਸਕੀ ਕਿ ਪੁੱਤਰ ਵੱਲੋਂ ਨਸ਼ੇ ‘ਚ ਧੁੱਤ ਹੋ ਕੇ ਮਾਂ ਦੇ ਚੀਰਹਰਣ ਕਰਨ ਬਾਰੇ ਖ਼ਬਰ ਪੜ੍ਹੀ। ਇਸ ਖ਼ਬਰ ਨਾਲ ਮੇਰੇ ਦਿਮਾਗ਼ ਦਾ ਇੱਕ ਕੋਨਾ ਹਾਲੇ ਤੱਕ ਵੀ ਸੁੰਨ ਹੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ? ਕੋਮਲ ਹੱਥਾਂ ਨਾਲ ਪਲੋਸਿਆ , ਆਪਣੇ ਲਹੂ ਨਾਲ ਪਾਲ ਪੋਸ ਕੇ ਜੰਮਿਆ ਮਾਸ ਦਾ ਲੋਥੜਾ ਤੇ ਨਿੱਕੀਆਂ ਕਿਲਕਾਰੀਆਂ ਮਾਰ ਕੇ ਮਾਂ ਦੀ ਗੋਦ ‘ਚ ਲੁਕਦਾ ਫਿਰਦਾ, ਕਿਸ ਤਰ੍ਹਾਂ ਹੈਵਾਨੀਅਤ ਦੀ ਹੱਦ ਪਾਰ ਕਰ ਸਕਦਾ ਹੈ? ਉਸ ਮਾਂ ਦੀਆਂ ਕੂਕਾਂ ਅੰਬਰਾਂ ਤੱਕ ਪਹੁੰਚੀਆਂ ਹੋਣਗੀਆਂ ਪਰ ਕਿਸੇ ‘ਚ ਏਨੀ ਹਿੰਮਤ ਹੀ ਨਹੀਂ ਹੋਣੀ ਕਿ ਉਸਦੀਆਂ ਅੱਖਾਂ ‘ਚ ਅੱਖਾਂ ਪਾ ਕੇ ਇਸ ਕਰਤੂਤ ਬਾਰੇ ਕੋਈ ਜਵਾਬ ਦੇ ਸਕਦਾ।
ਜੇ ਸਮਾਜ ‘ਚੋਂ ਇਸ ਘਿਨਾਉਣੇ ਜੁਰਮ ਵਿਰੁੱਧ ਡੱਟ ਕੇ ਅਵਾਜ਼ ਨਾ ਉੱਠੀ ਤਾਂ ਜ਼ਾਹਿਰ ਹੈ ਕਿ ਅੱਜ ਦੀਆਂ ਮਾਵਾਂ ਦੀ ਪਰਵਰਿਸ਼ ‘ਚ ਕੋਈ ਕਮੀ ਰਹਿ ਗਈ ਹੈ। ਆਪਣੇ ਕੁੱਖੋਂ ਜੰਮੇ ਦੇ ਮਾੜੇ ਲੱਛਣ ਪਛਾਣ ਕੇ ਉਸਨੂੰ ਸੁਧਾਰਨ ਦਾ ਜਿੰਮਾ ਚੁੱਕਣਾ ਤੇ ਉਸਦੇ ਔਗੁਣਾਂ ‘ਤੇ ਪਰਦਾ ਪਾਉਣਾ ਛੱਡ ਕੇ ਸੁਧਾਰ ਲਿਆਉਣ ਦਾ ਜਤਨ ਕਰਨਾ ਕੀ ਮਾਂ ਦਾ ਫਰਜ ਨਹੀਂ ਹੁੰਦਾ? ਮਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੇ ਚੰਗੀ ਸੇਧ ਪੂਰਾ ਸਮਾਜ ਬਦਲਣ ਦੀ ਤਾਕਤ ਰੱਖਦੇ ਹਨ।
ਹਰ ਔਰਤ ‘ਚ ਇਹ ਤਾਕਤ ਪਹਿਲਾਂ ਹੀ ਹੈ। ਉਸਨੂੰ ਪਛਾਣ ਕੇ ਉਜਾਗਰ ਤਾਂ ਆਪ ਹੀ ਕਰਨਾ ਪੈਣਾ ਹੈ। ਜੇ ਇਸ ਨਿਘਾਰ ਦੇ ਸਮੇਂ ਵੀ ਔਰਤ ਆਪਣੀ ਜਾਤ ਨਾਲ ਹੁੰਦੇ ਘਾਣ ਵਿਰੁੱਧ ਅਵਾਜ਼ ਨਹੀਂ ਚੁੱਕੇਗੀ ਤਾਂ ਫਿਰ ਕੌਣ ਉਸ ਨਾਲ ਖੜ੍ਹਾ ਹੋਵੇਗਾ? ਹੁਣ ਤਾਂ ਮਾਂ ਦੇ ਦੁੱਧ ਦਾ ਕਰਜ਼ਾ ਵੀ ਇੱਕੋ ਦਿਨ ‘ਚ ਲਾਹੁਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਹੌਲੀ-ਹੌਲੀ ਇਹ ਵੀ ਨਹੀਂ ਰਹਿਣਾ। ਰੱਬ ਦਾ ਸ਼ੁਕਰ ਹੈ ਕਿ ਹਾਲੇ ਵੀ ਇਸ ਧਰਤੀ ‘ਤੇ ਅਜਿਹੇ ਪੁੱਤਰ ਹਨ ਜਿਹੜੇ ਆਪਣੀ ਮਾਂ ਲਈ ਸਿਰਫ਼ ਇੱਕ ਦਿਨ ਰਾਖਵਾਂ ਨਹੀਂ ਰੱਖ ਦੇ ਸਗੋਂ ਉਸਦੇ ਆਖ਼ਰੀ ਸਾਹ ਤੱਕ ਨਾਲ ਹਨ ਤੇ ਮਾਂ ਦੀ ਵੰਡ ਵੀ ਨਹੀਂ ਪਾਉਂਦੇ। ਇਸੇ ਸਦਕਾ ਮਾਂ ਦੀ ਮਮਤਾ ਵੀ ਹਾਲੇ ਤੱਕ ਜਿੰਦਾ ਹੈ। ਅਜਿਹੇ ਪੁੱਤਰਾਂ ਨੂੰ ਸਲਾਮ।