ਕਈ ਜ਼ਿਲ੍ਹਿਆਂ ਵਿੱਚ ਪਿਆ ਦਰਮਿਆਨਾ ਮੀਂਹ
- ਪੱਕਣ ’ਤੇ ਆਈ ਕਣਕ ਧਰਤੀ ‘ਤੇ ਵਿੱਛੀ
(ਸੁਖਜੀਤ ਮਾਨ) ਬਠਿੰਡਾ। ਹਾੜੀ ਦੀ ਮੁੱਖ ਫਸਲ ਕਣਕ ਪੱਕਣ ਦੇ ਆਖਰੀ ਪੜਾਅ ‘ਤੇ ਹੈ ਪਰ ਚੇਤ ਮਹੀਨੇ ਵਿੱਚ ਖਰਾਬ ਹੋਏ ਮੌਸਮ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਰੱਖਿਆ ਹੈ।ਬੀਤੀ ਦੇਰ ਰਾਤ ਤੇ ਅੱਜ ਸਵੇਰ ਮਾਲਵਾ ਪੱਟੀ ਦੇ ਕਈ ਜਿਲਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ (Rain) ਪਿਆ। ਇਸ ਮੀਂਹ ਨਾਲ ਕਣਕ ਦੀ ਫਸਲ ਧਰਤੀ ‘ਤੇ ਵਿਛ ਗਈ ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬੀਤੀ ਦੇਰ ਰਾਤ ਤੋਂ ਇਲਾਵਾ ਅੱਜ ਸਵੇਰ ਵੇਲੇ ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਸਮੇਤ ਹੋਰ ਕਈ ਜਿਲਿਆਂ ਵਿੱਚ ਪਏ ਹਲਕੇ ਤੋਂ ਦਰਮਿਆਨੇ ਮੀਂਹ (Rain) ਨੇ ਕਣਕ ਧਰਤੀ ‘ਤੇ ਵਿਛਾ ਦਿੱਤੀ। ਮੀਂਹ ਭਾਵੇਂ ਜ਼ਿਆਦਾ ਨਹੀਂ ਸੀ ਪਰ ਤੇਜ ਹਵਾ ਨੇ ਕਾਫੀ ਨੁਕਸਾਨ ਕਰ ਦਿੱਤਾ। ਇਸ ਵੇਲੇ ਕਣਕ ਦੀਆਂ ਬੱਲੀਆਂ ਵਿੱਚ ਪੂਰੇ ਦਾਣੇ ਪਏ ਹੋਣ ਕਰਕੇ ਕਣਕ ਭਾਰੀ ਹੋ ਗਈ ਜਿਸ ਕਾਰਨ ਵਿਛੀ ਹੋਈ ਕਣਕ ਦੇ ਮੁੜ ਉੱਠਣ ਦੇ ਆਸਾਰ ਕਾਫੀ ਘੱਟ ਹਨ। ਕਣਕ ਡਿੱਗਣ ਕਾਰਨ ਜਿੱਥੇ ਇਸਦਾ ਸਿੱਧਾ ਅਸਰ ਝਾੜ ‘ਤੇ ਪਵੇਗਾ ਤਾਂ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ। ਇਕੱਲਾ ਝਾੜ ਹੀ ਨਹੀਂ ਡਿੱਗੀ ਹੋਈ ਕਣਕ ਦੀ ਕਟਾਈ ਵੇਲੇ ਵੀ ਵੱਧ ਪੈਸੇ ਤਾਰਨੇ ਪੈਣਗੇ।
ਦੱਸਣਯੋਗ ਹੈਂ ਕਿ ਪੰਜਾਬ ਵਿੱਚ ਇਸ ਵਰ੍ਹੇ 35.08 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਹੈ। ਖੇਤੀਬਾੜੀ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਵਾਰ ਕਣਕ ਦਾ ਝਾੜ 4696 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਸਕਦਾ ਹੈ। ਪਿਛਲੇ ਸਾਲ 35.26 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਸੀ ਪਰ ਫਰਵਰੀ ਮਹੀਨੇ ’ਚ ਤਾਪਮਾਨ ’ਚ ਵਾਧਾ ਹੋਇਆ ਤਾਂ ਕਣਕ ਦਾ ਝਾੜ 4217 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਨਿੱਕਲਿਆ। ਇਸ ਵਾਰ ਵਿਭਾਗ ਰਕਬਾ ਘੱਟ ਹੋਣ ਦੇ ਬਾਵਜੂਦ ਵੱਧ ਝਾੜ ਦੀ ਉਮੀਦ ਲਗਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।