ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਲਾਹ
- ਕਿਹਾ, ਛਾਪੇਮਾਰੀ ਕਰਨ ਦਾ ਨਾਲ ਰਹਿੰਦਾ ਐ ਡਰ, ਨਹੀਂ ਲਿਖਣਗੇ ਡਾਕਟਰ ਬਾਹਰੋਂ ਦਵਾਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਹਰ ਵਿਧਾਇਕ ਨੂੰ ਆਪਣੇ ਆਪਣੇ ਹਲਕੇ ਦੇ ਹਸਪਤਾਲਾਂ ਵਿੱਚ ਛਾਪਾਮਾਰੀ ਕਰਦੇ ਹੋਏ ਨਾ ਸਿਰਫ਼ ਦਵਾਈ ਬੂਟੀ ਦੀ ਚੈਕਿੰਗ ਕਰਨੀ ਚਾਹੀਦੀ ਹੈ, ਸਗੋਂ ਡਾਕਟਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਉਹ ਸਮੇਂ ਸਿਰ ਆਉਂਦੇ ਹੋਏ ਮਰੀਜ਼ਾਂ ਨੂੰ ਠੀਕ ਢੰਗ ਨਾਲ ਹੀ ਇਲਾਜ ਤਾਂ ਦੇ ਰਹੇ ਹਨ। ਜੇਕਰ ਸਾਰੇ ਵਿਧਾਇਕ ਆਪਣੇ ਆਪਣੇ ਹਲਕੇ ਦੀ ਕਮਾਨ ਸੰਭਾਲਦੇ ਹੋਏ ਹਫ਼ਤੇ ਵਿੱਚ ਇੱਕ ਅੱਧੀ ਵਾਰ ਛਾਪੇਮਾਰੀ ਕਰ ਲੈਣ ਤਾਂ ਜਿਹੜਾ ਸੁਧਾਰ ਸਿਹਤ ਵਿਭਾਗ ਨਹੀਂ ਕਰ ਸਕਿਆ ਹੈ, ਉਹ ਸੁਧਾਰ ਕੁਝ ਹੀ ਦਿਨਾਂ ਵਿੱਚ ਹੋ ਜਾਵੇਗੀ, ਜਿਸ ਦਾ ਫਾਇਦਾ ਪੰਜਾਬ ਦੀ ਜਨਤਾ ਨੂੰ ਹੀ ਮਿਲੇਗਾ।
ਇਹ ਅਪੀਲ ਖ਼ੁਦ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕੀਤੀ ਹੈ। ਵਿਧਾਇਕ ਸੱਤਾ ਧਿਰ ਦਾ ਹੋਵੇ ਜਾਂ ਫਿਰ ਵਿਰੋਧੀ ਧਿਰ ਦਾ ਹੋਵੇ, ਸਿਹਤ ਮੰਤਰੀ ਨੇ ਇਨ੍ਹਾਂ ਸਾਰਿਆਂ ਨੂੰ ਸਿਹਤ ਸੁਧਾਰ ਵਿੱਚ ਮਦਦ ਦੀ ਅਪੀਲ ਕੀਤੀ ਪਿਛਲੇ ਦਿਨੀਂ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵੱਲੋਂ ਕੀਤੀ ਗਈ ਹਸਪਤਾਲ ਦੀ ਛਾਪੇਮਾਰੀ ਨੂੰ ਜਾਇਜ਼ ਠਹਿਰਾਉਂਦੇ ਹੋਏ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਅਮਿਤ ਵਿਜ ਵੱਲੋਂ ਕੀਤੀ ਗਈ ਛਾਪੇਮਾਰੀ ਵਾਂਗ ਜੇਕਰ ਸਾਰੇ ਵਿਧਾਇਕ ਆਪਣੇ ਆਪਣੇ ਹਸਪਤਾਲਾਂ ਵਿੱਚ ਛਾਪੇਮਾਰੀ ਕਰਨ ਲਗ ਜਾਣ ਤਾਂ ਹਸਪਤਾਲਾਂ ਵਿੱਚ ਕਾਫ਼ੀ ਜਿਆਦਾ ਸੁਧਾਰ ਹੋ ਜਾਏਗਾ।
ਬਲਬੀਰ ਸਿੱਧੂ ਨੇ ਕਿਹਾ ਕਿ ਹਸਪਤਾਲਾਂ ਵਿੱਚ ਕੁਝ ਇਹੋ ਜਿਹੇ ਸੁਧਾਰ ਹੁੰਦੇ ਹਨ, ਜਿਹੜੇ ਕਿ ਚੰਡੀਗੜ ਬੈਠੇ ਅਧਿਕਾਰੀ ਜਾਂ ਫਿਰ ਖ਼ੁਦ ਮੰਤਰੀ ਨਹੀਂ ਕਰ ਸਕਦਾ ਹੈ, ਇਸ ਤਰਾਂ ਦੇ ਸੁਧਾਰ ਤਾਂ ਲੋਕਲ ਪੱਧਰ ‘ਤੇ ਬੈਠੇ ਅਧਿਕਾਰੀ ਜਾਂ ਫਿਰ ਵਿਧਾਇਕ ਹੀ ਕਰਵਾ ਸਕਦੇ ਹਨ। ਬਲਬੀਰ ਸਿੱਧੂ ਨੇ ਕਿਹਾ ਕਿ ਉਹ ਖ਼ੁਦ ਕਈ ਹਸਪਤਾਲਾਂ ਵਿੱਚ ਅਚਾਨਕ ਚੈਕਿੰਗ ਕਰਨ ਲਈ ਚਲੇ ਜਾਂਦੇ ਹਨ ਅਤੇ ਕਈ ਥਾਂਈਂ ਉਨਾਂ ਨੂੰ ਕਾਫ਼ੀ ਕਮੀਆਂ ਵੀ ਮਿਲੀਆਂ ਹਨ ਬਲਬੀਰ ਸਿੱਧੂ ਨੇ ਕਿਹਾ ਕਿ ਹਰ ਹਸਪਤਾਲ ਵਿੱਚ ਦਵਾਈ ਵੱਡੀ ਗਿਣਤੀ ਵਿੱਚ ਸਟਾਕ ਰਹਿੰਦਾ ਹੈ ਫਿਰ ਵੀ ਕੁਝ ਡਾਕਟਰ ਬਾਹਰੋਂ ਦਵਾਈ ਲਿਖ ਦਿੰਦੇ ਹਨ, ਇਨਾਂ ਡਾਕਟਰਾਂ ਨੂੰ ਵੀ ਡਰ ਰਹੇਗਾ ਕਿ ਜੇਕਰ ਚੈਕਿੰਗ ਹੋ ਗਏ ਤਾਂ ਉਨਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਇਸ ਲਈ ਉਹ ਖ਼ੁਦ ਇਸ ਸਬੰਧੀ ਅਪੀਲ ਕਰ ਰਹੇ ਹਨ ਕਿ ਸਾਰੇ ਵਿਧਾਇਕ ਆਪਣੇ ਆਪਣੇ ਹਲਕੇ ਦੀ ਕਮਾਨ ਸੰਭਾਲਦੇ ਹੋਏ ਚੈਕਿੰਗ ਜਰੂਰ ਕਰਨ।