ਦਸ ਦਿਨਾਂ ਤੋਂ ਗੁੰਮ ਹੋਏ ਮਾਨਸਿਕ ਬਿਮਾਰ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

 ਨਗਨ ਹਾਲਤ ’ਚ ਘੁੰਮ ਰਿਹਾ ਸੀ ਸੜਕਾਂ ’ਤੇ , ਡੇਰਾ ਸ਼ਰਧਾਲੂਆਂ ਨੇ ਕੀਤੀ ਸਾਂਭ-ਸੰਭਾਲ

(ਨਰੇਸ਼ ਕੁਮਾਰ) ਸੰਗਰੂਰ/ਮਹਿਲਾਂ ਚੌਕ। ਡੇਰਾ ਸੱਚਾ ਸੌਦਾ ਦੀ ਸੋਚ ’ਤੇ ਚਲਦਿਆਂ ਡੇਰਾ ਪ੍ਰੇਮੀ ਹਰੇਕ ਦਿਨ ਮਾਨਵਤਾ ਭਲਾਈ ਦੇ ਕੰਮਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਬਲਾਕ ਮਹਿਲਾਂ ਚੌਂਕ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੇ ਪਿਛਲੇ 10 ਦਿਨਾਂ ਤੋਂ ਘਰੋਂ ਗੁੰਮ ਹੋਏ ਇੱਕ ਨੌਜਵਾਨ ਜਿਸਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਸੜਕਾਂ ’ਤੇ ਘੁੰਮ ਰਿਹਾ ਸੀ, ਦੀ ਸਾਂਭ-ਸੰਭਾਲ ਕੀਤੀ ਅਤੇ ਉਸ ਦੇ ਪਰਿਵਾਰ ਨਾਲ ਮਿਲਾਇਆ।

ਇਸ ਸਬੰਧੀ ਬਲਾਕ ਮਹਿਲਾਂ ਚੌਂਕ ਦੇ ਜ਼ਿੰਮੇਵਾਰ ਪ੍ਰੇਮੀ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਮਹਿਲਾਂ ਚੌਂਕ ਤੋਂ ਪਾਤੜਾਂ ਰੋਡ ਸਥਿਤ ਅੱਜ ਸਵੇਰੇ ਇੱਕ ਨੌਜਵਾਨ ਬਿਨ੍ਹਾਂ ਕੱਪੜਿਆਂ ਤੋਂ ਨਗਨ ਹਾਲਤ ਵਿੱਚ ਸੜਕ ’ਤੇ ਘੁੰਮ ਰਿਹਾ ਸੀ ਜਿਸ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਲੱਗ ਰਹੀ ਸੀ ਉਨ੍ਹਾਂ ਦੱਸਿਆ ਕਿ ਸੜਕ ’ਤੇ ਸਵੇਰ ਸਮੇਂ ਸੈਰ ਕਰ ਰਹੇ ਪ੍ਰੇਮੀ ਮੱਖਣ ਰਾਮ ਦੀ ਨਿਗ੍ਹਾ ਉਕਤ ਨੌਜਵਾਨ ’ਤੇ ਪਈ ਤਾਂ ਉਸ ਨੂੰ ਉਹ ਆਪਣੇ ਘਰ ਲੈ ਆਏ ਅਤੇ ਉਸ ਦੀ ਸਾਂਭ-ਸੰਭਾਲ ਕੀਤੀ ਅਤੇ ਕੁਝ ਖਾਣ ਪੀਣ ਲਈ ਦਿੱਤਾ ਇਸ ਪਿਛੋਂ ਮੱਖਣ ਰਾਮ ਨੇ ਉਸ ਨੂੰ ਨੁਹਾਇਆ ਅਤੇ ਸੁਰਤ ਸਿਰ ਹੋ ਕੇ ਉਕਤ ਵਿਅਕਤੀ ਨੇ ਆਪਣਾ ਨਾਂਅ ਗੁਰਮੀਤ ਸਿੰਘ ਪੁੱਤਰ ਰਾਮ ਸਰੂਪ ਵਾਸੀ ਨੰਗਲ ਖੁਰਦ (ਮਾਨਸਾ) ਦੱਸਿਆ ਪ੍ਰੇਮੀ ਮੱਖਣ ਰਾਮ ਨੇ ਆਪਣੀ ਰਾਜਗੜ੍ਹ ਬਸਤੀ ਦੇ ਪ੍ਰੇਮੀਆਂ ਸੁਖਪਾਲ ਰਾਮ ਭੰਗੀਦਾਸ, 15 ਮੈਂਬਰ ਜਗਦੇਵ ਸਿੰਘ, 15 ਮੈਂਬਰ ਗੁਰਦਿਆਲ ਸਿੰਘ, 15 ਮੈਂਬਰ ਗੁਰਚਰਨ ਸਿੰਘ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ।

ਅੱਜ ਸਵੇਰੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਲੈਣ ਲਈ ਮਹਿਲਾਂ ਚੌਕ ਬਲਾਕ ਵਿਖੇ ਆਏ ਜਿਨ੍ਹਾਂ ਵਿੱਚ ਨੌਜਵਾਨ ਗੁਰਮੀਤ ਸਿੰਘ ਦਾ ਭਰਾ ਵਿੱਕੀ ਸਿੰਘ, ਉਸਦੀ ਭੈਣ ਨਿਰਮਲਾ ਕੌਰ, ਸਰਪੰਚ ਗੁਰਤੇਜ ਸਿੰਘ, ਪੰਚ ਤਰਸੇਮ ਸਿੰਘ ਤੇ ਹੋਰ ਰਿਸ਼ਤੇਦਾਰ ਪਰਮਜੀਤ ਸਿੰਘ ਲੈਣ ਲਈ ਆਏ ਅਤੇ ਪ੍ਰੇਮੀਆਂ ਨੇ ਨੌਜਵਾਨ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਦੇ ਭਰਾ ਵਿੱਕੀ ਸਿੰਘ ਨੇ ਦੱਸਆ ਕਿ ਉਸਦਾ ਭਰਾ ਪਿਛਲੇ 10 ਦਿਨਾਂ ਤੋਂ ਗੁੰਮ ਸੀ ਜਿਸ ਕਾਰਨ ਉਹਨਾਂ ਨੂੰ ਇਸ ਦੀ ਬਹੁਤ ਜ਼ਿਆਦਾ ਫਿਕਰ ਸੀ ਅਤੇ ਉਨ੍ਹਾਂ ਨੇ ਇਸ ਦੀ ਭਾਲ ਦੂਰ ਦੁਰਾਡੇ ਰਿਸ਼ਤੇਦਾਰੀਆਂ ਵਿੱਚ ਵੀ ਕੀਤੀ ਪਰ ਕਿਧਰੇ ਕੋਈ ਉੱਘ-ਸੁੱਘ ਨਹੀਂ ਨਿੱਕਲ ਰਹੀ ਸੀ ਪਰ ਬੀਤੇ ਦਿਨੀਂ ਪ੍ਰੇਮੀਆਂ ਦਾ ਫੋਨ ਆਇਆ ਅਤੇ ਉਸ ਦੇ ਭਰਾ ਦੀ ਸੁੱਖ ਸਾਂਦ ਦੱਸੀ ਅਤੇ ਫਿਰ ਉਨ੍ਹਾਂ ਨੂੰ ਤਸੱਲੀ ਹੋਈ ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੇ ਭਰਾ ਦੀ ਸੰਭਾਲ ਕੀਤੀ ਗਈ ਜਿਹੜੀ ਅਸਲ ਵਿੱਚ ਇਨਸਾਨੀਅਤ ਦੀ ਸੇਵਾ ਹੈ ਅਤੇ ਅਸੀਂ ਇਸ ਦਾ ਦੇਣ ਨਹੀਂ ਦੇ ਸਕਦੇ।

ਪਿੰਡ ਨੰਗਲ ਖੁਰਦ ਦੇ ਸਰਪੰਚ ਗੁਰਤੇਜ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਗੁੰਮ ਹੋਣ ਕਾਰਨ ਪਰਿਵਾਰ ਦੇ ਮੈਂਬਰ ਦੂਰ ਦੁਰਾਡੇ ਜਾ ਕੇ ਇਸ ਦੀ ਭਾਲ ਕਰ ਰਹੇ ਸਨ ਡੇਰਾ ਸ਼ਰਧਾਲੂਆਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਹੈ, ਇਸ ਦੀ ਕੋਈ ਮਿਸਾਲ ਨਹੀਂ ਕਿਉਂਕਿ ਅੱਜ ਇਨਸਾਨੀਅਤ ਕਿਸੇ ਕੋਲ ਨਹੀਂ ਜੇਕਰ ਪ੍ਰੇਮੀ ਇਸ ਦੀ ਸੰਭਾਲ ਨਾ ਕਰਦੇ ਤਾਂ ਖ਼ਬਰੇ ਇਹ ਕਿੱਧਰ ਜਾਂਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ