ਵਜ਼ੀਰਾਂ ਨੂੰ ਅਜੇ ਨਹੀਂ ਮਿਲਣਗੇ ਭੱਤੇ, ਤਨਖ਼ਾਹ ਦੇ ਨਾਲ ਭੱਤਿਆਂ ‘ਤੇ ਵੀ ਚੱਲੀ ਵਲੰਟਰੀ ਕੈਂਚੀ

ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 1 ਲੱਖ 54 ਹਜ਼ਾਰ ਤਾਂ ਵਜ਼ੀਰਾਂ ਨੂੰ 1 ਲੱਖ 10 ਹਜ਼ਾਰ ਦੀ ਹੋਈ ਕਟੌਤੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਵਜ਼ੀਰਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤਨਖ਼ਾਹ ਦੇ ਨਾਲ ਮਿਲਣ ਵਾਲੇ ਭੱਤੇ ਵੀ ਨਹੀਂ ਮਿਲਣਗੇ। ਸਰਕਾਰ ਵੱਲੋਂ ਤਨਖ਼ਾਹ ਦੇ ਨਾਲ ਹੀ ਭੱਤਿਆਂ ‘ਤੇ ਵੀ ਵਲੰਟਰੀ ਕੱਟ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਵਜ਼ੀਰਾਂ ਦੇ ਬੈਂਕ ਅਕਾਊਂਟ  ‘ਚ ਹੁਣ ਤਿੰਨ ਮਹੀਨੇ ਤੱਕ ਲੱਖਾਂ ਰੁਪਏ ਆਉਣ ਤੋਂ ਬਾਅਦ ਘੰਟੀ ਨਹੀਂ ਵੱਜਣ ਵਾਲੀ ਹੈ।

ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਸਰਕਾਰ ਦੇ ਹੀ ਦੋ ਤਿੰਨ ਮੰਤਰੀ ਹੈਰਾਨ ਹਨ ਕਿ ਉਨ੍ਹਾਂ ਨੂੰ ਸਿਰਫ਼ ਤਨਖ਼ਾਹ ਦਾ ਵਲੰਟਰੀ ਕੱਟ ਲਾਉਣ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਭੱਤਿਆਂ ‘ਤੇ ਲੱਗੇ ਕੱਟ ਨੂੰ ਦੇਖ ਕੇ ਉਹ ਖ਼ੁਦ ਹੈਰਾਨ ਹਨ, ਜਿਸ ਨੂੰ ਲੈ ਕੇ ਉਹ ਆਉਣ ਵਾਲੇ ਦਿਨਾਂ ‘ਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਵੀ ਗੱਲ ਕਰ ਸਕਦੇ ਹਨ, ਕਿਉਂਕਿ ਤਨਖ਼ਾਹ ਦੀ ਕਟੌਤੀ ਕਰਵਾਉਣ ਲਈ ਉਹ ਹੁਣ ਵੀ ਤਿਆਰ ਹਨ ਪਰ ਭੱਤੇ ਤਾਂ ਉਨ੍ਹਾਂ ਨੂੰ ਖ਼ਰਚ ਲਈ ਮਿਲਦੇ ਹਨ, ਜਿਹੜਾ ਖ਼ਰਚ ਹੋ ਵੀ ਰਿਹਾ ਹੈ।

ਫਿਰ ਵੀ ਵਿਭਾਗ ਵੱਲੋਂ ਉਨ੍ਹਾਂ ਦੇ ਭੱਤਿਆਂ ਨੂੰ ਵੀ ਵਲੰਟਰੀ ਕੱਟ ‘ਚ ਸ਼ਾਮਲ ਕਰ ਲਿਆ ਗਿਆ ਹੈ। ਇੱਥੇ ਹੀ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ‘ਚ ਕਟੌਤੀ ਵੀ ਸਿਰਫ਼ ਬੇਸਿਕ ਤਨਖ਼ਾਹ ਦੀ ਹੀ ਕੀਤੀ ਗਈ ਹੈ, ਜਦੋਂ ਕਿ ਭੱਤੇ ਸਾਰੇ ਵਿਧਾਇਕਾਂ ਨੂੰ ਪਹਿਲਾਂ ਵਾਂਗ ਹੀ ਮਿਲਣਗੇ, ਜਿਸ ਕਾਰਨ ਵਜ਼ੀਰ ਕੁਝ ਹੱਦ ਤੱਕ ਇਤਰਾਜ਼ ਜ਼ਾਹਿਰ ਕਰ ਰਹੇ ਹਨ।

Ministers Salaries | ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਵਜ਼ੀਰਾਂ ਤੇ ਵਿਧਾਇਕਾਂ ਨੂੰ ਆਪਣੀ ਤਿੰਨ ਮਹੀਨੇ ਦੀ ਤਨਖ਼ਾਹ ਵਲੰਟਰੀ ਤੌਰ ‘ਤੇ ਕੋਰੋਨਾ ਰਾਹਤ ਫੰਡ ‘ਚ ਦਾਨ ਕਰਨ ਜਾਂ ਫਿਰ ਸਰਕਾਰ ਤੋਂ ਨਾ ਲੈਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਵਿੱਤੀ ਪ੍ਰਬੰਧਾਂ ਬਾਰੇ ਬਣੀ ਕੈਬਨਿਟ ਦੀ ਸਬ ਕਮੇਟੀ ਵੱਲੋਂ ਇਸ ਸਬੰਧੀ ਫੈਸਲਾ ਕੀਤਾ ਗਿਆ ਸੀ ਕਿ ਵਜ਼ੀਰਾਂ ਤੇ ਮੁੱਖ ਮੰਤਰੀ ਦੀ ਤਨਖਾਹ ‘ਚ 100 ਫੀਸਦੀ ਕੱਟ ਲਾਇਆ ਜਾਏਗਾ ਤੇ ਇਹ ਵਲੰਟਰੀ ਕੱਟ ਪਹਿਲੇ 3 ਮਹੀਨੇ ਲਈ ਹੋਏਗਾ।

ਇਸ ਫੈਸਲੇ ਸਬੰਧੀ ਖਜ਼ਾਨਾ ਵਿਭਾਗ ਨੇ ਪੱਤਰ ਜਾਰੀ ਕਰਦੇ ਹੋਏ ਆਮ ਤੇ ਰਾਜ ਪ੍ਰਬੰਧ ਵਿਭਾਗ ਨੂੰ ਅਮਲ ‘ਚ ਲਿਆਉਣ ਦੇ ਆਦੇਸ਼ ਦਿੱਤੇ ਸਨ। ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਇਸ ਪੱਤਰ ਨੂੰ ਆਧਾਰ ਬਣਾਉਂਦੇ ਹੋਏ ਅਪਰੈਲ ਮਹੀਨੇ ਦੀ ਮਈ ਦੇ ਪਹਿਲੇ ਹਫ਼ਤੇ ਮਿਲਣ ਵਾਲੀ ਤਨਖ਼ਾਹ ਤੇ ਭੱਤੇ ਨੂੰ ਜਾਰੀ ਕਰਨ ਸਬੰਧੀ ਰੋਕ ਲਗਾ ਦਿੱਤੀ।

Ministers Salaries | ਇਸ ਬਾਰੇ ਜ਼ਿਆਦਾਤਰ ਵਜ਼ੀਰਾਂ ਨੂੰ ਤਨਖ਼ਾਹ ਤੇ ਭੱਤੇ ਨਾ ਆਉਣ ਸਬੰਧੀ ਜਾਣਕਾਰੀ ਵੀ ਨਹੀਂ ਕਿਉਂਕਿ ਵਿੱਤੀ ਹਾਲਤ ਠੀਕ ਨਾ ਹੋਣ ਦੇ ਚਲਦੇ ਤਨਖ਼ਾਹ ਲੇਟ ਆਉਣ ਦੀ ਉਹ ਉਮੀਦ ਲਾਏ ਬੈਠੇ ਸਨ ਪਰ ਹੁਣ ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਵਜ਼ੀਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ 100 ਫੀਸਦੀ ਵਲੰਟਰੀ ਕੱਟ ‘ਚ ਉਨ੍ਹਾਂ ਦੀ ਤਨਖ਼ਾਹ ਦੇ ਨਾਲ ਹੀ ਭੱਤੇ ਵੀ ਸ਼ਾਮਲ ਹੁੰਦੇ ਹਨ,

ਇਸ ਲਈ ਹੁਣ ਅਪਰੈਲ, ਮਈ ਤੇ ਜੂਨ ਦੀ ਤਨਖਾਹ ਦੇ ਨਾਲ ਹੀ ਉਨ੍ਹਾਂ ਨੂੰ ਕੋਈ ਵੀ ਭੱਤਾ ਨਹੀਂ ਮਿਲੇਗਾ। ਇਸ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਵਜ਼ੀਰਾਂ ਨੂੰ  1 ਲੱਖ 80 ਹਜ਼ਾਰ ਰੁਪਏ ਤਿੰਨ ਮਹੀਨੇ ਲਈ ਵਾਧੂ ਕਟਵਾਉਣੇ ਪੈ ਰਹੇ ਹਨ। ਇਸ ਸਬੰਧੀ ਕੁਝ ਵਜ਼ੀਰਾਂ ਨੂੰ ਇਤਰਾਜ਼ ਵੀ ਹੈ ਕਿ ਜੇਕਰ ਵਿਧਾਇਕਾਂ ਦੀ ਸਿਰਫ਼ ਬੇਸਿਕ ਤਨਖਾਹ ਕਟੌਤੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਦੇ ਭੱਤੇ ਕਿਉਂ ਕਟੌਤੀ ‘ਚ ਸ਼ਾਮਲ ਕੀਤੇ ਗਏ ਹਨ ਪਰ ਇਹ ਫੈਸਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕਰਨ ਦੇ ਚਲਦੇ ਇਸ ਫੈਸਲੇ ‘ਚ ਫੇਰ ਬਦਲ ਦਾ ਅਧਿਕਾਰ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਹੈ।

ਕੋਰੋਨਾ ਰਾਹਤ ਫੰਡ ਵਿੱਚ ਨਹੀਂ ਜਾਣਗੇ ਕਟੌਤੀ ਦੇ 64 ਲੱਖ ਰੁਪਏ

Ministers Salaries | ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਵਜ਼ੀਰਾਂ ਸਣੇ ਵਿਰੋਧੀ ਧਿਰ ਦੇ ਲੀਡਰ ਦੀ ਤਨਖ਼ਾਹ ਤੇ ਭੱਤੇ ਦੀ ਕਟੌਤੀ ਭਾਵੇਂ ਕੋਰੋਨਾ ਦੇ ਦੌਰ ਵਿੱਚ ਕੀਤੀ ਗਈ ਹੈ ਪਰ ਤਿੰਨ ਮਹੀਨੇ ਦੀ ਇਸ ਕਟੌਤੀ ਦਾ 64 ਲੱਖ ਰੁਪਏ ਕੋਰੋਨਾ ਰਾਹਤ ਫੰਡ ‘ਚ ਨਹੀਂ ਜਾਏਗਾ, ਸਗੋਂ ਪੰਜਾਬ ਸਰਕਾਰ ਦੇ ਖਜਾਨੇ ‘ਚ ਹੀ ਪਿਆ ਰਹੇਗਾ। ਇਸ ਕਟੌਤੀ ਨੂੰ ਵਲੰਟਰੀ ਤਨਖ਼ਾਹ ਦਾ 100 ਫੀਸਦੀ ਨਾ ਲੈਣ ਦਾ ਫੈਸਲਾ ਕਾਗ਼ਜ਼ਾਂ ‘ਚ ਕੀਤਾ ਗਿਆ ਹੈ, ਜਿਸ ਕਾਰਨ ਹੀ ਸਰਕਾਰ ਵੱਲੋਂ ਇਹ ਖਜ਼ਾਨੇ ‘ਚੋਂ ਤਨਖ਼ਾਹ ਜਾਰੀ ਨਹੀਂ ਕੀਤੀ ਜਾਏਗੀ। ਇਸ ਦੇ ਚਲਦੇ ਇਹ ਬਚਤ ਸਰਕਾਰੀ ਖਜ਼ਾਨੇ ਨੂੰ ਹੀ ਹੋਏਗੀ ਤੇ ਕੋਰੋਨਾ ਰਾਹਤ ਫੰਡ ‘ਚ ਇੱਕ ਵੀ ਪੈਸਾ ਨਹੀਂ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।