ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚੇਤਾਵਨੀ
ਚੰਡੀਗੜ (ਅਸ਼ਵਨੀ ਚਾਵਲਾ)। ਕਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚਲ ਰੈਫ਼ਰ’! ਅਮਰਗੜ ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਕਿਸੇ ਮਸਲੇ ਦਾ ਹਲ਼ ਨਾ ਨਿਕਲੇ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਦਿੱਕਤ ਆਵੇ ਤਾਂ ਮੰਤਰੀ ਸਾਹਿਬ ਇਹ ਨਾ ਕਹਿਣ ਕਿ ਐਮ.ਐਲ.ਏ. ਸਾਹਿਬ ਤੇਰੀ ਜਿੰਮੇਵਾਰੀ ਬਣਦੀ ਐ ਤਾਂ ਕੱਲ ਨੂੰ ਸੜਕ ‘ਤੇ ਆਮ ਲੋਕਾਂ ਨੂੰ ਆਉਣਾ ਪੈ ਗਿਆ ਤਾਂ ਧੀਮਾਨ ਨੂੰ ਵੀ ਉਸੇ ਸੜਕ ‘ਤੇ ਬੈਠਣਾ ਪਏਗਾ। ਕੱਲ ਨੂੰ ਮੰਤਰੀ ਜੀ ਮੈਨੂੰ ਲਾਂਬਾ ਨਾ ਦੇਣ।
ਇਹ ਚਿਤਾਵਨੀ ਅਮਰਗੜ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦੇ ਦਿੱਤੀ ਹੈ। ਅਸਲ ਵਿੱਚ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਜ਼ਿਲੇ ਵਿੱਚ ਆਉਂਦੇ ਸੀ.ਐਸ.ਸੀ. ਅਮਰਗੜ ਅਤੇ ਸੀ.ਐਚ.ਸੀ. ਅਹਿਮਦਗੜ ਦੇ ਦਰਜ਼ੇ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕਰਨ ਦਾ ਸੁਆਲ ਪੁੱਛਿਆ ਸੀ ਪਰ ਇਸ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਿਰਫ਼ ‘ਨਹੀਂ ਜੀ।’, ਕਹਿੰਦੇ ਹੋਏ ਪੱਲਾ ਝਾੜ ਲਿਆ।
ਇਸ ਜੁਆਬ ਤੋਂ ਸੁਰਜੀਤ ਸਿੰਘ ਧੀਮਾਨ ਕਾਫ਼ੀ ਜਿਆਦਾ ਖਫ਼ਾ ਹੋ ਗਏ ਅਤੇ ਉਨਾਂ ਇਹ ਹਸਪਤਾਲ ਪੇਂਡੂ ਇਲਾਕੇ ਵਿੱਚ ਪੈਂਦੇ ਹਨ ਅਤੇ ਇਸ ਨਾਲ ਜਿਹੜੀ ਮੁੱਖ ਸੜਕ ਪੈਂਦੀ ਹੈ, ਉਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਹੜੇ ਸੜਕ ਹਾਦਸੇ ਦੌਰਾਨ ਮਰੀਜ਼ ਆਉਂਦੇ ਹਨ ਉਨਾਂ ਨੂੰ ਰੈਫ਼ਰ ਦਿੱਤਾ ਜਾਂਦਾ ਹੈ। ਇਨਾਂ ਹਸਪਤਾਲ ਦਾ ਨਾਅ ਸੀ.ਐਚ.ਸੀ. ਹੈ ਪਰ ਆਮ ਲੋਕਾਂ ਨੇ ਇਸ ਹਸਪਤਾਲ ਦਾ ਨਾਅ ਹੀ ਰੈਫਰ ਹਸਪਤਾਲ ਰੱਖ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਇਨਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਕਿ ਇਸ ਪੇਂਡੂ ਇਲਾਕੇ ਨੂੰ ਸਿਹਤ ਸੇਵਾਵਾਂ ਮਿਲ ਸਕਣ। ਉਨਾਂ ਕਿਹਾ ਕਿ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਵੀ ਸਿਹਤ ਸੇਵਾਵਾਂ ਦੇਣਾ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਹਤ ਸੇਵਾਵਾਂ ਦਾ ਹੀ ਸਭ ਤੋਂ ਜਿਆਦਾ ਮਾੜਾ ਹਾਲ ਹੈ।