ਬਾਲ ਮਜ਼ਦੂਰੀ ਦੇ ਚੱਕਰਵਿਊ ‘ਚ ਫਸੇ ਹਨ ਅੱਜ ਵੀ ਦੇਸ਼ ਦੇ ਕਰੋੜਾਂ ਬੱਚੇ

ਬਾਲ ਮਜ਼ਦੂਰੀ ਦੇ ਚੱਕਰਵਿਊ ‘ਚ ਫਸੇ ਹਨ ਅੱਜ ਵੀ ਦੇਸ਼ ਦੇ ਕਰੋੜਾਂ ਬੱਚੇ

Child Labor | 12 ਜੂਨ ਦਾ ਦਿਨ ਹਰ ਸਾਲ ਪੂਰੇ ਸੰਸਾਰ ਵਿੱਚ ਬਾਲ ਮਜਦੂਰੀ ਦੇ ਵਿਰੋਧ ਵਿੱਚ ਮਨਾਇਆ ਜਾਂਦਾ ਹੈ। ਬਾਲ ਮਜ਼ਦੂਰੀ ਦੇ ਖਿਲਾਫ ਜਾਗਰੂਕਤਾ ਫੈਲਾਉਣ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਕੰਮ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਦੇ ਉਦੇਸ਼ ਨਾਲ ਇਸ ਦਿਨ ਦੀ ਸ਼ੁਰਾਤ ਸਾਲ 2002 ਵਿੱਚ ‘ਦ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ’ ਵੱਲੋਂ ਕੀਤੀ ਗਈ ਸੀ। ਪੂਰੇ ਸੰਸਾਰ ਵਿੱਚ ਇਸ ਦਿਨ ਨੂੰ ਮਨਾਏ ਜਾਣ ਦਾ ਮੁੱਖ ਮਕਸਦ ਬਾਲ ਮਜਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ।

ਅੱਜ ਭਾਰਤ ਵਿੱਚ ਬਾਲ ਮਜਦੂਰੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰਾਂ ਵੱਲੋਂ ਸਮੇਂ-ਸਮੇਂ ‘ਤੇ ਬਾਲ ਮਜਦੂਰੀ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਂਦੇ ਹਨ ਅਤੇ ਇਸ ਬੁਰਾਈ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਦਾਅਵੇ ਵੀ ਹੁੰਦੇ ਹਨ ਪਰ ਅੱਜ ਢਾਬਿਆਂ, ਉਦਯੋਗਿਕ ਇਕਾਈਆਂ ਅਤੇ ਹੋਰ ਅਨੇਕ ਥਾਵਾਂ ‘ਤੇ ਮਜਦੂਰੀ ਕਰਦੇ ਬਾਲ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਂਦੇ ਹਨ।

Child Labor | ਦੇਸ਼ ਵਿੱਚ ਬਾਲ ਮਜਦੂਰੀ ਦਾ ਅੰਕੜਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਗਰੀਬ ਬੱਚੇ ਸਭ ਤੋਂ ਜਿਆਦਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਸਕੂਲ ਭੇਜਣ ਦੀ ਬਜਾਏ ਬਾਲ ਮਜਦੂਰੀ ਕਰਵਾਈ ਜਾਂਦੀ ਹੈ। ਜ਼ਿਆਦਾਤਰ ਬੱਚੇ ਆਪਣੇ ਘਰਾਂ ਦੀ ਆਰਥਿਕ ਹਾਲਤ ਅਤਿ ਕਮਜ਼ੋਰ ਹੋਣ ਕਾਰਨ ਜਾਂ ਉਨ੍ਹਾਂ ਦੇ ਮਾਪੇ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣ ਕਾਰਨ ਬਾਲ ਮਜਦੂਰੀ ਕਰਨ ਲਈ ਮਜਬੂਰ ਹੁੰਦੇ ਹਨ।

Child Labor | ਬਾਲ ਮਜਦੂਰੀ ਬੱਚਿਆਂ ਦੇ ਮਾਨਸਿਕ, ਸਰੀਰਕ, ਆਤਮਿਕ, ਬੌਧਿਕ ਅਤੇ ਸਮਾਜਿਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਬੱਚੇ ਬਾਲ ਮਜਦੂਰੀ ਕਰਦੇ ਹਨ ਉਹ ਮਾਨਸਿਕ ਰੂਪ ਵਿੱਚ ਬਿਮਾਰ ਰਹਿੰਦੇ ਹਨ ਅਤੇ ਬਾਲ ਮਜਦੂਰੀ ਉਨ੍ਹਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣਦੀ ਹੈ। ਬਾਲ ਮਜਦੂਰੀ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਕਰਦੀ ਹੈ ਜੋ ਕਿ ਸੰਵਿਧਾਨ ਦੇ ਵਿਰੁੱਧ ਹੈ ਅਤੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ।

ਭਾਰਤ ਵਿੱਚ 1986 ਵਿੱਚ ਬਾਲ ਮਜਦੂਰੀ ਵਿਰੁੱਧ ਇੱਕ ਐਕਟ ਪਾਸ ਹੋਇਆ ਹੈ। ਇਸ ਐਕਟ ਦੇ ਅਨੁਸਾਰ ਉਦਯੋਗਾਂ ਵਿੱਚ ਬੱਚਿਆਂ ਤੋਂ ਕੰਮ ਕਰਵਾਉਣ ਦੀ ਮਨਾਹੀ ਹੈ। 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ ਜਾਂ ਖਦਾਨ ਵਿੱਚ ਕੰਮ ਕਰਨ ਲਈ ਨਹੀਂ ਰੱਖਿਆ ਜਾ ਸਕਦਾ। 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਿਸੇ ਫੈਕਟਰੀ ਵਿੱਚ ਉਦੋਂ ਰੱਖਿਆ ਜਾ ਸਕਦਾ ਹੈ ਜਦੋਂ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਡਾਕਟਰ ਦਾ ਫਿਟਨੈੱਸ ਸਰਟੀਫਿਕੇਟ ਹੋਵੇ।

Child Labor | ਇਸ ਕਾਨੂੰਨ ਵਿੱਚ 14 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਹਰ ਦਿਨ ਸਾਢੇ ਚਾਰ ਘੰਟੇ ਕੰਮ ਕਰਨਾ ਤੈਅ ਕੀਤਾ ਗਿਆ ਹੈ ਅਤੇ ਰਾਤ ਸਮੇਂ ਉਨ੍ਹਾਂ ਦੇ ਕੰਮ ਕਰਨ ‘ਤੇ ਰੋਕ ਲਾਈ ਗਈ ਹੈ ਪਰ ਅਫ਼ਸੋਸ ਕਿ ਐਨੇ ਸਖ਼ਤ ਕਾਨੂੰਨ ਹੋਣ ਦੇ ਬਾਅਦ ਵੀ ਬੱਚਿਆਂ ਕੋਲੋਂ ਹੋਟਲਾਂ, ਕਾਰਖਾਨਿਆਂ, ਦੁਕਾਨਾਂ ਆਦਿ ਵਿੱਚ ਦਿਨ-ਰਾਤ ਕੰਮ ਕਰਾ ਕੇ ਜਿੱਥੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ, ਉੱਥੇ ਹੀ ਮਾਸੂਮ ਬੱਚਿਆਂ ਦਾ ਬਚਪਨ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਇੱਕ ਅੰਕੜੇ ਅਨੁਸਾਰ ਅੱਜ ਸੰਸਾਰ ਵਿੱਚ ਜਿੰਨੇ ਵੀ ਬਾਲ ਮਜਦੂਰ ਹਨ ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਭਾਰਤ ਵਿੱਚ ਹਨ। ਭਾਰਤ ਦੇ 50 ਫ਼ੀਸਦੀ ਬੱਚੇ ਆਪਣੇ ਬਚਪਨ ਦੇ ਅਧਿਕਾਰਾਂ ਤੋਂ ਵਾਂਝੇ ਹਨ। ਉਨ੍ਹਾਂ ਕੋਲ ਸਿੱਖਿਆ ਦੀ ਜੋਤ ਨਹੀਂ ਪਹੁੰਚ ਰਹੀ ਅਤੇ ਨਾ ਹੀ ਉਨ੍ਹਾਂ ਦਾ ਉਚਿਤ ਪਾਲਣ-ਪੋਸ਼ਣ ਹੋ ਰਿਹਾ ਹੈ।

Child Labor | ਬਾਲ ਮਜਦੂਰੀ ਦੇ ਖਿਲਾਫ ਕੰਮ ਕਰ ਰਹੇ ਸੰਗਠਨ ਬਚਪਨ ਬਚਾਓ ਅੰਦੋਲਨ (ਬੀਬੀਏ) ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਲਗਭਗ ਸੱਤ ਤੋਂ ਅੱਠ ਕਰੋੜ ਬੱਚੇ ਲਾਜ਼ਮੀ ਸਿੱਖਿਆ ਤੋਂ ਵਾਂਝੇ ਹਨ। ਇਹ ਬੱਚੇ ਗਰੀਬੀ ਕਾਰਨ ਸਕੂਲ ਨਹੀਂ ਜਾ ਸਕਦੇ ਅਤੇ ਇਨ੍ਹਾਂ ਵਿੱਚੋਂ ਬਹੁਤੇ ਬੱਚੇ ਬਾਅਦ ਵਿੱਚ ਬਾਲ ਮਜਦੂਰੀ ਕਰਨ ਲਈ ਮਜਬੂਰ ਹੁੰਦੇ ਹਨ।

ਸਾਲ 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 5 ਤੋਂ 14 ਸਾਲ ਦੇ 25 ਕਰੋੜ 96 ਲੱਖ ਬੱਚੇ ਸਨ। ਜਿਨ੍ਹਾਂ ਵਿੱਚੋਂ 1 ਕਰੋੜ ਬੱਚੇ ਬਾਲ ਮਜਦੂਰੀ ਦੇ ਸ਼ਿਕਾਰ ਸਨ ਪਰ ਹੁਣ ਇਹ ਅੰਕੜਾ ਕਾਫੀ ਵਧ ਚੁੱਕਾ ਹੈ। ਅੱਜ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ 2 ਕਰੋੜ ਬਾਲ ਮਜਦੂਰ ਹਨ।

ਸਾਲ 2021 ਦੀ ਜਨਗਣਨਾ ਵਿੱਚ ਇਹ ਅੰਕੜਾ ਹੋਰ ਵੀ ਵਧਣ ਦਾ ਅਨੁਮਾਨ ਹੈ। ਅਸਲ ਵਿੱਚ ਵੇਖਿਆ ਜਾਵੇ ਤਾਂ ਬੱਚੇ ਆਪਣੀ ਉਮਰ ਦੇ ਸਮਾਨ ਔਖਾ ਕੰਮ ਗਰੀਬੀ  ਕਾਰਨ ਕਰਦੇ ਹਨ। ਗਰੀਬੀ ਹੀ ਬੱਚੇ ਨੂੰ ਬਾਲ ਮਜਦੂਰ ਬਣਨ ਲਈ ਮਜਬੂਰ ਕਰਦੀ ਹੈ। ਇਸ ਤੋਂ ਇਲਾਵਾ ਵਧਦੀ ਜਨਸੰਖਿਆ, ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ, ਸਿੱਖਿਆ ਦੀ ਅਣਹੋਂਦ ਅਤੇ ਮੌਜੂਦਾ ਕਾਨੂੰਨਾਂ ਦਾ ਠੀਕ ਤਰੀਕੇ ਨਾਲ ਪਾਲਣ ਨਾ ਹੋਣਾ ਵੀ ਵਧਦੀ ਬਾਲ ਮਜਦੂਰੀ ਲਈ ਜ਼ਿੰਮੇਵਾਰ ਹਨ।

ਵਰਤਮਾਨ ਵਿੱਚ ਭਾਰਤ ਦੇਸ਼ ਵਿੱਚ ਕਈ ਥਾਵਾਂ ‘ਤੇ ਆਰਥਿਕ ਤੰਗੀ ਕਾਰਨ ਮਾਪੇ ਥੋੜ੍ਹੇ ਪੈਸਿਆਂ ਬਦਲੇ ਹੀ ਆਪਣੇ ਬੱਚਿਆਂ ਨੂੰ ਅਜਿਹੇ ਠੇਕੇਦਾਰਾਂ ਦੇ ਹੱਥ ਵੇਚ ਦਿੰਦੇ ਹਨ ਜੋ ਆਪਣੀ ਸੁਵਿਧਾ ਅਨੁਸਾਰ ਉਨ੍ਹਾਂ ਨੂੰ ਹੋਟਲਾਂ, ਕੋਠੀਆਂ ਅਤੇ ਹੋਰ ਕਾਰਖਾਨਿਆਂ ਆਦਿ ਵਿੱਚ ਕੰਮ ‘ਤੇ ਲਾ ਦਿੰਦੇ ਹਨ ਜਿੱਥੇ ਇਹ ਬਾਲ ਮਜਦੂਰ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ।

ਦੇਸ਼ ਵਿੱਚੋਂ ਬਾਲ ਮਜਦੂਰੀ ਦੇ ਇਸ ਕੋਹੜ ਨੂੰ ਖਤਮ ਕਰਨ ਲਈ ਅਜਿਹੇ ਬੱਚਿਆਂ ਦੇ ਪਰਿਵਾਰਾਂ ਨੂੰ ਗਰੀਬੀ ਦੇ ਚੱਕਰ ਵਿੱਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਲਈ ਸਿੱਖਿਆ ਦੇ ਢੁੱਕਵੇਂ ਉਪਰਾਲੇ ਕਰਨੇ ਅਤਿ ਜਰੂਰੀ ਹੈ। ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਲਾਜ਼ਮੀ ਕੀਤੀ ਜਾਵੇ ਅਤੇ ਅਜਿਹੇ ਪਰਿਵਾਰਾਂ ਨੂੰ ਚਲਾਉਣ ਲਈ ਸਰਕਾਰ ਆਪਣੇ ਪੱਧਰ ‘ਤੇ ਠੋਸ ਉਪਰਾਲੇ ਕਰੇ ਤਾਂ ਕਿ ਦੇਸ਼ ਵਿੱਚੋਂ ਬਾਲ ਮਜਦੂਰੀ ਦਾ ਖ਼ਾਤਮਾ ਕੀਤਾ ਜਾ ਸਕੇ
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।