ਮਨੁੱਖ ਵਾਤਾਵਰਨ ’ਚ ਹੋ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ, ਕੁਦਰਤੀ ਆਫ਼ਤਾਂ ਸਮੇਤ ਕਈ ਮੁਸ਼ਕਲਾਂ ’ਚ ਘਿਰਦਾ ਜਾ ਰਿਹਾ ਹੈ ਫ਼ਿਰ ਵੀ ਮਨੁੱਖ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਸਿੱਧੇ ਅਸਿੱਧੇ ਤੌਰ ’ਤੇ ਪ੍ਰਦੂਸ਼ਣ ਦੀ ਮਾਰ ਦੀਆਂ ਅਣਗਿਣਤ ਨਿਸ਼ਾਨੀਆਂ ਸਬੂਤ ਦੇ ਤੌਰ ’ਤੇ ਸਾਹਮਣੇ ਹਨ ਜਿੰਨਾਂ ਤੋਂ ਸਬਕ ਲੈਣ ’ਚ ਦੇਰੀ ਘਾਤਕ ਸਿੱਧ ਹੋਵੇਗੀ। ਦੇਸ਼ ਅੰਦਰ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਘਟਣਾ ਵੀ ਪ੍ਰਦੂਸ਼ਣ ਤੇ ਘਾਤਕ ਹੋਣ ਦਾ ਸਬੂਤ ਹੈ ਜਿਸ ਵੱਲ ਗੌਰ ਕਰਨੀ ਪੈਣੀ ਹੈ।
ਪੰਜਾਬ ’ਚ ਹਰੀ ਕੇ ਜਲਗਾਹ ’ਚ ਪ੍ਰਵਾਸੀ ਪੰਛੀਆਂ ਦਾ ਆਉਣਾ ਘਟਦਾ ਜਾ ਰਿਹਾ ਹੈ। ਪਿਛਲੇ ਸਾਲ 75 ਹਜ਼ਾਰ ਪੰਛੀ ਹਰੀ ਕੇ ਪੁੱਜੇ ਸਨ ਜੋ ਇਸ ਵਾਰ 65 ਹਜ਼ਾਰ ਦੇ ਕਰੀਬ ਸਿਹਤ ਰਹਿ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪਾਣੀ ’ਚ ਵਧ ਰਿਹਾ ਪ੍ਰਦੂਸ਼ਣ ਹੀ ਪੰਛੀਆਂ ਦੀਆਂ ਆਮਦ ਦੇ ਘਟਣ ਦਾ ਕਾਰਨ ਹੈ। ਇਹ ਤੱਥ ਹਨ ਕਿ ਲਗਭਗ ਪਿਛਲੇ 30 ਸਾਲਾਂ ਤੋਂ ਪੰਜਾਬ ਦੇ ਦਰਿਆਵਾਂ ’ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜਿਸ ਬਾਰੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਲੁਧਿਆਣਾ ਦਾ ਬੱੁਢਾ ਦਰਿਆ ਜੋ ਗੰਦੇ ਪਾਣੀ ਕਾਰਨ ਸੀਵਰੇਜ ਬਣ ਚੁੱਕਾ ਹੈ, ਦਾ ਗੰਦਾ ਪਾਣੀ ਸਤਲੁਜ ’ਚ ਪੈ ਰਿਹਾ ਹੈ ਜਿਸ ਨਾਲ ਸਤਲੁਜ ਦਾ ਪਾਣੀ ਮਨੁੱਖ ਲਈ ਬਿਮਾਰੀਆਂ ਪੈਦਾ ਕਰ ਰਿਹਾ ਹੈ ਪੰਜਾਬ ਕੈਂਸਰ ਦੀ ਮਾਰ ਹੇਠ ਆਇਆ ਹੋਇਆ ਹੈ। ਜੇਕਰ ਇਹ ਪਾਣੀ ਮਨੁੱਖ ਲਈ ਨੁਕਸਾਨਦੇਹ ਹੈ ਤਾਂ ਪੰਛੀ ਦੀ ਵੀ ਵਾਤਾਵਰਨ ਪ੍ਰਤੀ ਸੂਝ ਹੈ ।
Water Pollution
ਪੰਛੀ ਵੀ ਗੰਦੇ ਪਾਣੀ ਤੋਂ ਕੰਨੀ ਕਤਰਾਉਂਦੇ ਹਨ। ਪੰਛੀਆਂ ਦਾ ਘੱਟ ਆਉਣਾ ਸਾਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਪ੍ਰਦੂਸ਼ਣ ਘਾਤਕ ਪੱਧਰ ’ਤੇ ਪਹੁੰਚ ਗਿਆ ਹੈ। ਅਸਲ ’ਚ ਫੈਕਟਰੀਆਂ ਦਾ ਗੰਦਾ ਪਾਣੀ ਤੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਸੋਧੇ ਦਰਿਆਵਾਂ ’ਚ ਪੈ ਰਿਹਾ ਹੈ ਜਿਸ ਦਾ ਨਤੀਜਾ ਹੈ ਦਰਿਆਵਾਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਰਿਹਾ। ਟਰੀਟਮੈਂਟ ਪਲਾਂਟ ਮਹਿੰਗੇ ਹੋਣ ਕਾਰਨ ਜਾਂ ਲਾਏ ਨਹੀਂ ਜਾਂਦੇ ਜਾਂ ਇਹਨਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਮਹਿੰਗੇ ਹੋਣ ਕਾਰਨ ਇਹ ਪਲਾਂਟ ਬੰਦ ਪਏ ਰਹਿੰਦੇ ਹਨ। (Water Pollution)
ਭਿ੍ਰਸ਼ਟਾਚਾਰ ਕਾਰਨ ਬੇਨਿਯਮੀਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ। ਜ਼ਰੂਰੀ ਹੈ ਕਿ ਸਰਕਾਰ ਟਰੀਟਮੈਂਟ ਪਲਾਂਟਾਂ ਸਬੰਧੀ ਫੈਕਟਰੀਆਂ ਨੂੰ ਵਿੱਤੀ ਮੱਦਦ ਦੇਵੇ ਅਤੇ ਜੋ ਨਿਯਮਾਂ ਦਾ ਪਾਲਣ ਨਹੀਂ ਕਰਦੇ ਉਸ ਖਿਲਾਫ਼ ਸਖਤੀ ਵਰਤੀ ਜਾਵੇ। ਹਾਲ ਹੀ ਵਿੱਚ ਨੈਸ਼ਨਲ ਗਰੀਨ ਟਿ੍ਰਬਿਊਨਲ ਨੇ ਪੰਜਾਬ ਦੀਆਂ 88 ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਜ਼ੀਰਾ ’ਚ ਇੱਕ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਹਨ। ਬਿਨਾਂ ਸ਼ੱਕ ਉਦਯੋਗ ਜ਼ਰੂੁਰੀ ਹੈ ਪਰ ਸਿਹਤ ਨੂੰ ਦਾਅ ’ਤੇ ਨਹੀਂ ਲਾਇਆ ਜਾ ਸਕਦਾ। ਪ੍ਰਦੂਸ਼ਣ ਨੂੰ ਰੋਕਣ ਪ੍ਰਤੀ ਲਾਪਰਵਾਹੀ ਦੇ ਨੁਕਸਾਨ ਤੋਂ ਕੋਈ ਵੀ ਨਹੀਂ ਬਚ ਸਕੇਗਾ।