ਸੰਵਿਧਾਨ ਅਨੁਸਾਰ ਸੰਸਦ ਮੈਂਬਰ ਦੇ ਨੋਟੀਫਿਕੇਸ਼ਨ ਤੋਂ 14 ਦਿਨਾਂ ਵਿੱਚ ਅਸਤੀਫ਼ਾ ਦੇਣਾ ਜ਼ਰੂਰੀ | Meet Hayer
ਚੰਡੀਗੜ੍ਹ (ਅਸ਼ਵਨੀ ਚਾਵਲਾ)। Meet Hayer : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਗਲੇ 6 ਦਿਨਾਂ ਵਿੱਚ ਕੈਬਨਿਟ ਮੰਤਰੀ ਦੀ ਕੁਰਸੀ ਨੂੰ ਛੱਡਣ ਦੇ ਨਾਲ ਹੀ ਵਿਧਾਨ ਸਭਾ ਤੋਂ ਅਸਤੀਫ਼ਾ ਦੇਣਾ ਪਵੇਗਾ ਸੰਸਦ ਮੈਂਬਰ ਬਣਨ ਤੋਂ ਬਾਅਦ ਭਾਰਤੀ ਸੰਵਿਧਾਨ ਦੇ 101 ਅਤੇ 190 ਆਰਟੀਕਲ ਦੀ ਧਾਰਾ 2 ਅਨੁਸਾਰ 14 ਦਿਨਾਂ ਦੇ ਅੰਦਰ-ਅੰਦਰ ਇਹੋ ਜਿਹਾ ਕਰਨਾ ਜ਼ਰੂਰੀ ਹੈ। ਜੇਕਰ ਕੋਈ ਵੀ ਸੰਸਦ ਮੈਂਬਰ ਇਹੋ ਜਿਹਾ ਨਹੀਂ ਕਰਦਾ ਹੈ ਤਾਂ ਸੰਵਿਧਾਨ ਇਸ ਮਾਮਲੇ ਵਿੱਚ ਕਾਰਵਾਈ ਤੱਕ ਦੀ ਇਜਾਜ਼ਤ ਦਿੰਦਾ ਹੈ।
ਸੁਖਜਿੰਦਰ ਰੰਧਾਵਾ ਨੇ ਭੇਜਿਆ ਵਿਧਾਨ ਸਭਾ ਵਿੱਚ ਆਪਣਾ ਅਸਤੀਫ਼ਾ | Meet Hayer
ਸਿਰਫ਼ ਗੁਰਮੀਤ ਸਿੰਘ ਮੀਤ ਹੇਅਰ ਹੀ ਨਹੀਂ, ਸਗੋਂ ਸੰਵਿਧਾਨ ਦੀ ਇਸ ਧਾਰਾ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੱਝੇ ਹੋਏ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ 20 ਜੂਨ ਤੋਂ ਪਹਿਲਾਂ-ਪਹਿਲਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਜ਼ਰੂਰੀ ਹੈ। ਜੇਕਰ ਵਿਧਾਨ ਸਭਾ ਦੇ ਇਹ ਦੋਵੇਂ ਮੈਂਬਰ ਆਪਣੀ ਇਸ ਸੀਟ ਛੱਡਣਾ ਨਹੀਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੰਸਦ ਮੈਂਬਰ ਤੋਂ ਅਸਤੀਫ਼ਾ ਦੇਣਾ ਜ਼ਰੂਰੀ ਹੋ ਜਾਵੇਗਾ। ਦੋਵਾਂ ਸੀਟਾਂ ਵਿੱਚੋਂ ਇੱਕ ਹੀ ਸਦਨ ਦੀ ਮੈਂਬਰਸ਼ਿਪ ਨੂੰ ਇਹ ਰੱਖ ਸਕਦੇ ਹਨ ਅਤੇ ਇਸ ਦਾ ਸਮਾਂ 20 ਜੂਨ ਨੂੰ ਪੂਰਾ ਹੋ ਰਿਹਾ ਹੈ। (Meet Hayer)
ਇਥੇ ਹੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਵੀਰਵਾਰ ਨੂੰ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਵਿੱਚ ਭੇਜ ਦਿੱਤਾ ਹੈ। ਹੁਣ ਤੱਕ ਵਿਧਾਨ ਸਭਾ ਵਿੱਚ 2 ਸੰਸਦ ਮੈਂਬਰਾਂ ਦੇ ਅਸਤੀਫ਼ੇ ਪੁੱਜੇ ਹਨ। ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਰਾਜ ਕੁਮਾਰ ਚੱਬੇਵਾਲ ਦਾ ਅਸਤੀਫ਼ਾ ਚੋਣਾਂ ਪਹਿਲਾਂ ਹੀ ਵਿਧਾਨ ਸਭਾ ਵਿੱਚ ਪੁੱਜ ਗਿਆ ਸੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ 12 ਵਿਧਾਇਕਾਂ ਵੱਲੋਂ ਸੰਸਦ ਮੈਂਬਰ ਦੀ ਚੋਣ ਲੜੀ ਗਈ ਸੀ ਅਤੇ ਇਨ੍ਹਾਂ 12 ਵਿਧਾਇਕਾਂ ਵਿੱਚੋਂ 2 ਆਮ ਆਦਮੀ ਪਾਰਟੀ ਅਤੇ 2 ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਜਿੱਤ ਕੇ ਲੋਕ ਸਭਾ ਵਿੱਚ ਪੁੱਜ ਗਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੇ ਰਾਜ ਕੁਮਾਰ ਚੱਬੇਵਾਲ , ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।
Meet Hayer
ਸੰਵਿਧਾਨ ਅਨੁਸਾਰ ਕੋਈ ਵੀ ਵਿਅਕਤੀ ਇੱਕ ਸਮੇਂ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਵਿੱਚੋਂ ਇੱਕ ਹੀ ਸਦਨ ਦਾ ਮੈਂਬਰ ਰਹਿ ਸਕਦਾ ਹੈ। ਸਮਕਾਲੀ ਮੈਂਬਰਸ਼ਿਪ ਦੀ ਮਨਾਹੀ ਨਿਯਮ 1950 ਵਿੱਚ ਸੰਵਿਧਾਨ ਦੇ ਆਰਟੀਕਲ 101 ਅਤੇ 190 ਦੀ ਕਲਾਜ 2 ਦੇ ਤਹਿਤ ਜੇਕਰ ਕੋਈ ਵਿਧਾਨ ਸਭਾ ਦਾ ਮੈਂਬਰ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਜਾਂਦਾ ਹੈ ਜਾਂ ਫਿਰ ਸੰਸਦ ਮੈਂਬਰ ਵੱਲੋਂ ਚੋਣ ਲੜਦੇ ਹੋਏ ਵਿਧਾਨ ਸਭਾ ਦੀ ਮੈਂਬਰਸ਼ਿਪ ਹਾਸਲ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਵਿਸ਼ੇਸ਼ ਨੂੰ ਚੋਣ ਦੀ ਜਿੱਤ ਦੇ ਨੋਟੀਫਿਕੇਸ਼ਨ ਤੋਂ 14 ਦਿਨਾਂ ਦੇ ਅੰਦਰ ਅੰਦਰ ਇੱਕ ਸਦਨ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦੇਣਾ ਜ਼ਰੂਰੀ ਹੈ। ਸੰਵਿਧਾਨ ਵਿੱਚ ਉਸ ਵਿਅਕਤੀ ਵਿਸ਼ੇਸ਼ ਨੂੰ ਇਹ ਹੱਕ ਦਿੱਤਾ ਗਿਆ ਹੈ ਕਿ ਉਹ ਖ਼ੁਦ ਤੈਅ ਕਰੇਗਾ ਕਿ ਉਹ ਕਿਸ ਸਦਨ ਦਾ ਮੈਂਬਰ ਰਹਿਣਾ ਚਾਹੁੰਦਾ ਹੈ ਪਰ ਇਹ ਫੈਸਲਾ ਤੈਅ ਸਮੇਂ ਅਨੁਸਾਰ 14 ਦਿਨਾਂ ਵਿੱਚ ਹੀ ਲੈਣਾ ਜ਼ਰੂਰੀ ਹੋਵੇਗਾ।
ਸੰਵਿਧਾਨ ਦੇ ਇਨ੍ਹਾਂ ਨਿਯਮਾਂ ਅਨੁਸਾਰ 2 ਵਿਧਾਇਕ ਰਾਜ ਕੁਮਾਰ ਚੱਬੇਵਾਲ ਤੇ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਕੋਲ ਪੁੱਜ ਗਿਆ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਸਤੀਫ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਇਨ੍ਹਾਂ ਦੋਵਾਂ ਨੂੰ ਜਲਦ ਹੀ ਆਪਣਾ ਅਸਤੀਫ਼ਾ ਵਿਧਾਨ ਸਭਾ ਵਿੱਚ ਭੇਜਣਾ ਹੋਏਗਾ ਤਾਂ ਕਿ ਵਿਧਾਨ ਸਭਾ ਵੱਲੋਂ ਉਸ ਅਸਤੀਫ਼ੇ ਨੂੰ ਤੈਅ ਸਮੇਂ ਵਿੱਚ ਮਨਜ਼ੂਰ ਕਰਦੇ ਹੋਏ ਸੀਟ ਨੂੰ ਖ਼ਾਲੀ ਕਰਾਰ ਦਿੱਤਾ ਜਾ ਸਕੇ।
ਅਗਲੇ 3-4 ਦਿਨ ਹੀ ਕੈਬਨਿਟ ਮੰਤਰੀ ਰਹਿ ਸਕਦੈ ਹਨ ਮੀਤ ਹੇਅਰ
ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਕੈਬਨਿਟ ਵਿੱਚ ਸੀਨੀਅਰ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ ਆਪਣੇ ਤਜ਼ਰਬੇ ਅਨੁਸਾਰ ਪਿਛਲੇ ਢਾਈ ਸਾਲ ਕਈ ਵਿਭਾਗਾਂ ਵਿੱਚ ਕੰਮ ਵੀ ਕੀਤਾ ਹੈ। ਸਿੱਖਿਆ ਵਿਭਾਗ ਤੋਂ ਲੈ ਕੇ ਮਾਈਨਿੰਗ ਵਿਭਾਗ ਦਾ ਚਾਰਜ ਉਨ੍ਹਾਂ ਕੋਲ ਰਿਹਾ ਹੈ ਇਸ ਸਮੇਂ ਉਨ੍ਹਾਂ ਕੋਲ ਪੰਜਾਬ ਦੇ ਖੇਡ ਵਿਭਾਗ ਦਾ ਚਾਰਜ ਹੈ। ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀਰਵਾਰ ਨੂੰ ਖੇਡ ਵਿਭਾਗ ਦੀ ਮੀਟਿੰਗ ਵੀ ਕੀਤੀ ਗਈ ਹੈ ਪਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਉਹ ਅਗਲੇ 3-4 ਦਿਨ ਹੀ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਹੀ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਜ਼ਰੂਰੀ ਹੈ।
Also Read : Terrorist Attacks: ਜੰਮੂ-ਕਸ਼ਮੀਰ ’ਚ ਅੱਤਵਾਦੀ ਹਮਲਿਆਂ ਸਬੰਧੀ ਪ੍ਰਧਾਨ ਮੰਤਰੀ ਨੇ ਦਿੱਤੇ ਸਖ਼ਤ ਆਦੇਸ਼














