ਵਿਕਾਸ ਲਈ ਸਾਰਥਿਕ ਬਹਿਸ ਜ਼ਰੂਰੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਰਮਿਆਨ ਦੋ ਦਿਨ ਚੱਲਦੀ ਰਹੀ ਟਵੀਟ ਜੰਗ ਇੱਕ ਚੰਗਾ ਸੁਨੇਹਾ ਦੇ ਗਈ ਹੈ ਭਾਵੇਂ ਇਸ ਦੌਰਾਨ ਦੂਸ਼ਣਬਾਜ਼ੀ ਵੀ ਹੋਈ, ਫ਼ਿਰ ਵੀ ਇਸ ਜੰਗ ਦਾ ਮੁੱਦਾ ਵਿਕਾਸ ਸੀ ਜੇਕਰ ਕਿਵੇਂ ਨਾ ਕਿਵੇਂ ਇਹ ਵਿਕਾਸ ਦੀ ਜੰਗ ਸਿਰੇ ਚੜ੍ਹ ਜਾਂਦੀ ਤਾਂ ਦੋਵਾਂ ਧਿਰਾਂ ਨੂੰ ਫਾਇਦਾ ਹੋਣਾ ਸੀ ਤੇ ਹੋਰ ਸੁਧਾਰ ਦੀ ਆਸ ਬੱਝਦੀ ਪਰ ਸਿਆਸੀ ਉਲਝਣਾਂ ’ਚ ਇਹ ਬਹਿਸ ਨਹੀਂ ਹੋ ਸਕੀ ਮਨੀਸ਼ ਸਿਸੌਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਦਿੱਲੀ ਤੇ ਪੰਜਾਬ ਦੇ 250 ਸਕੂਲਾਂ ਦਾ ਮੁਕਾਬਲਾ ਕਰਕੇ ਵੇਖਣ ਕਿ ਕਿਹੜੀ ਸਰਕਾਰ ਅੱਗੇ ਜਾ ਰਹੀ ਹੈ ਸਿਆਸਤ ’ਚ ਅਜਿਹੀ ਬਹਿਸ ਪਹਿਲੀ ਵਾਰ ਵੇਖਣ ਨੂੰ ਮਿਲਣੀ ਸੀ ਮਨੀਸ਼ ਸਿਸੌਦੀਆ ਨੇ ਤਾਂ 250 ਸਕੂਲਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਪਰ ਪਰਗਟ ਸਿੰਘ ਨੇ ਆਪਣੇ ਤਰਕਾਂ ’ਤੇ ਇਸ ਬਹਿਸ ਨੂੰ ਨਕਾਰ ਦਿੱਤਾ
ਅਸਲ ’ਚ ਤੱਥ ਤੇ ਅੰਕੜੇ ਹੀ ਵਿਕਾਸ ਦੀ ਤਸਵੀਰ ਪੇਸ਼ ਕਰਦੇ ਹਨ ਪਿਛਲੇ ਤਿੰਨ ਕੁ ਦਹਾਕਿਆਂ ’ਚ ਪੰਜਾਬ ਸਮੇਤ ਦੇਸ਼ ਦੇ ਬਹੁਤੇ ਰਾਜਾਂ ਦੇ ਸਰਕਾਰੀ ਸਕੂਲਾਂ ਦਾ ਹਾਲ ਬੇਹੱਦ ਮਾੜਾ ਰਿਹਾ ਹੈ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਰਾਜਾਂ ਅਨੁਸਾਰ ਸਕੂਲੀ ਸਿੱਖਿਆ ਦਰਜਾਬੰਦੀ ਦੀ ਰਿਪੋਰਟ ਵੀ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਕੋਈ ਸੂਬਾ ਕਿਸੇ ਬਿੰਦੂ ’ਤੇ ਪਿੱਛੇ ਹੁੰਦਾ ਹੈ ਕਿਸੇ ’ਤੇ ਅੱਗੇ ਹੁੰਦਾ ਹੈ ਸਮੁੱਚਾ ਵਿਸ਼ਲੇਸ਼ਣ ਕਰਨ ’ਤੇ ਨਤੀਜਾ ਸਾਹਮਣੇ ਆਉਂਦਾ ਹੈ ਦਿੱਲੀ ’ਚ ਕੇਜਰੀਵਾਲ ਸਰਕਾਰ ਦਾ ਇਹ ਵੱਡਾ ਦਾਅਵਾ ਰਿਹਾ ਹੈ ਕਿ ਉਨ੍ਹਾਂ ਸਰਕਾਰੀ ਸਕੂਲਾਂ ’ਚ ਸੁਧਾਰ ਕਰਕੇ ਤੇ ਸਿਹਤ ਖੇਤਰ ’ਚ ‘ਮੁਹੱਲਾ ਕਲੀਨਿਕ’ ਲਿਆ ਕੇ ਪਾਏਦਾਰ ਸੇਵਾਵਾਂ ਦਿੱਤੀਆਂ ਹਨ ਇੱਧਰ ਪੰਜਾਬ ’ਚ ਵੀ ਕਈ ਪੱਖਾਂ ਤੋਂ ਸਕੂਲਾਂ ’ਚ ਸੁਧਾਰ ਹੈ
ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਰੀ ਹੈ ਬਹਿਸ ਸਿਰਫ਼ ਸਕੂਲਾਂ ਤੱਕ ਹੀ ਨਹੀਂ ਸਗੋਂ ਵਿਕਾਸ ਦੇ ਹਰ ਕਾਰਜ ’ਚ ਹੀ ਹੋਣੀ ਚਾਹੀਦੀ ਹੈ ਸੁਧਾਰ ਜੇਕਰ ਤੱਥਾਂ ਤੇ ਅੰਕੜਿਆਂ ’ਤੇ ਅਧਾਰਿਤ ਹੋਵੇ ਤਾਂ ਹੀ ਇਸ ਦੇ ਚੰਗੇ ਭਾਗ ਮੰਨੇ ਜਾਣਗੇ ਬਜਾਇ ਨਿੱਜੀ ਦੋਸ਼ਾਂ ਤੇ ਵਿਰੋਧ ਲਈ ਵਿਰੋਧ ਕਰਨ ਦੀ ਬਜਾਇ ਜਨਤਕ ਮੁੱਦਿਆਂ ’ਤੇ ਬਹਿਸ ਹੋਵੇ ਜੁਬਾਨੀ ਬਹਿਸ ਦੇ ਰੰਗ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਧੜਾਧੜ ਬਿਆਨਾਂ ਦਾਗੇ ਜਾਂਦੇ ਹਨ ਤੇ ਕਈ ਵਾਰ ਅਪਸ਼ਬਦਾਂ ਦੀ ਵਰਤੋਂ ਧੜੱਲੇ ਨਾਲ ਹੁੰਦੀ ਹੈ
ਫ਼ਿਰ ਸ਼ਬਦ ਵਾਪਸ ਵੀ ਲਏ ਜਾਂਦੇ ਹਨ ਤੇ ਕਈ ਵਾਰ ਕੇਸ ਮਾਣਹਾਨੀ ਦੇ ਵੀ ਚੱਲਦੇ ਹਨ ਰਾਜਨੀਤੀ ’ਚ ਆ ਚੁੱਕੀ ਨਕਾਰਾਤਮਕਤਾ ਨੇ ਵਿਚਾਰ ਤੇ ਤਰਕ ਦੀ ਅਹਿਮੀਅਤ ਹੀ ਖ਼ਤਮ ਕਰ ਦਿੱਤੀ ਹੈ ਦੂਜੇ ਪਾਸੇ ਯੂਰਪੀ ਤੇ ਵਿਕਸਿਤ ਮੁਲਕਾਂ ’ਚ ਚੋਣਾਂ ਵੇਲੇ ਸਾਰਥਿਕ ਬਹਿਸਾਂ ਵੱਧ ਹੁੰਦੀਆਂ ਹਨ ਜੇਕਰ ਸਾਡੇ ਮੁਲਕ ਦੇ ਸਿਆਸਤਦਾਨ ਮੁੱਦਿਆਂ ’ਤੇ ਸਾਰਥਿਕ ਬਹਿਸਾਂ ਸ਼ੁਰੂ ਕਰ ਲੈਣ ਤਾਂ ਸ਼ਾਇਦ ਪਾਰਟੀਆਂ ਨੂੰ ਰੈਲੀਆਂ ਅਤੇ ਸਭਾਵਾਂ ਕਰਨ ਦੀ ਜ਼ਰੂਰਤ ਹੀ ਨਾ ਪਵੇ ਸਾਨੂੰ ਵੀ ਅਮਰੀਕਾ ਵਰਗੇ ਮੁਲਕਾਂ ਦੇ ਸਿਆਸੀ ਸੱਭਿਆਚਾਰ ਨੂੰ ਅਪਣਾਉਣ ’ਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ