ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ…
ਮਾੜੀ ਸੋੋਚ ਕੋਈ ਘੋਲ ਕੇ ਨਹੀਂ ਪਿਆਉਂਦਾ,
ਸੋਚ-ਸਮਝ ਕੇ ਲੈਣੇ ਚਾਹੀਦੇ ਹਨ ਜੀਵਨ ਦੇ ਫੈਸਲੇ
ਖੂਨ ਬਣ ਰਿਹਾ ਪਾਣੀ, ਮਾਂ ਕਰ ਰਹੀ ਬੱਚਿਆਂ ਦਾ ਕਤਲ
ਸੱਤ ਜਨਮਾਂ ਦੇ ਬੰਧਨ ’ਤੇ ਭਾਰੀ ਪੈ ਰਿਹਾ ਇੱਕ-ਦੋ ਪਲ ਦਾ ਪਿਆਰ
ਪੁੱਤ-ਪਿਓ ਦਾ ਰਿਸ਼ਤਿਆਂ ਦੇ ਵਿੱਚ ਆਉਣ ਲੱਗੀ ਵੱਡੀ ਦਰਾਰ
ਸੱਸ ਨਾਲ ਝਗੜੇ ਦੇ ਬਾਅਦ ਮਾਂ ਵੱਲੋਂ 6 ਸਾਲਾ ਬੱਚੇ ਦਾ ਕਤਲ, ਬੱਚੇ ਨੂੰ ਮਾਂ ਨੇ ਕੀਤਾ ਕਤਲ, ਸਾਥੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਦੋ ਬੱਚਿਆਂ ਦੀ ਮਾਂ ਸਾਥੀ ਨਾਲ ਫਰਾਰ ਆਦਿ ਵਰਗੀਆਂ ਖ਼ਬਰਾਂ ਜਦੋਂ ਸੁਣਨ ਜਾਂ ਪੜ੍ਹਨ ਨੂੰ ਮਿਲਦੀਆਂ ਹਨ ਤਾਂ ਮਨ ਨੂੰ ਬਹੁਤ ਦੁੱਖ ਲੱਗਦਾ ਹੈ। ਇਸਦੇ ਨਾਲ-ਨਾਲ ਇਹ ਗੱਲ ਆਪਣੇ ਆਪ ਹੀ ਮੁੂੰਹ ਦੇ ਵਿਚੋਂ ਗੁਰਦਾਸ ਮਾਨ ਸਾਹਿਬ ਵੱਲੋਂ ਗਾਏ ਗੀਤ ਦੀਆਂ ਲਾਇਨਾਂ ਜੁਬਾਨ ’ਤੇ ਆ ਜਾਂਦੀਆਂ ਹਨ ਕਿ ‘ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।’
ਹਾਲਾਤ ਇੰਨੇ ਖਰਾਬ ਹੋ ਰਹੇ ਹਨ ਕਿ ਕਈ ਵਾਰ ਬੰਦਾ ਸੋਚੀਂ ਪੈ ਜਾਂਦਾ ਹੈ ਕਿ ਕਿਸ ’ਤੇ ਯਕੀਨ ਕੀਤਾ ਜਾਵੇ, ਕਿਸ ’ਤੇ ਭਰੋਸਾ ਕੀਤਾ ਜਾਵੇ। ਜਿਸ ’ਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ, ਉਹ ਉਸ ਵਿਸ਼ਵਾਸ ਨੂੰ ਕਾਇਮ ਰੱਖੇਗਾ ਜਾਂ ਭਰੋਸਾ ਤੋੜ ਦੇਵੇਗਾ। ਕੀ ਹਾਲਾਤ ਇੱਕੋ ਦਮ ਖਰਾਬ ਹੋ ਗਏ ਨਹੀਂ ਹਾਂ ਪਰ ਤੇਜ਼ੀ ਨਾਲ ਹਾਲਾਤ ਖਰਾਬ ਜ਼ਰੂਰ ਹੋਏ ਹਨ। ਇਨ੍ਹਾਂ ਹਾਲਾਤਾਂ ਦੇ ਪਿੱਛੇ ਕੀ ਕਾਰਨ ਰਹੇ ਹਨ, ਆਓ, ਉਨ੍ਹਾਂ ਬਾਰੇ ਸੋਚ ਵਿਚਾਰ ਕਰਦੇ ਹਾਂ ਸ਼ਾਇਦ ਉਨ੍ਹਾਂ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਵਿੱਚ ਸੁਧਾਰ ਕੀਤਾ ਜਾ ਸਕੇ।
ਸਾਂਝੇ ਪਰਿਵਾਰ ਦੀ ਰੀਤ ਦਾ ਇਕਦਮ ਘੱਟਣਾ ਸਭ ਤੋਂ ਵੱਡਾ ਕਾਰਨ ਹੈ, ਜਿਹੋ ਜਿਹੇ ਹਾਲਾਤ ਅੱਜ ਪੈਦਾ ਹੋਏ ਨੇ, ਉਸਦੇ ਪਿੱਛੇ ਸਭ ਤੋਂ ਵੱਡਾ ਤੇ ਅਹਿਮ ਕਾਰਨ ਦੇਖਣ ਜਾਂ ਸਮਝਣ ਨੂੰ ਮਿਲ ਰਿਹਾ ਹੈ, ਉਹ ਹੈ ਸਾਂਝੇ ਪਰਿਵਾਰ ਦੀ ਰੀਤ, ਜੋ ਕਿ ਪਿਛਲੇ ਸਮਿਆਂ ਦੇ ਵਿੱਚ ਘੱਟ ਗਈ ਹੈ, ਇੰਨਾ ਜ਼ਰੂਰ ਹੈ ਕਿ ਖਤਮ ਨਹੀਂ ਹੋਈ ਪਰ ਜਿਥੇ ਇਸ ਰੀਤ ਦੇ ਟੁੱਟਣ ਦੀ ਸ਼ੁਰੂਆਤ ਹੁੰਦੀ ਹੈ, ਉਥੇ ਇਸ ਰੀਤ ਨੂੰ ਅਪਨਾਉਣ ਵਿਚ ਬਹੁਤ ਲੋਕ ਵੇਖੋ-ਵੇਖ ਪਰਿਵਾਰਾਂ ਤੋਂ ਅੱਲਗ ਰਹਿਣ ਲੱਗ ਪੈਦੇਂ ਹਨ। ਬਿਨਾਂ ਕੋਈ ਸੋਚ ਵਿਚਾਰ ਕੀਤੇ ਕਿ ਇਸਦੇ ਕੀ ਨੁਕਸਾਨ ਹਨ ਜਾਂ ਕੀ ਫਾਇਦੇ ਹਨ। ਸਾਂਝੇ ਪਰਿਵਾਰਾਂ ਦੇ ਵਿਚ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਬੈਠਣ, ਉਠਣ, ਰਹਿਣ, ਸਹਿਣ ਤੇ ਸਮਾਜ ਦੇ ਵਿਚ ਕਿਸ ਤਰ੍ਹਾਂ ਨਾਲ ਵਿਚਰਨਾ ਹੈ,
ਇਸ ਬਾਰੇ ਜਾਚ ਆਉਂਦੀ ਹੈ, ਚੰਗੀ ਸਿੱਖਿਆ ਮਿਲਦੀ ਹੈ ਪਰ ਇਹ ਕੰਮ ਸਾਂਝੇ ਪਰਿਵਾਰਾਂ ਤੋਂ ਟੁੱਟਣ ਵਾਲੇ ਨਹੀਂ ਕਰ ਸਕਦੇ ਕਿਉਂਕਿ ਸਾਰਾ ਖਰਚਾ ਇੱਕ ਦੇ ਸਿਰ ’ਤੇ ਆ ਜਾਂਦਾ ਹੈ, ਪਰਿਵਾਰ ਵਿੱਚ ਰਹਿਣ ਵਾਲੀ ਔਰਤ ਨੂੰ ਸਾਰਾ ਘਰ ਦਾ ਕੰਮ ਆਪ ਹੀ ਕਰਨਾ ਪੈਂਦਾ ਹੈ। ਸਾਂਝੇ ਪਰਿਵਾਰ ਦੇ ਰਹਿੰਦੇ ਹੋਏ ਇੱਕ ਫਾਇਦਾ ਤਾਂ ਇਹ ਹੁੰਦਾ ਹੈ ਕਿ ਸੰਗ, ਸ਼ਰਮ, ਹਯਾ ਅਤੇ ਹੋਰ ਸਮਾਜਿਕ ਚੰਗਿਆਈਆਂ ਜੀਵਨ ਵਿਚ ਘਰ ਕਰ ਜਾਂਦੀਆਂ ਹਨ। ਸੋਸ਼ਲ ਮੀਡੀਆ ਦਾ ਰੱਜ ਕੇ ਹੋ ਰਿਹਾ ਦੁਰਪ੍ਰਯੋਗ ਅੱਜ ਕੰਪਿਊਟਰ ਦਾ ਯੁੱਗ ਚੱਲ ਰਿਹਾ ਹੈ। ਇਨ੍ਹਾਂ ਚੀਜ਼ਾਂ ਦਾ ਨਿਰਮਾਣ ਇਨਸਾਨ ਦੀ ਸਹਾਇਤਾ ਤੇ ਭਲਾਈ ਲਈ ਕੀਤਾ ਗਿਆ ਸੀ।
ਸੋਸ਼ਲ ਮੀਡੀਆ ਦੀ ਵਰਤੋਂ ਜਿੱਥੇ ਇੱਕ ਦੂਸਰੇ ਨਾਲ ਮੇਲ-ਮਿਲਾਪ ਨੂੰ ਵਧਾਉਂਦੀ ਹੈ, ਉਥੇ ਦੂਸਰਾ ਪੱਖ ਦੇਖਿਆ ਜਾਵੇ ਤਾਂ ਇਸਦੀ ਦੁਰਵਰਤੋਂ ਵੀ ਸ਼ਰਾਰਤੀ ਲੋਕਾਂ ਨੇ ਰੱਜ ਕੇ ਕੀਤਾ ਹੈ। ਸੋਸ਼ਲ ਮੀਡੀਆ ਤੇ ਮਸ਼ੀਨਰੀ ਨੇ ਕਦੇ ਮਨ੍ਹਾਂ ਨਹੀਂ ਕਰਨਾ ਹੁੰਦਾ ਹੈ ਤੁੂੰ ਇਹ ਨਾ ਕਰ ਜਾਂ ਇਹ ਕਰ। ਉਹ ਮਸ਼ੀਨਰੀ ਹੈ, ਉਸਨੂੰ ਜਿਸ ਪਾਸੇ ਵੱਲ ਤੋਰ ਦਿੱਤਾ ਜਾਵੇ, ਉੁਸ ਪਾਸੇ ਨੂੰ ਉਹ ਮਸ਼ੀਨਰੀ ਤੁਰ ਪੈਂਦੀ ਹੈ। ਸੋਸ਼ਲ ਮੀਡੀਆ ’ਤੇੇ ਕਈ ਕਹਾਣੀਆਂ, ਕਿੱਸੇ, ਗੀਤ, ਗਜ਼ਲਾਂ ਆਉਂਦੀਆਂ ਹੀ ਰਹਿੰਦੀਆਂ ਹਨ, ਜਿਸ ਦੇ ਸਮਾਜ ਦਾ ਹਰ ਰੰਗ ਪੇਸ਼ ਕੀਤਾ ਜਾਂਦਾ ਹੈ। ਜਦੋਂ ਕੋਈ ਕਿਸੇ ਦੀ ਕਹਾਣੀ ਦਿਖਾਈ ਜਾਂਦੀ ਹੈ ਤਾਂ ਉਸਦੇ ਦੇ ਵਿਚ ਕਈ ਦਿਲਕਸ਼ ਅੰਦਾਜ ਪੇਸ਼ ਕੀਤੇ ਜਾਂਦੇ ਹਨ ਪਰ ਅੰਤ ਵਿਚ ਇਸਦਾ ਕੀ ਨੁਕਸਾਨ ਹੁੰਦਾ ਹੈ, ਇਹ ਵੀ ਦੱਸਿਆ ਜਾਂਦਾ ਹੈ ਪਰੰਤੂ ਇਸਦੇ ਦਿਲਕਸ਼ ਅੰਦਾਜ਼ ਨੂੰ ਅਪਣਾਉਣ ਵੱਲ ਤਾਂ ਕਦਮ ਵਧਾ ਲਏ ਜਾਂਦੇ ਹਨ।
ਜਿਥੇ ਬੁਰਾਈ ਹੁੰਦੀ ਹੈ, ਉਸਦਾ ਹਸ਼ਰ ਵੀ ਬੁਰਾ ਹੀ ਹੁੰਦਾ ਹੈ। ਉਸਦੇ ਵਿਚ ਸ਼ੋਸ਼ਲ ਮੀਡੀਆ ਦਾ ਜਿਥੇ ਦੋਸ਼ ਘੱਟ ਹੁੰਦਾ ਹੈ, ਉਸਦੀ ਦੁਰਵਰਤੋਂ ਜ਼ਿਆਦਾ ਦੋਸ਼ੀ ਹੁੰਦੀ ਹੈ। ਹਥਿਆਰਾਂ ਨੂੰ ਸ਼ਾਨ, ਕੁੜੀਆਂ ’ਤੇ ਬੇਹੁਦਾ ਸ਼ਬਦ ਵਰਤਣ ਵਾਲੇ ਗਾਇਕ ਤੇ ਗੀਤਾਂ ਦੇ ਲੇਖਕ ਵੀ ਜਿੰਮੇਵਾਰ ਹਨ, ਸਮੇਂ-ਸਮੇਂ ਦੇ ਹਿਸਾਬ ਨਾਲ ਹਰ ਕਿਰਦਾਰ ਦੀ ਮਹੱਤਤਾ ਸਮਾਜ ਵਿੱਚ ਬਦਲਦੀ ਰਹਿੰਦੀ ਹੈ ਅਤੇ ਸਮਾਜ ਨੂੰ ਨਿਖਾਰਨ ਤੇ ਸੰਵਾਰਨ ਦੇ ਵਿੱਚ ਦੋ ਕਿਰਦਾਰ, ਜੋ ਅਹਿਮ ਰੋਲ ਅਦਾ ਕਰਦੇ ਹਨ, ਇੱਕ ਹੈ ਲੇਖਕ ਤੇ ਦੂਸਰੇ ਗਾਇਕ।
ਜਿਨ੍ਹਾਂ ਨੇ ਜੋ ਸੁਣਾਉਣਾ ਹੁੰਦਾ ਹੈ ਜਾਂ ਦਿਖਾਉਣਾ ਹੁੰਦਾ ਹੈ, ਉਸ ਨੂੰ ਆਪਣਾ ਆਇਡਲ ਮਨ ਕੇ ਆਪਣੇ ਜੀਵਨ ਵਿੱਚ ਉਨ੍ਹਾਂ ਚੀਜ਼ਾਂ ਨੂੰ ਅਪਨਾਉਣਾ ਹੁੰਦਾ ਹੈ। ਥੋੜ੍ਹੇ ਸਮੇਂ ਦੇ ਵਿਚ ਆਈ ਗਾਇਕੀ ਤੇ ਗੀਤਕਾਰੀ ’ਚ ਆਈ ਗਿਰਾਵਟ ਨੇ ਨੌਜਵਾਨ ਪੀੜ੍ਹੀ ਨੂੰ ਇੱਕ ਹੋਰ ਦਿਸ਼ਾ ਦੇ ਦਿੱਤੀ ਹੈ, ਜਿਸਦੇ ਚਲਦਿਆਂ ਦਸ਼ਾ ਕੀ ਹੋ ਰਹੀ ਹੈ, ਉਹ ਅਸੀਂ ਦੇਖ ਹੀ ਰਹੇ ਹਨ। ਹਥਿਆਰ ਰੱਖਣ ਨੂੰ ਆਪਣੀ ਸ਼ਾਨ ਸਮਝਣਾ ਅਤੇ ਕੁੜੀਆਂ, ਜਿਨ੍ਹਾਂ ਦਾ ਆਦਰ ਸਨਮਾਨ ਸਾਡੇ ਗੁਰੂਆਂ-ਪੀਰਾਂ ਨੇ ਆਪਣੇ ਬਚਨਾਂ ਦੇ ਵਿੱਚ ਦਿੱਤਾ, ਉਨ੍ਹਾ ਦੇ ਦੇ ਕਿਰਦਾਰ ਨੂੰ ਵੀ ਇੱਕ ਅਲੱਗ ਹੀ ਰੰਗ ਰੂਪ ਦਿੱਤਾ ਜਾ ਰਿਹਾ ਹੈ ਜੇਕਰ ਬੱਚੇ ਸਾਂਝੇ ਪਰਿਵਾਰਾਂ ਵਿੱਚ ਰਹਿਣ ਤਾਂ ਉਥੇ ਤਾਂ ਵੱਡੇ ਬਜ਼ੁਰਗ ਬੱਚਿਆਂ ਨੂੰ ਸਮਝਾ ਦਿੰਦੇ ਹਨ
ਪਰ ਇਕੱਲੇ ਇਕੱਲੇ ਰਹਿਣ ਦੇ ਕਾਰਨ ਮਾਂ-ਪਿਓ ਕੋਲ ਸਮਾਂ ਘੱਟ ਹੋਣ ਦੇ ਕਾਰਨ ਉਹ ਜੋ ਦਿਖਾਇਆ ਜਾਂਦਾ, ਉਸਨੂੰ ਹੀ ਚੰਗਾ ਸਮਝ ਕੇ ਉਸ ਪਾਸੇ ਨੂੰ ਤੁਰ ਪੈਂਦੇ ਹਨ, ਜਿਸਦਾ ਨੁਕਸਾਨ ਉਨ੍ਹਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ।
ਜਦੋਂ ਤੱਕ ਕੁਝ ਸਮਝ ਦੇ ਵਿੱਚ ਆਉਂਦੀ ਹੈ ਸਮਾਂ ਲੰਘ ਚੁੱਕਾ ਹੁੰਦਾ ਹੈ, ਜੇਕਰ ਹਾਲਾਤਾਂ ਨੂੰ ਫਿਰ ਚੰਗੇ ਬਣਾਉਣਾ ਹੈ, ਸਮਾਜ ਨੂੰ ਚੰਗਾ ਬਣਾਉਣਾ ਹੈ ਤਾਂ ਮੈਂ ਗਾਇਕਾਂ ਤੇ ਲੇਖਕਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਚੰਗਾ ਲਿਖੋ, ਚੰਗਾ ਗਾਓ ਤਾਂ ਜੋ ਨੌਜਵਾਨ ਪੀੜ੍ਹੀ ਚੰਗੇ ਪਾਸੇ ਵੱਲ ਨੂੰ ਚੱਲ ਸਕੇ। ਪੈਸਾ ਤੇ ਦਿਖਾਵੇ ਦੀ ਜਿੰਦਗੀ ਦੇ ਸੁਫਨਿਆਂ ਨੇ ਵੀ ਕੀਤਾ ਬੇੜਾ ਗਰਕ ਪੈਸੇ ਦੀ ਦੌੜ ਅਤੇ ਦਿਖਾਵੇ ਦੀ ਜਿੰਦਗੀ ਦੇ ਸੁਫਨਿਆਂ ਨੇ ਵੀ ਮਨੁੱਖਤਾ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।
ਅੱਜ ਸਮਾਜ ਦੇ ਵਿਚ ਰੋਟੀ, ਕੱਪੜਾ ਤੇ ਮਕਾਨ ਤੱਕ ਹੀ ਸੋਚ ਸੀਮਤ ਨਹੀਂ ਰਹਿ ਗਈ, ਦੂਸਰਿਆਂ ਦੇ ਸਾਹਮਣੇ ਆਪਣਾ ਨੱਕ ਉੱਚਾ ਰੱਖਦਿਆਂ-ਰੱਖਦਿਆਂ ਆਪਣੀਆਂ ਇੱਜ਼ਤਾਂ ਨੂੰ ਵੀ ਦਾਅ ’ਤੇ ਲਗਾਇਆ ਜਾ ਰਿਹਾ ਹੈ, ਜਿਸਦਾ ਇੱਕ ਨੂੰ ਨੁਕਸਾਨ ਨਹੀਂ ਬਲਕਿ ਹਜ਼ਾਰਾਂ ਇਨਸਾਨ ਨੂੰ ਭੁਗਤਣਾ ਪੈ ਰਿਹਾ ਹੈ। ਮਾਫ ਕਰਨਾ ਗੱਲ ਕਹਿੰਦੀਆਂ ਸ਼ਰਮ ਵੀ ਆਉਂਦੀ ਹੈ ਪਰ ਸੱਚਾਈ ਹੈ ਕਿ ਆਪਣੇ ਆਪ ਨੂੰ ਅੱਗੇ ਵਧਾਉਣ ਤੇ ਰੁਤਬੇ ਨੂੰ ਦੂਸਰਿਆਂ ਤੋਂ ਅੱਗੇ ਕਰਨ ਲਈ ਜੇਕਰ ਕੋਈ ਗਲਤ ਰਸਤਾ ਵੀ ਅਪਨਾਉਣਾ ਪਵੇ ਤਾਂ ਲੋਕ ਪਿਛੇ ਨਹੀਂ ਹਟਦੇ, ਜਿਸ ਨਾਲ ਇਕ ਗਲਤ ਰੀਤ ਸਮਾਜ ਦੇ ਵਿਚ ਚੱਲ ਪੈਂਦੀ ਹੈ, ਜਿਸ ਨੂੰ ਰੋਕਣਾ ਕਈ ਵਾਰ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ।
ਫਸਲ ਤੇ ਨਸ਼ਲ ਨੂੰ ਸਮੇਂ ਸਿਰ ਸੰਭਾਲਿਆ ਜਾਵੇ ਤਾਂ ਹੀ ਬਚੇਗੀ ਸਿਆਣਿਆਂ ਦੀਆਂ ਕਹੀਆਂ ਗਈਆਂ ਗੱਲਾਂ ਜੀਵਨ ਨੂੰ ਹਮੇਸ਼ਾਂ ਹੀ ਸੰਵਾਰਨ ਦਾ ਕੰਮ ਕਰਦੀਆਂ ਹਨ, ਕਈਆਂ ਨੂੰ ਸਮੇਂ ਸਿਰ ਪਤਾ ਲਗਦਾ ਹੈ ਅਤੇ ਕਈ ਵਾਰ ਸਮਾਂ ਬੀਤ ਜਾਣ ਦੇ ਬਾਅਦ ਸਮਝ ਲੱਗਦੀਆਂ ਹਨ। ਸਿਆਣੇ ਅਕਸਰ ਹੀ ਇਹ ਗੱਲ ਕਹਿੰਦੇ ਹਨ ਕਿ ਫਸਲ ਤੇ ਨਸਲ ਨੂੰ ਸਮੇਂ ਸਿਰ ਸੰਭਾਲ ਲੈਣਾ ਚਾਹੀਦਾ ਹੈ, ਨਹੀਂ ਤਾਂ ਉਸਦੇ ਬੁਰੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਂਦੇ ਹਨ।
ਜਿਸ ਤਰ੍ਹਾਂ ਕਿਸਾਨ ਵੱਲੋਂ ਬੀਜੀ ਗਈ ਫਸਲ ਨੂੰ ਜੇਕਰ ਸਮੇਂ ਸਿਰ, ਖਾਦ, ਸਪਰੇਅ ਆਦਿ ਨਾ ਕੀਤਾ ਜਾਵੇ ਤਾਂ ਫਸਲ ਬਰਬਾਦ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਪਰਿਵਾਰ ਦੇ ਵਿਚ ਕੋਈ ਮੁੰਡਾ ਜਾਂ ਕੁੜੀ ਕੋਈ ਇਕ ਕਦਮ ਗਲਤ ਚੁੱਕ ਲੈਣ ਤਾਂ ਉਨ੍ਹਾਂ ਕੀਤੀਆਂ ਦਾ ਫਲ ਆਉਣ ਵਾਲੀਆਂ ਪੀੜ੍ਹੀਆਂ ਕਾਫੀ ਸਮੇਂ ਤੱਕ ਭੁਗਤਦੀਆਂ ਰਹਿੰਦੀਆਂ ਹਨ। ਸਮਾਂ ਰਹਿੰਦਿਆਂ ਹੀ ਅੱਜ ਸਮਾਜ ਨੂੰ ਬਚਾਉਣ ਲਈ ਸੋਚ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਸਮਾਜ ਨੂੰ ਚੰਗੀ ਦਿਸ਼ਾ ਪ੍ਰਦਾਨ ਹੋ ਸਕੇ। ਜਦੋਂ ਦਿਸ਼ਾ ਸਹੀ ਹੁੰਦੀ ਹੈ ਤਾਂ ਦਸ਼ਾ ਆਪਣੇ ਆਪ ਹੀ ਸਹੀ ਹੋ ਜਾਂਦੀ ਹੈ।
ਚਿਪੜਾ ਮੋਬਾ. 94177-17095
ਮਨਪ੍ਰੀਤ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ