ਮੱਤੇਵਾੜਾ ਪ੍ਰੋਜੈਕਟ ਰੱਦ, ਜਿੰਦਾ ਏ ਮਾਤਾ ਅੰਮ੍ਰਿਤਾ ਬਿਸ਼ਨੋਈ ਦੀ ਸੋਚ!
ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਮੱਤੇਵਾੜਾ ਜੰਗਲਾਂ ਦਾ ਮੁੱਦਾ ਬੜਾ ਗਰਮ ਸੀ ਦਰਅਸਲ ਜੰਗਲਾਂ ਦੀ ਥਾਂ ਟੈਕਸਟਾਈਲ ਫੈਕਟਰੀਆਂ ਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਇਸ ਨਾਲ ਆਉਣ ਵਾਲੇ ਸਮੇਂ ’ਚ ਜੰਗਲਾਂ ਦਾ ਤੇ ਵਾਤਾਵਰਨ ਦਾ ਭਾਰੀ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਸੀ ਲੋਕਾਂ ਦਾ ਵਿਰੋਧ ਵਧਦਾ ਜਾ ਰਿਹਾ ਸੀ ਪਰ ਸਰਕਾਰ ਦੇ ਸਮੱਰਥਕ ਇਸ ਨੂੰ ਵਿਕਾਸ ਦੇ ਨਾਂਅ ਹੇਠ ਜ਼ਾਇਜ ਠਹਿਰਾ ਰਹੇ ਸੀ ਪਰ ਹੁਣ ਲੋਕ-ਰੋਹ ਤੋਂ ਡਰਦਿਆਂ ਪੰਜਾਬ ਸਰਕਾਰ ਨੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਫੈਸਲਾ ਲੈ ਕੇ ਆਪਣੀ ਗਲਤੀ ਸੁਧਾਰਦਿਆਂ ਲੋਕ-ਰੋਹ ਤੋਂ ਛੁਟਕਾਰਾ ਹਾਸਲ ਕੀਤਾ ਹੈ ਹੁਣ ਤੁਸੀਂ ਕਹੋਗੇ ਲੋਕਾਂ ਨੇ ਕੀ ਕਰ ਲੈਣਾ ਸੀ, ਰੁੱਖਾਂ ਲਈ ਕੋਈ ਮਰਿਆ ਥੋੜ੍ਹੀ ਜਾਂਦਾ ਹੈ ਪਰ ਮੇਰਾ ਜਵਾਬ ਏ, ‘ਹਾਂ’।
ਦੁਨੀਆ ਦੇ ਇਤਿਹਾਸ ਵਿੱਚ ਭਾਰਤ ਵਿੱਚ ਵਾਤਾਵਰਨ ਲਈ ਸਭ ਤੋਂ ਵੱਡੀ ਸ਼ਹਾਦਤ ਹੋਈ ਸੀ। ਰਾਜਸਥਾਨ ਦੇ ਜੋਧਪੁਰ ਜਿਲ੍ਹੇ ਵਿੱਚ ਪਿੰਡ ‘ਖੇਜੜਲੀ’ ’ਚ ਵਾਤਾਵਰਨ ਲਈ ਮਾਤਾ ਅਮਿ੍ਰਤਾ ਦੇਵੀ ਬਿਸ਼ਨੋਈ, ਉਨ੍ਹਾਂ ਦੇ ਪਰਿਵਾਰ ਤੇ ਸਮੂਹ ਪਿੰਡ ਵਾਸੀਆਂ ਦੇ ਜਜ਼ਬੇ, ਦਲੇਰੀ ਤੇ ਅਮਰ ਬਲਿਦਾਨ ਦੀ ਅਮਰ ਕਹਾਣੀ ਜਾਣ ਕੇ, ਤੁਸੀਂ ਹੈਰਾਨ ਹੋ ਕੇ ਇਨ੍ਹਾਂ ਮਹਾਨ ਆਤਮਾਵਾਂ ਨੂੰ ਨਤਮਸਤਕ ਹੋ ਜਾਓਗੇ।
1731 ਈ: ’ਚ ਜੋਧਪੁਰ ਦੇ ਰਾਜਾ ਅਭੈ ਸਿੰਘ ਦੇ ਮੇਹਰਾਨਗੜ੍ਹ ਕਿਲ੍ਹੇ ’ਚ ਮਿਸਤਰੀ ਲੱਗੇ ਹੋਏ ਸਨ, ਉਸ ਸਮੇਂ ਸੀਮੈਂਟ ਦੀ ਥਾਂ ’ਤੇ ਚੂਨਾ ਵਰਤਿਆ ਜਾਂਦਾ ਸੀ ਜਿਸ ਨੂੰ ਬਣਾਉਣ ਲਈ ਲੱਕੜ ਸਾੜਨੀ ਪੈਂਦੀ ਸੀ। ਰਾਜੇ ਦੇ ਮੰਤਰੀ ਗਿਰਧਰ ਦਾਸ ਨੇ ਰੁੱਖ ਵੱਢਣ ਲਈ ਸੈਨਿਕ ਭੇਜ ਦਿੱਤੇ। ਉਹਨਾਂ ਪਿੰਡ ਖੇਜੜਲੀ ਪਹੁੰਚ ਕੇ ‘ਜੰਡ’ ਵੱਢਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਹਰੇ ਦਰੱਖਤ ਵੱਢਦਿਆਂ ਦੇਖ ਉਸੇ ਪਿੰਡ ਦੀ ਮਹਾਨਾਰੀ, ਮਾਤਾ ਅੰਮ੍ਰਿਤਾ ਦੇਵੀ, ਜੋ ਬਿਸ਼ਨੋਈ ਸੰਪਰਦਾਇ ਨਾਲ ਸਬੰਧਤ ਸੀ, ਬਿਸ਼ਨੋਈ ਸਮਾਜ ਦੇ ਲੋਕ ਜੰਗਲ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਆਪਾ ਵਾਰ ਦਿੰਦੇ ਹਨ, ਇੱਥੋਂ ਤੱਕ ਕਿ ਔਰਤਾਂ ਆਪਣਾ ਦੁੱਧ ਹਿਰਨਾਂ ਦੇ ਬੱਚਿਆਂ ਨੂੰ ਪਿਆ ਕੇ ਵੀ ਉਨ੍ਹਾਂ ਦੀ ਜਾਨ ਬਚਾਉਂਦੀਆਂ ਹਨ।
ਇਸੇ ਗੱਲ ’ਤੇ ਚੱਲਦਿਆਂ ਮਾਤਾ ਅੰਮ੍ਰਿਤਾ ਦੇਵੀ ਨੇ ਸੈਨਿਕਾਂ ਨੂੰ ਰੋਕਿਆ ਤੇ ਕਿਹਾ, ‘‘ਮੈਂ ਤੁਹਾਨੂੰ ਹਰੇ ਦਰੱਖ਼ਤ ਨਹੀਂ ਵੱਢਣ ਦੇਣੇ, ਇੱਥੇ ਤਾਂ ਅੱਗੇ ਹੀ ਦਰੱਖਤ ਘੱਟ ਨੇ, ਵਾਤਾਵਰਨ ਦਾ ਕੀ ਬਣੇਗਾ!’’ ਸਾਡੇ ਦੇਸ਼ ਦੀ ਰਵਾਇਤ ਹੈ ਇੱਥੇ ਤਾਂ ਥਾਣੇਦਾਰ ਦਾ ਗਧਾ ਨ੍ਹੀਂ ਮਾਣ, ਉਹ ਤਾਂ ਅਕਸਰ ਰਾਜੇ ਦੇ ਸੈਨਿਕ ਸਨ, ਉਨ੍ਹਾਂ ਕਿਹਾ, ‘‘ਜਾ ਕੋਈ ਕੰਮ-ਕਾਰ ਕਰਲੈ ਤੇਰਾ, ਇਹ ਰਾਜੇ ਦਾ ਹੁਕਮ ਹੈ, ਅਸੀਂ ਤਾਂ ਵੱਢਾਂਗੇ, ਤੂੰ ਕੀ ਕਰ ਲਵੇਂਗੀ?’’
ਹੁਣ ਉੱਥੇ ਆਮ ਬੰਦਾ ਤਾਂ ਚੁੱਪ ਕਰ ਜਾਂਦਾ ਤੇ ਚਲਾ ਜਾਂਦਾ ਪਰ ਮਾਤਾ ਅੰਮ੍ਰਿਤਾ ਨੇ ਕੁੱਝ ਅਜਿਹਾ ਕੀਤਾ ਜੋ ਇਤਿਹਾਸ ਵਿਚ ਦਰਜ ਹੋ ਗਿਆ, ਅਮਿ੍ਰਤਾ ਬਿਸ਼ਨੋਈ ਨੇ ਆਪਣੇ-ਆਪ ਨੂੰ ਦਾਅ ’ਤੇ ਲਾਉਂਦਿਆਂ, ਜੰਡੀਆਂ ਨੂੰ ਜੱਫੀ ਪਾ ਲਈ ਤੇ ਬਿਸ਼ਨੋਈ ਸਮਾਜ ਦੇ ਮਹਾਨ ਸੰਸਥਾਪਕ ਸ੍ਰੀ ਜੰਭੇਸ਼ਵਰ ਜੀ ਦਾ ਇੱਕ ਦੋਹਾ, ਸਿਰ ਸਾਂਠੇ ਰੁੱਖ ਰਹੇ, ਤੋ ਭੀ ਸਸਤੋ ਜਾਨ, ਜਿਸਦਾ ਅਰਥ ਏ, ਕਿ ਜੇਕਰ ਇੱਕ ਸਿਰ ਦੇਣ ਨਾਲ ਇੱਕ ਦਰੱਖਤ ਬਚਦਾ ਹੈ ਤਾਂ ਸੌਦਾ ਮਹਿੰਗਾ ਨਹੀਂ ਹੈ, ਕਹਿੰਦਿਆਂ ਸੈਨਿਕਾਂ ਨੂੰ ਲਲਕਾਰਿਆ ਕਿ ਪਹਿਲਾਂ ਮੇਰੀ ਧੌਣ ਵੱਢੋ, ਫੇਰ ਦਰੱਖਤ ਵੱਢਣਾ।
ਸੈਨਿਕਾਂ ਨੇ ਇੱਕੋ ਵਾਰ ਨਾਲ ਮਾਤਾ ਅੰਮ੍ਰਿਤਾ ਦੇਵੀ ਨੂੰ ਦਰੱਖਤ ਦੇ ਨਾਲ ਹੀ ਸ਼ਹੀਦ ਕਰ ਦਿੱਤਾ, ਫੇਰ ਮਾਤਾ ਅੰਮ੍ਰਿਤਾ ਦੇਵੀ ਦੀਆਂ ਤਿੰਨਾਂ ਧੀਆਂ, ਆਸੂ, ਰਤਨੀ ਤੇ ਭਾਗੂ ਨੇ ਵੀ ਇਸੇ ਤਰ੍ਹਾਂ ਦਰੱਖਤਾਂ ਨੂੰ ਜੱਫੀ ਪਾ, ਉਨ੍ਹਾਂ ਨਾਲ ਚਿਪਕ ਕੇ ਦਰੱਖਤ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜ਼ਾਲਮਾਂ ਨੇ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ, ਪੂਰਾ ਪਿੰਡ ਬਿਸ਼ਨੋਈ ਸਮਾਜ ਦੇ ਲੋਕਾਂ ਦਾ ਸੀ, ਸਾਰੇ ਹੀ ਆ ਗਏ, ਦੇਖਦੇ ਹੀ ਦੇਖਦੇ ਇੱਕ-ਇੱਕ ਕਰਕੇ ਪਿੰਡਵਾਸੀ ਵੀ ਦਰੱਖਤਾਂ ਨੂੰ ਜੱਫੀ ਪਾਉਂਦੇ ਰਹੇ, ਤੇ ਸੈਨਿਕ ਉਨ੍ਹਾਂ ਨੂੰ ਸ਼ਹੀਦ ਕਰਦੇ ਰਹੇ, ਉਸ ਦਿਨ 363 ਜਣਿਆਂ ਨੇ ਵਾਤਾਵਰਨ ਲਈ ਸ਼ਹਾਦਤ ਦਿੱਤੀ, ਬਾਅਦ ’ਚ ਪਤਾ ਲੱਗਣ ’ਤੇ ਰਾਜੇ ਨੇ ਤੁਰੰਤ ਦਰੱਖਤ ਵੱਢਣ ’ਤੇ ਪਾਬੰਦੀ ਲਾ ਦਿੱਤੀ
ਇਸ ਸ਼ਹਾਦਤ ਦੀ ਯਾਦਗਾਰ ਵਜੋਂ ਜੋਧਪੁਰ ਜ਼ਿਲ੍ਹੇ ਦੇ ਇਸ ਪਿੰਡ ਖੇਜੜਲੀ ’ਚ ਵੱਡਾ ਸ਼ਹੀਦੀ ਸਮਾਰਕ ਬਣਿਆ ਹੈ ਪਰ ਬਿਸ਼ਨੋਈ ਸਮਾਜ ਦੀ ਮਾਤਾ ਅੰਮ੍ਰਿਤਾ ਦੇਵੀ ਤੇ ਇਨ੍ਹਾਂ ਸਾਰੇ 363 ਸ਼ਹੀਦਾਂ ਨੂੰ, ਦੁਨੀਆ ਦੇ ਇਤਿਹਾਸ ’ਚ ਵਾਤਾਵਰਨ ਲਈ ਸਭ ਤੋਂ ਵੱਡੀ ਸ਼ਹਾਦਤ ਦੇਣ ਤੋਂ ਬਾਅਦ ਵੀ, ਇਤਿਹਾਸ ਵਿਚ ਤੇ ਇਤਿਹਾਸ ਦੀਆਂ ਕਿਤਾਬਾਂ ਵਿਚ, ਉਹ ਸਨਮਾਨ ਹਾਸਲ ਨਹੀਂ ਹੋਇਆ, ਜੋ ਹੋਣਾ ਚਾਹੀਦਾ ਸੀ ਹਾਲਾਂਕਿ 1974 ਵਿੱਚ ਇਸੇ ਤਰਜ ’ਤੇ ਸੁੰਦਰ ਲਾਲ ਬਹੁਗੁਣਾ, ਕਾਮਰੇਡ ਗੋਵਿੰਦ ਰਾਮ, ਚੰਡੀਪ੍ਰਸਾਦ ਭੱਟ ਤੇ ਸ੍ਰੀਮਤੀ ਗੋਰਾਂਦੇਵੀ ਨੇ ਉੱਤਰ ਪ੍ਰਦੇਸ਼ ਤੋਂ ‘ਚਿਪਕੋ ਅੰਦੋਲਨ’ ਸ਼ੁਰੂ ਕਰਕੇ ਜੰਗਲ ਹੀ ਨਹੀਂ ਬਚਾਏ, ਸਗੋਂ ਹਮੇਸ਼ਾ ਲਈ ਸਖਤ ਕਾਨੂੰਨ ਵੀ ਬਣਵਾ ਦਿੱਤੇ। ਹੁਣ ਦੇਸ਼ ’ਚ ਵਾਤਾਵਰਨ ਬਚਾਉਣ ਦੇ ਰਾਸ਼ਟਰੀ ਪੁਰਸਕਾਰ ਦਾ ਨਾਂਅ ਮਾਤਾ ਅਮਿ੍ਰਤਾ ਦੇਵੀ ਦੇ ਨਾਂਅ ’ਤੇ ਰੱਖ ਕੇ ਇਸ ਅਮਰ ਮਹਾਨਾਇਕਾ ਦਾ ਸਨਮਾਨ ਕੀਤਾ ਗਿਆ ਹੈ।
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ