Mansa News: ਲੈਕਚਰਾਰ ਵਜੋਂ ਤਰੱਕੀ ਮਿਲਣ ਦੇ ਬਾਵਜ਼ੂਦ ਅਧਿਆਪਕ ਰਾਜਿੰਦਰ ਕੁਮਾਰ ਨੂੰ ਨਹੀਂ ਜਾਣ ਦਿੱਤਾ ਕਰੰਡੀ ਵਾਸੀਆਂ ਨੇ
Mansa News: ਮਾਨਸਾ (ਸੁਖਜੀਤ ਮਾਨ)। ਸਿੱਖਿਆ ਵਿਭਾਗ ’ਚ ਬਕਾਇਆ ਪਈਆਂ ਤਰੱਕੀਆਂ ਨੂੰ ਅਧਿਆਪਕ ਲੰਮੇ ਸਮੇਂ ਤੋਂ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਸੀ। ਪਿਛਲੇ ਦਿਨੀਂ ਹੋਈਆਂ ਇਨ੍ਹਾਂ ਤਰੱਕੀਆਂ ਤੋਂ ਬਾਅਦ ਵੱਡੀ ਗਿਣਤੀ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਮਿਲੀ ਹੈ। ਤਰੱਕੀ ਮਿਲਣ ’ਤੇ ਅਧਿਆਪਕਾਂ ਦੇ ਹੋਰ ਸਕੂਲਾਂ ’ਚ ਤਬਾਦਲੇ ਹੋ ਗਏ।
ਕਈ ਮੁਲਾਜ਼ਮ ਅਜਿਹੇ ਵੀ ਹੁੰਦੇ ਹਨ, ਜੋ ਆਪਣੀ ਤਰੱਕੀ ਲਈ ਅਦਾਲਤਾਂ ’ਚ ਵੀ ਜਾਂਦੇ ਹਨ ਪਰ ਇਸ ਸਭ ਦੇ ਬਾਵਜ਼ੂਦ ਇੱਕ ਅਧਿਆਪਕ ਅਜਿਹਾ ਹੈ, ਜਿਸਦੀ ਤਰੱਕੀ ਤਾਂ ਲੈਕਚਰਾਰ ਵਜੋਂ ਹੋ ਗਈ ਪਰ ਜਿਸ ਪਿੰਡ ਦੇ ਸਕੂਲ ’ਚ ਉਹ ਪੜ੍ਹਾ ਰਹੇ ਸਨ, ਉਸ ਪਿੰਡ ਦੇੇ ਵਸਨੀਕਾਂ ਨੇ ਉਨ੍ਹਾਂ ਪ੍ਰਤੀ ਆਪਣਾ ਮੋਹ ਸਤਿਕਾਰ ਦਿਖਾਉਂਦਿਆਂ ਉਨ੍ਹਾਂ ਨੂੰ ਉੱਥੋਂ ਨਾ ਜਾਣ ਲਈ ਮਨਾ ਲਿਆ। ਪਿੰਡ ਵਾਸੀਆਂ ਦੇ ਸਤਿਕਾਰ ਅੱਗੇ ਸਿਰ ਝੁਕਾਉਂਦਿਆਂ ਅਧਿਆਪਕ ਨੇ ਤਰੱਕੀ ਨੂੰ ਵਿਸਾਰ ਕੇ ਉੱਥੇ ਹੀ ਰਹਿਣ ਦਾ ਫੈਸਲਾ ਲਿਆ। ਇੱਕ ਅਧਿਆਪਕ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਮੋਹ ਸਤਿਕਾਰ ਦੀ ਇਹ ਨਿਵੇਕਲੀ ਉਦਾਹਰਨ ਹੈ। Mansa News
Punjab Schools
ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਦੇ ਅਧਿਆਪਕ ਰਾਜਿੰਦਰ ਕੁਮਾਰ ਜੋ ਕਿ ਬਤੌਰ ਸਮਾਜਿਕ ਵਿਗਿਆਨ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਵਿਖੇ ਪਿਛਲੇ 23 ਸਾਲਾਂ ਤੋਂ ਪੜ੍ਹਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਾਲਾਂ ਬੱਧੀ ਤਰੱਕੀਆਂ ਦੀ ਸੂਚੀ ਉਡੀਕ ਰਹੇ ਮਾਸਟਰ ਕੇਡਰ ਦੇ ਅਧਿਆਪਕਾਂ ਦੇ ਲੈਕਚਰਾਰ ਬਣਨ ਦੇ ਸੁਪਨੇ ਨੂੰ ਉਸ ਵੇਲੇ ਬੂਰ ਪਿਆ ਜਦੋਂ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ’ਚ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਲੈਕਚਰਾਰ ਦੀ ਸੂਚੀ ਜਾਰੀ ਕੀਤੀ।
Read Also : Storm Dana: 120 ਕਿਮੀ. ਦੀ ਰਫਤਾਰ ਨਾਲ ਆ ਰਿਹੈ ਤੂਫਾਨ ‘ਦਾਨਾ’
ਇਸ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਦੀ ਤਰੱਕੀ ਬਤੌਰ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਵਜੋਂ ਹੋਈ । ਇਸ ਅਧਿਆਪਕ ਨੇ ਦੋਵਾਂ ਵਿਸ਼ਿਆਂ ਵਿੱਚੋਂ ਪੰਜਾਬੀ ਨੂੰ ਤਰਜੀਹ ਦਿੰਦੇ ਹੋਏ ਪੰਜਾਬੀ ਲੈਕਚਰਾਰ ਦੀ ਤਰੱਕੀ ਚੁਣੀ। ਉਨ੍ਹਾਂ ਨੂੰ ਤਰੱਕੀ ਮਿਲਣ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਦਾ ਸਟੇਸ਼ਨ ਮਿਲਿਆ। ਜਦੋਂ ਪਿੰਡ ਕਰੰਡੀ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਧਿਆਪਕ ਰਾਜਿੰਦਰ ਕੁਮਾਰ ਸਕੂਲ ’ਚੋਂ ਜਾ ਰਹੇ ਹਨ ਤਾਂ ਸਮੁੱਚੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਉਹਨਾਂ ਨੂੰ ਸਕੂਲ ਤੋਂ ਨਾ ਜਾਣ ਲਈ ਕਿਹਾ ।
Mansa News
ਤਰੱਕੀ ਮਿਲਣ ਦੀ ਖੁਸ਼ੀ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨਾ ਛੱਡ ਕੇ ਜਾਣ ਤੋਂ ਰੋਕਣ ਦੀ ਦੁਵਿਧਾ ’ਚ ਪਏ ਰਾਜਿੰਦਰ ਕੁਮਾਰ ਕਰੀਬ ਤਿੰਨ ਦਿਨ ਉਨ੍ਹਾਂ ਨੂੰ ਇਹ ਦੱਸਦੇ ਰਹੇ ਕਿ ਤਰੱਕੀ ਮਿਲਣ ’ਤੇ ਉਸ ਨੂੰ ਦੂਜੇ ਸਕੂਲ ’ਚ ਜਾਣਾ ਪੈ ਰਿਹਾ ਹੈ। ਸਭ ਕੋਸ਼ਿਸ਼ਾਂ ਤੋਂ ਬਾਅਦ ਅਧਿਆਪਕ ਰਾਜਿੰਦਰ ਕੁਮਾਰ ਕੋਲ ਇੱਕ ਹੀ ਰਸਤਾ ਬਚਿਆ ਕਿ ਜਾਂ ਉਹ ਪਿੰਡ ਵਾਸੀਆਂ ਨੂੰ ਉਸ ਨੂੰ ਇੱਥੋਂ ਜਾਣ ਦੇਣ ਲਈ ਮਨਾ ਲਵੇ ਜਾਂ ਤਰੱਕੀ ਤਿਆਗ ਦੇਵੇ।
ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਤਰੱਕੀ ਤਿਆਗ ਕੇ ਹੀ ਇੱਥੇ ਰਹਿ ਸਕਦੇ ਹਨ ਤਾਂ ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸੰਦੀਪ ਗੋਦਾਰਾ ਨੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਬੈਂਕ ਦੀ ਦਸਤਖਤ ਕੀਤੀ ਚੈੱਕ ਬੁੱਕ ਰਾਜਿੰਦਰ ਕੁਮਾਰ ਨੂੰ ਸੌਂਪਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਚੀਜ ਬਾਰੇ ਤਾਂ ਨਹੀਂ ਪਤਾ ਕਿ ਤਰੱਕੀ ਛੱਡਣ ਨਾਲ ਕਿੰਨਾ ਆਰਥਿਕ ਨੁਕਸਾਨ ਹੋਵੇਗਾ ਪਰ ਉਹ ਚੈੱਕ ਬੁੱਕ ’ਤੇ ਜਿੰਨ੍ਹੀਂ ਵੀ ਰਾਸ਼ੀ ਭਰ ਲੈਣਗੇ ਉਸਦੀ ਅਦਾਇਗੀ ਉਨ੍ਹਾਂ ਨੂੰ ਕਰ ਦਿੱਤੀ ਜਾਵੇਗੀ ਪਰ ਸਕੂਲ ਨਾ ਛੱਡਣ।
Mansa News
ਇਸ ਹੱਦ ਤੱਕ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਸਤਿਕਾਰ ਅਤੇ ਪਿਆਰ ਅੱਗੇ ਅਧਿਆਪਕ ਰਾਜਿੰਦਰ ਕੁਮਾਰ ਨੇ ਭਾਵੁਕ ਹੁੰਦਿਆਂ ਸਿਰ ਝੁਕਾ ਦਿੱਤਾ ਤੇ ਤਰੱਕੀ ਤਿਆਗ ਕੇ ਉਸੇ ਹੀ ਸਕੂਲ ’ਚ ਰਹਿਣ ਦਾ ਫੈਸਲਾ ਲਿਆ, ਜਿਸ ’ਤੇ ਸਭ ਦੇ ਚਿਹਰੇ ਖਿੜ ਉੱਠੇ ਤੇ ਪੂਰਾ ਸਕੂਲ ਤਾੜੀਆਂ ਨਾਲ ਗੂੰਜ ਉੱਠਿਆ।
ਰਾਜਿੰਦਰ ਕੁਮਾਰ ਦੇ ਇਸ ਫੈਸਲੇ ’ਤੇ ਟਿੱਪਣੀ ਕਰਦਿਆਂ ਹਰਜਿੰਦਰ ਸ਼ਰਮਾ ਹਿੰਦੀ ਅਧਿਆਪਕ ਅਤੇ ਵਿਨੈ ਕੁਮਾਰ ਸ. ਸ. ਅਧਿਆਪਕ ਨੇ ਕਿਹਾ ਕਿ ਅੱਜ ਸਕੂਲ ਦੇ ਵਿਹੜੇ ’ਚ ਇਸ ਮੌਕੇ ਦੇ ਗਵਾਹ ਬਣਕੇ ਉਨ੍ਹਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਧਿਆਪਨ ਦਾ ਕਿੱਤਾ ਕਿੰਨਾ ਉੱਚਾ-ਸੁੱਚਾ ਤੇ ਪਵਿੱਤਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਬਤੌਰ ਵਿਦਿਆਰਥੀ ਉਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਇਸੇ ਸਕੂਲ ਵਿੱਚ ਸੇਵਾਵਾਂ ਦੇ ਰਹੇ ਹਨ । ਸ਼੍ਰੀਮਤੀ ਰਮਨਪ੍ਰੀਤ ਕੌਰ ਕੰਪਿਊਟਰ ਫੈਕਲਟੀ ਨੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅਧਿਆਪਕ ਰਾਜਿੰਦਰ ਕੁਮਾਰ ਦਾ ਧੰਨਵਾਦ ਕਰਦੇ ਕਿਹਾ ਕਿ ਸਕੂਲ ਦਾ ਹਿੱਸਾ ਹੋਣ ’ਤੇ ਮਾਣ ਹੈ ਜਿੱਥੇ ਪੈਸਿਆਂ ਅਤੇ ਨਾਮ ਤੋਂ ਉੱਪਰ ਮੋਹ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਕੂਲ ਮੁੱਖੀ ਸ੍ਰੀਮਤੀ ਦਰਸ਼ਨਾ ਦੇਵੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵਧੀਆ ਅਧਿਆਪਕ ਤੋਂ ਸੱਖਣਾ ਹੋਣੋਂ ਬਚਿਆ ਸਕੂਲ: ਪੰਚਾਇਤ
ਅਧਿਆਪਕ ਰਾਜਿੰਦਰ ਕੁਮਾਰ ਵੱਲੋਂ ਕੀਤੇ ਇਸ ਫੈਸਲੇ ’ਤੇ ਸਰਪੰਚ ਧੀਰੂ ਰਾਮ ਗੋਦਾਰਾ, ਸੰਦੀਪ ਗੋਦਾਰਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸਚਿਨ ਗੋਦਾਰਾ ਸਮਾਜ ਸੇਵੀ, ਮਨੋਜ ਨੇਹਰਾ, ਓਮ ਪ੍ਰਕਾਸ਼, ਰਾਮਕਿਸ਼ਨ ਸੇਵਾ ਮੁਕਤ ਸੀਐੱਚਟੀ ਨੇ ਸਮੁੱਚੇ ਸਟਾਫ ਦਾ ਧੰਨਵਾਦ ਕਰਦੇ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਮੰਨਦਿਆਂ ਸਕੂਲ ਨੂੰ ਇੱਕ ਵਧੀਆ ਅਧਿਆਪਕ ਤੋਂ ਸੱਖਣੇ ਹੋਣ ਤੋਂ ਬਚਾਅ ਲਿਆ।
ਆਪਣੇ ਫੈਸਲੇ ’ਤੇ ਖੁਸ਼ੀ ਹੈ : ਰਾਜਿੰਦਰ ਕੁਮਾਰ
ਅਧਿਆਪਕ ਰਾਜਿੰਦਰ ਕੁਮਾਰ ਨੇ ਕਿਹਾ ਕਿ ਭਾਵੇਂ ਤਰੱਕੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਪਰ ਪਿੰਡ ਕਰੰਡੀ ਵਾਸੀਆਂ, ਪੰਚਾਇਤ, ਸਟਾਫ ਤੇ ਵਿਦਿਆਰਥੀਆਂ ਦੇ ਮੋਹ ਨੇ ਉਨ੍ਹਾਂ ਨੂੰ ਰੋਕ ਲਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਵੱਲੋਂ ਲਏ ਇਸ ਫੈਸਲੇ ’ਤੇ ਜਿੱਥੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ ਉੱਥੇ ਹੀ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਜਿੰਮੇਵਾਰੀ ’ਚ ਹੋਰ ਵੀ ਜ਼ਿਆਦਾ ਵਾਧਾ ਹੋ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਇਕੱਲੀ ਕਿਤਾਬੀ ਪੜ੍ਹਾਈ ਹੀ ਨਹੀਂ, ਸਗੋਂ ਸਮਾਜ ’ਚ ਚੰਗੇ ਇਨਸਾਨ ਵਜੋਂ ਵਿਚਰ ਕੇ ਰਹਿਣ ਦੀ ਵੀ ਸਿੱਖਿਆ ਦਿੰਦੇ ਰਹਿਣਗੇ।