ਵਿਸ਼ਵ ਵਾਤਾਵਰਨ ਦਿਵਸ ’ਤੇ ਵਿਸ਼ੇਸ਼
ਜੂਨ 1972 ਉਹ ਮਹੀਨਾ ਸੀ ਜਦੋਂ ਪਹਿਲੀ ਵਾਰ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਵਾਤਾਵਰਨ ਮੁੱਦਿਆਂ ’ਤੇ ਇੱਕ ਬਹੁਤ ਵੱਡੀ ਕਾਨਫਰੰਸ ਕਰਵਾਈ ਅਤੇ ਇਸ ਕਾਨਫਰੰਸ ਤੋਂ ਬਾਅਦ ਅੰਤਰਰਾਸ਼ਟਰੀ ਵਾਤਾਵਰਨ ਰਾਜਨੀਤੀ ’ਚ ਇੱਕ ਵੱਡਾ ਮੋੜ ਆਇਆ। ਇਸ ਇੰਟਰਨੈਸ਼ਨਲ ਕਾਨਫਰੰਸ ਦਾ ਨਾਂਅ ਸੀ ‘ਯੂਨਾਈਟਿਡ ਨੇਸ਼ਨ ਕਾਨਫਰੰਸ ਆਨ ਹਿਊਮਨ ਇਨਵਾਇਰਮੈਂਟ’ ਜੋ ਕਿ 5 ਜੂਨ ਨੂੰ ਸਵੀਡਨ ਦੀ ਰਾਜਧਾਨੀ ਸਟੋਕਹੋਲਮ ਵਿਚ ਹੋਈ ਸੀ ਤੇ ਇਸ ਨੂੰ ਇਸ ਕਰਕੇ ‘ਸਟੋਕਹੋਲਮ ਕਾਨਫਰੰਸ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਇਸ ਕਾਨਫਰੰਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਵਾਤਾਵਰਨ ਸਾਡੇ ਲਈ ਕਿੰਨਾ ਜ਼ਰੂਰੀ ਹੈ ਤੇ ਇਸ ਦੀ ਸਾਂਭ-ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਪਦੰਡਾਂ ਨੂੰ ਨਿਰਧਾਰਤ ਕੀਤਾ ਜਾਵੇ। ਇਸ ਲਈ ਅਸੀਂ ਇਸ ਦਿਨ ਦੀ ਮਹੱਤਤਾ ਕਰਕੇ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਂਦੇ ਹਾਂ।
ਵਾਤਾਵਰਨ ਸਬੰਧੀ 5 ਜੂਨ ਸਾਲ ਦਾ ਸਭ ਤੋਂ ਅਹਿਮ ਦਿਨ ਹੁੰਦਾ ਹੈ ਇਸ ਵਾਰ ਇਸ ਦਾ ਥੀਮ ਹੈ ‘ਵਾਤਾਵਰਨ ਪ੍ਰਣਾਲੀ ਦੀ ਬਹਾਲੀ’ ਹੈ ਇਸ ਵਾਰ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਇਸ ਦਿਨ ਇਸ ਪ੍ਰੋਗਰਾਮ ਨਾਲ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਦੇ ਦਹਾਕੇ ਦੀ ਸ਼ੁਰੂਆਤ ਹੋਵੇਗੀ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਦਾ ਅਰਥ ਹੈ ‘ਵਾਤਾਵਰਨ ਪ੍ਰਣਾਲੀ ਦੀ ਮੁੜ-ਸਥਾਪਨਾ ਵਿਚ ਸਹਾਇਤਾ ਕਰਨਾ ਜੋ ਕਿਸੇ ਕਾਰਨ ਵਿਗੜਿਆ ਜਾਂ ਨਸ਼ਟ ਹੋ ਗਿਆ ਹੈ ਵਾਤਾਵਰਨ ਪ੍ਰਣਾਲੀ ਨੂੰ ਕਈ ਤਰੀਕਿਆਂ ਨਾਲ ਬਹਾਲ ਕੀਤਾ ਜਾ ਸਕਦਾ ਹੈ ਤੇ ਰੁੱਖ ਲਾਉਣਾ ਵਾਤਾਵਰਨ ਦੀ ਦੇਖਭਾਲ ਦਾ ਸਭ ਤੋਂ ਸੌਖਾ ਤੇ ਵਧੀਆ ਢੰਗ ਹੈ।
ਤੇਜ਼ ਰਫਤਾਰ ਜ਼ਿੰਦਗੀ ਤੇ ਸ਼ਹਿਰੀਕਰਨ ਨੇ ਲੋਕਾਂ ਨੂੰ ਕੁਦਰਤ ਤੋਂ ਵੱਖ ਕਰ ਦਿੱਤਾ ਹੈ ਕੱਚੀਆਂ ਥਾਵਾਂ ਦੀ ਥਾਂ ਪੱਕੇ ਥਾਵਾਂ ਨੇ ਲੈ ਲਈ ਹੈ ਮਿੱਟੀ, ਰੁੱਖ, ਬੂਟੇ, ਪੰਛੀਆਂ ਦੀ ਤਾਦਾਦ ਦਿਨੋ-ਦਿਨ ਘਟਦੀ ਜਾ ਰਹੀ ਹੈ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਘਰ ਆਉਣ ਵਾਲੀ ਛੋਟੀ ਚਿੜੀ ਅਲੋਪ ਹੋ ਗਈ, ਕਦੋਂ ਮੀਂਹ ਵੇਲੇ ਟਰ-ਟਰ ਕਰਦੇ ਡੱਡੂ ਗੁੰਮ ਗਏ, ਕਦੋਂ ਅਸੀਂ ਫਲਾਂ ਦੇ ਰੁੱਖ ਲਾਉਣੇ ਅਤੇ ਫ਼ਲ ਤੋੜਨੇ ਛੱਡ ਦਿੱਤੇ ਅੱਜ-ਕੱਲ੍ਹ ਸਾਡੇ ਕੋਲ ਆਪਣੇ-ਆਪ ਲਈ ਸਮਾਂ ਨਹੀਂ ਹੈ ਤਾਂ ਅਸੀਂ ਕੁਦਰਤ ਨੂੰ ਕਿੱਥੋਂ ਸਮਾਂ ਦੇਵਾਂਗੇ? ਇਸਦੇ ਸਿੱਟੇ ਇਹ ਨਿੱਕਲ ਰਹੇ ਹਨ ਕਿ ਅਸੀਂ ਪਦਾਰਥਵਾਦੀ ਹੋ ਰਹੇ ਹਾਂ ਤੇ ਕੁਦਰਤ ਤੋਂ ਪਾਸਾ ਵੱਟ ਲਿਆ ਹੈ ਇਸ ਸਾਲ ਕੋਰੋਨਾ ਦੀ ਦੂਜੀ ਲਹਿਰ ਕਰਕੇ ਜਿਹੜੀ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਅਸੀਂ ਕੀਤਾ ਹੈ ਉਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ ਇਸ ਮਹਾਂਮਾਰੀ ਨੇ ਸਾਨੂੰ ਰੁੱਖਾਂ ਦੀ ਅਹਿਮੀਅਤ ਨਾਲ ਜਾਣੂ ਕਰਵਾਇਆ ਹੈ।
1972 ਦੀ ਕਾਨਫਰੰਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 1987 ’ਚ ਇੱਕ ‘ਵਰਲਡ ਕਮਿਸ਼ਨ ਆਨ ਇਨਵਾਇਰਮੈਂਟ ਐਂਡ ਡਿਵੈਲਪਮੈਂਟ’ ਬਿਠਾਇਆ ਜਿਸ ਵਿਚੋਂ ਪ੍ਰਸਿੱਧ ਬਰੰਟਲੈਂਡ ਕਮਿਸ਼ਨ ਰਿਪੋਰਟ ਨਿੱਕਲੀ ਜਿਸ ਦਾ ਨਾਂਅ ਸੀ ‘ਸਾਡਾ ਸਾਂਝਾ ਭਵਿੱਖ’। ਇਸ ਕਮਿਸ਼ਨ ’ਚੋਂ ‘ਸਸਟੇਨੇਬਲ ਵਿਕਾਸ’ ਸ਼ਬਦ ਉੱਭਰ ਕੇ ਆਇਆ। ਇਸ ਰਿਪੋਰਟ ਮੁਤਾਬਿਕ ਸਸਟੇਨੇਬਲ ਵਿਕਾਸ ਉਹ ਵਿਕਾਸ ਹੈ ਜਿਸ ਵਿਚ ਅਸੀਂ ਆਪਣੀਆਂ ਹੁਣ ਦੀਆਂ ਲੋੜਾਂ (ਜਿਵੇਂ ਸਾਫ ਹਵਾ, ਪਾਣੀ, ਮਿੱਟੀ ਆਦਿ) ਦੀ ਇਸ ਤਰ੍ਹਾਂ ਪੂਰਤੀ ਕਰਾਂਗੇ ਕਿ ਭਵਿੱਖ ਵਿਚ ਸਾਡੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਪੂਰੀ ਕਰਨ ਵਿਚ ਕੋਈ ਸਮੱਸਿਆ ਨਾ ਆਵੇ। 1992 ’ਚ ਹੋਈ ਰਿਓ ਸਮਿੱਟ ’ਚ ਰਿਓ ਡੇਕਲਾਰੇਸ਼ਨ ਅਪਣਾਈ ਗਈ ਤੇ ਸਸਟੇਨੇਬਲ ਡਿਵੈਲਪਮੈਂਟ ਦੇ ਸੰਬੰਧ ਵਿਚ ਏਜੰਡਾ 21 ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ ਸੰਧੀ ਨੂੰ ਅਪਣਾਇਆ ਗਿਆ ਤੇ ਹੁਣ ਤੱਕ ਇਸ ਨੂੰ 197 ਦੇਸ਼ ਮਨਜ਼ੂਰ ਕਰ ਚੁਕੇ ਹੁਣ। ਇਸ ਸੰਧੀ ਤੋਂ ਬਾਅਦ ਵਾਤਾਵਰਨ ਦਾ ਵਿਸ਼ਾ ਤਕਰੀਬਨ ਹਰ ਦੇਸ਼ ਲਈ ਜ਼ਰੂਰੀ ਹੋ ਗਿਆ।
ਸਰਕਾਰਾਂ ਲਈ ਵਾਤਾਵਰਨ ਵੀ ਇੱਕ ਅਹਿਮ ਮੁੱਦਾ ਬਣ ਗਿਆ ਜਿਸ ਨਾਲ ਨਜਿੱਠਣਾ ਵੀ ਬਹੁਤ ਜ਼ਰੂਰੀ ਹੋ ਗਿਆ। ਅਠਾਰਵੀਂ ਸਦੀ ਦੇ ਮੱਧ ਵਿਚ ਯੂਰਪ ਅਤੇ ਉੱਤਰੀ ਅਮਰੀਕਾ ’ਚ ਆਈ ਉਦਯੋਗਿਕ ਕ੍ਰਾਂਤੀ ਨੇ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ। ਉਸ ਸਮੇਂ ਅਜੇ ਉਦਯੋਗਿਕ ਕ੍ਰਾਂਤੀ ਵਾਲੇ ਦੇਸ਼ ਆਉਣ ਵਾਲੇ ਵਾਤਾਵਰਨ ਸਬੰਧੀ ਖ਼ਤਰਿਆਂ ਤੋਂ ਜਾਣੂ ਨਹੀਂ ਸਨ। ਪਿਛਲੇ 50 ਸਾਲਾਂ ਵਿਚ ਕਾਫੀ ਮੁਲਕਾਂ ’ਚ ਜਮਹੂਰੀ ਰਾਜ ਸਥਾਪਤ ਹੋਏ ਤੇ ਉਦਯੋਗਿਕ ਵਿਕਾਸ ਦੀ ਸ਼ੁਰੂਆਤ ਹੋ ਗਈ। ਨਾਲ ਹੀ ਨਾਲ ਉਦਯੋਗਿਕ ਕ੍ਰਾਂਤੀ ਵੇਲੇ ਹੋਏ ਵਿਕਾਸ ਦੇ ਨਤੀਜਿਆਂ ਵਜੋਂ, ਵਾਤਾਵਰਨ ’ਤੇ ਦੁਸ਼ਪ੍ਰਭਾਵ ਸਾਹਮਣੇ ਆਉਣ ਲੱਗੇ। ਇਸ ਲਈ ਵਾਤਾਵਰਨ ਵਿਸ਼ਾ ਸਾਰੇ ਦੇਸ਼ਾਂ ਲਈ ਇੱਕ ਚੁਣੌਤੀ ਬਣ ਗਿਆ ਤੇ ਲਗਭਗ ਹਰ ਸਾਲ ਵਾਤਾਵਰਨ ਸਬੰਧੀ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸਾਂ ਸ਼ੁਰੂ ਹੋ ਗਈਆਂ।
ਭਾਰਤ ਵਰਗੇ ਦੇਸ਼ ਲਈ ਵੀ ਵਾਤਾਵਰਨ ਇੱਕ ਅਹਿਮ ਮੁੱਦਾ ਬਣ ਚੁੱਕਾ ਹੈ ਕਿਉਂਕਿ ਸਾਡੇ ਕੋਲ 1.3 ਬਿਲੀਅਨ ਦੀ ਵਸੋਂ ਹੈ ਤੇ ਦੁਨੀਆ ਦਾ 2.4 ਪ੍ਰਤੀਸ਼ਤ ਜ਼ਮੀਨ ਦਾ ਹਿੱਸਾ ਹੈ ਅਤੇ ਇੰਨੀ ਅਬਾਦੀ ਬੱਸ ਇੰਨੇ ਕੁ ਜ਼ਮੀਨ ਤੇ ਸਰੋਤਾਂ ’ਤੇ ਨਿਰਭਰ ਹੈ। ਭਾਰਤ ਵਿਚ ‘ਵਾਤਾਵਰਨ, ਜੰਗਲ ਤੇ ਜਲਵਾਯੂ ਬਦਲਾਅ’ ਮੰਤਰਾਲਾ 1985 ਵਿਚ ਹੋਂਦ ’ਚ ਆਇਆ ਜਿਸ ਦਾ ਕੰਮ ਵਾਤਾਵਰਨ ਦੇ ਖੇਤਰ ਲਈ ਕੰਮ ਕਰਨਾ ਸੀ। ਅੱਜ ਅਸੀਂ ਦੁਨੀਆ ’ਚ ਤੇਜੀ ਨਾਲ ਵਿਕਾਸ ਕਰ ਰਹੇ ਦੇਸ਼ ਵਜੋਂ ਜਾਣੇ ਜਾਂਦੇ ਹਾਂ। ਪਰ ਇਹ ਵਿਕਾਸ ਸਸਟੇਨੇਬਲ ਵਿਕਾਸ ਨਹੀਂ ਹੈ, ਇਸ ਨਾਲ ਸਾਡੇ ਵਾਤਾਵਰਨ ਨੂੰ ਲਗਾਤਾਰ ਨੁਕਸਾਨ ਪੁਹੰਚ ਰਿਹਾ ਹੈ। ਵਰਲਡ ਬੈਂਕ ਦੀ ਇੱਕ ਰਿਪੋਰਟ ਮੁਤਾਬਿਕ ਵਿਕਾਸ ਨਾਲ ਵਾਤਾਵਰਨ ਖਰਾਬ ਹੋਣ ਕਰਨ ਭਾਰਤ ਨੂੰ ਲਗਭਗ ਹਰ ਸਾਲ 80 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਇਸ ਸਮੇਂ ਵਾਤਾਵਰਨ ਦਾ ਸਭ ਤੋਂ ਵੱਡਾ ਮੁੱਦਾ ਜੈਵਿਕ ਬਾਲਣ ਦੇ ਬਲਣ ਤੋਂ ਹੋਣ ਵਾਲਾ ਧੂੰਆਂ ਹੈ। ਇਸ ਦੇ ਨਾਲ ਸਿਹਤ ਨੂੰ ਸਭ ਤੋਂ ਵੱਧ ਨੁਕਸਾਨ ਪੁਹੰਚ ਰਿਹਾ ਹੈ। ਆਰਥਿਕ ਵਿਕਾਸ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ ਦੇ ਤਰੀਕੇ ਲੱਭੇ ਜਾਣੇ ਚਾਹੀਦੇ ਹਨ ਤਾਂ ਕਿ ਸਸਟੇਨੇਬਲ ਵਿਕਾਸ ਹੋ ਸਕੇ। ਬੋਸਟਨ ਵਿਚ ਜਾਰੀ ਹੋਈ ‘ਸਟੇਟ ਆਫ ਦ ਗਲੋਬਲ ਏਅਰ’ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ 2015 ’ਚ ਹਵਾ ਪ੍ਰਦੂਸ਼ਣ ਨਾਲ ਭਾਰਤ ਵਿਚ ਅੰਦਾਜਨ 11 ਲੱਖ ਲੋਕਾਂ ਦੀ ਜਾਨ ਗਈ।
2018 ’ਚ ਵਿਸ਼ਵ ਸਿਹਤ ਸੰਗਠਨ ਦੀ ਹਵਾ ਦੀ ਗੁਣਵੱਤਾ ਸਬੰਧੀ ਰਿਪੋਰਟ ਸਾਹਮਣੇ ਆਈ ਜਿਸ ਵਿਚ ਲਗਭਗ 3000 ਸ਼ਹਿਰਾਂ ’ਤੇ ਅਧਿਐਨ ਕੀਤਾ ਗਿਆ ਜਿਸ ਵਿਚ ਇਹ ਸਾਹਮਣੇ ਆਇਆ ਕਿ ਇਨ੍ਹਾਂ 3000 ਸ਼ਹਿਰਾਂ ’ਚੋਂ 64 ਫੀਸਦੀ ਸ਼ਹਿਰਾਂ ’ਚ 2.5 ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਪਦੰਡ ਦੀ ਹੱਦ ਤੋਂ ਵੱਧ ਪਾਈ ਗਈ ਤੇ ਦੱਖਣ ਏਸ਼ੀਆ ’ਚ ਲਗਭਗ 99 ਫੀਸਦੀ ਸ਼ਹਿਰਾਂ ਵਿਚ ਇਹ ਮਾਪਦੰਡ ਨਾਲੋਂ ਵੱਧ ਪਾਈ ਗਈ ਰਿਪੋਰਟ ਵਿਚ ਦੁਨੀਆ ਦੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਭਾਰਤ ਦੇ 7 ਸ਼ਹਿਰ ਸ਼ਾਮਲ ਸਨ ਜਦੋਂਕਿ ਇੱਕ ਸ਼ਹਿਰ ਚੀਨ ਵਿਚ ਹੈ ਅਤੇ ਦੋ ਪਾਕਿਸਤਾਨ ਵਿਚ ਹਨ।
ਇਸੇ ਤਰ੍ਹਾਂ ਪਾਣੀ ਦੇ ਪ੍ਰਦੂਸ਼ਣ ਦਾ ਮੁੱਦਾ ਵੀ ਬਹੁਤ ਗੰਭੀਰ ਹੈ। ਧਰਤੀ ਹੇਠਲਾ ਪਾਣੀ, ਖਾਸਕਰ ਪੰਜਾਬ ’ਚ ਬਹੁਤ ਗੰਭੀਰ ਸਥਿਤੀ ਵਿਚ ਹੈ। ਜ਼ਮੀਨ ਹੇਠਲੇ ਪਾਣੀ ਬਾਰੇ ਹਾਲ ’ਚ ਹੀ ਆਈ ਕੇਂਦਰੀ ਬੋਰਡ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ 25 ਵਰਿ੍ਹਆਂ ਦੇ ਵਿਚ ਹੀ ਸੂਬਾ ਮਾਰੂਥਲ ਵਿਚ ਤਬਦੀਲ ਹੋ ਜਾਵੇਗਾ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਮੁਤਾਬਿਕ ਪੰਜਾਬ ਦੇ 141 ਐਗਰੀਕਲਚਰਲ ਡਿਵੈਲਪਮੈਂਟ ਬਲਾਕਸ ’ਚੋਂ 102 ਇਸ ਵੇਲੇ ਡਾਰਕ ਜ਼ੋਨ ’ਚ ਹਨ ਜਿੱਥੇ ਪਾਣੀ 200 ਫੁੱਟ ਜਾਂ ਇਸ ਤੋਂ ਡੂੰਘਾਈ ’ਤੇ ਹੈ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿਚ ਚਾਰ ਨਦੀਆਂ ਦਾ ਪਾਣੀ ਨਾ-ਪੀਣਯੋਗ ਕਰਾਰ ਦਿੱਤਾ ਗਿਆ ਹੈ। ਪਾਣੀ ਖਰਾਬ ਹੋਣ ਕਰਕੇ ਇਸ ਵਿਚ ਰਹਿ ਰਹੇ ਜੀਵ-ਜੰਤੂਆਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਘੱਟ ਰਹੀ ਹੈ ਜਿਸ ਕਰਕੇ ਸਾਰਾ ਈਕੋਸਿਸਟਮ ਖਰਾਬ ਹੋ ਰਿਹਾ ਹੈ।
ਮਿੱਟੀ ਪ੍ਰਦੂਸ਼ਣ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੋਲੀਥੀਨ ਦੇ ਲਿਫਾਫੇ, ਸੀਵਰੇਜ, ਖੇਤੀ ’ਚ ਪੈਸਟੀਸਾਈਡਸ ਦੀ ਵਰਤੋਂ, ਰੁੱਖ ਕੱਟਣਾ ਇਸਦੇ ਕੁਝ ਕਾਰਨ ਹਨ। ਮਿੱਟੀ ਦੇ ਪ੍ਰਦੂਸ਼ਣ ਕਰਕੇ ਉਪਜਾਊ ਮਿੱਟੀ ਖਤਮ ਹੋ ਰਹੀ ਹੈ ਤੇ ਫ਼ਸਲਾਂ ਦੀ ਪੈਦਾਵਾਰ ਘਟ ਰਹੀ ਹੈ। ਉਹ ਸਮਾਂ ਦੂਰ ਨਹੀਂ ਜਦ ਮਿੱਟੀ ਬੰਜਰ ਹੋ ਜਾਵੇਗੀ। ਇਸੇ ਤਰ੍ਹਾਂ ਆਵਾਜ਼ ਦਾ ਪ੍ਰਦੂਸ਼ਣ ਵੀ ਲਗਾਤਾਰ ਵਧ ਰਿਹਾ ਹੈ। ਟ੍ਰੈਫ਼ਿਕ, ਪਟਾਕਿਆਂ ਦਾ ਸ਼ੋਰ, ਉਦਯੋਗਿਕ ਕਾਰਖਾਨਿਆਂ ਵਗੈਰਾ ਵੀ ਆਵਾਜ਼ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।
ਵਾਤਾਵਰਨ ਨੂੰ ਲੈ ਕੇ ਇਸ ਸਮੇਂ ਸਾਰੀ ਦੁਨੀਆ ਚਿੰਤਿਤ ਹੈ। ਦੁਨੀਆ ਵਿਚ ਕੁਝ ਸੰਸਥਾਵਾਂ ਇਸ ਖੇਤਰ ’ਚ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਜਿਵੇਂ ਕਿ 1961 ’ਚ ਬਣੀ ਵਰਲਡ ਵਾਈਲਡ ਲਾਈਫ ਫੰਡ ਜੋ ਕਿ ਸਵਿਟਜ਼ਰਲੈਂਡ ਸਥਿਤ ਹੈ ਤੇ ਪੂਰੀ ਦੁਨੀਆ ’ਚ ਵਾਤਾਵਰਨ ਦੀ ਸਾਂਭ-ਸੰਭਾਲ ਦੇ ਖੇਤਰ ਵਿਚ ਚੰਗਾ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਸੰਸਥਾਵਾਂ ਜਿਵੇਂ ਕਿ ਇੰਟਰ-ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ, ਸੰਯੁਕਤ ਰਾਸ਼ਟਰ ਵਾਤਾਵਰਨ ਸੁਰੱਖਿਆ ਏਜੰਸੀ, ਵਾਈਲਡ ਲਾਈਫ ਕੰਜ਼ਰਵੇਸ਼ਨ ਸੁਸਾਇਟੀ ਤੇ ਹੋਰ ਕਈ ਸੰਸਥਾਵਾਂ ਲਗਾਤਾਰ ਪੂਰੀ ਦੁਨੀਆ ’ਚ ਕੰਮ ਕਰ ਰਹੀਆਂ ਹਨ। ਭਾਰਤ ਵਿਚ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦਾ ਬਣਨਾ ਵੀ ਇੱਕ ਮਹੱਤਪੂਰਨ ਦਿਨ ਸੀ। ਇਸ ਦਾ ਕੰਮ ਵਾਤਾਵਰਨ ਸੰਬੰਧੀ ਮੁੱਦਿਆਂ ’ਤੇ ਕੇਸਾਂ ਦਾ ਜਲਦ ਨਿਪਟਾਰਾ ਕਰਨਾ ਹੈ।
ਸਾਨੂੰ ਆਪਣੇ ਪੱਧਰ ’ਤੇ ਵੀ ਕਈ ਪਹਿਲਕਦਮੀਆਂ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਵੀ ਇਸ ਧਰਤੀ ਦੇ ਵਾਸੀ ਹਾਂ। ਜੇ ਅਸੀਂ ਇਹ ਸੋਚੀ ਜਾਈਏ ਕਿ ਵਾਤਾਵਰਨ ਸੰਭਾਲਣਾ ਤਾਂ ਸੰਸਥਾਵਾਂ ਜਾਂ ਸਰਕਾਰਾਂ ਦਾ ਕੰਮ ਹੈ ਤਾਂ ਅਸੀਂ ਬਿਲਕੁਲ ਗਲਤ ਹਾਂ। ਆਪਣੇ ਤੋਂ ਸ਼ੁਰੂਆਤ ਕਰਕੇ ਹੀ ਅਸੀਂ ਆਪਣੇ ਵਾਤਾਵਰਨ ਨੂੰ ਸਾਂਭ ਸਕਦੇ ਹਾਂ। ਸਾਨੂੰ ਆਪਣੇ ਆਲੇ-ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਤੇ ਕੂੜੇ ਨੂੰ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਪਾਣੀ ਦੀ ਜਿੰਨੀ ਜ਼ਰੂਰਤ ਹੋਵੇ ਓਨੀ ਹੀ ਵਰਤੋਂ ਹੋਣੀ ਚਾਹੀਦੀ ਹੈ। ਸਾਨੂੰ ਹੌਲੀ-ਹੌਲੀ ਆਰਗੈਨਿਕ ਖੇਤੀ ਵੱਲ ਜਾਣਾ ਚਾਹੀਦੈ ਤਾਂ ਕਿ ਅਸੀਂ ਮਿੱਟੀ ਨੂੰ ਬੰਜਰ ਹੋਣ ਤੋਂ ਬਚਾ ਸਕੀਏ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਸਾਫ ਹਵਾ ਦਾ ਆਨੰਦ ਮਾਣ ਸਕੀਏ। ਆਓ! ਕਿਰਿਆਸ਼ੀਲ ਹੋਵੋ, ਚਿੰਤਤ ਨਹੀਂ! ਆਓ! ਦਲੇਰ ਹੋਵੋ, ਡਰੋ ਨਾ!
ਵਿਸ਼ਵਜੀਤ ਸਿੰਘ ਚੰਡੀਗੜ੍ਹ, ਮੋ. 97809-66297
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।