ਮੋਗਾ ਤੇ ਮਾਨਸਾ ਜ਼ਿਲ੍ਹਿਆਂ ਦੇ ਖਿਡਾਰੀ ਖੇਡਾਂ ‘ਚ ਚਮਕੇ
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ
ਮਾਲਵਾ ਖਿੱਤੇ ‘ਚੋਂ ਟਿੱਬੇ ਚੁੱਕੇ ਗਏ ਤੇ ਹੁਣ ਖਿਡਾਰੀ ਇੱਥੋਂ ਦੀ ਪਹਿਚਾਣ ਬਣਨ ਲੱਗੇ ਨੇ। ਪੰਜਾਬ ‘ਚ ਕਿਸੇ ਵੇਲੇ ਵੀ ਕੋਈ ਲਹਿਰ ਚੱਲੇ ਤਾਂ ਮਲਵਈ ਉਸ ‘ਚ ਮੋਹਰੀ ਹੁੰਦੇ ਨੇ ਸਾਹਿਤਕ ਤੇ ਸੰਗੀਤਕ ਖੇਤਰ ‘ਚ ਮਾਲਵੇ ਦੀ ਵੱਡੀ ਦੇਣ ਹੈ। ਭਾਰਤ ਨੂੰ ਦੁਨੀਆਂ ਦੇ ਖੇਡ ਨਕਸ਼ੇ ‘ਤੇ ਚਮਕਾਉਣ ‘ਚ ਵੀ ਮਾਲਵੇ ਵਾਲਿਆਂ ਦਾ ਅਹਿਮ ਯੋਗਦਾਨ ਹੈ।
ਹੁਣੇ-ਹੁਣੇ ਹੋਈਆਂ ਏਸ਼ੀਆਈ ਖੇਡਾਂ ਤੋਂ ਇਲਾਵਾ ਕੱਲ੍ਹ ਹੀ ਖਤਮ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਇਸ ਖੇਤਰ ਦੇ ਖਿਡਾਰੀ ਸੋਨ ਤਗਮੇ ਜਿੱਤਕੇ ਦੇਸ਼ ਲਈ ‘ਸੋਨ ਪੁੱਤਰ’ ਸਾਬਿਤ ਹੋਏ ਹਨ। ਵੇਰਵਿਆਂ ਮੁਤਾਬਿਕ ਏਸ਼ੀਆਈ ਖੇਡਾਂ ‘ਚ 20.75 ਮੀਟਰ ਗੋਲਾ ਸੁੱਟਕੇ ਦੇਸ਼ ਨੂੰ ਸੋਨ ਤਗਮਾ ਜਿਤਾਉਣ ਵਾਲਾ ਤੇਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਨਾਲ ਸਬੰਧਿਤ ਹੈ। ਤੇਜਿੰਦਰਪਾਲ ਸਿੰਘ ਤੂਰ ਨੂੰ ਗੋਲਾ ਸੁੱਟਣ ਦੀ ਚੇਟਕ ਘਰ ‘ਚੋਂ ਹੀ ਆਪਣੇ ਚਾਚੇ ਤੋਂ ਲੱਗੀ।
ਤੂਰ ਦੇ ਸੋਨ ਤਗਮਾ ਜਿੱਤਣ ਦੀ ਖੁਸ਼ੀ ਤਾਂ ਉਸ ਦੇ ਪਿਤਾ ਕਰਮ ਸਿੰਘ ਸਮੇਤ ਸਾਰੇ ਪਰਿਵਾਰ ਨੇ ਮਨਾਈ ਸੀ ਪਰ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਹ ਆਪਣੇ ਸੋਨ ਤਗਮਾ ਜੇਤੂ ਪੁੱਤਰ ਦੇ ਘਰ ਪਰਤਣ ਤੋਂ ਪਹਿਲਾਂ ਹੀ ਜਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ ਭਾਰਤ ਨੂੰ ਰੋਇੰਗ ਮੁਕਾਬਲਿਆਂ ‘ਚੋਂ ਸੋਨ ਤਗਮਾ ਜਿਤਾਉਣ ਵਾਲੇ ਖਿਡਾਰੀ ਸਵਰਨ ਸਿੰਘ ਤੇ ਸੁਖਮੀਤ ਸਿੰਘ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਹਨ। ਭਾਰਤੀ ਫੌਜ ‘ਚ ਸੇਵਾਵਾਂ ਨਿਭਾਅ ਰਹੇ ਇਹ ਦੋਵੇਂ ਖਿਡਾਰੀ ਕਿਸ਼ਤੀ ਚਲਾ ਕੇ ਪਾਣੀ ‘ਚੋਂ ਸੋਨਾ ਕੱਢਣ ਦੇ ਮਾਹਿਰ ਹੋ ਗਏ ਹਨ।
ਖਿਡਾਰੀਆਂ ਨੂੰ ਦੇਸ਼ ਲਈ ਸੋਨ ਤਗਮਾ ਜਿਤਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸ ਦਾ ਸਬੂਤ ਏਸ਼ੀਆਈ ਖੇਡਾਂ ਮਗਰੋਂ ਮਾਨਸਾ ਰੇਲਵੇ ਸਟੇਸ਼ਨ ‘ਤੇ ਪੁੱਜੇ ਸਵਰਨ ਸਿੰਘ ਦੇ ਹੱਥਾਂ ‘ਤੇ ਪਏ ਅੱਟਣਾ ਨੂੰ ਵੇਖ ਕੇ ਮਿਲਿਆ ਸਵਰਨ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਦਾ ਜੰਮਪਲ ਹੈ।
ਆਪਣੀ ਖੇਡ ਦੇ ਨਾਲ-ਨਾਲ ਉਹ ਘੋੜੀਆਂ ਰੱਖਣ ਦਾ ਵੀ ਸ਼ੌਕੀਨ ਹੈ। ਸਵਰਨ ਸਿੰਘ ਨੇ ਖੇਡ ਕੈਰੀਅਰ ਦੀ ਸ਼ੁਰੂਆਤ ਫੌਜ ‘ਚ ਭਰਤੀ ਹੋਣ ਮਗਰੋਂ ਹੀ ਕੀਤੀ ਸੀ। ਸ਼ੁਰੂਆਤੀ ਹਾਲਾਤ ਇਹ ਰਹੇ ਕਿ ਉਸ ਦੀ ਤਨਖਾਹ ਉਸ ਦੇ ਖੇਡ ਅਭਿਆਸ ‘ਤੇ ਹੀ ਖਰਚ ਹੋ ਜਾਂਦੀ ਸੀ। ਮਾਪਿਆਂ ਨੇ ਖਿਡਾਰੀ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਲੋੜ ਜੋਗੇ ਹੋਰ ਪੈਸੇ ਘਰੋਂ ਉਸ ਨੂੰ ਭੇਜੇ ਜਾਂਦੇ।
ਅਰਜਨ ਐਵਾਰਡੀ ਸਵਰਨ ਸਿੰਘ ਦਾ ਕਹਿਣਾ ਹੈ ਕਿ ਗੁਆਂਢੀ ਸੂਬਾ ਹਰਿਆਣਾ ਖਿਡਾਰੀਆਂ ਨੂੰ ਮਿਹਨਤ ਦਾ ਮੁੱਲ ਦਿੰਦਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਵਰਗੀ ਖੇਡ ਨੀਤੀ ਬਣਾਵੇ ਸੁਖਮੀਤ ਸਿੰਘ ਦਾ ਪਿੰਡ ਵੀ ਜ਼ਿਲ੍ਹਾ ਮਾਨਸਾ ‘ਚ ਕਿਸ਼ਨਗੜ੍ਹ ਫਰਵਾਹੀ ਹੈ। ਸੁਖਮੀਤ ਨੇ ਵੀ ਖੇਡ ਦੀ ਸ਼ੁਰੂਆਤ ਸਵਰਨ ਵਾਂਗ ਹੀ ਫੌਜ ‘ਚ ਜਾ ਕੇ ਕੀਤੀ। ਉਹ ਆਪਣਾ ਆਦਰਸ਼ ਵੀ ਸਵਰਨ ਸਿੰਘ ਨੂੰ ਹੀ ਮੰਨਦਾ ਹੈ। ਸੁਖਮੀਤ ਦੇ ਘਰ ‘ਚ ਵੀ ਆਰਥਿਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਸੁਖਮੀਤ ਤੇ ਉਸਦਾ ਭਰਾ ਮਨਦੀਪ ਸਿੰਘ ਫੌਜ ‘ਚ ਭਰਤੀ ਹੋਏ ਤਾਂ ਘਰ ਦੀ ਕਬੀਲਦਾਰੀ ਪਟੜੀ ‘ਤੇ ਪਰਤ ਆਈ।
ਨਿਸ਼ਾਨੇਬਾਜ਼ ਜੌੜੇ ਭਰਾ ਵੀ ਲਾਉਂਦੇ ਨੇ ਸੋਨੇ ‘ਤੇ ਨਿਸ਼ਾਨਾ
ਮਾਨਸਾ ਦੇ ਜੰਮਪਲ ਨਿਸ਼ਾਨੇਬਾਜ ਜੌੜੇ ਭਰਾ ਵਿਜੇਵੀਰ ਤੇ ਉਦੇਵੀਰ ਸਿੱਧੂ ਵੀ ਸੋਨ ਤਗਮਿਆਂ ‘ਤੇ ਨਿਸ਼ਾਨੇ ਲਾਉਂਦੇ ਹਨ। ਇਨ੍ਹਾਂ ਦੋਵਾਂ ਭਰਾਵਾਂ ਨੇ ਬੀਤੇ ਦਿਨੀਂ ਸਮਾਪਤ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚੋਂ ਵਿਅਕਤੀਗਤ ਪੱਧਰ ‘ਤੇ ਵੀ ਦੋ ਸੋਨ ਤਗਮੇ ਤੇ ਟੀਮ ਪੱਧਰ ‘ਤੇ ਵੀ ਦੋ ਸੋਨ ਤਗਮੇ ਜਿੱਤਕੇ ਦੇਸ਼ ਦੀ ਝੋਲੀ ਪਾਏ ਹਨ। ਇਨ੍ਹਾਂ ਖਿਡਾਰੀਆਂ ਦੇ ਮ੍ਰਿਤਕ ਪਿਤਾ ਗੁਰਪ੍ਰੀਤ ਸਿੰਘ ਸਿੱਧੂ ਦਾ ਸੁਫ਼ਨਾ ਸੀ ਕਿ ਉਸਦੇ ਪੁੱਤ ਕੌਮਾਂਤਰੀ ਪੱਧਰ ‘ਤੇ ਖਿਡਾਰੀ ਬਣਨ।
ਉਹ ਆਪਣੇ ਖਿਡਾਰੀ ਪੁੱਤਾਂ ਨੂੰ ਭਾਵੇਂ ਹੀ ਹੁਣ ਤਗਮੇ ਜਿੱਤਦਿਆਂ ਨਹੀਂ ਵੇਖ ਰਹੇ ਪਰ ਇਹ ਖਿਡਾਰੀ ਆਪਣੇ ਮ੍ਰਿਤਕ ਪਿਤਾ ਦਾ ਸੁਫ਼ਨਾ ਜ਼ਰੂਰ ਪੂਰਾ ਕਰ ਰਹੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਪਟਿਆਲਾ ਦੇ ਰਾਜਕੰਵਰ ਸਿੰਘ ਸੰਧੂ ਨੇ ਵੀ ਟੀਮ ਪੱਧਰ ‘ਚ ਸੋਨ ਤਗਮਾ ਜਿੱਤਿਆ ਹੈ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ 25 ਮੀਟਰ ਪਿਸਟਲ ਮੁਕਾਬਲੇ ‘ਚ ਹਿੱਸਾ ਲਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।