ਸਿਆਸੀ ਸ਼ਰੀਕੇਬਾਜੀ ਦੇ ਦੌਰ ‘ਚ ਚੋਣ ਲੜ ਰਹੇ ਉਮੀਦਵਾਰਾਂ ਦਿਖਾਈ ਭਾਈਚਾਰਕ ਸਾਂਝ
ਬੋਹਾ, ਤਰਸੇਮ ਮੰਦਰਾਂ/ਸੱਚ ਕਹੂੰ ਨਿਊਜ
ਸਿਆਸੀ ਸ਼ਰੀਕੇਬਾਜੀ ਦੇ ਦੌਰ ‘ਚ ਵਿਧਾਨ ਸਭਾ ਹਲਕਾ ਬੁਢਲਾਡਾ ‘ਚ ਪੈਂਦੇ ਬਲਾਕ ਸੰਮਤੀ ਜ਼ੋਨ ਮਲਕੋਂ ਨੇ ਚੰਗੀ ਉਦਾਹਰਨ ਕਾਇਮ ਕੀਤੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਪਹਿਲਾਂ ਸਿਆਸੀ ਧਿਰਾਂ ਦੇ ਤਣਾਅ ਨੂੰ ਵੇਖਦਿਆਂ ਸੰਵੇਦਨਸ਼ੀਲ ਕਰਾਰ ਦਿੱਤਾ ਹੋਇਆ ਸੀ ਪਰ ਹੋਇਆ ਇਸ ਤੋਂ ਉਲਟ, ਇਸ ਜੋਨ ‘ਚ ਕਿਸੇ ਵੀ ਪਿੰਡ ‘ਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਇੱਥੋਂ ਬਲਾਕ ਸੰਮਤੀ ਦੀ ਚੋਣ ਲੜ ਰਹੀਆਂ ਤਿੰਨੋਂ ਉਮੀਦਵਾਰਾਂ ਵੀ ਇੱਕੋਂ ਪੋਲਿੰਗ ਸਟੇਸ਼ਨ ‘ਤੇ ਖੜ੍ਹੀਆਂ ਵਿਖਾਈ ਦਿੱਤੀਆਂ।
ਵੇਰਵਿਆਂ ਮੁਤਾਬਿਕ ਬਲਾਕ ਸੰਮਤੀ ਜੋਨ ਮਲਕੋਂ ਤੋਂ ਚੋਣ ਲੜ ਰਹੀਆਂ ਤਿੰਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਭਾਈਚਾਰਕ ਸਾਂਝ ਦੀ ਇੱਕ ਨਵੀਂ ਮਿਸਾਲ ਕਾਇਮ ਕਰਦਿਆਂ ਇੱਕੋਂ ਪੋਲਿੰਗ ਸਟੇਸ਼ਨ ‘ਤੇ ਖੜ੍ਹ ਕੇ ਉਮੀਦਵਾਰਾਂ ਨਾਲ ਰਾਬਤਾ ਕਾਇਮ ਕੀਤਾ। ਬਲਾਕ ਸੰਮਤੀ ਜੋਨ ਮਲਕੋਂ ਮਹਿਲਾਵਾਂ ਲਈ ਰਾਖਵਾਂ ਹੈ। ਇਸ ਹਲਕੇ ਤੋਂ ਕਾਂਗਰਸ ਵੱਲੋਂ ਨਸੀਬ ਕੌਰ ਪਤਨੀ ਜੰਟਾ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨੀਲਮ ਰਾਣੀ ਪਤਨੀ ਰੇਸ਼ਮ ਸਿੰਘ ਤੇ ਆਮ ਆਦਮੀ ਪਾਰਟੀ ਵੱਲੋਂ ਚਰਨਜੀਤ ਕੌਰ ਪਤਨੀ ਰਾਜ ਸਿੰਘ ਉਮੀਦਵਾਰ ਸਨ। ਇਨ੍ਹਾਂ ਉਮੀਦਵਾਰਾਂ ਨੇ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਤਿੰਨੋਂ ਪਿੰਡ ਆਲਮਪਰ ਮੰਦਰਾਂ ਦੀਆਂ ਵਸਨੀਕ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੀਲਮ ਰਾਣੀ ਦਾ ਕਹਿਣਾ ਹੈ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਿੰਡ ਦੀ ਭਾਈਚਾਰਕ ਸਾਂਝ ਕਾਇਮ ਰੱਖਣੀ ਜਰੂਰੀ ਹੁੰਦੀ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਉਹ ਘਰ ਦੀ ਚਾਰਦੀਵਾਰੀ ਵਿੱਚ ਕੈਦ ਹੋ ਕੇ ਨਹੀ ਰਹਿਣਾ ਚਾਹੁੰਦੀ ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਅੱਗੇ ਮੌਕਾ ਮਿਲਦਾ ਹੈ ਤਾਂ ਉਹ ਪਿੰਡ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਉਹਨਾਂ ਕਿਹਾ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ ਕਿਰਦਾਰ ਬੰਦੇ ਦਾ ਆਪਣਾ ਹੁੰਦਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੇ ਸਹੁਰੇ ਪਰਿਵਾਰ ਦਾ ਪਿੰਡ ਦੇ ਚੰਗੇ ਲੋਕਾਂ ਵਿੱਚ ਚੰਗਾ ਅਸਲ ਰਸੂਖ ਹੈ ਤੇ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਇਸ ਲਈ ਪਾਰਟੀ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ। ਇਸ ਸਬੰਧੀ ਕਾਂਗਰਸ ਦੀ ਉਮੀਦਵਾਰ ਨਸੀਬ ਕੌਰ ਦੇ ਪਤੀ ਅਤੇ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਕਰੀਬੀ ਤੇ ਕਾਂਗਰਸੀ ਆਗੂ ਜੰਟਾ ਸਿੰਘ ਨੇ ਦੱਸਿਆ ਕਿ ਪਿਛਲੀਆਂ ਬਲਾਕ ਸੰਮਤੀ ਚੋਣਾਂ ‘ਚ ਉਸਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ ਪ੍ਰੰਤੂ ਅਕਾਲੀ ਦਲ ਦੀ ਧੱਕੇਸ਼ਾਹੀ ਤਹਿਤ ਉਸ ਨੂੰ ਜਿੱਤਣ ਤੋਂ ਬਾਅਦ ਵੀ ਹਾਰਿਆ ਕਰਾਰ ਦੇ ਦਿੱਤਾ ਤੇ ਇਸ ਵਾਰ ਮਹਿਲਾਵਾਂ ਲਈ ਰਾਖਵਾਂ ਹੋਣ ਕਰਕੇ ਉਸਦੀ ਪਤਨੀ ਨਸੀਬ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਦੇ ਪਤੀ ਰਾਜ ਸਿੰਘ ਨੇ ਕਿਹਾ ਕਿ ਉਹ ਆਪ ਦਾ ਵਰਕਰ ਹੈ ਤੇ ਪਾਰਟੀ ਦੇ ਹੁਕਮਾਂ ਤਹਿਤ ਉਸਦੀ ਪਤਨੀ ਚਰਨਜੀਤ ਕੌਰ ਨੇ ਚੋਣ ਲੜੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।