ਭਾਰਤੀ ਸੰਵਿਧਾਨ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਹੋਣ
Indian Constitution | 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਗੌਰਵਮਈ ਦਿਵਸ ਮੰਨਿਆ ਜਾਂਦਾ। ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ। ਇਸ ਰਾਸ਼ਟਰੀ ਤਿਉਹਾਰ ਨੂੰ ਸਾਰੇ ਦੇਸ਼ਵਾਸੀ ਪੂਰੇ ਉਤਸ਼ਾਹ, ਜੋਸ਼ ਅਤੇ ਸਨਮਾਨਪੂਰਵਕ ਤੌਰ ‘ਤੇ ਮਨਾਉਂਦੇ ਹਨ। ਇਸ ਦਿਨ ਗਵਰਨਮੈਂਟ ਆਫ ਇੰਡੀਆ ਐਕਟ(1935) ਦੀ ਜਗ੍ਹਾ ‘ਤੇ ਅਜਾਦ ਭਾਰਤ ਸੰਵਿਧਾਨ ਲਾਗੂ ਹੋਇਆ ਸੀ। ਇਹ ਉਹ ਦਿਹਾੜਾ ਹੈ ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ-ਵਡੇਰਿਆਂ ਵੱਲੋਂ ਕੀਤੇ ਕੰਮਾਂ ਨੂੰ ਸ਼ੁਕਰਾਨੇ ਵਜੋਂ ਪੂਰੇ ਆਦਰ ਸਹਿਤ ਚੇਤੇ ਕਰਦੇ ਹਨ। ਕਿਉਂਕਿ ਸਾਡਾ ਭਾਰਤ ਦੇਸ਼ ਲੰਬਾ ਸਮਾਂ ਬ੍ਰਿਟਸ਼ ਸ਼ਾਸਨ ਦੇ ਅਧੀਨ ਰਿਹਾ ਹੈ। ਭਾਰਤ ਦੇ ਸੁਤੰਤਰਤਾ ਸੈਨਾਨੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਹੀ ਭਾਰਤ ਨੂੰ 15 ਅਗਸਤ 1947 ਨੂੰ ਅਜ਼ਾਦੀ ਮਿਲੀ।
ਅਜ਼ਾਦੀ ਤੋਂ ਲਗਭਗ ਢਾਈ ਸਾਲ ਬਾਅਦ 26 ਜਨਵਰੀ 1950 ਨੂੰ ਭਾਰਤ ਦੇਸ਼ ਨੂੰ ਇੱਕ ਗਣਤੰਤਰ ਰਾਸ਼ਟਰ ਐਲਾਨ ਦਿੱਤਾ ਗਿਆ। ਦੇਸ਼ ਵਿਚ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ। 26 ਜਨਵਰੀ 1950 ਵਾਲੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ‘ਤੇ ਇਹ ਲੋਕਤੰਤਰ ਦੇਸ਼ ਵੀ ਬਣ ਗਿਆ।
ਸੂਤਰਾਂ ਮੁਤਾਬਕ ਭਾਰਤ ਦੇ ਅਜ਼ਾਦ ਹੋ ਜਾਣ ਤੋਂ ਬਾਅਦ ਸੰਵਿਧਾਨ ਸਭਾ ਦੀ ਘੋਸ਼ਣਾ ਹੋਈ। ਇਸ ਨੇ ਆਪਣਾ ਸਾਰਾ ਕੰਮ ਮੁਕੰਮਲ ਤੌਰ ‘ਤੇ 9 ਦਸੰਬਰ 1947 ਤੋਂ ਕਰਨਾ ਸ਼ੁਰੂ ਕਰ ਦਿੱਤਾ। ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੀਆਂ ਰਾਜ ਸਭਾਵਾਂ ਦੁਆਰਾ ਚੁਣੇ ਮੈਂਬਰਾਂ ਦੁਆਰਾ ਚੁਣੇ ਗਏ। ਜਿਨ੍ਹਾਂ ਵਿਚ ਡਾ. ਭੀਮ ਰਾਓ ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਡਾ. ਰਾਜਿੰਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਅਜ਼ਾਦ ਆਦਿ ਇਸ ਸਭਾ ਦੇ ਪ੍ਰਮੁੱਖ ਮੈਂਬਰ ਸਨ।
ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਿਚ 22 ਕਮੇਟੀਆਂ ਕੰਮ ਕਰਦੀਆਂ ਸਨ। ਜਿਨ੍ਹਾਂ ਵਿਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਤੇ ਮਹੱਤਵਪੂਰਨ ਸੀ। ਇਸ ਕਮੇਟੀ ਦਾ ਮੁੱਖ ਕੰਮ ਸੰਵਿਧਾਨ ਲਿਖਣਾ ਜਾਂ ਇਸ ਦੀ ਬਣਤਰ ਤਿਆਰ ਕਰਨਾ ਸੀ। ਇਸ ਕਮੇਟੀ ਦੇ ਇੰਚਾਰਜ ਡਾ. ਭੀਮ ਰਾਓ ਅੰਬੇਦਕਰ ਸਨ। ਡਰਾਫਟਿੰਗ ਕਮੇਟੀ ਅਤੇ ਉਸ ਵਿਚ ਵਿਸ਼ੇਸ਼ ਤੌਰ ‘ਤੇ ਡਾ. ਅੰਬੇਦਕਰ ਨੇ 2 ਸਾਲ 11 ਮਹੀਨੇ 18 ਦਿਨਾਂ ਵਿਚ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਕੇ ਸਭਾ ਦੇ ਪ੍ਰਮੁੱਖ ਡਾ. ਰਾਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਸੌਂਪ ਦਿੱਤਾ।
ਇਸ ਲਈ 26 ਨਵੰਬਰ ਦਾ ਦਿਨ ਹਰ ਸਾਲ ਸੰਵਿਧਾਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ। ਸੰਵਿਧਾਨ ਸਭਾ ਨੇ ਸੰਵਿਧਾਨ ਤਿਆਰ ਕਰਨ ਲਈ ਕੁੱਲ 114 ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗ ਵਿਚ ਪ੍ਰੈਸ ਅਤੇ ਜਨਤਾ ਨੂੰ ਭਾਗ ਲੈਣ ਦੀ ਅਜ਼ਾਦੀ ਸੀ। ਅਨੇਕਾਂ ਸੁਧਾਰ ਤੇ ਬਦਲਾਵਾਂ ਤੋਂ ਬਾਅਦ ਸਭਾ ਦੇ 308 ਮੈਂਬਰਾਂ ਨੇ 24 ਜਨਵਰੀ 1950 ਵਾਲੇ ਦਿਨ 2 ਹੱਥ ਲਿਖਤ ਕਾਪੀਆਂ ‘ਤੇ ਹਸਤਾਖ਼ਰ ਕੀਤੇ। ਇਸ ਤੋਂ ਬਾਅਦ 26 ਜਨਵਰੀ 1950 ਨੂੰ ਇਹ ਸੰਵਿਧਾਨ ਸਾਰੇ ਦੇਸ਼ ਵਿਚ ਲਾਗੂ ਹੋ ਗਿਆ।
26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਸੰਵਿਧਾਨ ਨਿਰਮਾਤੀ ਸਭਾ ਦੁਆਰਾ ਤਿਆਰ ਸੰਵਿਧਾਨ ਵਿਚ ਭਾਰਤ ਦੇ ਗਣਤੰਤਰ ਸਵਰੂਪ ਨੂੰ ਮਾਨਤਾ ਦਿੱਤੀ ਗਈ। ਇਸ ਮਹੱਤਵਪੂਰਨ ਦਿਵਸ ਨੂੰ ਦੇਖਣ ਲਈ ਸੰਸਾਰ ਭਰ ਤੋਂ ਲੋਕ ਵੱਡੀ ਗਿਣਤੀ ਵਿਚ ਦਿੱਲੀ ਵਿਖੇ ਇਕੱਠੇ ਹੁੰਦੇ ਹਨ। ਇਸ ਦਿਨ ਮੁੱਖ ਮਹਿਮਾਨ ਹਮੇਸ਼ਾ ਇੱਕ ਵਿਦੇਸ਼ੀ ਡਿਗਨੇਟਰੀ ਹੁੰਦਾ ਹੈ। ਦਿੱਲੀ ਵਿਚ ਇਸ ਦਿਨ ਵਿਜੇ ਚੌਂਕ ਵਿਖੇ ਇੱਕ ਵਿਸ਼ੇਸ਼ ਪਰੇਡ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਰਾਸ਼ਟਰੀ ਧੁਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ, ਅਤੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ।
ਅਕਾਸ਼ ਵਿਚ ਤਿਰੰਗੇ, ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। ਏਅਰ ਫੋਰਸ ਦੇ ਜੈੱਟ ਆਪਣੇ ਵੱਖਰੇ-ਵੱਖਰੇ ਕਰਤੱਵਾਂ ਦੁਆਰਾ ਲੋਕਾਂ ਦਾ ਮਨੋਰੰਜਨ ਕਰਦੇ ਹਨ। ਉਹ ਕੌਮੀ ਝੰਡੇ ਤੇ ਰੰਗਾਂ ਦੀ ਨਕਲ ਬਣਾਉਂਦੇ ਹੋਏ ਅੱਗੇ ਵਧਦੇ ਹਨ। ਇਹ ਪਰੇਡ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਰਾਜਪੱਥ ਅਤੇ ਦਿੱਲੀ ਸ਼ਹਿਰ ਦੇ ਹੋਰ ਅਨੇਕਾਂ ਥਾਵਾਂ ਤੋਂ ਹੁੰਦੀ ਹੋਈ ਲਾਲ ਕਿਲ੍ਹੇ ‘ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਜਲ, ਥਲ ਤੇ ਹਵਾਈ ਤਿੰਨਾਂ ਫੌਜਾਂ ਦੀਆਂ ਟੁਕੜੀਆਂ ਬੈਂਡਾਂ ਦੀ ਧੁਨ ‘ਤੇ ਮਾਰਚ ਕਰਦੀਆਂ ਹਨ।
ਪੁਲਿਸ ਦੇ ਜਵਾਨ ਆਪਣੇ ਹਥਿਆਰਾਂ, ਮਿਜ਼ਾਈਲਾਂ, ਟੈਂਕਾਂ, ਹਵਾਈ ਜਹਾਜ਼ਾਂ ਆਦਿ ਦਾ ਪ੍ਰਯੋਗ ਕਰਦੇ ਹੋਏ ਦੇਸ਼ ਦੇ ਰਾਸਟਰਪਤੀ ਨੂੰ ਸਲਾਮੀ ਦਿੰਦੇ ਹਨ। ਮਿਲਟਰੀ ਬੈਂਡ, ਐਨ.ਸੀ.ਸੀ., ਕੈਡਿਟ ਅਤੇ ਸਕੂਲੀ ਬੱਚੇ ਵੀ ਪਰੇਡ ਵਿਚ ਹਿੱਸਾ ਲੈਂਦੇ ਹਨ। ਪਰੇਡ ਤੋਂ ਬਾਅਦ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ। ਇਹ ਝਾਕੀਆਂ ਸਬੰਧਿਤ ਰਾਜਾਂ ਦੀ ਜੀਵਨਸ਼ੈਲੀ, ਸੰਸਕ੍ਰਿਤੀ, ਖਾਣ-ਪਾਣ, ਪਹਿਰਾਵੇ, ਰੀਤੀ-ਰਿਵਾਜਾਂ, ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿਚ ਆਏ ਪਰਿਵਰਤਨਾਂ ਦੇ ਚਿੱਤਰ ਨੂੰ ਦਿਖਾਉਂਦੀਆਂ ਹਨ।
ਇਸ ਮੌਕੇ ਰਾਸ਼ਟਰਪਤੀ ਭਵਨ, ਸੰਸਦ ਭਵਨ ਅਤੇ ਸਰਕਾਰੀ ਦਫਤਰਾਂ ਵਿਚ ਰੌਸ਼ਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਲੋਕ ਨਾਚ ਤੇ ਲੋਕ ਗੀਤ ਪੇਸ਼ ਕੀਤੇ ਜਾਂਦੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਨੂੰ ਚਾਹੇ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸਬੰਧਤ ਹੋਵੇ ਬਰਾਬਰ ਅਜ਼ਾਦੀ, ਨਿਆਂ ਤੇ ਹੱਕ ਦਿਵਾਉਣ ਦੀ ਗਰੰਟੀ ਦਿੰਦਾ ਹੈ। ਦੇਸ਼ ਵਾਸੀਆਂ ਨੂੰ ਲੋਕਤੰਤਰੀ ਤਰੀਕੇ ਨਾਲ ਸਰਕਾਰ ਚੁਣਨ ਦਾ ਅਧਿਕਾਰ ਵੀ ਦਿੰਦਾ ਹੈ। ਕਿਉਂਕਿ ਇੱਕ ਗਣਰਾਜ ਜਾਂ ਗਣਤੰਤਰ ਸਰਕਾਰ ਦਾ ਇੱਕ ਰੂਪ ਹੁੰਦਾ, ਜਿਸ ਨੂੰ ਸਮੂਹ ਦੇਸ਼ਵਾਸੀਆਂ ਦੀ ਸਰਬਸਾਂਝੀ ਸੰਪੱਤੀ ਮੰਨਿਆ ਜਾਂਦਾ, ਨਾ ਕਿ ਸ਼ਾਸਕਾਂ ਦੀ ਨਿੱਜੀ ਸੰਸਥਾ ਜਾਂ ਸੰਪੱਤੀ। ਲੇਕਿਨ ਚਿੰਤਾ ਦੀ ਗੱਲ ਇਹ ਕਿ ਸਾਡੇ ਦੇਸ਼ ਦੇ ਸਿਆਸੀ ਨੇਤਾ ਅੱਜ-ਕੱਲ੍ਹ ਕਾਨੂੰਨ ਨੂੰ ਤਾਂ ਇੱਕ ਖਿਡੌਣਾ ਹੀ ਸਮਝਦੇ ਹਨ।
ਭਾਰਤੀ ਸੰਵਿਧਾਨ ਅਨੁਸਾਰ ਬੇਸ਼ੱਕ ਸੌ ਗੁਨਾਹਗਾਰ ਛੁੱਟ ਜਾਣ, ਪਰੰਤੂ ਕਿਸੇ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਸਾਡੇ ਦੇਸ਼ ਵਿਚ ਕਾਨੂੰਨ ਦੀ ਪ੍ਰਕਿਰਿਆ ਵੀ ਕਈ ਵਾਰ ਤਾਂ ਏਨੀ ਲੰਮੀ ਹੋ ਜਾਂਦੀ ਹੈ ਕਿ ਨਿਆਂ ਲੈਣ ਵਾਲਾ ਨਿਆਂ ਦੀ ਉਡੀਕ ਕਰਦਾ-ਕਰਦਾ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ। ਸਾਡੇ ਦੇਸ਼ ਵਿਚ ਬਣੇ ਇਸ ਤਰ੍ਹਾਂ ਦੇ ਸਿਸਟਮ ਤੋਂ ਤੰਗ ਆ ਕੇ ਹਜ਼ਾਰਾਂ ਲੋਕ ਦੇਸ਼ ਵਿਚੋਂ ਪਲਾਇਨ ਕਰਕੇ ਬਾਹਰ ਜਾ ਰਹੇ ਹਨ।
ਦੇਸ਼ ਦੀ ਨੌਜਵਾਨੀ ਦੀ ਜੇ ਗੱਲ ਕਰੀਏ ਤਾਂ ਦੇਸ਼ ਦੇ ਮੌਜੂਦਾ ਰਾਜਨੇਤਾਵਾਂ ਦੀਆਂ, ਮੁਲਾਜ਼ਮ, ਕਿਸਾਨ, ਮਜ਼ਦੂਰਾਂ ਲਈ ਮਾਰੂ ਨੀਤੀਆਂ ਕਾਰਨ ਖਾਸਕਰ ਦੇਸ਼ ਦੇ ਨੌਜਵਾਨ ਜਾਂ ਤਾਂ ਨਸ਼ਿਆਂ ਵਿਚ ਗੁਲਤਾਨ ਹਨ, ਜਾਂ ਬੇਰੁਜ਼ਗਾਰ ਹੋਣ ਕਾਰਨ ਕੰਮ ਦੀ ਭਾਲ ਵਿਚ ਬਾਹਰਲੇ ਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ। ਦੇਸ਼ ਅੰਦਰ ਚੰਦ ਕੁ ਲੋਕ ਹੀ ਹਨ ਜੋ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਦੇਸ਼ ਦੇ ਹਰ ਨਾਗਰਿਕ ਦਾ ਇਹ ਪਹਿਲਾ ਫਰਜ ਬਣਦਾ ਹੈ ਕਿ ਦੇਸ਼ ਦੇ ਸੰਵਿਧਾਨ ਦੀ ਮਰਯਾਦਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰੇ, ਤਾਂ ਜੋ ਸਾਡੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ਵਾਲਿਆਂ ਦੇ ਸੁਫ਼ਨਿਆਂ ਨੂੰ ਸਕਾਰ ਕੀਤਾ ਜਾ ਸਕੇ।
ਦੂਜੇ ਪਾਸੇ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਸਾਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਜ਼ਾਦੀ ਦੇ ਪਰਵਾਨਿਆਂ ਵੱਲੋਂ ਕੀਤੀ ਗਈ ਨਿਹਸਵਾਰਥ ਸਖ਼ਤ ਮਿਹਨਤ ਤੇ ਕੁਰਬਾਨੀ ਨੂੰ ਬਿਰਥਾ ਨਾ ਜਾਣ ਦੇਈਏ ਤੇ ਦੇਸ਼ ਤੇ ਸਮਾਜ ਨੂੰ ਅੱਗੇ ਵਧਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ।
ਪ੍ਰਤੀਨਿਧ, ਸੱਚ ਕਹੂੰ,
ਲੰਬੀ/ਮਲੋਟ, ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।