ਤਾਲਾਬੰਦੀ ਸਮੇਂ ਕਿਵੇਂ ਕੀਤਾ ਜਾਵੇ ਬੱਚਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ

ਤਾਲਾਬੰਦੀ ਸਮੇਂ ਕਿਵੇਂ ਕੀਤਾ ਜਾਵੇ ਬੱਚਿਆਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ

ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ-ਕੱਲ੍ਹ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹਨ। ਸਿੱਖਿਆ ਵਿਭਾਗ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਹਰੇਕ ਪ੍ਰਕਾਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੀਆਂ ਤਰਕੀਬਾਂ ਲੜਾਈਆਂ ਜਾ ਰਹੀਆਂ ਹਨ। ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸੂਚਨਾ ਤਕਨੀਕ ਦੀਆਂ ਵੱਖ-ਵੱਖ ਜੁਗਤਾਂ ਰਾਹੀਂ ਬੱਚਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਮੇਂ ਮਾਪੇ, ਬੱਚੇ ਅਤੇ ਅਧਿਆਪਕ ਵਿਸ਼ੇਸ਼ ਕਿਸਮ ਦੇ ਮਨੋਵਿਗਿਆਨਕ ਫੇਜ਼ ਵਿੱਚੋਂ ਗੁਜ਼ਰ ਰਹੇ ਹਨ। ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀ ਵੱਡੀ ਗਿਣਤੀ ਵਿਚ ਆਨਲਾਈਨ ਪੜ੍ਹਾਈ ਨਾਲ ਜੁੜ ਚੁੱਕੇ ਹਨ, ਗੂਗਲ ਫਾਰਮਾਂ ਰਾਹੀਂ ਸਕੂਲਾਂ ਵਿੱਚ ਨਵੇਂ ਸੈਸ਼ਨ ਸਬੰਧੀ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ, ਅਧਿਆਪਕਾਂ ਵੱਲੋਂ ਤਿਆਰ ਕੀਤਾ ਸਿਲੇਬਸ ਬੱਚਿਆਂ ਤੱਕ ਪਹੁੰਚਦਾ ਕੀਤਾ ਜਾ ਰਿਹਾ ਹੈ। ਬੱਚੇ ਪ੍ਰਤੀ ਸਕੂਲ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ।

ਕੇਵਲ ਸਿਲੇਬਸ ਰਾਹੀਂ ਨਹੀਂ ਸਗੋਂ ਅਧਿਆਪਕਾਂ ਨੂੰ ਬੱਚਿਆਂ ਅਤੇ ਮਾਪਿਆਂ ਦਾ ਸਹੀ ਮਾਰਗਦਰਸ਼ਕ ਵੀ ਕਰਨਾ ਜ਼ਰੂਰੀ ਹੈ। ਸਕੂਲਾਂ ਵੱਲੋਂ ਵਟਸਐਪ ਸੰਦੇਸ਼ਾਂ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਕਰਵਾਉਣ ਲਈ ਵੀਡੀਓ ਯੂਟਿਊਬ ਅਤੇ ਆਡੀਓ ਵੈਬਸਾਈਟਾਂ ਦੇ ਲਿੰਕ ਭੇਜੇ ਜਾ ਰਹੇ ਹਨ, ਇਨ੍ਹਾਂ ਹਲਾਤਾਂ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ‘ਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ, ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ।

ਜੇਕਰ ਬੱਚਾ ਸਕੂਲ ਵੱਲੋਂ ਭੇਜੇ ਕੰਮ ਨੂੰ ਪੂਰਾ ਨਹੀਂ ਕਰਦਾ ਤਾਂ ਮਾਪਿਆਂ ਨੂੰ ਘਬਰਾਉਣ ਦੀ ਬਜਾਏ ਬੱਚੇ ਨੂੰ ਪਿਆਰ ਨਾਲ ਪ੍ਰੇਰਿਤ ਕਰਕੇ ਪੜ੍ਹਾਈ ਨਾਲ ਜੋੜਿਆ ਜਾਵੇ, ਬੱਚੇ ਨੂੰ ਸਿਖਾਉਣ ਲਈ ਵੱਖੋ-ਵੱਖਰੀਆਂ ਕਲਾਕਾਰੀ ਜੁਗਤਾਂ ਵਰਤੀਆਂ ਜਾਣ, ਨਿੱਕੀਆਂ ਕਹਾਣੀਆਂ, ਕਵਿਤਾਵਾਂ ਅਤੇ ਰੰਗਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ। ਕੁਝ ਮਟੀਰੀਅਲ ਕੋਰੋਨਾ ਵਾਇਰਸ ਰੋਕਥਾਮ ਬਾਰੇ ਜਾਗਰੂਕ ਕਰਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ।

ਹਰ ਬੱਚੇ ਦਾ ਆਪਣਾ ਸੰਸਾਰ ਹੈ ਤੇ ਉਸ ਦਾ ਆਪਣਾ ਮੂਡ ਹੈ, ਇਸ ਲਈ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਅਤੇ ਸਨੇਹ ਨਾਲ ਸਮਝਾਉਣ ਦੀ ਲੋੜ ਹੈ ਤਾਂ ਜੋ ਬੱਚੇ ਨੂੰ ਬਿਨਾਂ ਕਿਸੇ ਦਬਾਅ ਦੇ ਸਹੀ ਪਾਸੇ ਵੱਲ ਤੁਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਮਾਪਿਆਂ ਨੂੰ ਬੱਚਿਆਂ ਨਾਲ ਘੁਲਣਾ-ਮਿਲਣਾ ਤੇ ਖੇਡਣਾ ਚਾਹੀਦਾ ਹੈ ਇਹ ਵੀ ਜ਼ਰੂਰੀ ਹੈ ਕਿ ਤਕਨੀਕ ਦਾ ਜ਼ਮਾਨਾ ਹੈ ਅਤੇ ਬੱਚਾ ਮੋਬਾਈਲ, ਟੀਵੀ, ਕੰਪਿਊਟਰ, ਲੈਪਟਾਪ ਰਾਹੀਂ ਕੁਝ ਨਾ ਕੁਝ ਸਿੱਖ ਜ਼ਰੂਰ ਰਿਹਾ ਹੈ। ਇਨ੍ਹਾਂ ਵਿਚਾਰਾਂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਬੱਚੇ ਨੂੰ ਪੜ੍ਹਾਉਣ ਦੀ ਥਾਂ ਸਿਖਾਉਣ ‘ਤੇ ਜ਼ੋਰ ਲਾਉਣਾ ਵੀ ਜ਼ਿਆਦਾ ਜ਼ਰੂਰੀ ਹੈ।

ਇਨ੍ਹਾਂ ਕਰਫ਼ਿਊ ਵਾਲੇ ਦਿਨਾਂ ਵਿੱਚ ਬੱਚੇ ਆਪਣੀ ਮਾਤਾ ਦੀ ਖਾਣਾ ਬਣਾਉਣ ਵਿੱਚ ਸਹਾਇਤਾ ਕਰਨਾ, ਗਮਲਿਆਂ ਨੂੰ ਪਾਣੀ ਦੇਣਾ, ਘਰੇਲੂ ਬਗੀਚੀ ਦੀ ਸਾਂਭ-ਸੰਭਾਲ ਕਰਨਾ, ਕੋਰੋਨਾ ਵਾਇਰਸ ਦੀ ਰੋਕਥਾਮ ਲਈ ਚਿੱਤਰਕਾਰੀ ਕਰਨਾ ਆਦਿ ਕੰਮ ਆਨਲਾਈਨ ਪੜ੍ਹਾਈ ਦੇ ਨਾਲ ਕੀਤੇ ਜਾਣ ਤਾਂ ਜ਼ਿਆਦਾ ਲਾਭਦਾਇਕ ਹਨ ਇਸ ਤਰ੍ਹਾਂ ਜ਼ਿੰਦਗੀ ਦੇ ਹੁਨਰ ਸਿੱਖਣੇ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਜ਼ਰੂਰੀ ਵੀ ਹਨ ਅਜਿਹੇ ਕੰਮ ਬੱਚਿਆਂ ਨੂੰ ਭਵਿੱਖ ਵਿੱਚ ਲਾਹੇਵੰਦ ਸਿੱਧ ਹੁੰਦੇ ਹਨ ਬੱਚੇ ਨੈਤਿਕ ਸਿੱਖਿਆ ਦਾ ਪਾਠ ਬਿਨਾਂ ਪੜ੍ਹੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਹੀ ਯਾਦ ਕਰ ਸਕਦੇ ਹਨ ਬੱਚਿਆਂ ਨਾਲ ਉਨ੍ਹਾਂ ਦੇ ਵਿਚਾਰ ਸਾਂਝੇ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ਕੋਲ ਬਹੁਤ ਨਵੇਂ ਵਿਚਾਰ ਹੁੰਦੇ ਹਨ

ਬੱਚਿਆਂ ਨੂੰ ਘਰ ਵਿੱਚ ਮਾਤਾ-ਪਿਤਾ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਵੱਲੋਂ ਵਧੀਆ ਮਾਹੌਲ ਮਿਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹਾ ਮਾਹੌਲ ਬੱਚਿਆਂ ਦੀ ਮਾਨਸਿਕ ਸੋਚ ਅਤੇ ਮਾਨਸਿਕ ਸੁਡੋਲਤਾ ਵਿੱਚ ਵਾਧਾ ਕਰਦਾ ਹੈ ਘਰ ਵਿੱਚ ਹੀ ਹਲਕੀਆਂ-ਫੁਲਕੀਆਂ ਸਰੀਰਕ ਕਸਰਤਾਂ ਦੇ ਸਾਧਨ ਹੋਣੇ ਬਹੁਤ ਜ਼ਰੂਰੀ ਹਨ ਬੱਚੇ ਨੂੰ ਸਿਹਤ ਸੰਭਾਲ ਦੀਆਂ ਗਤੀਵਿਧੀਆਂ ਕਰਨ ਲਈ ਵੀ ਉਤਸ਼ਾਹਿਤ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ

ਘਰ ਵਿੱਚ ਜੋ ਸਾਧਨ ਉਪਲੱਬਧ ਹਨ ਉਨ੍ਹਾਂ ਦੀ ਵਰਤੋਂ ਕਰਕੇ ਬੱਚਿਆਂ ਨੂੰ ਕਲਾ ਅਤੇ ਸੰਗੀਤ ਨਾਲ ਜੋੜਿਆ ਜਾਵੇ ਉਨ੍ਹਾਂ ਨੂੰ ਪੜ੍ਹਨ, ਲਿਖ਼ਣ ਅਤੇ ਖੇਡਣ, ਕੰਮ ਕਰਨ ਦੀ ਸੁਤੰਤਰਤਾ ਅਤੇ ਲੋੜੀਂਦਾ ਮਾਹੌਲ ਦਿੱਤਾ ਜਾਵੇ, ਬੱਚਿਆਂ ਨੂੰ ਕੰਮ ਕਰਨ ਲਈ ਸੂਚੀ ਬਣਾ ਕੇ ਦਿਓ ਅਤੇ ਨਾਲ ਹੀ ਉਨ੍ਹਾਂ ਨੂੰ ਖੁੱਲ੍ਹ ਦੇ ਦਿਓ ਕਿ ਉਹ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਕੰਮ ਕਿਸੇ ਸਮੇਂ ਵੀ ਕਰ ਸਕਦੇ ਹਨ ਇਹ ਵੀ ਗੱਲ ਯਾਦ ਰੱਖਣ ਯੋਗ ਹੈ ਕਿ ਬੱਚਿਆਂ ਅੰਦਰ ਅਸੀਮ ਊਰਜਾ ਤੇ ਬੇਅੰਤ ਸਮਰੱਥਾ ਹੁੰਦੀ ਹੈ

ਜਿਸ ਦੀ ਵਰਤੋਂ ਲਈ ਮਾਪਿਆਂ ਦਾ ਸਹਿਯੋਗੀ ਵਤੀਰਾ ਬਹੁਤ ਜ਼ਰੂਰੀ ਹੈ ਘਰ ਦੇ ਨਿੱਕੇ-ਨਿੱਕੇ ਕੰਮਾਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਉਨ੍ਹਾਂ ਅੰਦਰ ਆਤਮਵਿਸ਼ਵਾਸ ਭਰ ਦਿੰਦੀ ਹੈ। ਬੱਚਿਆਂ ਨੂੰ ਛੋਟੇ-ਛੋਟੇ ਹਲਕੇ-ਫੁਲਕੇ ਪ੍ਰਾਜੈਕਟਾਂ ‘ਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਵੀ ਜ਼ਰੂਰੀ ਹੈ, ਕਿਸੇ ਇੱਕ ਵਿਸ਼ੇ ‘ਤੇ ਲੇਖ, ਕਵਿਤਾ ਜਾਂ ਗੀਤ ਰਚਨਾ ਕਰਨਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਸਿਰਜਣਾਤਮਕ ਕੰਮ ਹਨ

ਜੋ ਬੱਚੇ ਘਰ ਬੈਠ ਕੇ ਲਾਕਡਾਊਨ ਦੇ ਪੀਰੀਅਡ ਦੌਰਾਨ ਕਰ ਸਕਦੇ ਹਨ ਅਜਿਹੇ ਹਲਾਤਾਂ ਵਿੱਚ ਗਿਆਨ ਨਾਲ ਤੰਦਰੁਸਤੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਜਿਹੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਬੱਚੇ ਗਿਆਨ ਦੇ ਨਾਲ-ਨਾਲ ਸਰੀਰਿਕ ਤੰਦਰੁਸਤੀ ਵੱਲ ਵੀ ਖਾਸ ਧਿਆਨ ਦੇਣ।
ਪ੍ਰੋ. ਜਸਵਿੰਦਰ ਕੌਰ, ਫਿਰੋਜ਼ਪੁਰ ਸ਼ਹਿਰ
ਮੋ. 94658-06991

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।