ਲੰਪੀ ਸਕਿੱਨ: ਮਰ ਰਹੇ ਪਸ਼ੂਆਂ ਦਾ ਨਿਪਟਾਰਾ ਵੱਡੀ ਚੁਣੌਤੀ
ਪੰਜਾਬ ’ਚ ਲੰਪੀ ਸਕਿਨ ਬਿਮਾਰੀ ਦਾ ਪ੍ਰਕੋਪ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਹ ਬਿਮਾਰੀ ਵੱਡੇ ਪੱਧਰ ’ਤੇ ਪਸ਼ੂਆਂ ਖਾਸ ਕਰਕੇ ਗਾਂ ਜਾਤੀ ਦੇ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਹਜ਼ਾਰਾਂ ਦੀ ਗਿਣਤੀ ’ਚ ਗਾਵਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਪਸ਼ੂਆਂ ਦੀ ਇਸ ਬਿਮਾਰੀ ਦੇ ਫੈਲਾਅ ਤੋਂ ਪਸ਼ੂ ਪਾਲਕ ਡਾਹਢੀ ਚਿੰਤਾ ਵਿੱਚ ਹਨ। ਕਈ ਪਰਿਵਾਰਾਂ ਦੀ ਤਾਂ ਆਰਥਿਕਤਾ ਦਾ ਆਧਾਰ ’ਕੱਲੇ-ਕਾਰੇ ਪਸ਼ੂ ਵੀ ਬਿਮਾਰੀ ਦੀ ਭੇਟ ਚੜ੍ਹ ਰਹੇ ਹਨ। ਮਰ ਚੁੱਕੇ ਪਸ਼ੂਆਂ ਨੂੰ ਰੋਂਦੇ ਪਰਿਵਾਰਾਂ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਵੇਖ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ਵੱਡੀ ਪੱਧਰ ’ਤੇ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਭਵਿੱਖ ’ਚ ਦੁੱਧ ਦੀਆਂ?ਕੀਮਤਾਂ ’ਚ ਇਜ਼ਾਫੇ ਦਾ ਵੀ ਸਬੱਬ ਬਣਨਗੀਆਂ।
ਸੂਬਾ ਸਰਕਾਰ ਦੇ ਪਸ਼ੂ ਸਿਹਤ ਵਿਭਾਗ ਵੱਲੋਂ ਬਿਮਾਰੀ ਤੋਂ ਪਸ਼ੂਆਂ ਦੇ ਬਚਾਅ ਅਤੇ ਇਲਾਜ ਹਿੱਤ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੈਕਸੀਨ ਪ੍ਰਾਪਤੀ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਬਣਾਇਆ ਗਿਆ ਹੈ। ਮਾਹਿਰਾਂ ਦੇ ਦੱਸਣ ਅਨੁਸਾਰ ਪਸ਼ੂਆਂ ਦੀ ਇਹ ਬਿਮਾਰੀ ਬੇਸ਼ੱਕ ਪੁਰਾਣੀ ਹੈ ਪਰ ਪੰਜਾਬ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ। ਬਿਮਾਰੀ ਦਾ ਤੇਜ਼ੀ ਨਾਲ ਹੋਇਆ ਫੈਲਾਅ ਪਸ਼ੂ ਪਾਲਣ ਨੂੰ ਵਪਾਰਕ ਕਿੱਤੇ ਵਜੋਂ ਲੈਣ ਵਾਲਿਆਂ ਤੋਂ ਲੈ ਕੇ ਪਰਿਵਾਰਕ ਗੁਜ਼ਾਰੇ ਲਈ ਪਸ਼ੂ ਪਾਲਣ ਵਾਲਿਆਂ ਲਈ ਆਫਤ ਬਣ ਗਿਆ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਬਿਮਾਰੀ ਨਾਲ ਉਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।
ਪਸ਼ੂਆਂ ਦਾ ਮਹਿੰਗਾ ਇਲਾਜ ਆਮ ਪਰਿਵਾਰਾਂ ਦੇ ਵੱਸੋਂ ਬਾਹਰ ਹੋਣ ਦੇ ਨਾਲ-ਨਾਲ ਬਹੁਤੇ ਕੇਸਾਂ ’ਚ ਮਹਿੰਗੇ ਇਲਾਜ ਖਰਚੇ ਉਪਰੰਤ ਵੀ ਪਸ਼ੂਆਂ ਦੀ ਹੋ ਰਹੀ ਮੌਤ ਦੂਹਰੇ ਆਰਥਿਕ ਘਾਟੇ ਦਾ ਸਬੱਬ ਬਣ ਰਹੀ ਹੈ। ਬਿਮਾਰੀ ਤੋਂ ਪੀੜਤ ਬੇਸਹਾਰਾ ਗਲੀਆਂ ’ਚ ਘੁੰਮਦੇ ਪਸ਼ੂਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਦੇ ਇਲਾਜ ਲਈ ਹਾਲੇ ਤੱਕ ਕੋਈ ਵਿਆਪਕ ਉਪਰਾਲਾ ਨਜ਼ਰ ਨਹੀਂ ਆ ਰਿਹਾ। ਹੋਰ ਤਾਂ ਹੋਰ ਇਨ੍ਹਾਂ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਵਾਲੇ ਆਮ ਲੋਕ ਵੀ ਹੁਣ ਇਨ੍ਹਾਂ ਤੋਂ ਪਾਸਾ ਵੱਟਣ ਲੱਗੇ ਹਨ।
ਪਸ਼ੂਆਂ ਦੀਆਂ ਵੱਡੀ ਪੱਧਰ ’ਤੇ ਹੋ ਰਹੀਆਂ ਮੌਤਾਂ ਨਾਲ ਮੁਰਦਾ ਪਸ਼ੂਆਂ ਦਾ ਨਿਪਟਾਰਾ ਚੁਣੌਤੀ ਅਤੇ ਖਤਰਾ ਬਣਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਈ ਖੇਤਰਾਂ ਦੀਆਂ ਹੱਡਾਰੋੜੀਆਂ ਮੁਰਦਾ ਪਸ਼ੂਆਂ ਨਾਲ ਨੱਕੋ-ਨੱਕ ਭਰ ਗਈਆਂ ਹਨ। ਕਈ ਖੇਤਰਾਂ ’ਚ ਹਾਲਾਤ ਇਸ ਤੋਂ ਵੀ ਖਤਰਨਾਕ ਹਨ ਲੋਕ ਰਾਤ-ਬਰਾਤੇ ਮੁਰਦਾ ਪਸ਼ੂਆਂ ਨੂੰ ਜਨਤਕ ਥਾਵਾਂ ’ਤੇ ਸੁੱਟ ਜਾਂਦੇ ਹਨ। ਇਸ ਤਰ੍ਹਾਂ ਖੁੱਲ੍ਹੇਆਮ ਸੁੱਟੇ ਮੁਰਦਾ ਪਸ਼ੂਆਂ ਨੂੰ ਆਵਾਰਾ ਕੁੱਤੇ ਖਾ ਰਹੇ ਹਨ ਅਤੇ ਆਲਾ-ਦੁਆਲਾ ਬਦਬੂ ਨਾਲ ਭਰ ਰਿਹਾ ਹੈ।
ਜਦਕਿ ਇਸ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਧਰਤੀ ’ਚ ਦੱਬਣਾ ਹੀ ਨਿਪਟਾਰੇ ਦਾ ਸਹੀ ਤਰੀਕਾ ਹੈ। ਇਸ ਤਰ੍ਹਾਂ ਖੁੱਲ੍ਹੇ ’ਚ ਸੁੱਟੇ ਮੁਰਦਾ ਪਸ਼ੂ ਕਈ ਹੋਰ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਕੇ ਹੋਰਨਾਂ ਪਸ਼ੂਆਂ, ਇੱਥੋਂ ਤੱਕ ਕਿ ਇਨਸਾਨਾਂ ਲਈ ਵੀ ਖਤਰਾ ਬਣ ਸਕਦੇ ਹਨ। ਗੱਲ ਇੱਥੇ ਹੀ ਬੱਸ ਨਹੀਂ ਕਈ ਥਾਵਾਂ ’ਤੇ ਮੁਰਦਾ ਪਸ਼ੂਆਂ ਨੂੰ ਟਿਕਾਣੇ ਲਾਉਣ ਵਾਲੀਆਂ ਥਾਵਾਂ ਨੂੰ ਲੈ ਕੇ ਟਕਰਾਅ ਦੀਆਂ ਖਬਰਾਂ ਵੀ ਆ ਰਹੀਆਂ ਹਨ। ਮੁਰਦਾ ਪਸ਼ੂਆਂ ਨੂੰ ਟਿਕਾਣੇ ਲਾਉਣ ਵਾਲੇ ਲੋਕਾਂ ਵੱਲੋਂ ਪੀੜਤਾਂ ਦੀ ਮਜਬੂਰੀ ਦਾ ਲਾਹਾ ਲੈਂਦਿਆਂ ਆਰਥਿਕ ਲੁੱਟ ਦੀਆਂ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ।
ਇਨਸਾਨੀ ਬਿਮਾਰੀ ਦਾ ਕਾਰਨ ਬਣੇ ਕੋਰੋਨਾ ਵਾਇਰਸ ਵਾਂਗ ਹੀ ਇਹ ਬਿਮਾਰੀ ਵੀ ਸਾਡੇ ਲਈ ਇੱਕ ਆਫਤ ਦਾ ਦੌਰ ਹੈ। ਇਸ ਆਫਤ ਦਾ ਮੁਕਾਬਲਾ ਵੀ ਸਮਰਪਿਤ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਕੀਤੇ ਜਾਣ ਦੀ ਜਰੂਰਤ ਹੈ। ਮੁਰਦਾ ਪਸ਼ੂਆਂ ਨੂੰ ਟਰਾਲੀਆਂ ’ਚ ਲੱਦ ਕੇ ਖੁੱਲ੍ਹੀਆਂ ਥਾਵਾਂ ’ਤੇ ਸ਼ਰੇਆਮ ਸੁੱਟਣ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਡੀ ਇਨਸਾਨੀਅਤ ’ਤੇ ਬਹੁਤ ਵੱਡਾ ਸਵਾਲ ਹਨ। ਮੌਤ ਉਪਰੰਤ ਇਨ੍ਹਾਂ ਬੇਜ਼ੁਬਾਨਾਂ ਦੀ ਇਸ ਕਦਰ ਬੇਕਦਰੀ ਇਨਸਾਨੀਅਤ ’ਤੇ ਧੱਬਾ ਹੈ। ਦੁੱਧ ਸਮੇਤ ਸਾਡੀਆਂ ਤਮਾਮ ਜਰੂਰਤਾਂ ਪੂਰੀਆਂ ਕਰਨ ਵਾਲੇ ਪਸ਼ੂਆਂ ਦੀ ਇਸ ਤਰ੍ਹਾਂ ਬੇਕਦਰੀ ਬਹੁਤ ਗਲਤ ਹੈ।
ਇਸ ਤਰ੍ਹਾਂ ਦੀ ਬੇਕਦਰੀ ਕਿਸੇ ਹੋਰ ਬਿਮਾਰੀ ਦੇ ਰੂਪ ਵਿੱਚ ਮਨੁੱਖਤਾ ਲਈ ਵੀ ਖਤਰਾ ਬਣ ਸਕਦੀ ਹੈ। ਇਸ ਦੌਰਾਨ ਬਹੁਤ ਸਾਰੀਆਂ ਥਾਵਾਂ ਤੋਂ ਚੰਗੀਆਂ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਕਈ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬ ਪਿੰਡਾਂ ਦੇ ਮੁਰਦਾ ਪਸ਼ੂਆਂ ਦੀ ਸੰਭਾਲ ’ਚ ਲੋੜਵੰਦ ਪੀੜਤਾਂ ਦੀ ਮੱਦਦ ਲਈ ਅੱਗੇ ਆ ਰਹੀਆਂ ਹਨ। ਮੁਰਦਾ ਪਸ਼ੂਆਂ ਦੇ ਨਿਪਟਾਰੇ ਦੀ ਸਮੱਸਿਆ ਬਾਰੇ ਸਰਕਾਰੀ ਪੱਧਰ ’ਤੇ ਵੀ ਗੰਭੀਰਤਾ ਨਾਲ ਸੋਚੇ ਜਾਣ ਦੀ ਜਰੂਰਤ ਹੈ। ਤੰਦਰੁਸਤ ਪਸ਼ੂਆਂ ਦੀ ਵੈਕਸੀਨੇਸ਼ਨ ਜਰੀਏ ਸੁਰੱਖਿਆ ਅਤੇ ਬਿਮਾਰ ਪਸ਼ੂਆਂ ਦੇ ਇਲਾਜ ਦੇ ਨਾਲ-ਨਾਲ ਹੀ ਮੁਰਦਾ ਪਸ਼ੂਆਂ ਦੇ ਨਿਪਟਾਰੇ ਲਈ ਵੀ ਸਰਕਾਰੀ ਪੱਧਰ ’ਤੇ ਹੈਲਪਲਾਈਨਾਂ ਅਤੇ ਟੀਮਾਂ ਦਾ ਗਠਨ ਸਮੇਂ ਦੀ ਮੁੱਖ ਜਰੂਰਤ ਹੈ। ਸੜਕਾਂ ਅਤੇ ਗਲੀਆਂ ’ਚ ਬੇਸਹਾਰਾ ਘੁੰਮਦੀਆਂ ਗਾਵਾਂ ਅਤੇ ਹੋਰ ਪਸ਼ੂਆਂ ਦੇ ਇਲਾਜ ਅਤੇ ਮੌਤ ਦਾ ਸ਼ਿਕਾਰ ਹੋਣ ਵਾਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਣਾ ਬਣਦਾ ਹੈ।
ਕਿਤੇ ਅਜਿਹਾ ਨਾ ਹੋਵੇ ਕਿ ਮੁਰਦਾ ਪਸ਼ੂਆਂ ਦੀ ਸੰਭਾਲ ’ਚ ਹੋ ਰਹੀਆਂ ਕੁਤਾਹੀਆਂ ਬਿਮਾਰੀ ਦੇ ਰੂਪ ’ਚ ਮਨੁੱਖਤਾ ਲਈ ਖਤਰਾ ਬਣ ਜਾਣ! ਇਸ ਗੰਭੀਰ ਬਿਮਾਰੀ ’ਚ ਪਸ਼ੂ ਗਵਾਉਣ ਵਾਲੇ ਪਰਿਵਾਰਾਂ ਦੀ ਸਰਕਾਰੀ ਪੱਧਰ ’ਤੇ ਆਰਥਿਕ ਮੱਦਦ ਵੀ ਸਮੇਂ ਦੀ ਮੁੱਖ ਜਰੂਰਤ ਹੈ। ਮਹਿੰਗੇ ਮੁੱਲ ਦੇ ਪਸ਼ੂਆਂ ਦਾ ਮਹਿੰਗਾ ਇਲਾਜ ਕਰਵਾਉਣ ’ਤੇ ਵੀ ਪਸ਼ੂ ਨਾ ਬਚਾ ਸਕਣ ਵਾਲੇ ਪਰਿਵਾਰਾਂ, ਖਾਸ ਕਰਕੇ ਗਰੀਬ ਪਰਿਵਾਰਾਂ ਦਾ ਦਰਦ ਵੰਡਾਉਣਾ ਸਾਡਾ ਸਭ ਦਾ ਵੀ ਨੈਤਿਕ ਫਰਜ਼ ਹੈ। ਦੁਆ ਹੈ ਕਿ ਪਰਮਾਤਮਾ ਬੇਜ਼ੁਬਾਨਾਂ ਨੂੰ ਜਲਦੀ ਇਸ ਬਿਮਾਰੀ ਤੋਂ ਰਾਹਤ ਦਿਵਾ ਕੇ ਪਸ਼ੂ ਪਾਲਕਾਂ ਨੂੰ ਰਾਹਤ ਬਖਸ਼ੇ।
ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ