Lohri 2025: ਲੋਹੜੀ ਦਾ ਸਬੰਧ ਘਰ ਆਏ ਨਵੇਂ ਬੱਚੇ ਤੋਂ ਇਲਾਵਾ ਖੇਤੀਬਾੜੀ, ਪਕਵਾਨਾਂ, ਮੌਸਮ ਤੇ ਨਵੇਂ ਹੋਏ ਵਿਆਹਾਂ ਨਾਲ ਵੀ ਜੁੜਿਆ ਹੋਇਆ ਹੈ । ਇਹ ਉਮੰਗਾਂ, ਆਸਾਂ ਤੇ ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਹੈ, ਜੋ ਧਰਮਾਂ-ਜਾਤਾਂ ਤੋਂ ਉੱਪਰ ਹੈ। ਇਹ ਤਿਉਹਾਰ ਉੱਤਰੀ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਸ਼ੁਰੂ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਸੰਕੇਤ ਵੀ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ, ਉੱਥੇ ਲੋਹੜੀ ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਮੌਜੂਦਾ ਦੌਰ ਵਿੱਚ ਕੁੜੀਆਂ ਦੀ ਲੋਹੜੀ ਵੀ ਕਈ ਘਰਾਂ ਵਿੱਚ ਬਹੁਤ ਚਾਅ ਨਾਲ ਮਨਾਈ ਜਾਂਦੀ ਹੈ ਕਿਸੇ ਵੀ ਖੇਤਰ ਵਿੱਚ ਦੇਖਿਆ ਜਾਵੇ ਤਾਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਇਸੇ ਲਈ ਅਜੋਕੇ ਜਮਾਨੇ ਅਨੁਸਾਰ ਆਪਣੇ ਵਿਚਾਰ ਬਦਲ ਕੇ ਇਹ ਗਾਉਣਾ ਚਾਹੀਦਾ ਹੈ:-
ਇਹ ਖਬਰ ਵੀ ਪੜ੍ਹੋ : Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ
ਪੁੱਤਾਂ ਨਾਲ ਧੀਆਂ ਦੀ
ਲੋਹੜੀ ਨਵੇਂ ਜੀਆਂ ਦੀ
ਖੁਸ਼ੀਆਂ ਨਾਲ ਮਨਾਵਾਂਗੇ
ਰਲ-ਮਿਲ ਭੰਗੜੇ ਪਾਵਾਂਗੇ
ਪੁਰਾਤਨ ਸਮੇਂ ਵਿੱਚ ਲੋਕ ਆਪਣੇ ਸ਼ਰੀਕੇ ਤੇ ਨਗਰ ਵਿੱਚ ਗੁੜ ਤੇ ਮੂੰਗਫਲੀ ਵੰਡ ਕੇ ਖੁਸ਼ੀ ਸਾਂਝੀ ਕਰਦੇ ਸਨ। ਕਿਸੇ ਸਮੇਂ ਪੰਜਾਬ ਵਿੱਚ ਲੋਹੜੀ ਸੂਰਜ ਦੇਵ ਦੀ ਪੂਜਾ ਲਈ ਪ੍ਰਚੱਲਿਤ ਸੀ। ਸੂਰਜ ਜਨਵਰੀ ਵਿੱਚ ਧਰਤੀ ਤੋਂ ਕਾਫੀ ਦੂਰ ਹੁੰਦਾ ਹੈ ਤੇ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ-ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ। ਪੁਰਾਤਨ ਸਮੇਂ ਵਿੱਚ ਲੋਹੜੀ ਮੰਗਣ ਦਾ ਰਿਵਾਜ਼ ਇੱਕ ਮਨੋਰੰਜਨ ਦਾ ਸਾਧਨ ਵੀ ਸੀ, ਜੋ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਸੀ। ਲੋਹੜੀ ਤੋਂ 5-7 ਦਿਨ ਪਹਿਲਾਂ ਹੀ ਮੁੰਡੇ-ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਜਿਸ ਵਿੱਚ ਬਾਲਣ ਤੇ ਖਾਣ ਦੇ ਸਾਮਾਨ ਦੀ ਮੰਗ ਹੁੰਦੀ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਏ ਜਾਂਦੇ ਹਨ:- Lohri 2025
ਦੇ ਮਾਈ ਪਾਥੀ,
ਤੇਰਾ ਪੁੱਤ ਚੜ੍ਹੂਗਾ ਹਾਥੀ
ਦੇ ਮਾਈ ਲੋਹੜੀ,
ਤੇਰਾ ਪੁੱਤ ਚੜੂ੍ਹਗਾ ਘੋੜੀ
ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸ਼ਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ, ਤਾਂ ਜੋ ਦੂਜੀ ਟੋਲੀ ਅੱਗੇ ਪਹੁੰਚ ਜਿਆਦਾ ਲੋਹੜੀ ਨਾ ਮੰਗ ਲਵੇ ।
ਸਾਡੇ ਪੈਰਾਂ ਹੇਠ ਰੋੜ,
ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਸੈਨਤਾਂ ਰੂਪੀ ਸੋਹਲੇ ਗਾਉਂਦੀਆਂ ਹੋਈਆਂ ਅਗਲੇ ਘਰਾਂ ਲਈ ਰਵਾਨਾ ਹੋ ਜਾਂਦੀਆਂ ਹਨ:- Lohri 2025
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ। Lohri 2025
ਲੋਹੜੀ ਦਾ ਇਤਿਹਾਸ ਦੁੱਲੇ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ -ਦਿਲੀ ਦੇ ਕਾਇਲ ਤੇ ਉਸ ਦਾ ਆਦਰ- ਸਤਿਕਾਰ ਕਰਦੇ ਸਨ। ਇੱਕ ਵਾਰ ਉਸ ਨੇ ਇੱਕ ਕੁੜੀ ਨੂੰ ਅਗਵਾਕਾਰਾਂ ਤੋਂ ਛੁਡਾਇਆ ਤੇ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲੇ ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ। Lohri 2025
ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫੇ ਦੇ ਤੌਰ ’ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਮੰਗੀਆਂ ਹੋਈਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਸੁਹੱਪਣ ਦਾ ਪਤਾ ਲੱਗ ਗਿਆ ਤਾਂ ਉਸ ਨੇ ਜਬਰੀ ਚੁੱਕਣ ਦੀ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਉਸ ਨੇ ਕੁੜੀਆਂ ਦਾ ਜ਼ਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜਿੰਮੇਵਾਰੀ ਓਟੀ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ।
ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ- ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜੰਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ- ਲੱਖ ਸ਼ੁਕਰ ਕੀਤਾ। ਇਸ ਕਰਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹਨ:- Lohri 2025
ਸੁੰਦਰ ਮੁੰਦਰੀਏ, ਹੋ
ਤੇਰਾ ਕੌਣ ਵਿਚਾਰਾ, ਹੋ
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਧੀ ਵਿਆਹੀ, ਹੋ
ਸੇਰ ਸੱਕਰ ਪਾਈ, ਹੋ
ਸਾਨੂੰ ਦੇ ਲੋਹੜੀ,
ਤੇਰੀ ਜੀਵੇ ਜੋੜੀ
ਨਵੀਆਂ ਵਿਆਹੀਆਂ ਕੁੜੀਆਂ ਨੂੰ ਲੋਹੜੀ ਜਾਂ ਭਾਜੀ ਦੇਣ ਦਾ ਰਿਵਾਜ਼ ਵੀ ਹੈ। ਭਾਜੀ ਵਿੱਚ ਪੰਜੀਰੀ, ਬੂੰਦੀ ਦੇ ਲੱਡੂ, ਪਤਾਸੇ, ਚੌਲਾਂ ਦੀਆਂ ਪਿੰਨੀਆਂ, ਗੁੜ, ਰਿਊੜ, ਮੂੰਗਫਲੀ, ਸੂਟ, ਕੰਬਲ, ਪੱਗ ਦਿੰਦੇ ਹਨ। ਕਈ ਕੁੜੀ ਦੇ ਸਹੁਰੇ ਉਸ ਭਾਜੀ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਵੰਡਦੇ। ਅਜੋਕੇ ਸਮੇਂ ਵਿੱਚ ਵੀ ਮਾਪੇ ਲੋਹੜੀ ਸਮੇਂ ਮਹਿੰਗੇ ਤੋਹਫੇ ਤੇ ਘਰ ਦੀ ਵਰਤੋਂ ਦਾ ਸਾਮਾਨ ਦੇਣ ਲੱਗੇ ਹਨ । ਲੋਹੜੀ ਦੀ ਰਾਤ ਭੁੱਗਾ ਬਾਲਣ ਦੀ ਰੀਤ ਸਭ ਤੋਂ ਅਹਿਮ ਹੈ। ਘਰ ਦੇ ਵਿਹੜੇ ਵਿਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਾ ਕੇ ਅੱਗ ਲਾਈ ਜਾਂਦੀ ਹੈ ਜਿਸ ਨੂੰ ਭੁੱਗਾ ਕਿਹਾ ਜਾਂਦਾ ਹੈ। ਘਰ ਦੇ ਸਾਰੇ ਜੀਅ ਇਸ ਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਤੇ ਬਲਦੇ ਭੁੱਗੇ ਵਿੱਚ ਤਿਲ, ਰਿਉੜੀਆਂ, ਮੂੰਗਫਲੀ ਸਮੱਰਪਿਤ ਕਰਕੇ ਬੋਲਦੇ ਹਨ:-
ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
90ਵਿਆਂ ਤੱਕ ਵੀ ਇਸ ਤਿਉਹਾਰ ਦੀ ਮਹਿਕ ਵੱਖਰੀ ਹੀ ਸੀ ।ਆਪਣੇ ਘਰ ਕੁਨਬੇ ਤੇ ਆਂਢ-ਗੁਆਂਢ ਨੂੰ ਇਕੱਠਾ ਕਰ ਦੇਰ ਰਾਤ ਜਸ਼ਨ ਮਨਾਉਂਦੇ ਸਨ । ਬੱਚੇ ਇਕੱਠੇ ਹੋ ਮਸਤੀ ਕਰਦੇ ਘਰੋ-ਘਰੀ ਲੋਹੜੀ ਮੰਗਣ ਜਾਂਦੇ। ਪਿੰਡ ਵਿੱਚ ਮਸਤੀ ਦਾ ਵੱਖਰਾ ਹੀ ਸਰੂਰ ਹੁੰਦਾ ਸੀ । ਜੋ ਅੱਜ ਮਹਿੰਗੇ ਹੋਟਲਾਂ ਜਾਂ ਪੈਲਸਾਂ ਵਿਚ ਹੀ ਦਬ ਗਿਆ । ਜਿਸ ਦੀ ਮਹਿਕ ਲੱਖਾਂ ਖਰਚ ਕੇ ਨਹੀਂ ਮਿਲਦੀ। ਪੰਜਾਬ ਦੇ ਤਿਉਹਾਰ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਹਨ ਜੋ ਮਿਲ ਕੇ ਰਹਿਣ, ਖਾਣ, ਵੰਡਣ ਤੇ ਮਿਹਨਤ ਕਰਨਾ ਸਿਖਾਉਂਦੇ ਹਨ। ਸੋ ਆਓ! ਪੰਜਾਬੀਆਂ ਦੀ ਅਮੀਰ ਵਿਰਾਸਤ ਨੂੰ ਸਾਂਭਦਿਆਂ ਉਨ੍ਹਾਂ ਨੂੰ ਤਿਉਹਾਰ ਮਾਨਣ ਦੇ ਨਾਲ ਜਾਨਣ ਦੀ ਆਦਤ ਵੀ ਪਾਈਏ।
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
ਮੋ. 78374-90309
ਐਡਵੋਕੈਟ ਰਵਿੰਦਰਸਿੰਘ ਧਾਲੀਵਾਲ