ਇਸ ਸੰਸਾਰ ਵਿਚ ਜੋ ਵੀ ਆਇਆ ਹੈ ਉਸ ਨੂੰ ਕਦੇ ਨਾ ਕਦੇ ਤਾਂ ਜਾਣਾ ਹੀ ਹੋਵੇਗਾ। ਇਹੀ ਸੰਸਾਰ ਦੀ ਰੀਤ ਹੈ। ਜਿਸ ਨੂੰ ਅਸੀਂ ਜਾਣਦੇ ਹੋਏ ਵੀ ਮੰਨਦੇ ਕਿੱਥੇ ਹਾਂ! ਕਿਸਮਤ ਅਤੇ ਪੁਰਸ਼ਾਰਥ ਦੇ ਜ਼ਰੀਏ ਜੋ ਕੁਝ ਵੀ ਅਸੀਂ ਭੌਤਿਕ ਦ੍ਰਿਸ਼ਟੀ ਨਾਲ ਜੋੜਦੇ ਹਾਂ, ਇੱਥੇ ਹੀ ਰਹਿ ਜਾਂਦਾ ਹੈ। ਸਾਡੇ ਕਰਮਾਂ ਦਾ ਲੇਖਾ-ਜੋਖਾ ਸਿਰਫ਼ ਕੁਝ ਸਮੇਂ ਤੱਕ ਜ਼ਮਾਨਾ ਯਾਦ ਰੱਖਦਾ ਹੈ। ਅਜਿਹੇ ’ਚ ਇਹ ਹੈਰਾਨੀ ਦਾ ਵਿਸ਼ਾ ਹੈ ਕਿ ਅਸੀਂ ਆਪਣੇ ਚੇਤਨ ਅਤੇ ਅਵਚੇਤਨ ਮਨ ਵਿਚ ਇਸ ਕੌੜੇ ਸੱਚ ਨੂੰ ਸਵੀਕਾਰ ਨਹੀਂ ਕਰਦੇ। ਹੋਰ… ਹੋਰ… ਹੋਰ ਦੀ ਇੱਛਾ ਦੇ ਚੱਲਦਿਆਂ ਅਸੀਂ ਜੀਵਨ (Life) ਦੇ ਅਸਲ ਅਨੰਦ ਤੋਂ ਵਾਂਝੇ ਹੋ ਜਾਂਦੇ ਹਾਂ। ਬਚਪਨ ’ਚ ਸੁਣਦੇ ਸੀ ਕਿ ‘ਸਭ ਠਾਠ ਪਿਆ ਰਹਿ ਜਾਵੇਗਾ ਜਦੋਂ ਲੱਦ ਚੱਲੇਗਾ ਬੰਜਾਰਾ’ ਪਰ ਇਸ ਦੇ ਗੂੜ੍ਹ ਅਰਥ ਕਦੇ ਸਮਝ ਨਹੀਂ ਆਏ।
ਇਸ ਤੋਂ ਵੱਡਾ ਸੱਚ ਕੋਈ ਨਹੀਂ | Life
ਜੀਵਨ ਭਰ ਅਸੀਂ ਮੋਹ, ਮਾਇਆ, ਮਮਤਾ, ਈਰਖ਼ਾ ਅਤੇ ਲੋਭ ’ਚ ਜਕੜੇ ਹੋਏ ਸਾਹ-ਦਰ-ਸਾਹ ਮੌਤ ਦੇ ਨਜ਼ਦੀਕ ਜਾਂਦੇ ਹਾਂ। ਪਰ ਅਜਿਹਾ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਸਫਰ ’ਚ ਅਸੀਂ ਕਿਸੇ ਜਕੜ ਤੋਂ ਮੁਕਤ ਹੋਣ ਦੀ ਮਾਨਸਿਕਤਾ ਨੂੰ ਧਾਰਨ ਕਰੀਏ। ਇਹੀ ਕਾਰਨ ਹੈ ਕਿ ਲਗਾਤਾਰ ਜੀਵਨ (Life) ਦੀ ਘਟਦੀ ਉਮਰ ਦੇ ਬਾਵਜੂਦ ਅਸੀਂ ਸੰਸਾਰਿਕ ਪਦਾਰਥਾਂ ਪ੍ਰਤੀ ਖਿੱਚ ਦਾ ਤਿਆਗ ਨਹੀਂ ਕਰ ਪਾਉਂਦੇ। ਵੱਖ-ਵੱਖ ਧਰਮਾਂ ’ਚ ਵੱਖ-ਵੱਖ ਧਾਰਨਾਵਾਂ ਹਨ ਚਾਹੇ ਕਿੰਨਾ ਵੀ ਵਿਚਾਰਾਂ ਦਾ ਫ਼ਰਕ ਰੱਖਦੇ ਹੋਣ, ਪਰ ਇਸ ਤੋਂ ਵੱਡਾ ਸੱਚ ਕੋਈ ਨਹੀਂ ਹੈ ਕਿ ਇਹ ਜੀਵਨ ਮੌਤ ਦੀ ਅਮਾਨਤ ਹੈ। ਜਿਸ ਨੂੰ ਇੱਕ ਨਾ ਇੱਕ ਦਿਨ ਸਾਨੂੰ ਵਾਪਸ ਕਰਨਾ ਹੀ ਹੋਵੇਗਾ।
ਅਸੀਂ ਆਪਣੇ ਹੁਣ ਤੱਕ ਦੇ ਤਜ਼ਰਬਿਆਂ ਤੋਂ ਇਹ ਜਾਣਿਆ ਹੈ ਕਿ ਜੋ ਵੀ ਇਸ ਦੁਨੀਆ ਤੋਂ ਗਿਆ, ਉਸ ਨੂੰ ਕਾਲ ਦੇ ਪ੍ਰਵਾਹ ’ਚ ਵਹਿਣਾ ਹੀ ਪਿਆ। ਸ੍ਰਿਸ਼ਟੀ ਦੇ ਉਦੈ ਤੋਂ ਲੈ ਕੇ ਅੱਜ ਤੱਕ ਨਾ ਜਾਣੇ ਕਿੰਨੇ ਧੁਰੰਦਰ ਆਏ ਅਤੇ ਚਲੇ ਗਏ। ਕੋਈ ਕਿੰਨਾ ਹੀ ਮਹਾਨ ਹੋਇਆ, ਆਖਰਕਾਰ ਮਰਹੂਮਾਂ ਦੀ ਭੀੜ ’ਚ ਗੁਆਚ ਕੇ ਰਹਿ ਗਿਆ। ਕਿਹਾ ਜਾਂਦਾ ਹੈ ਕਿ ਰਾਜਾ ਰਾਣਾ ਛਤਰਪਤੀ ਹਥਿਆਨ ਕੇ ਅਸਵਾਰ, ਮਰਨਾ ਸਭਕੋ ਏਕ ਇੱਕ ਦਿਨ ਆਪਣੀ-ਆਪਣੀ ਬਾਰ, ਪਰ ਨਾ ਜਾਣੇ ਕਿਉਂ ਅਸੀਂ ਸਮਝ ਲੈਂਦੇ ਹਾਂ ਕਿ ਇਹ ਪੰਗਤੀਆਂ ਸ਼ਾਇਦ ਸਾਡੇ ਲਈ ਨਹੀਂ ਹਨ। ਦਰਅਸਲ ਇਹੀ ਭਰਮ ਹੈ, ਜੋ ਲਗਭਗ ਲਾਇਲਾਜ ਹੈ। ਹਾਲਾਂਕਿ ਜੀਵਨ ’ਚ ਅਨੇਕਾਂ ਸ਼ਖਸੀਅਤਾਂ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਦਾ ਮੌਕਾ ਜ਼ਰੂਰ ਮਿਲਦਾ ਰਿਹਾ। ਪਰ ਵੈਰਾਗ ਦੀ ਭਾਵਨਾ ਵੀ ਸ਼ਮਸਾਨ ਦੀ ਚੌਖਟ ਤੋਂ ਨਿੱਕਲ ਕੇ ਨਾ ਜਾਣੇ ਕਿੱਥੇ ਗੁਆਚ ਜਿਹੀ ਜਾਂਦੀ ਹੈ!
ਮਾਨਸਿਕਤਾ | Life
ਅੱਜ-ਕੱਲ੍ਹ ਤਾਂ ਵਪਾਰ-ਕਾਰੋਬਾਰ ਦੇ ਨਾਲ-ਨਾਲ ਦੁਨੀਆਦਾਰੀ ਦੀਆਂ ਗੱਲਾਂ ਸ਼ਮਸ਼ਾਨ ’ਚ ਵੀ ਹੁੰਦੀਆਂ ਨਜ਼ਰ ਆਉਂਦੀਆਂ ਹਨ। ਕਿਤੇ-ਕਿਤੇ ਤਾਂ ਸੋਗ ਸਭਾਵਾਂ ’ਚ ਨਵੇਂ-ਨਵੇਂ ਰਿਸ਼ਤਿਆਂ ਦੇ ਪ੍ਰਸਤਾਵਾਂ ਦੀ ਪਿੱਠਭੂਮੀ ਵੀ ਤਿਆਰ ਹੁੰਦੀ ਦੇਖੀ ਗਈ ਹੈ। ਉਂਜ ਇਹ ਬਹੁਤ ਸੁਭਾਵਿਕ ਹੈ ਕਿ ਸਮੇਂ ਦੇ ਨਾਲ-ਨਾਲ ਆਦਮੀ ਦੀ ਮਨੋਸਥਿਤੀ ’ਚ ਵੀ ਵਿਆਪਕ ਬਦਲਾਅ ਦਿਖਾਈ ਦੇਵੇ। ਇੱਕ ਸਮੇਂ ਤੋਂ ਬਾਅਦ ਮੌਤ ਨੂੰ ਸੱਚ ਦੇ ਰੂਪ ’ਚ ਸਵੀਕਾਰ ਕਰਨ ਦੀ ਮਾਨਸਿਕਤਾ ਵੀ ਬਹੁਤ ਸੁਭਾਵਿਕ ਹੈ। ਪਰ ਇਹ ਡੂੰਘੀ ਹੈਰਾਨੀ ਦਾ ਵਿਸ਼ਾ ਹੈ ਕਿ ਇਸ ਤਸਵੀਰ ’ਚ ਅਸੀਂ ਆਪਣੇ-ਆਪ ਨੂੰ ਨਹੀਂ ਦੇਖਦੇ ਸਗੋਂ ਹੋਰਾਂ ਨੂੰ ਦੇਖਦੇ ਹਾਂ। ਜੀਵਨ ਭਰ ‘ਤੇਰਾ-ਮੇਰਾ’ ਕਰਨ ਤੋਂ ਬਾਅਦ ਆਖ਼ਰ ਅੰਤ ’ਚ ਸਾਨੂੰ ਹਾਸਲ ਕੀ ਹੁੰਦਾ ਹੈ?
ਪਰ ਅਸੀਂ ਹਾਂ ਕਿ ਜੀਵਨ ਭਰ ਜਾਣੇ ਕਿਵੇਂ-ਕਿਵੇਂ ਦੇ ਭਰਮ ਪਾਲ ਲੈਂਦੇ ਹਾਂ ਅਤੇ ਫਾਲਤੂ ਦਾ ਸੰਤਾਪ ਹੰਢਾਉਂਦੇ ਹਾਂ। ਇਨ੍ਹਾਂ ਤਮਾਮ ਸੰਦਰਭਾਂ ’ਚ ਜੇਕਰ ਅਸੀਂ ਸਕੂਨ ਦੇ ਨਾਲ ਜੀਵਨ ਜਿਊਣਾ ਚਾਹੀਏ ਤਾਂ ਬੇਸ਼ੱਕ ਅਸੀਂ ਜੀਅ ਸਕਦੇ ਹਾਂ। ਪਰ ਇਸ ਲਈ ਸਾਨੂੰ ਆਪਣੀਆਂ ਇੱਛਾਵਾਂ ਦੀ ਸੀਮਾ-ਰੇਖਾ ਖਿੱਚਣੀ ਹੋਵੇਗੀ। ਦਰਅਸਲ ਵਰਤਮਾਨ ਭੌਤਿਕਵਾਦੀ ਦੌਰ ’ਚ ਬੇਲੋੜੀਆਂ ਇੱਛਾਵਾਂ ਤਮਾਮ ਸਮੱਸਿਆਵਾਂ ਦੀ ਜੜ੍ਹ ਹਨ। ਨਿਸ਼ਚਿਤ ਤੌਰ ’ਤੇ ਜਦੋਂ ਅਸੀਂ ਇੱਛਾਵਾਂ ਨੂੰ ਸੀਮਿਤ ਕਰ ਲਵਾਂਗੇ ਉਦੋਂ ਬਹੁਤ ਹੀ ਸੁਭਾਵਿਕ ਤੌਰ ’ਤੇ ਮਾਇਆ, ਮਮਤਾ, ਮੋਹ ਤੇ ਲੋਭ ਤੋਂ ਸਦਾ ਮੁਕਤੀ ਪ੍ਰਾਪਤ ਕਰ ਲਵਾਂਗੇ। ਇਸ ਦੇ ਨਾਲ-ਨਾਲ ਲਾਲਚ ਅਤੇ ਈਰਖ਼ਾ ਦੀ ਭਾਵਨਾ ਤੋਂ ਸਦਾ ਲਈ ਮੁਕਤ ਹੋ ਕੇ ਨਿਰਮਲ-ਨਿਰਵਿਕਾਰੀ ਜੀਵਨ ਦਾ ਅਨੰਦ ਲੈ ਸਕਾਂਗੇ। ਬੇਸ਼ੱਕ ਅਜਿਹੀ ਸਥਿਤੀ ’ਚ ਆ ਜਾਣ ’ਤੇ ਮੌਤ ਵੀ ਉਤਸਵ ਦਾ ਰੂਪ ਧਾਰਨ ਕਰ ਲੈਂਦੀ ਹੈ।
ਇੱਛਾਵਾਂ ਦੀ ਇੱਕ ਨਿਸ਼ਚਿਤ ਸੀਮਾ ਰੇਖਾ
ਅਧਿਆਤਮਿਕ ਦ੍ਰਿਸ਼ਟੀ ਨਾਲ ਵੀ ਇਸ ਤੱਥ ਨੂੰ ਸਵੀਕਾਰਿਆ ਜਾਂਦਾ ਹੈ ਕਿ ‘ਚਾਹ (ਇੱਛਾ) ਗਈ ਚਿੰਤਾ ਮਿਟੀ ਮਨਵਾ ਬੇਪਰਵਾਹ’, ਪਰ ਚੰਚਲ ਮਨ ਦੀ ਚਾਹਤ ਕੁਝ ਇਸ ਕਦਰ ਪਰਵਾਨ ਚੜ੍ਹਦੀ ਹੈ ਕਿ ਸੰਸਾਰ ਭਰ ਦੀ ਦੌਲਤ ਨਾਲ ਵੀ ਢਿੱਡ ਨਹੀਂ ਭਰਦਾ। ਹੋਰ ਜ਼ਿਆਦਾ, ਹੋਰ ਜਿਆਦਾ ਦੀ ਚਾਹਤ ਕਦੇ ਸਕੂਨ ਨਾਲ ਬੈਠਣ ਨਹੀਂ ਦਿੰਦੀ। ਅਜਿਹੇ ’ਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੀਆਂ ਇੱਛਾਵਾਂ ਦੀ ਇੱਕ ਨਿਸ਼ਚਿਤ ਸੀਮਾ ਰੇਖਾ ਖਿੱਚ ਕੇ ਚੱਲੀਏ। ਅਜਿਹਾ ਕਰਨ ’ਤੇ ਹੀ ਅਸੀਂ ਜੋ ਕੁਝ ਸਾਡੇ ਕੋਲ ਹੈ ਉਸ ਨੂੰ ਭਰਪੂਰ ਮੰਨ ਕੇ ਦੇਵ ਦੁਰਲੱਭ ਮਾਨਵ ਭਵ ਨੂੰ ਸਾਰਥਿਕ ਸਿੱਧ ਕਰ ਸਕਾਂਗੇ। ਸੱਚਮੁੱਚ ਜੀਵਨ ਬਹੁਤ ਸੁੰਦਰ ਹੈ ਅਤੇ ਜਿਉਣ ਲਾਇਕ ਵੀ ਹੈ। ਅਸਲ ਸਵਾਲ ਇਹ ਹੈ ਕਿ ਅਸੀਂ ਮਨ ਦੀ ਇੱਛਾ ਨੂੰ ਰੋਕ ਕੇ ਜੀਵਨ ਦੇ ਰੰਗ ’ਚ ਰਚ-ਮਿਚ ਜਾਈਏ। ਅਜਿਹਾ ਕਰਨ ’ਤੇ ਅਸੀਂ ਧਰਤੀ ’ਤੇ ਸਵਰਗ ਉਤਾਰ ਸਕਦੇ ਹਾਂ।
ਰਾਜਿੰਦਰ ਬਜ
(ਇਹ ਲੇਖਕ ਦੇ ਆਪਣੇ ਵਿਚਾਰ ਹਨ)