ਲੰਡਨ ਦੀ 27 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 50 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਬਹੁਤਿਆਂ ਦਾ ਅਜੇ ਪਤਾ ਹੀ ਨਹੀਂ ਲੱਗ ਸਕਿਆ ਇਹ ਹਾਦਸਾ ਇੱਕ ਫਰਿੱਜ ‘ਚ ਅੱਗ ਲੱਗਣ ਕਾਰਨ ਵਾਪਰਿਆ ਅਤੇ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ ਭਾਰਤ ‘ਚ ਵੀ ਇਸ ਤਰ੍ਹਾਂ ਦੇ ਕਈ ਭਿਆਨਕ ਅਗਨੀ ਕਾਂਡ ਹੋ ਚੁੱਕੇ ਹਨ, ਜਿਨ੍ਹਾਂ ‘ਚ ਭਾਰਤ ਨੇ ਆਪਣੇ ਸੈਂਕੜੇ ਨਾਗਰਿਕ ਗੁਆਏ ਹਨ 1995 ‘ਚ ਹਰਿਆਣਾ ਦੇ ਕਸਬਾ ਡੱਬਵਾਲੀ ‘ਚ ਵਾਪਰੇ ਭਿਆਨਕ ਅਗਨੀ ਕਾਂਡ ‘ਚ 400 ਲੋਕਾਂ ਦੀ ਜਾਨ ਗਈ 1997 ‘ਚ ਦਿੱਲੀ ‘ਚ ਉਪਹਾਰ ਸਿਨੇਮਾ ਦੇ ਅਗਨੀਕਾਂਡ ‘ਚ 60 ਲੋਕ ਮਾਰੇ ਗਏ ਸਾਲ 2011 ‘ਚ ਕਲਕੱਤਾ ਦਾ ਐਮਰੀ ਹਸਪਤਾਲ ਅਗਨੀਕਾਂਡ, ਜਿਸ ਵਿੱਚ 90 ਲੋਕਾਂ ਦੀ ਮੌਤ ਹੋ ਗਈ ਸੀ, 2016 ‘ਚ ਹਰਿਆਣਾ ਦੇ ਪਾਣੀਪਤ ‘ਚ ਇੱਕ ਫੈਕਟਰੀ ‘ਚ ਅੱਗ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਜ਼ਿਆਦਾਤਰ ਅਗਨੀਕਾਂਡ ਦੀ ਮੁੱਖ ਵਜ੍ਹਾ ਤਕਨੀਕੀ ਖਰਾਬੀ ਜਾਂ ਮਨੁੱਖੀ ਭੁੱਲ ਹੀ ਹੁੰਦੀ ਹੈ।
ਡੱਬਵਾਲੀ ਤੇ ਉਪਹਾਰ ਸਿਨੇਮਾ ਅਗਨੀਕਾਂਡ ‘ਚ ਅੱਗ ਦਾ ਕਾਰਨ ਮਨੁੱਖੀ ਗਲਤੀਆਂ ਸਨ, ਉੱਥੇ ਮਰਨ ਵਾਲਿਆਂ ਦੀ ਜ਼ਿਆਦਾ ਗਿਣਤੀ ਵੀ ਮਨੁੱਖੀ ਲਾਪਰਵਾਹੀਆਂ ਹੀ ਸਨ ਅਗਨੀਕਾਂਡ ‘ਚ ਜਾਨਮਾਲ ਦੇ ਵੱਡੇ ਨੁਕਸਾਨ ਦੇ ਮੁੱਖ ਕਾਰਨ ਹਾਦਸੇ ਵਾਲੀ ਥਾਂ ‘ਤੇ ਅੱਗ ਬੁਝਾਊ ਜੰਤਰਾਂ ਦਾ ਨਾ ਹੋਣਾ, ਨਿਕਾਸੀ ਦੁਆਰਾਂ ਦੀ ਕਮੀ, ਕਰਮਚਾਰੀਆਂ ਵੱਲੋਂ ਹਾਦਸੇ ਦੀ ਗੰਭੀਰਤਾ ਨੂੰ ਨਾ ਸਮਝ ਸਕਣਾ ਹੀ ਬਣਦੇ ਹਨ ਪਿਛਲੇ ਮਹੀਨੇ ਪੰਜਾਬ ਦੇ ਰਾਮਪੁਰਾ ਫ਼ੂਲ ਕਸਬੇ ‘ਚ ਵਾਪਰੀ ਇੱਕ ਬੱਸ ਅੱਗ ਲੱਗਣ ਦੀ ਘਟਨਾ ‘ਚ ਜ਼ਖ਼ਮੀਆਂ ਤੇ ਮ੍ਰਿਤਕਾਂ ਦੀ ਗਿਣਤੀ ਇਸ ਲਈ ਵਧੀ, ਕਿਉਂਕਿ ਡਰਾਇਵਰ ਨੇ ਯਾਤਰੀਆਂ ਦੀ ਗੱਲ ਨਹੀਂ ਸੁਣੀ ਤੇ 300 ਮੀਟਰ ਤੱਕ ਬੱਸ ਨੂੰ ਇਸ ਲਈ ਭਜਾਉਂਦਾ ਰਿਹਾ ਕਿ ਰੇਲਵੇ ਫਾਟਕ ਬੰਦ ਹੋਣ ਤੋਂ ਪਹਿਲਾਂ ਫਾਟਕ ਪਾਰ ਕਰ ਲਵੇ ।
ਪਿਛਲੇ ਹਫ਼ਤੇ ਮੱਧ ਪ੍ਰਦੇਸ਼ ‘ਚ ਇੱਕ ਪਟਾਕਾ ਫੈਕਟਰੀ ‘ਚ ਅੱਗ ਨਾਲ ਤਕਰੀਬਨ 20 ਲੋਕ ਜਿਉਂਦੇ ਸੜ ਗਏ ਇਹ ਵੱਡੇ ਹਾਦਸੇ ਸਬਕ ਦਿੰਦੇ ਹਨ ਕਿ ਸੰਘਣੀਆਂ ਹੁੰਦੀਆਂ ਮਨੁੱਖੀ ਬਸਤੀਆਂ ‘ਚ ਬਿਨਾ ਸੁਰੱਖਿਆ ਪ੍ਰਬੰਧਾਂ ਦੇ ਰਹਿਣਾ ਹਰ ਪਲ ਮੌਤ ਦੇ ਸਾਏ ‘ਚ ਰਹਿਣ ਵਰਗਾ ਹੋ ਗਿਆ ਹੈ ਇੱਥੇ ਸਮੱਸਿਆ ਇਹ ਵੀ ਹੈ ਕਿ ਹਾਦਸੇ ਤੋਂ ਬਾਦ ਵੀ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਜਾਨ ਬਚਾਉਣ ‘ਚ ਨਾਕਾਮ ਹੋ ਜਾਂਦੀਆਂ ਹਨ ਭਾਰਤੀ ਜਨਤਾ ਦੀ ਸੋਚ ਹੀ ਅਜਿਹੀ ਹੈ ਕਿ ਇੱਥੇ ਰਹਿਣ ਤੇ ਕੰਮ ਕਰਨ ਦੀ ਥਾਂ ਦੀ ਗੱਲ ਹੀ ਹੁੰਦੀ ਹੈ, ਬਾਕੀ ਸੁਰੱਖਿਆ ਪ੍ਰਬੰਧ, ਪਾਣੀ, ਪਾਖ਼ਾਨੇ ਆਦਿ ਗੱਲਾਂ ‘ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ, ਜਦੋਂਕਿ ਕਿਸੇ ਵੀ ਵੱਡੀ ਇਮਾਰਤ, ਕਾਰਖਾਨੇ, ਅਦਾਰੇ ‘ਚ ਸੁਰੱਖਿਆ ਪ੍ਰਬੰਧ, ਸਭ ਤੋਂ ਪਹਿਲਾਂ ਹੋਣ , ਉਸ ਤੋਂ ਬਾਦ ਹੀ ਬਾਕੀ ਸਹੂਲਤਾਂ ਤੇ ਨਿਰਮਾਣ ਦੀ ਗੱਲ ਹੋਣੀ ਚਾਹੀਦੀ ਹੈ ਦੇਸ਼ ਭਰ ‘ਚ ਅਜੇ ਵੀ ਲੱਖਾਂ ਬਹੁ-ਮੰਜ਼ਿਲਾ ਇਮਾਰਤਾਂ ਹਨ ਜਿੱਥੇ ਸੁਰੱਖਿਆ ਮਾਨਕਾਂ ਨੂੰ ਛਿੱਕੇ ਟੰਗਿਆ ਹੋਇਆ ਹੈ ਏਦਾਂ ਹੀ ਕਰੋੜਾਂ ਨਾਗਰਿਕਾਂ ਨੂੰ ਆਫ਼ਤ ਦੇ ਸਮੇਂ ਸੁਰੱਖਿਆ ਦੀ ਕੋਈ ਜਾਣਕਾਰੀ ਨਹੀਂ ਹੈ, ਜੋ ਕਿ ਉਨ੍ਹਾਂ ਨੂੰ ਦਿੱਤੀ ਜਾਣੀ ਬੇਹੱਦ ਜ਼ਰੁਰੀ ਹੈ ਵੱਡੇ ਹਾਦਸਿਆਂ ਨੂੰ ਸਦਾ ਇੱਕ ਹਾਦਸਾ ਮੰਨ ਕੇ ਨਾ ਭੁਲਾਇਆ ਜਾਵੇ, ਸਗੋਂ ਉਨ੍ਹਾਂ ਤੋਂ ਸਬਕ ਲਿਆ ਜਾਵੇ ਕਿ ਜੇਕਰ ਉਹ ਸਾਡੇ ਨਾਲ ਦੁਬਾਰਾ ਵਾਪਰਦੇ ਹਨ ਤਾਂ ਉਨ੍ਹਾਂ ਤੋਂ ਕਿਵੇਂ ਬਚੀਏ।