ਆਮਦਨ ਅਠੱਨੀ, ਖਰਚ ਰੁਪੱਈਆ!

More Expenses Sachkahoon

ਆਮਦਨ ਅਠੱਨੀ, ਖਰਚ ਰੁਪੱਈਆ!

ਕਿਸੇ ਸਮੇਂ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਉਸ ਸਮੇਂ ਲੋਕ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਉਦੋਂ ਆਮਦਨੀ ਦੇ ਸਾਧਨ ਵੀ ਸੀਮਤ ਸਨ, ਪਰੰਤੂ ਫੇਰ ਵੀ ਉਹ ਉਸੇ ਵਿੱਚੋਂ ਕਬੀਲਦਾਰੀਆਂ ਨੂੰ ਕਿਓਂਟ, ਕੁੱਝ ਨਾ ਕੁੱਝ ਔਖੇ ਸਮੇਂ ਵਾਸਤੇ ਜੋੜ ਲੈਂਦੇ ਸੀ। ਇਨਫਰਮੇਸ਼ਨ ਟੈਕਨਾਲੋਜੀ ਦੇ ਵਿਸ਼ਵੀਕਰਨ ਨਾਲ ਲੋਕਾਂ ਦੇ ਮਨਾਂ ਅੰਦਰ ਜਿਸ ਤਰ੍ਹਾਂ ਪੈਸੇ ਖਰਚ (More Expenses) ਕਰਨ ਦੀ ਹੋੜ ਲੱਗੀ ਹੈ, ਉਸਦੇ ਮੁਕਾਬਲੇ ਅੱਜ ਮਹਿੰਗਾਈ ਦੇ ਦੌਰ ਵਿੱਚ ਆਮਦਨੀ ਬਹੁਤ ਘਟ ਗਈ ਹੈ। ਲੋਕ ਬਾਹਰਲੇ ਮੁਲਕਾਂ ਦੇ ਬਾਸ਼ਿੰਦਿਆਂ ਵਾਂਗ ਸਹੂਲਤਾਂ ਮਾਣ ਕੇ ਖੁਦ ਵੀ ਉਸੇ ਤਰ੍ਹਾਂ ਦਾ ਹੀ ਦਿਸਣਾ ਚਾਹੁੰਦੇ ਹਨ। ਜਦਕਿ ਉਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਤੇ ਸਾਡੇ ਦੇਸ਼ ਦੇ ਸਿਆਸੀ ਢਾਂਚੇ ਦਾ ਆਪਸ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ। ਪੁਰਾਣੇ ਸਮਿਆਂ ਵਿੱਚ ਜੇਕਰ ਲੋਕਾਂ ਦੀ ਆਮਦਨ ਘੱਟ ਸੀ, ਜਾਂ ਆਮਦਨੀ ਦੇ ਸਾਧਨ ਸੀਮਤ ਸਨ ਤਾਂ ਉਸ ਸਮੇਂ ਲੋਕਾਂ ਅੰਦਰ ਸਹਿਣਸ਼ੀਲਤਾ, ਦਿਆਨਤਦਾਰੀ ਤੇ ਸਿਆਣਪ ਕਾਰਨ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਸੀਮਤ ਸਨ।

ਪਰ ਅੱਜ ਅਸੀਂ ਹੋਰ-ਹੋਰ, ਸੁਖ-ਸਹੂਲਤਾਂ ਮਾਨਣ ਦੇ ਲਾਲਚ ਵੱਸ ਘੱਟ ਆਮਦਨ ਹੋਣ ਦੇ ਬਾਵਜੂਦ ਲਗਾਤਾਰ ਵੱਧ ਖਰਚ ਕਰਕੇ ਸਿਰ ਦੇ ਵਾਲਾਂ ਨਾਲੋਂ ਵੱਧ ਕਰਜੇ ਚੁੱਕੀ ਜਾ ਰਹੇ ਹਾਂ। ਇਸ ਕਰਕੇ ਆਮਦਨ ਅਠੱਨੀ ਖਰਚ ਰੁਪੱਈਏ ਵਾਲੀ ਸਥਿਤੀ ਵਿੱਚ ਗਲ-ਗਲ ਤੱਕ ਡੁੱਬ ਚੁੱਕੇ ਹਾਂ। ਪਹਿਲਾਂ ਲੋਕ ਬੱਚਿਆਂ ਲਈ ਘਰ ਵਿੱਚ ਖੀਰ, ਪੂੜੇ, ਗੁਲਗੁਲੇ, ਮੱਠੀਆਂ, ਕੜਾਹ, ਦਲੀਆ, ਖਿਚੜੀ ਆਦਿ ਬਣਾ ਕੇ ਅਨੰਦ ਲੈਂਦੇ ਸਨ। ਜਿਸ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਸੀ ਪਰ ਹੁਣ ਲੋਕ ਕਸੀਨੋਂ, ਪੱਬ, ਮਾਲ ਤੇ ਮਹਿੰਗੇ ਰੈਸਟੋਰੈਂਟਾਂ ਵਿੱਚ ਬੱਚਿਆਂ ਨਾਲ ਫਾਸਟਫੂਡ ਪੀਜਾ, ਬਰਗਰ, ਮੈਗੀ ਤੇ ਅਨੇਕਾਂ ਪ੍ਰਕਾਰ ਦੇ ਤਲੇ ਹੋਏ ਭੋਜਨ ਪਸੰਦ ਕਰਦੇ ਹਨ। ਜਿਸ ਨਾਲ ਜੇਬ੍ਹ ਤਾਂ ਢਿੱਲੀ ਹੁੰਦੀ ਹੈ, ਨਾਲ-ਨਾਲ ਇਹ ਮਸਾਲਿਆਂ ਵਾਲੇ ਭੋਜਨ ਸਾਡੀ ਸਿਹਤ ’ਤੇ ਵੀ ਬੁਰਾ ਅਸਰ ਪਾਉਂਦੇ ਹਨ।

ਸਿਆਣੇ ਕਹਿੰਦੇ ਹਨ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ। ਜੇਕਰ Expensesਬੰਦ ਕਰਾਂਗੇ ਤਾਂ ਔਖੇ ਵੇਲੇ ਕਿਸੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ। ਬੈਂਕਾਂ ਤੋਂ ਲੋਨ ਨਹੀਂ ਲੈਣੇ ਪੈਣਗੇ। ਮਹਿੰਗੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਕੇ ਵੇਖਾ-ਵੇਖੀ ਲੋਕ ਇੱਕ-ਦੂਜੇ ਤੋਂ ਵਧ ਕੇ ਅੱਡੀਆਂ ਚੁੱਕ ਕੇ ਫਾਹੇ ਲੈ ਰਹੇ ਹਨ। ਇੱਕ ਗੁਆਂਢੀ ਜੇਕਰ ਮੋਟਰਸਾਈਕਲ ਨਵਾਂ ਲੈ ਆਵੇ ਤਾਂ ਦੂਜਾ ਬਿਨਾਂ ਜਰੂਰਤ ਝੱਟ ਫਾਇਨਾਂਸ ਕੰਪਨੀ ਤੋਂ ਲੋਨ ਲੈ ਕੇ ਆਥਣ ਨੂੰ ਉਸ ਤੋਂ ਵੀ ਵੱਡਾ ਮੋਟਰਸਾਈਕਲ ਲਈ ਪਟਾਕੇ ਪਾਉਂਦਾ ਆਉਂਦਾ ਹੈ। ਇਹ ਸਭ ਦੂਸਰਿਆਂ ਪ੍ਰਤੀ ਸਾਡੇ ਅੰਦਰਲੀ ਕਸਕ ਦੇ ਕਾਰਨ ਹੋ ਰਿਹਾ ਹੈ। ਇੱਥੋਂ ਤੱਕ ਵਰਤਾਰਾ ਵਾਪਰ ਰਿਹੈ ਕਿ ਲੋਕ ਇੱਕ ਲੋਨ ਨੂੰ ਲਾਹੁਣ ਲਈ ਦੂਜਾ-ਤੀਜਾ ਲੋਨ ਲੈ ਰਹੇ ਹਨ। ਮੋਬਾਇਲ ਕਲਚਰ ਨੇ ਸਾਨੂੰ ਵੀ ਬ੍ਰੈਂਡਡ ਬਣਾ ਦਿੱਤਾ ਹੈ।

ਬ੍ਰੈਂਡ ਨੂੰ ਅਸੀਂ ਜਿੰਦਗੀ ਵਿੱਚ ਸ਼ਾਮਿਲ ਕਰ ਲਿਆ ਹੈ। ਅਸੀਂ ਆਪਣੇ ਤਨ, ਮਨ ਦੀ ਖੂਬਸੂਰਤੀ ਦੀ ਜਗ੍ਹਾ ਮਹਿੰਗੇ ਬ੍ਰੈਂਡਡ ਕੱਪੜੇ, ਬੂਟ ਤੇ ਮੋਬਾਇਲ ਨਾਲ ਆਪਣੀ ਦਿੱਖ ਸਵਾਰ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਾਂ। ਜਿਸ ਕਾਰਨ ਸਾਨੂੰ ਵਿੱਤੀ ਪੱਖੋਂ ਵੱਡਾ ਨੁਕਸਾਨ ਹੋ ਰਿਹਾ ਹੈ। ਅਸੀਂ ਬਰੈਂਡ ਤਾਂ ਉੱਚੇ ਤੋਂ ਉੱਚਾ ਵਰਤ ਰਹੇ ਹਾਂ ਪਰੰਤੂ ਆਪਣੀ ਸੋਚ ਨੂੰ ਲਗਾਤਾਰ ਹੋਰ ਵੀ ਨੀਵਾਂ ਕਰੀ ਜਾ ਰਹੇ ਹਾਂ। ਸ਼ਾਨੋ-ਸ਼ੌਕਤ ਨੂੰ ਹੋਰ ਉੱਚਾ ਦਿਖਾਉਣ ਲਈ ਵੱਡੀਆਂ ਕੋਠੀਆਂ ਪਾ ਕੇ ਉਨ੍ਹਾਂ ਵਿੱਚ ਮਹਿੰਗੇ ਫਰਨੀਚਰ, ਏਸੀ, ਐਲਸੀਡੀ, ਟੌਪ ਬ੍ਰੈਂਡ ਦੀ ਕਿਚਨ ਤੇ ਬਾਥਰੂਮ ਦੀ ਅਸੈੱਸਰੀਜ ਲਾ ਕੇ ਆਮਦਨ ਅਠੱਨੀ ਖਰਚ ਰੁਪੱਈਏ ਵਾਲੀ ਕਹਾਵਤ, ਲੱਖਾਂ ਕਰੋੜਾਂ ਰੁਪਏ ਲੋਨ ਲੈ ਕੇ ਸੱਚ ਕਰ ਰਹੇ ਹਾਂ। ਜਦ ਕਿ ਸਾਦੇ ਢੰਗ ਨਾਲ, ਸਾਦੇ ਘਰਾਂ ਵਿੱਚ ਵੀ ਜੀਵਨ ਨਿਰਬਾਹ ਬਹੁਤ ਵਧੀਆ ਤਰੀਕੇ ਅਤੇ ਨੈਤਿਕਤਾ ਭਰਪੂਰ ਹੋ ਸਕਦਾ ਹੈ। ਗਾਇਕਾ ਜਗਮੋਹਨ ਕੌਰ ਦਾ ਕਈ ਦਹਾਕੇ ਪਹਿਲਾਂ ਗਾਇਆ ਗੀਤ ‘ਸ਼ਾਹਾਂ ਦਾ ਕਰਜ਼ ਬੁਰਾ’ ਪੂਰਾ ਢੁੱਕਦਾ ਹੈ।

ਲੋਨ ਜਾਂ ਕਰਜੇ ਨੂੰ ਹਿੰਦੀ ਵਿੱਚ ਲੋਨਾ ਕਹਿੰਦੇ ਹਨ ਜਿਸ ਦਾ ਅੱਖਰੀ ਅਰਥ (ਲੋ+ਨਾ) ਹੈ ਭਾਵ ਕਰਜਾ ਨਾ ਲਵੋ ਜਿਸ ਲਈ ਕਰਜਾ ਲੈਣ ਸਮੇਂ ਆਪਣੀ ਸੋਚ ਤੇ ਪਰਿਵਾਰਕ ਸਹਿਮਤੀ ਤੋਂ ਬਿਨਾਂ ਕੋਈ ਕਦਮ ਨਾ ਚੁੱਕਿਆ ਜਾਵੇ। ਕਰਜਾ ਕਦੇ ਵੀ ਐਸ਼ਪ੍ਰਸਤੀ ਦਾ ਸਾਮਾਨ ਖਰੀਦਣ ਵਾਸਤੇ ਨਾ ਲਵੋ। ਕਰਜਾ ਲੈ ਕੇ ਜੇਕਰ ਉਸ ਦੀ ਯੋਗ ਵਰਤੋਂ ਕਰਕੇ ਸਮੇਂ ਸਿਰ ਕਿਸ਼ਤਾਂ ਮੋੜੀਆਂ ਜਾਣ ਫੇਰ ਹੀ ਜਲਦੀ ਕਰਜਾ ਮੁਕਤ ਹੋਇਆ ਜਾ ਸਕਦਾ ਹੈ। ਬਾਕੀ ਸਿਆਣੇ ਕਹਿੰਦੇ ਹਨ ‘ਭਾਈ ਹਮੇਸ਼ਾ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ’।

ਸਾਡੇ ਖੁਦ ਦੇ ਖਰਚੀਲੇ ਸੁਭਾਅ ਦਾ ਅਸਰ ਬੱਚਿਆਂ ’ਤੇ ਵੀ ਪੈਂਦਾ ਹੈ। ਦੇਖਾਦੇਖੀ ਬੱਚੇ ਮਹਿੰਗੇ ਮੋਬਾਇਲ ਫੋਨਾਂ ਵੱਲ ਆਕਰਸ਼ਿਤ ਹੋ ਬਹੁਤ ਜ਼ਲਦੀ ਪੁਰਾਣਿਆਂ ਨੂੰ ਬਦਲਣ ਦੀ ਜਿੱਦ ਕਰਦੇ ਹਨ, ਤੇ ਮਾਪੇ ਵੀ ਝੱਟ ਕਿਸ਼ਤਾਂ ਰਾਹੀਂ ਮੋਬਾਇਲ ਵੇਚਣ ਵਾਲੀਆਂ ਕੰਪਨੀਆਂ ਰਾਹੀਂ ਕਰਜਾ ਚੁੱਕ-ਚੁੱਕ ਕੇ ਸਾਰਾ ਟੱਬਰ ਪੰਜ-ਪੰਜ ਫੋਨ ਚੱਕੀ, ਆਥਣ-ਸਵੇਰ ’ਕੱਠੇ ਬਹਿ ਕੇ ਪਰਿਵਾਰਕ ਗੱਲਾਂ ਕਰਨ ਦੀ ਬਜਾਏ ਆਪੋ-ਆਪਣੇ ਫੋਨਾਂ ’ਤੇ ਉਂਗਲਾਂ ਘਸਾਉਂਦੇ ਹੋਏ ਅੱਡੋ-ਅੱਡੀ ਸਿਰ ਨੀਵਾਂ ਕਰਕੇ ਪਤਾ ਨਹੀਂ ਵਿੱਚੋਂ ਕੀ ਲੱਭਦੇ ਰਹਿੰਦੇ ਹਨ।

ਮਹਿੰਗੇ ਕੱਪੜੇ ਜਾਂ ਬੂਟ ਪਾਉਣ ਨਾਲ ਸਾਡੀ ਸਖਸ਼ੀਅਤ ਨਿੱਖਰ ਕੇ ਨਹੀਂ ਆਉਂਦੀ, ਉਹ ਤਾਂ ਸਾਡੇ ਸੁਭਾਅ ਨਾਲ ਲੋਕਾਂ ਵਿੱਚ ਵਿੱਚਰ ਕੇ ਹੀ ਨਿੱਖਰਦੀ ਹੈ। ਫੋਕੀ ਟੋਹਰ ਤੇ ਦੇਖਾਦੇਖੀ ਨੂੰ ਛੱਡ ਕੇ ਸਾਦਾ ਜੀਵਨ ਨਿਰਬਾਹ ਕਰਨ ਨੂੰ ਪਹਿਲ ਦੇ ਕੇ ਆਪਣੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਸਿੱਖਿਆ ਰਾਹੀਂ ਨੈਤਿਕਤਾ ਨੂੰ ਅਪਨਾਉਣ ਲਈ ਹਮੇਸ਼ਾ ਚੰਗਾ ਸਾਹਿਤ ਪੜ੍ਹਨ ਤੇ ਪੜ੍ਹਾਉਣ ਨੂੰ ਤਰਜੀਹ ਦੇਣ ਨਾਲ ਇਸ ਸਮਾਜ ਦੇ ਵਿਗੜ ਚੁੱਕੇ ਢਾਂਚੇ ਨੂੰ ਬਦਲਣ ਲਈ ਸਾਨੂੰ ਆਪਣੇ ਤੋਂ ਹੀ ਪਹਿਲ ਕਰਨੀ ਪਵੇਗੀ। ਫੇਰ ਹੀ ਅਸੀਂ ਸਮਾਜ ਨੂੰ ਚੰਗੀ ਸੇਧ ਦੇ ਕੇ ਬਦਲਣ ਲਈ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਹਮੇਸ਼ਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਨੂੰ ਮੁੱਖ ਰੱਖਦੇ ਹੋਏ ਥੋੜ੍ਹੀ ਤੋਂ ਥੋੜ੍ਹੀ ਬੱਚਤ ਆਪਣੇ ਭਵਿੱਖ ਲਈ ਜੋੜ ਕੇ ਰੱਖਣ ਨਾਲ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ ਤੇ ਅੱਜ ਦੀ ਬੱਚਤ ਕੱਲ੍ਹ ਦੀ ਮੁਸਕਾਨ ਬਣੇਗੀ।

ਇੰਜ. ਜਗਜੀਤ ਸਿੰਘ ਕੰਡਾ, ਕੋਟਕਪੂਰਾ
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ